ਲਗਾਤਾਰ ਕੀਤੀ ਮਿਹਨਤ ਤੇ ਸੰਘਰਸ਼ ਨੇ ਮਿਲਖਾ ਸਿੰਘ ਨੂੰ ਬਣਾਇਆ ਸੀ ‘ਉਡਣਾ ਸਿੱਖ’

0
120

ਦੂਜੀ ਬਰਸੀ ਤੇ ਵਿਸ਼ੇਸ
ਜਨਰਲ ਅਯੂਬ ਖ਼ਾਨ ਵੱਲੋਂ ਬੜੇ ਫ਼ਖ਼ਰ ਨਾਲ ਦਿੱਤੇ ਗਏ ਲਕਬ ‘ਉੱਡਣਾ ਸਿੱਖ’ ਵਜੋਂ ਜਾਣਿਆਂ ਜਾਣ ਵਾਲਾ ਮਹਾਨ ਐਥਲੀਟ ਮਿਲਖਾ ਸਿੰਘ (Athlete Milkha Singh) ਦਾ ਸਮੁੱਚਾ ਜੀਵਨ ਮਿਹਨਤ, ਸੰਘਰਸ਼ ਤੇ ਸਿਰੜ ਦੀ ਉਹ ਮਿਸਾਲ ਸੀ ਜੋ ਸਦੀਆਂ ਤੱਕ ਮਨੁੱਖਤਾ ਦਾ ਰਾਹ ਰੁਸ਼ਨਾਉਂਦੀ ਰਹੇਗੀ। ਮੁਲਕ-ਵੰਡ ਤੋਂ ਪਹਿਲਾਂ ਵਾਲੇ ਭਾਰਤ ਦੇ ਜ਼ਿਲ੍ਹਾ ਮੁਜ਼ੱਫ਼ਰਗੜ੍ਹ ਜੋ ਕਿ ਹੁਣ ਪਾਕਿਸਤਾਨ ਵਿਖੇ ਸਥਿਤ ਹੈ, ਤੋਂ ਦਸ ਮੀਲ ਦੂਰ ਪਿੰਡ ਗੋਵਿੰਦਪੁਰਾ ਵਿਖੇ ਜਨਮੇ ਮਿਲਖਾ ਸਿੰਘ ਨੇ ਮੁਲਕ ਵੰਡ ਸਮੇਂ ਆਪਣੀ ਨਿੱਕੀ ਜਿਹੀ ਉਮਰੇ ਹੀ ਮਨੁੱਖੀ ਲਹੂ ਦੀ ਹੋਲੀ ਦਾ ਤੇ ਧਰਮ ਦੇ ਨਾਂ ’ਤੇ ਨਫ਼ਰਤ ਤੇ ਜ਼ੁਲਮ ਦੀ ਇੰਤਹਾ ਦਾ ਮੰਜ਼ਰ ਰੂ-ਬ-ਰੂ ਵੇਖਿਆ ਸੀ। ਮੁਲਕ ਦੇ ਬਟਵਾਰੇ ਵੇਲੇ ਸੰਪ੍ਰਦਾਇਕਤਾ ਦੇ ਜ਼ਹਿਰ ਨਾਲ ਅੰਨ੍ਹੇ ਹੋਏ ਜਨੂੰਨੀਆਂ ਨੇ ਉਸਦੇ ਮਾਪਿਆਂ ਸਣੇ ਦੋ ਭੈਣਾਂ ਅਤੇ ਇਕ ਭਰਾ ਨੂੰ ਕਤਲ ਕਰ ਦਿੱਤਾ ਸੀ। ਆਪਣੀ ਰੂਹ ਉਤੇ ਆਪਣਿਆਂ ਦੀ ਮੌਤ ਦੇ ਜ਼ਖ਼ਮ ਲੈ ਕੇ ਉਹ ਦਿੱਲੀ ਆਣ ਪਹੰੁਚਿਆ ਸੀ ਜਿਥੇ ਉਸਨੂੰ ਕੁਝ ਸਮਾਂ ਰਿਫ਼ਊਜ਼ੀ ਕੈਂਪ, ਪੁਨਰਵਾਸ ਕੈਂਪ ਤੇ ਆਪਣੀ ਭੈਣ ਈਸ਼ਵਰ ਕੌਰ ਦੇ ਘਰ ਰਹਿਣਾ ਪਿਆ ਸੀ। ਗ਼ਰੀਬੀ ਦੇ ਥਪੇੜੇ ਖਾਣ ਵਾਲੇ ਇਸ ਸ਼ਖ਼ਸ ਨੂੰ ਬਿਨਾਂ ਟਿਕਟ ਰੇਲ ’ਚ ਸਫ਼ਰ ਕਰਨ ਦੇ ਜੁਰਮ ’ਚ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ ਤੇ ਉਸ ਨੂੰ ਛੁਡਾਉਣ ਲਈ ਭੈਣ ਈਸ਼ਵਰ ਕੌਰ ਨੂੰ ਆਪਣੇ ਗਹਿਣੇ ਤੱਕ ਵੇਚਣੇ ਪਏ ਸਨ।
ਗ਼ਰੀਬੀ ਤੇ ਬੇਕਾਰੀ ਨੇ ਮਿਲਖਾ ਸਿੰਘ ਨੂੰ ਇਸ ਹੱਦ ਤੱਕ ਮਾਯੂਸ ਕਰ ਦਿੱਤਾ ਸੀ ਕਿ ਸੰਨ 1951 ’ਚ ਉਸਨੇ ਗਲਤ ਰਾਹ ਅਖ਼ਤਿਆਰ ਕਰਨ ਦਾ ਫ਼ੈਸਲਾ ਕਰ ਲਿਆ ਸੀ ਪਰ ਕਿਸੇ ਰਿਸ਼ਤੇਦਾਰ ਦੇ ਸਮਝਾਉਣ ’ਤੇ ਉਸਨੇ ਫ਼ੌਜ ’ਚ ਭਰਤੀ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ ਤੇ ਆਪਣੀ ਮਿਹਨਤ ਤੇ ਸਿਰੜ ਦੀ ਬਦੌਲਤ ਚੌਥੀ ਕੋਸ਼ਿਸ਼ ’ਚ ਫ਼ੌਜ ’ਚ ਭਰਤੀ ਹੋਣ ਦਾ ਮਿਸ਼ਨ ਪੂਰਾ ਕਰ ਹੀ ਲਿਆ। ਮਿਲਖਾ ਸਿੰਘ ਦੀ ਪੋਸਟਿੰਗ ‘ਇਲੈਕਟ੍ਰੀਕਲ ਐਂਡ ਮਕੈਨੀਕਲ ਸੈਂਟਰ ਸਿਕੰਦਰਾਬਾਦ’ ਵਿਖੇ ਹੋ ਗਈ ਤੇ ਇਥੇ ਉਸਦਾ ਵਾਹ ਐਥਲੈਟਿਕਸ ਨਾਲ ਪੈ ਗਿਆ ਜਿਸਦੇ ਬਾਰੇ ਉਹ ਕੁਝ ਵੀ ਨਹੀਂ ਜਾਣਦਾ ਸੀ। ਦੁੱਧ ਤੇ ਅੰਡਿਆਂ ਦੀ ਖ਼ੁਰਾਕ ਮਿਲਣ ਦੇ ਲਾਲਚ ’ਚ ਉਸ ਨੇ ਦੌੜਾਂ ’ਚ ਹਿੱਸਾ ਲੈਣ ਦੀ ਸ਼ੁਰੂਆਤ ਕਰ ਦਿੱਤੀ ਪਰ ਛੇਤੀ ਹੀ ਦੌੜਨਾ ਉਸ ਲਈ ਜਨੂੰਨ ਬਣ ਗਿਆ।
ਇਕ ਦਿਨ ਉਸਨੇ ‘ਕਰਾਸ ਕੰਟਰੀ ਰੇਸ’ ’ਚ ਭਾਗ ਲੈਂਦਿਆਂ ਛੇਵਾਂ ਸਥਾਨ ਹਾਸਿਲ ਕਰ ਲਿਆ ਤੇ ਉਸਦੀ ਚੋਣ ਵਿਸ਼ੇਸ਼ ਸਿਖਲਾਈ ਹਿੱਤ ਕਰ ਲਈ ਗਈ। ਮਿਲਖਾ ਸਿੰਘ ਨੇ ਕਿਹਾ ਸੀ-‘ਮੈਂ ਦੂਰ-ਦੁਰਾਡੇ ਦੇ ਪਿੰਡ ਤੋਂ ਆਇਆ ਪੇਂਡੂ ਮੰੁਡਾ ਸਾਂ ਤੇ ਮੈਨੂੰ ਅਥਲੈਟਿਕਸ ਜਾਂ ਓਲੰਪਿਕ ਬਾਰੇ ਕੁਝ ਵੀ ਨਹੀਂ ਪਤਾ ਸੀ।’
ਸੰਨ 1956 ’ਚ ਓਲੰਪਿਕ ਖੇਡਾਂ ਦੇ 200 ਤੇ 400 ਮੀਟਰ ਦੇ ਦੌੜ ਮੁਕਾਬਲਿਆਂ ’ਚ ਭਾਗ ਲੈਂਦਿਆਂ ਮਿਲਖਾ ਸਿੰਘ ਦੀ ਮੁਲਾਕਾਤ ਪ੍ਰਸਿੱਧ ਦੌੜਾਕ ਚਾਰਲਸ ਜੈਨਕਿਨਸ ਨਾਲ ਹੋਈ ਜਿਸ ਨੇ ਉਸਨੂੰ ਵਧੀਆ ਸਿਖਲਾਈ ਲੈਣ ਲਈ ਪ੍ਰੇਰਿਆ ਤੇ ਵਧੀਆ ਐਥਲੀਟ ਬਣਨ ਦੇ ਕੁਝ ਗੁਰ ਵੀ ਦੱਸੇ। ਉਸਦੇ ਸੁਝਾਵਾਂ ਨੂੰ ਪੱਲੇ ਬੰਨ੍ਹ ਕੇ ਮਿਲਖਾ ਸਿੰਘ ਨੇ ਰੱਜਵੀਂ ਮਿਹਨਤ ਕੀਤੀ ਤੇ ਸੰਨ 1958 ’ਚ ਉਸਨੇ ਕੌਮੀ ਰਿਕਾਰਡ ਕਾਇਮ ਕਰ ਦਿੱਤਾ। ਇਸ ਤੋਂ ਬਾਅਦ ਉਸਦਾ ਜਿੱਤਾਂ ਦਾ ਸੁਨਹਿਰੀ ਸਫ਼ਰ ਲਗਾਤਾਰ ਚੱਲਦਾ ਰਿਹਾ। ਸੰਨ 1958 ਦੀਆਂ ਏਸ਼ੀਆਈ ਖੇਡਾਂ ’ਚ 200 ਤੇ 400 ਮੀਟਰ ਦੌੜ ਮੁਕਾਬਲਿਆਂ ’ਚ ਉਸਨੇ ਸੋਨ ਤਗ਼ਮੇ ਹਾਸਿਲ ਕੀਤੇ ਤੇ ਉਪਰੰਤ ਉਸੇ ਸਾਲ ਦੀਆਂ ਕਾਮਨਵੈਲਥ ਖੇਡਾਂ ’ਚ ਵੀ ਸੋਨੇ ਦਾ ਤਗ਼ਮਾ ਹਾਸਿਲ ਕੀਤਾ। ਸਾਲ 1962 ਦੀਆਂ ਏਸ਼ੀਆਈ ਖੇਡਾਂ ’ਚ ਚਾਰ ਸੌ ਮੀਟਰ ਤੇ ਚਾਰ ਸੌ ਮੀਟਰ ਰਿਲੇਅ ਰੇਸ ’ਚ ਉਸ ਨੇ ਸੋਨ ਤਗ਼ਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਸੰਨ 1964 ਦੀਆਂ ਕੌਮੀ ਖੇਡਾਂ ’ਚ ਵੀ ਉਹ ਚਾਂਦੀ ਦਾ ਤਗ਼ਮਾ ਹਾਸਿਲ ਕਰਨ ’ਚ ਸਫ਼ਲ ਰਿਹਾ ਸੀ।
ਲਗਪਗ 40 ਸਾਲ ਤੱਕ ਉਹ ਆਜ਼ਾਦ ਭਾਰਤ ’ਚੋਂ ਕਾਮਨਵੈਲਥ ਖੇਡਾਂ ’ਚ ਸੋਨ ਤਗ਼ਮਾ ਹਾਸਿਲ ਕਰਨ ਵਾਲਾ ਇਕਲੌਤਾ ਸ਼ਖ਼ਸ ਰਿਹਾ ਸੀ। 2014 ’ਚ ਵਿਕਾਸ ਗੌੜਾ ਨੇ ਸੋਨ ਤਗਮਾ ਹਾਸਿਲ ਕਰਕੇ ਉਸ ਦੀ ਬਰਾਬਰੀ ਕੀਤੀ। ਸੰਨ 1960 ਦੀਆਂ ਓਲੰਪਿਕ ਖੇਡਾਂ ’ਚ ਮਿਲਖਾ ਸਿੰਘ ਬਹੁਤ ਹੀ ਫ਼ਸਵੇਂ ਮੁਕਾਬਲੇ ’ਚ ਚੌਥੇ ਨੰਬਰ ਦਾ ਜੇਤੂ ਰਿਹਾ ਸੀ ਜਦੋਂਕਿ ਪਹਿਲਾ ਸਥਾਨ ਹਾਸਿਲ ਕਰਨ ਵਾਲਾ ਓਟਿਸ ਡੇਵਿਸ ਜਰਮਨੀ ਦੇ ਕਾਰਲ ਕੌਫ਼ਮੈਨ ਤੋਂ ਇਕ ਸਕਿੰਟ ਦੇ ਸੌਵੇਂ ਹਿੱਸੇ ’ਚ ਜੇਤੂ ਹੋ ਨਿਬੜਿਆ ਸੀ। ਮਿਲਖਾ ਸਿੰਘ ਦੀ ਸ਼ਾਦੀ ਸੰਨ 1962 ’ਚ ਵਾਲੀਬਾਲ ਚੈਂਪੀਅਨ ਨਿਰਮਲ ਕੌਰ ਨਾਲ ਹੋਈ ਤੇ ਉਨ੍ਹਾਂ ਦੇ ਘਰ ਤਿੰਨ ਧੀਆਂ ਤੇ ਇਕ ਪੁੱਤਰ ਨੇ ਜਨਮ ਲਿਆ ਸੀ। ਮਿਲਖਾ ਦਾ ਪੁੱਤਰ ਜੀਵ ਮਿਲਖਾ ਸਿੰਘ ਗੌਲਫ਼ ਦਾ ਸੰਸਾਰ ਪ੍ਰਸਿੱਧ ਖਿਡਾਰੀ ਹੈ। ਉਸਦੀ ਧਰਮ ਪਤਨੀ ਨਿਰਮਲ ਕੌਰ ਕਰੋਨਾ ਦਾ ਸਿਕਾਰ ਹੋ ਗਈ ਤੇ 13 ਜੂਨ ਨੂੰ ਇਸ ਜਹਾਨ ਤੋਂ ਚੱਲ ਵੱਸੀ। ਠੀਕ ਪੰਜ ਦਿਨ ਬਾਅਦ 18 ਜੂਨ, 2021 ਦੀ ਰਾਤ ਨੂੰ ਮਿਲਖਾ ਸਿੰਘ ਵੀ ਜਹਾਨ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ।
ਮਿਹਨਤ ਨਾਲ ਮਾਰੀਆਂ ਕਈ ਵੱਡੀਆਂ ਮੱਲਾਂ ਸੰਨ 1958 ’ਚ ਭਾਰਤੀ ਫ਼ੌਜ ਵੱਲੋਂ ਉਸਨੂੰ ਜੇਸੀਓ. ਬਣਾ ਦਿੱਤਾ ਗਿਆ ਤੇ ਨੌਕਰੀ ਉਪਰੰਤ ਉਸ ਨੂੰ ਪੰਜਾਬ ਸਰਕਾਰ ਨੇ ਖੇਡ ਨਿਰਦੇਸ਼ਕ ਦਾ ਅਹੁਦਾ ਦੇ ਕੇ ਨਿਵਾਜਿਆ ਜਿਥੋਂ ਉਹ 1998 ’ਚ ਸੇਵਾਮੁਕਤ ਹੋਏ। 2013 ’ਚ ਉਸ ਨੇ ਆਪਣੀ ਧੀ ਨਾਲ ਰਲ ਕੇ ਸਵੈ-ਜੀਵਨੀ ‘ਦਿ ਰੇਸ ਆਫ਼ ਮਾਈ ਲਾਈਫ਼’ ਲਿਖੀ ਜਿਸ ਨੂੰ ਆਧਾਰ ਬਣਾ ਕੇ ਬਾਲੀਵੁੱਡ ਦੇ ਫ਼ਿਲਮਕਾਰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨੇ ਫ਼ਰਹਾਨ ਅਖ਼ਤਰ ਨੂੰ ਲੈ ਕੇ ਫ਼ਿਲਮ ‘ਭਾਗ ਮਿਲਖਾ ਭਾਗ’ ਬਣਾਈ ਜੋ ਸਫ਼ਲਤਾ ਦੇ ਰਿਕਾਰਡ ਕਾਇਮ ਕਰਦੀ ਸੌ ਕਰੋੜ ਰੁਪਏ ਤੋਂ ਵੀ ਵੱਧ ਦੀ ਕਮਾਈ ਕਰਨ ’ਚ ਕਾਮਯਾਬ ਰਹੀ ਸੀ। ਇਸ ਫ਼ਿਲਮ ਨੂੰ ‘ਸਭ ਤੋਂ ਲੋਕਪਿ੍ਰਅ ਫ਼ਿਲਮ’ ਹੋਣ ਦਾ ਕੌਮੀ ਐਵਾਰਡ ਹਾਸਲ ਹੋਣ ਦੇ ਨਾਲ-ਨਾਲ ਆਈਆਈਐਫ਼ਏ. ਸੰਸਥਾ ਵੱਲੋਂ 2014 ’ਚ ਪੰਜ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਮਸ਼ਹੂਰ ‘ਮੈਡਮ ਤੁਸ਼ਾਦ ਮਿਊਜ਼ੀਅਮ’ ’ਚ ਇਕ ਮੋਮ ਦਾ ਪੁਤਲਾ ਵੀ ਸਥਾਪਿਤ ਕੀਤਾ ਗਿਆ। 1958 ’ਚ ਸਰਕਾਰ ਨੇ ਪਦਮ ਸ੍ਰੀ ਸਨਮਾਨ ਨਾਲ ਸਨਮਾਨਿਤ ਕੀਤਾ ਪਰ ਕੁਝ ਨਿੱਜੀ ਕਾਰਨਾਂ ਕਰਕੇ 2001 ’ਚ ਦਿੱਤੇ ‘ਅਰਜੁਨ ਐਵਾਰਡ’ ਨੂੰ ਲੈਣ ਤੋਂ ਉਸ ਨੇ ਮਨ੍ਹਾ ਕਰ ਦਿੱਤਾ।
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ : ਮੋਬਾਈਲ ਨੰ.- 97816-46008