ਅੰਮ੍ਰਿਤਸਰ-ਬਰਮਿੰਘਮ ਵਿਚਾਲੇ ਸਿੱਧੀ ਉਡਾਣ 15 ਫਰਵਰੀ ਤੋਂ

0
345

ਅੰਮ੍ਰਿਤਸਰ — ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਯਤਨਾਂ ਨੂੰ ਉਦੋਂ ਬੂਰ ਪਿਆ ਜਦ ਏਅਰ ਇੰਡੀਆ ਵਲੋਂ 15 ਫਰਵਰੀ 2018 ਤੋਂ ਅੰਮ੍ਰਿਤਸਰ ਬਰਮਿੰਘਮ ਉਡਾਨ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਸਬੰਧੀ ਔਜਲਾ ਨੇ ਦੱਸਿਆ ਕਿ 15 ਫਰਵਰੀ ਤੋਂ ਹਫਤੇ ਵਿਚ ਮੰਗਲਵਾਰ ਤੇ ਵੀਰਵਾਰ ਚੱਲਣ ਵਾਲੀ ਏਅਰ ਇੰਡੀਆ ਦੀ ਉਡਾਨ ਨੰਬਰ ਏ. ਆਈ. 0117 ਅੰਮ੍ਰਿਤਸਰ ਤੋਂ ਦੁਪਹਿਰ 1.55 ਵਜੇ ਚੱਲਕੇ 8 ਘੰਟੇ 25 ਮਿੰਟ ਦੀ ਉਡਾਨ ਭਰਕੇ ਸ਼ਾਮ 17:15 ‘ਤੇ (ਸਥਾਨਕ ਸਮੇਂ ਅਨੁਸਾਰ) ਬਰਮਿੰਘਮ ਪਹੁੰਚੇਗੀ ਤੇ ਅਗਲੇ ਦਿਨ ਇਹੋ ਉਡਾਨ ਬਰਮਿੰਘਮ ਤੋਂ ਏਅਰ ਇੰਡੀਆ ਦੀ ਉਡਾਨ ਨੰਬਰ ਏ. ਆਈ. 0118 ਬਣਕੇ (ਸਥਾਨਕ ਸਮੇਂ ਅਨੁਸਾਰ) ਸ਼ਾਮ ਸਮੇਂ 18.45 ਤੇ ਚਲਕੇ ਵੀਰਵਾਰ (ਭਾਰਤੀ ਸਮੇਂ ਅਨੁਸਾਰ) ਸਵੇਰੇ 7:45 ਮਿੰਟ ‘ਤੇ ਅੰਮ੍ਰਿਤਸਰ ਪੁੱਜੇਗੀ ਅਤੇ ਸਵੇਰੇ 9:15 ‘ਤੇ ਅੰਮ੍ਰਿਤਸਰ ਤੋਂ ਚਲਕੇ 10:30 ਸਵੇਰੇ ਦਿੱਲੀ ਪੁੱਜੇਗੀ। ਇਸ ਸਬੰਧੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਇਸ ਉਡਾਨ ਨੂੰ ਸ਼ੁਰੂ ਕਰਵਾਉਣ ਲਈ ਕੇਂਦਰ ਸਰਕਾਰ, ਸ਼ਹਿਰੀ ਹਵਾਬਾਜੀ ਮੰਤਰੀ, ਯੂ.ਕੇ. ਸਰਕਾਰ ਦੇ ਪੰਜਾਬੀ ਮੈਂਬਰ ਪਾਰਲੀਮੈਂਟ ਜਿੰਨਾਂ ਵਿਚ ਪ੍ਰੀਤ ਗਿੱਲ, ਰਜਿੰਦਰ ਸ਼ਰਮਾ, ਐੱਮ. ਪੀ. ਤੇ ਤਨਮਨਜੀਤ ਸਿੰਘ ਢੇਸੀ ਸਮੇਤ ਹੋਰ ਪੰਜਾਬੀ ਐਮ.ਪੀਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੀ ਕੋਸਿਸ਼ਾਂ ਸਦਕਾ ਹੀ ਉਹ ਇਸ ਉਡਾਨ ਨੂੰ ਸ਼ੁਰੂ ਕਰਵਾਉਣ ਵਿੱਚ ਕਾਮਯਾਬ ਹੋਏ ਹਨ। ਔਜਲਾ ਨੇ ਦਾਅਵਾ ਕੀਤਾ ਕਿ ਆਉਣ ਵਲੇ ਸਮੇਂ ਵਿੱਚ ਉਨਾਂ ਵਲੋਂ ਪਾਰਲੀਮੈਂਟ ਵਿੱਚ ਉਠਾਈ ਅਵਾਜ ਕਾਰਨ ਹਵਾਈ ਕੰਪਨੀ ਏਅਰ ਇੰਡੀਆ ਵਲੋਂ ਅੰਮ੍ਰਿਤਸਰ-ਨੰਦੇੜ ਉਡਾਨ ਬੁਧਵਾਰ ਵੀ ਸ਼ੁਰੂ ਕਰਨ ਦੇ ਨਾਲ ਨਾਲ ਅੰਮ੍ਰਿਤਸਰ-ਪਟਨਾ-ਕਲਕੱਤਾ, ਅੰਮ੍ਰਿਤਸਰ-ਦਿੱਲੀ-ਦੇਹਰਾਦੂਨ ਦੇ ਨਾਲ ਨਾਲ ਸੈਲਾਨੀ ਕੇਂਦਰ ਅੰਮ੍ਰਿਤਸਰ-ਜੈਪੁਰ ਲਈ ਹਵਾਈ ਉਡਾਨ ਵੀ ਜਲਦ ਸ਼ੁਰੂ ਕਰਨ ਦੀ ਹਾਮੀ ਭਰੀ ਗਈ ਹੈ। ਔਜਲਾ ਨੇ ਖੁਸ਼ ਹੁੰਦਿਆਂ ਦੱਸਿਆ ਕਿ ਪਿਛਲੇ ਸਾਲ ਨਾਲੋਂ 52 ਪ੍ਰਤੀਸ਼ਤ ਹਵਾਈ ਯਾਤਰੀਆਂ ਦੇ ਵਾਧੇ ਨਾਲ ਅੰਮ੍ਰਿਤਸਰ ਦਾ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡਾ ਦੇਸ਼ ਦੇ ਮੋਹਰੀ ਹਵਾਈ ਅੱਡਿਆਂ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਔਜਲਾ ਨੇ ਨੰਦੇੜ ਹਵਾਈ ਅੱਡੇ ਤੇ ਹਨੇਰੇ ਅਤੇ ਧੁੰਦ ਦੌਰਾਨ ਉਡਾਨਾਂ ਦੇ ਉਤਰਨ ਲਈ ਕੈਥ-3 ਪ੍ਰੋਜੈਕਟ ਦੀ ਮੰਗ ਕੀਤੀ।