ਸਰਕਾਰ ਨੇ ਡਾਕਟਰਾਂ ਦੇ ਰੋਗ ਦਾ ਇਲਾਜ ਲੱਭਿਆ

0
383

ਚੰਡੀਗੜ੍ਹ  : ਸਿਹਤ ਵਿਭਾਗ ਨੇ ਸਰਕਾਰੀ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਦੀ ਚੱਲ ਰਹੀ ਘਾਟ ਦਾ ਹੱਲ ਕੱਢਣਾ ਸ਼ੁਰੂ ਕਰ ਦਿੱਤਾ ਹੈ। ਵਿਭਾਗ ਨੇ ਜਨਰਲ ਡਾਕਟਰਾਂ ਨਾਲੋਂ ਮਾਹਿਰਾਂ ਦਾ ਵੱਖਰਾ ਕੇਡਰ ਬਣਾਉਣ ਦਾ ਪ੍ਰਸਤਾਵ ਮੁੱਖ ਮੰਤਰੀ ਕੋਲ ਭੇਜ ਦਿੱਤਾ ਹੈ। ਸਿਹਤ ਵਿਭਾਗ ’ਚ ਨਵੇਂ ਭਰਤੀ ਕੀਤੇ ਐੱਮਬੀਬੀਐੱਸ ਡਾਕਟਰਾਂ ਨੂੰ ਵੀ ਪ੍ਰੋਬੇਸ਼ਨ ਪੀਰੀਅਡ ਦੌਰਾਨ ਬੇਸਿਕ ਦੀ ਥਾਂ 40 ਹਜ਼ਾਰ ਰੁਪਏ ਮਹੀਨਾ ਦੇਣ ਦੀ ਸਹਿਮਤੀ ਬਣ ਗਈ ਹੈ। ਨੈਸ਼ਨਲ ਹੈਲਥ ਮਿਸ਼ਨ ਤਹਿਤ ਕੰਮ ਕਰਦੇ ਕੰਟਰੈਕਟ ਮਾਹਿਰਾਂ ਦੀ ਤਨਖ਼ਾਹ ’ਚ ਵੀ ਤੀਹ ਹਜ਼ਾਰ ਰੁਪਏ ਤੋਂ ਵੱਧ ਦਾ ਵਾਧਾ ਕਰਨ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ।
ਪੰਜਾਬ ਸਿਹਤ ਵਿਭਾਗ ’ਚ ਕੰਮ ਕਰਦੇ ਐੱਮਬੀਬੀਐੱਸ ਅਤੇ ਮਾਹਿਰਾਂ ਨੂੰ ਇਕੋ ਜਿਹਾ ਸਕੇਲ 15,600-39100 ਜਮ੍ਹਾਂ ਗਰੇਡ ਪੇਅ 5400 ਰੁਪਏ ਦਿੱਤਾ ਜਾ ਰਿਹਾ ਹੈ ਪਰ ਮਾਹਿਰਾਂ ਨੂੰ ਸ਼ੁਰੂ ਵਿੱਚ ਹੀ ਪੰਜ ਵਾਧੂ ਤਰੱਕੀਆਂ ਦੇ ਦਿੱਤੀਆਂ ਜਾਂਦੀਆਂ ਹਨ, ਜਿਸ ਕਰਕੇ ਜਨਰਲ ਡਾਕਟਰਾਂ ਅਤੇ ਮਾਹਿਰਾਂ ਦੀ ਤਨਖ਼ਾਹ ਵਿੱਚ ਜ਼ਿਆਦਾ ਫ਼ਰਕ ਨਹੀਂ ਸੀ। ਮਾਹਿਰ ਡਾਕਟਰ ਘੱਟ ਤਨਖ਼ਾਹ ਕਾਰਨ ਨੌਕਰੀ ਛੱਡ ਜਾਂਦੇ ਰਹੇ ਹਨ। ਪਿਛਲੇ ਇੱਕ ਦਹਾਕੇ ਤੋਂ ਮਾਹਿਰਾਂ ਦੀਆਂ ਚਾਰ ਸੌ ਤੋਂ ਵੱਧ ਅਸਾਮੀਆਂ ਖ਼ਾਲੀ ਪਈਆਂ ਹਨ। ਸਿਹਤ ਵਿਭਾਗ ਵਿੱਚ ਕੰਮ ਕਰਦੇ ਡਾਕਟਰਾਂ ਵੱਲੋਂ ਵੀ ਵੱਖਰੇ ਕੇਡਰ ਦੀ ਮੰਗ ਕੀਤੀ ਜਾਂਦੀ ਰਹੀ ਹੈ। ਉਹ ਕਈ ਵਾਰ ਤਾਂ ਹੜਤਾਲ ਵੀ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ 1989 ਵਿੱਚ ਮਾਹਿਰਾਂ ਵਾਸਤੇ ਵੱਖਰਾ ਕੇਡਰ ਬਣਾ ਦਿੱਤਾ ਗਿਆ ਸੀ, ਜਿਸ ਨੂੰ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ ਦੇਣ ਤੋਂ ਬਾਅਦ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ ਪਰ ਇਹ ਅਮਲ ਵਿੱਚ ਆਉਣ ਤੋਂ ਰਹਿ ਗਿਆ ਸੀ। ਵੱਖਰੇ ਕੇਡਰ ਤਹਿਤ ਮਾਹਿਰਾਂ ਨੂੰ 6600 ਰੁਪਏ ਗਰੇਡ ਪੇਅ ਮਿਲਣ ਲੱਗ ਪਵੇਗਾ। ਨੈਸ਼ਨਲ ਰੂਰਲ ਹੈਲਥ ਮਿਸ਼ਨ ਤਹਿਤ ਕੰਟਰੈਕਟ ’ਤੇ ਕੰਮ ਕਰ ਰਹੇ ਮਾਹਿਰਾਂ ਨੂੰ ਇਸ ਵੇਲੇ 70 ਹਜ਼ਾਰ ਰੁਪਏ ਉੱਕਾ-ਪੁੱਕਾ ’ਤੇ ਰੱਖਿਆ ਗਿਆ ਹੈ ਅਤੇ ਇਸ ਨੂੰ ਵਧਾ ਕੇ ਇੱਕ ਲੱਖ ਰੁਪਏ ਦੇ ਕਰੀਬ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ’ਚ ਡਾਕਟਰਾਂ ਦੀ ਕਿੱਲਤ ਦੂਰ ਕਰਨ ਲਈ ਜ਼ਿਲ੍ਹਾ ਪੰਚਾਇਤਾਂ ਦੀਆਂ ਡਿਸਪੈਂਸਰੀਆਂ ’ਚ ਕੰਮ ਕਰਦੇ ਰੂਰਲ ਮੈਡੀਕਲ ਅਫਸਰਾਂ ਦਾ ਸਿਹਤ ਵਿਭਾਗ ਵਿੱਚ ਰਲੇਵਾਂ ਕਰਨ ਦੀ ਤਿਆਰੀ ਵੀ ਚੱਲ ਰਹੀ ਹੈ ਪਰ ਉਨ੍ਹਾਂ ਦੀ ਨਵੇਂ ਵਿਭਾਗ ’ਚ ਸੀਨੀਆਰਤਾ ਬਹਾਲ ਰੱਖਣ ਨੂੰ ਲੈ ਕੇ ਰੇੜਕਾ ਚੱਲ ਰਿਹਾ ਹੈ।
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਰੂਰਲ ਮੈਡੀਕਲ ਅਫਸਰਾਂ ਦੇ ਸਿਹਤ ਵਿਭਾਗ ’ਚ ਰਲੇਵੇਂ ਬਾਰੇ ਦ੍ਰਿੜ੍ਹ ਹਨ ਅਤੇ ਫਾਈਲ ਕਾਨੂੰਨੀ ਮਸ਼ੀਰ ਕੋਲ ਮਸ਼ਵਰੇ ਲਈ ਭੇਜੀ ਗਈ ਹੈ। ਮੰਤਰੀ ਨੇ ਮਾਹਿਰ ਅਤੇ ਜਨਰਲ ਡਾਕਟਰਾਂ ਦੀ ਤਨਖ਼ਾਹ ’ਚ ਵਾਧਾ ਕਰਨ ਬਾਰੇ ਮੁੱਖ ਮੰਤਰੀ ਨੂੰ ਭੇਜੇ ਪ੍ਰਸਤਾਵ ਦੀ ਪੁਸ਼ਟੀ ਕੀਤੀ ਹੈ।