ਪ੍ਰਦੂਸ਼ਣ, ਚਿੰਤਾ ਤੇ ਚਿੰਤਨ ਦਾ ਵਿਸ਼ਾ

0
347

ਸ਼ ਦੇ ਮੌਸਮ ਵਿਭਾਗ ਨੇ ਆਉਣ ਵਾਲੇ ਸਮੇਂ ‘ਚ ਤਾਪਮਾਨ ਔਸਤ ਤੋਂ ਜ਼ਿਆਦਾ ਰਹਿਣ ਦੀ ਸ਼ੰਕਾ ਜ਼ਾਹਰ ਕੀਤੀ ਹੈ। ਮੌਸਮ ‘ਚ ਆਈ ਇਕਦਮ ਤਬਦੀਲੀ ਆਲਮੀ ਤਪਸ਼ ਨਾਲ ਜੁੜੇ ਸੰਭਾਵੀ ਖ਼ਤਰਿਆਂ ਨੂੰ ਬਿਆਨ ਕਰ ਰਹੀ ਹੈ। 19ਵੀਂ ਸਦੀ ਦੇ ਅੰਤ ‘ਚ ਉਦਯੋਗਿਕ ਕ੍ਰਾਂਤੀ ਕਾਰਨ ਧਰਤੀ ਦੇ ਵਾਤਾਵਰਨ ਅਤੇ ਸਮੁੰਦਰੀ ਜੀਵਨ ‘ਚ ਵਧੇ ਤਾਪਮਾਨ ਨੂੰ ਆਲਮੀ ਤਪਸ਼ ਦਾ ਨਾਂਅ ਦਿੱਤਾ ਗਿਆ ਸੀ। ਬੀਤੇ ਫਰਵਰੀ ਮਹੀਨੇ ਵਿਚ ਕਈ ਦਿਨ ਸਾਡੇ ਸੂਬੇ ‘ਚ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਪਈ ਬੇਮੌਸਮੀ ਬਰਸਾਤ ਨੇ ਜਨਜੀਵਨ ਦੀ ਚਾਲ ਨੂੰ ਮੱਠਾ ਕੀਤਾ ਅਤੇ ਕਿਸਾਨਾਂ ਖ਼ਾਸ ਕਰ ਕੇ ਆਲੂ ਉਤਪਾਦਕਾਂ ਦੀਆਂ ਮੁਸ਼ਕਲਾਂ ‘ਚ ਅਥਾਹ ਵਾਧਾ ਕੀਤਾ ਸੀ। ਹੁਣ ਅਪ੍ਰੈਲ ਦੇ ਆਖ਼ਰੀ ਹਫ਼ਤੇ ਪਈ ਬੇਮੌਸਮੀ ਬਰਸਾਤ ਨੇ ਕਣਕ ਦੀ ਫ਼ਸਲ ਦਾ ਨੁਕਸਾਨ ਕੀਤਾ ਹੈ। ਮੌਸਮ ਦੇ ਇਸ ਬਦਲ ਰਹੇ ਮਿਜ਼ਾਜ ਨੇ ਵਿਗਿਆਨਕਾਂ ਤੇ ਵਾਤਾਵਰਨ ਪ੍ਰੇਮੀਆਂ ਦੇ ਨਾਲ-ਨਾਲ ਬੁੱਧੀਜੀਵੀਆਂ ਨੂੰ ਚਿੰਤਨ ਕਰਨ ਲਈ ਮਜਬੂਰ ਕੀਤਾ ਹੈ। ਫਰਵਰੀ ਵਿਚ ਹੀ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਅਤੇ ਨਾਲ ਲੱਗਦੇ ਇਲਾਕੇ ‘ਚ ਪਹਾੜੀ ਖੇਤਰ ਦੀ ਤਰਜ਼ ‘ਤੇ ਬਰਫਬਾਰੀ ਦੇਖਣ ਨੂੰ ਮਿਲੀ ਸੀ। ਮੌਸਮ ‘ਚ ਆਈ ਇਹ ਤਬਦੀਲੀ ਇਕਦਮ ਨਹੀਂ ਆਈ ਸਗੋਂ ਲੰਬੇ ਸਮੇਂ ਤੋਂ ਵਧ ਰਹੇ ਪ੍ਰਦੂਸ਼ਣ ਅਤੇ ਮਨੁੱਖੀ ਗ਼ਲਤੀਆਂ ਦਾ ਨਤੀਜਾ ਹੈ। ਇਨ੍ਹਾਂ ਗੁਨਾਹਾਂ ਦੀ ਸਜ਼ਾ ਸਮੁੱਚੀ ਮਨੁੱਖਤਾ ਚੁਕਾਉਣ ਲਈ ਮਜਬੂਰ ਹੈ। ਵਧਦੇ ਪ੍ਰਦੂਸ਼ਣ ਅਤੇ ਕਾਰਬਨ ਡਾਈਆਕਸਾਈਡ ਗੈਸ ਦੀ ਵੱਧ ਮਾਤਰਾ ਨੇ ਆਲਮੀ ਤਪਸ਼ ਦਾ ਖ਼ਤਰਾ ਵਧਾ ਦਿੱਤਾ ਹੈ। ਕਾਰਬਨ ਡਾਈਆਕਸਾਈਡ ਗੈਸ ‘ਚ ਪਰਾਵੈਂਗਣੀ ਕਿਰਨਾਂ ਨੂੰ ਸੋਖਣ ਦੀ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਤਾਪਮਾਨ ਬਹੁਤ ਵਧ ਜਾਂਦਾ ਹੈ। ਪ੍ਰਿਥਵੀ ਅਤੇ ਸਮੁੰਦਰਾਂ ਦੇ ਤਾਪਮਾਨ ‘ਚ ਵਾਧਾ ਹੋਵੇਗਾ। ਇਕੱਲਾ ਅਮਰੀਕਾ ਹੀ ਵਿਸ਼ਵ ਦੇ ਕਈ ਦੇਸ਼ਾਂ ਜਿੰਨੀ ਕਾਰਬਨ ਡਾਈਆਕਸਾਈਡ ਗੈਸ ਉਪਜਾ ਰਿਹਾ ਹੈ ਜਿਸ ਨੇ ਹਰਾਗ੍ਰਹਿ ਪ੍ਰਭਾਵ ਨੂੰ ਬਹੁਤ ਵਧਾਇਆ ਹੈ ਅਤੇ ਮਨੁੱਖਤਾ ਨੂੰ ਆਲਮੀ ਤਪਸ਼ ਦੀ ਭੱਠੀ ‘ਚ ਝੋਕਿਆ ਹੈ।
ਵਧਦੀਆਂ ਜ਼ਹਿਰੀਲੀਆਂ ਗੈਸਾਂ ਅਤੇ ਧੂੜ ਨੇ ਧਰਤੀ ਨੂੰ ਵਧੇਰੇ ਗਰਮ ਹੋਣ ਲਈ ਮਜਬੂਰ ਕੀਤਾ ਹੈ। ਹਰ ਸਾਲ ਤਾਪਮਾਨ ਲਗਪਗ 0.6 ਸੈਲਸੀਅਸ ਦੀ ਦਰ ਨਾਲ ਵਧ ਰਿਹਾ ਹੈ। ਆਉਣ ਵਾਲੇ ਸਮੇਂ ‘ਚ ਧਰਤੀ ਦਾ ਤਾਪਮਾਨ ਵਧ ਜਾਵੇਗਾ। ਇਸੇ ਕਾਰਨ ਗਲੇਸ਼ੀਅਰਾਂ ਦਾ ਪਿਘਲਣਾ ਜਾਰੀ ਹੈ। ਹਿਮਾਲਿਆ ‘ਚ ਸਥਿਤ ਗੰਗੋਤਰੀ ਗਲੇਸ਼ੀਅਰ ਦੇ ਪਿਘਲਣ ਦੀ ਦਰ ਹੁਣ ਤੀਹ ਮੀਟਰ ਪ੍ਰਤੀ ਸਾਲ ਹੈ। ਸਮੁੰਦਰਾਂ ‘ਚ ਬਰਫ਼ ਦੇ ਤੋਦਿਆਂ ਦਾ ਮਿਲਣਾ ਆਮ ਜਿਹੀ ਗੱਲ ਹੋ ਗਈ ਹੈ। ਇਸ ਦੇ ਸਿੱਟੇ ਵਜੋਂ ਸਮੁੰਦਰਾਂ ‘ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਜਿਸ ਕਾਰਨ ਹੜ੍ਹ, ਸੁਨਾਮੀ ਆਦਿ ਖ਼ਤਰਿਆਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਹੁਣੇ ਜਿਹੇ ਸਾਡੇ ਦੇਸ਼ ਦੇ ਕਈ ਸੂਬਿਆਂ ਵਿਚ ਆਇਆ ਫੇਨੀ ਸਮੁੰਦਰੀ ਤੂਫ਼ਾਨ ਬਦਲ ਰਹੇ ਮੌਸਮ ਦਾ ਨਤੀਜਾ ਹੈ।
ਮਨੁੱਖ ਨੇ ਆਪਣੇ ਮੁਨਾਫ਼ੇ ਅਤੇ ਕੁਝ ਸਮੇਂ ਦੀ ਖ਼ੁਸ਼ੀ ਨੇ ਸਾਰਿਆਂ ਦੇ ਰਾਹ ਵਿਚ ਕੰਡੇ ਬੀਜੇ ਹਨ। ਪ੍ਰਦੂਸ਼ਿਤ ਹੋ ਰਹੀ ਆਬੋ-ਹਵਾ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਦੀ ਚੁਣੌਤੀ ਦਿੱਤੀ ਹੈ। ਜ਼ਹਿਰੀਲੀਆਂ ਗੈਸਾਂ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ ਆਦਿ ਵਾਤਾਵਰਨ ਨੂੰ ਦੂਸ਼ਿਤ ਕਰ ਰਹੀਆਂ ਹਨ। ਅਜਿਹੇ ਵਿਚ ਬੱਚੇ-ਬਜ਼ੁਰਗ ਅਤੇ ਸਾਹ-ਦਮੇ ਦੇ ਮਰੀਜ਼ਾਂ ਦੀ ਹਾਲਤ ਬਹੁਤ ਮਾੜੀ ਹੋ ਜਾਂਦੀ ਹੈ। ਤੰਦਰੁਸਤ ਲੋਕਾਂ ਨੂੰ ਵੀ ਸਾਹ ਲੈਣ ‘ਚ ਬਹੁਤ ਮੁਸ਼ਕਲ ਆਉਂਦੀ ਹੈ। ਅੱਖਾਂ ਅਤੇ ਗਲੇ ਵਿਚ ਜਲਣ ਦੀ ਸਮੱਸਿਆ ਬਹੁਤ ਵਧ ਜਾਂਦੀ ਹੈ।
ਵਧਦੇ ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਜਿਵੇਂ ਕਿ ਬੇਮੌਸਮੀ ਬਰਸਾਤ, ਤੇਜ਼ਾਬੀ ਵਰਖਾ ਆਦਿ। ਹਵਾ ਵਿਚ ਵਧਦੀ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ, ਹਾਈਕਲੋਰਿਕ ਐਸਿਡ ਦੇ ਜ਼ਹਿਰੀਲੇ ਤੱਤਾਂ ਨੇ ਤੇਜ਼ਾਬੀ ਵਰਖਾ ਨੂੰ ਸੱਦਾ ਦਿੱਤਾ ਹੈ। ਹੁਣ ਤਕ ਸਭ ਤੋਂ ਵੱਧ ਤੇਜ਼ਾਬੀ ਵਰਖਾ ਵੈਸਟ ਵਰਜੀਨੀਆ ਵਿਚ ਹੋਈ ਹੈ ਜਿਸ ਦਾ ਪੀਐੱਚ 1.5 ਸੀ। ਜਰਮਨੀ, ਸਵੀਡਨ, ਰੋਮਾਨੀਆ ਅਤੇ ਪੋਲੈਂਡ ਜਿਹੇ ਦੇਸ਼ਾਂ ਵਿਚ ਪੰਜਾਹ ਫ਼ੀਸਦੀ ਕੁਦਰਤੀ ਜੰਗਲ ਤੇਜ਼ਾਬੀ ਵਰਖਾ ਨੇ ਨਸ਼ਟ ਕਰ ਦਿੱਤੇ ਹਨ। ਇਸ ਨੇ ਤਾਂ ਤਾਜ ਮਹੱਲ ਨੂੰ ਵੀ ਨਹੀਂ ਬਖ਼ਸ਼ਿਆ। ਉਸ ਦੀ ਸੁੰਦਰਤਾ ਨੂੰ ਦਾਗ ਲੱਗਣੇ ਸ਼ੁਰੂ ਹੋ ਗਏ ਹਨ।
ਸੰਨ 1985 ਵਿਚ ਪਹਿਲੀ ਵਾਰ ਅੰਟਾਰਟਿਕਾ ਵਿਖੇ ਓਜ਼ੋਨ ਵਿਚ ਸੁਰਾਖ (ਓਜ਼ੋਨ ਦੀ ਘਣਤਾ ਘਟਣਾ) ਫਾਰਮੈਨ ਐਟ ਅਲ ਵਿਗਿਆਨੀ ਨੇ ਖੋਜਿਆ ਸੀ। ਸੰਨ 1992 ਵਿਚ ਇਹ ਸੁਰਾਖ ਤੇਈ ਮਿਲੀਅਨ ਸਕੁਏਅਰ ਕਿਲੋਮੀਟਰ ਸੀ ਤੇ 2002 ਵਿਚ ਅਠਾਈ ਮਿਲੀਅਨ ਸਕੁਏਅਰ ਕਿਲੋਮੀਟਰ ਹੋ ਗਿਆ ਸੀ। ਇਕ ਛੋਟਾ ਸੁਰਾਖ 1990 ਵਿਚ ਉੱਤਰੀ ਪੋਲ ‘ਤੇ ਵੀ ਵੇਖਿਆ ਗਿਆ। ਹੁਣ ਪਰਾਵੈਂਗਣੀ ਕਿਰਨਾਂ ਦਾ ਧਰਤੀ ‘ਤੇ ਪਹੁੰਚਣਾ ਜਾਰੀ ਹੈ ਜਿਸ ਦੇ ਗੰਭੀਰ ਨਤੀਜੇ ਸੁਣ ਕੇ ਲੂ-ਕੰਡੇ ਖੜ੍ਹੇ ਹੋ ਜਾਂਦੇ ਹਨ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ‘ਚ ਬਹੁਤ ਜ਼ਿਆਦਾ ਲੋਕ ਚਮੜੀ ਦੇ ਕੈਂਸਰ ਅਤੇ ਅੰਨ੍ਹੇਪਣ ਦਾ ਸ਼ਿਕਾਰ ਹੋਣਗੇ। ਪਰਮਾਣੂ ਤਜਰਬਿਆਂ ਤੇ ਸੁਰੱਖਿਆ ਦੇ ਸਾਜ਼ੋ-ਸਾਮਾਨ ਨੇ ਵੀ ਪ੍ਰਦੂਸ਼ਣ ਵਿਚ ਵਾਧਾ ਕੀਤਾ ਹੈ। ਪੁਲਾੜ ‘ਚ ਫੈਲ ਰਹੇ ਈ-ਕਚਰੇ ਨੇ ਵੀ ਪ੍ਰਦੂਸ਼ਣ ਨੂੰ ਸਿਖਰ ‘ਤੇ ਪਹੁੰਚਾ ਦਿੱਤਾ ਹੈ।
ਬੇਮੌਸਮੀ ਗਰਮੀ-ਸਰਦੀ ਨੇ ਫ਼ਸਲਾਂ ਦੇ ਝਾੜ ‘ਤੇ ਵੀ ਡੂੰਘਾ ਅਸਰ ਪਾਇਆ ਹੈ। ਅਜੋਕੇ ਸਮੇਂ ਦੌਰਾਨ ਜਦ ਫ਼ਸਲਾਂ ਨੂੰ ਸਰਦੀ ਦੀ ਲੋੜ ਹੁੰਦੀ ਹੈ ਤਾਂ ਉਦੋਂ ਮੌਸਮ ਵਿਚ ਗਰਮੀ ਹੁੰਦੀ ਹੈ। ਪਿਛਲੇ ਸਮੇਂ ਦੇ ਮੁਕਾਬਲੇ ਅੱਜ ਸਰਦੀ ਦੇ ਮੌਸਮ ਦਾ ਅੰਤਰਾਲ ਕਾਫੀ ਘਟ ਗਿਆ ਹੈ। ਜਿਸ ਰਫ਼ਤਾਰ ਨਾਲ ਆਲਮੀ ਤਪਸ਼ ਵਧ ਰਹੀ ਹੈ ਉਸ ਨੂੰ ਦੇਖ ਕੇ ਜਾਪਦਾ ਹੈ ਕਿ ਸਰਦੀ ਤਾਂ ਬਿਲਕੁਲ ਖ਼ਤਮ ਹੋ ਜਾਵੇਗੀ। ਇਸ ਪੂਰੇ ਵਰਤਾਰੇ ਕਾਰਨ ਫ਼ਸਲੀ ਚੱਕਰ ਦੇ ਨਾਲ ਜਲ ਚੱਕਰ ਵੀ ਗੜਬੜਾ ਗਿਆ ਹੈ। ਜਲ ਹੀ ਜੀਵਨ ਹੈ ਅਤੇ ਇਸ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।
ਨਿਰਮਲ ਆਬੋ-ਹਵਾ ਤੰਦਰੁਸਤ ਜੀਵਨ ਲਈ ਮੁੱਢਲੀ ਲੋੜ ਹੈ। ਗੁਰਬਾਣੀ ਵਿਚ ਅੰਕਿਤ ਹੈ, ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।’ (ਭਾਵ, ਪਾਣੀ ਸਭ ਜੀਵਾਂ ਦਾ ਪਿਤਾ ਹੈ ਅਤੇ ਧਰਤੀ ਸਭ ਦੀ ਵੱਡੀ ਮਾਂ ਹੈ)। ਜਲ ਕੁਦਰਤ ਦਾ ਸਾਨੂੰ ਦਿੱਤਾ ਹੋਇਆ ਅਨਮੋਲ ਸਰਮਾਇਆ ਹੈ। ਪਾਣੀ ਹੀ ਬਨਸਪਤੀ ਅਤੇ ਜੀਵਾਂ ਦੀ ਆਧਾਰਸ਼ਿਲਾ ਹੈ ਤੇ ਇਸ ਦੀ ਗ਼ੈਰ-ਮੌਜੂਦਗੀ ਜੀਵਾਂ ਲਈ ਸੰਕਟ ਹੋ ਨਿੱਬੜਦੀ ਹੈ। 78 ਫ਼ੀਸਦੀ ਪਾਣੀ ਸਮੁੰਦਰ ਦਾ ਹੈ ਜਦਕਿ ਜ਼ਮੀਨਦੋਜ਼ ਪਾਣੀ 2 ਫ਼ੀਸਦੀ ਹੈ ਜੋ ਆਧੁਨਿਕ ਵਿਧੀਆਂ ਨਾਲ ਜ਼ਮੀਨ ‘ਚੋ ਪ੍ਰਾਪਤ ਕੀਤਾ ਜਾਂਦਾ ਹੈ। ਜ਼ਮੀਨ ਹੇਠਲੇ ਪਾਣੀ ਦਾ ਡਿੱਗਦਾ ਪੱਧਰ ਅਤੇ ਜਲ ਸੋਮਿਆਂ ‘ਚੋਂ ਪਾਣੀ ਦੀ ਘਟ ਰਹੀ ਮਿਕਦਾਰ ਨੇ ਦੇਸ਼ ਵਿਚ ਸੋਕੇ ਦਾ ਸੰਕਟ ਪੈਦਾ ਕੀਤਾ ਹੈ। ਪਿਛਲੇ ਕੁਝ ਸਮੇਂ ਦੌਰਾਨ ਦੇਸ਼ ਦੇ ਜਲ ਸੋਮਿਆਂ ਵਿਚ 23 ਫ਼ੀਸਦੀ ਪਾਣੀ ਦੀ ਗਿਰਾਵਟ ਆਈ ਹੈ ਜੋ ਭਵਿੱਖ ਲਈ ਚੰਗੇ ਸੰਕੇਤ ਨਹੀਂ ਹਨ। ਬਦਲਦੇ ਮੌਸਮ ਦਾ ਮਿਜ਼ਾਜ ਅਤੇ ਆਬਾਦੀ ਦੇ ਬੋਝ ਨੇ ਧਰਤੀ ਹੇਠਲੇ ਪਾਣੀ ਨੂੰ ਢਾਹ ਲਗਾਈ ਹੈ। ਉਦਯੋਗਾਂ,ਖੇਤੀਬਾੜੀ ਅਤੇ ਘਰੇਲੂ ਲੋੜਾਂ ਲਈ ਪਾਣੀ ਦੀ ਅੰਨ੍ਹੇਵਾਹ ਵਰਤੋਂ ਨੇ ਦੁਨੀਆ ਲਈ ਪਾਣੀ ਦੀ ਥੁੜ੍ਹ ਦਾ ਸੰਕਟ ਪੈਦਾ ਕੀਤਾ ਹੈ। ਇਸ ਲਈ ਲੋਕਾਈ ਪੀਣ ਵਾਲੇ ਸਾਫ਼ ਪਾਣੀ ਤੋਂ ਵੀ ਵੰਚਿਤ ਹੋ ਰਹੀ ਹੈ।
ਸਾਡੇ ਦੇਸ਼ ਦੀ ਇਕ-ਚੌਥਾਈ ਆਬਾਦੀ ਭਾਵ 33 ਕਰੋੜ ਲੋਕ ਸੋਕੇ ਦੀ ਮਾਰ ਹੇਠਾਂ ਹਨ। ਸਾਲ 2016 ਵਿਚ ਦੇਸ਼ ਦੇ 256 ਜ਼ਿਲ੍ਹੇ ਸੋਕੇ ਤੋਂ ਬੁਰੀ ਤਰ੍ਹਾਂ ਪੀੜਤ ਸਨ। ਮੌਨਸੂਨ ਦੀ ਬੇਯਕੀਨੀ ਅਤੇ ਤਪਸ਼ ਨੇ ਸੋਕੇ ਦੀ ਸਥਿਤੀ ਹੋਰ ਵੀ ਗੰਭੀਰ ਬਣਾ ਦਿੱਤੀ ਸੀ। ਦੇਸ਼ ਦੇ 12 ਸੂਬੇ ਸੋਕੇ ਨਾਲ ਜੂਝਣ ਲਈ ਮਜਬੂਰ ਸਨ ਜਿਨ੍ਹਾਂ ਵਿਚ ਉੱਤਰ ਪ੍ਰਦੇਸ਼ ਦੇ 75 ਜ਼ਿਲ੍ਹਿਆਂ ‘ਚੋਂ 50 ਜ਼ਿਲ੍ਹੇ, ਓਡੀਸ਼ਾ ਦੇ 30 ‘ਚੋਂ 27, ਆਂਧਰਾ ਪ੍ਰਦੇਸ਼ ਦੇ 13 ‘ਚੋਂ 10, ਕਰਨਾਟਕ ਦੇ 30 ‘ਚੋਂ 27, ਛੱਤੀਸਗੜ੍ਹ ਦੇ 27 ‘ਚੋਂ 25, ਝਾਰਖੰਡ ਦੇ 24 ‘ਚੋਂ 22, ਤੇਲੰਗਾਨਾ ਦੇ 10 ‘ਚੋਂ 7, ਮੱਧ ਪ੍ਰਦੇਸ਼ ਦੇ 51 ‘ਚੋਂ 46, ਮਹਾਰਾਸ਼ਟਰ ਦੇ 36 ‘ਚੋਂ 21 ਅਤੇ ਰਾਜਸਥਾਨ ਦੇ 33 ‘ਚੋਂ 19 ਜ਼ਿਲ੍ਹੇ ਪਾਣੀ ਦੇ ਗੰਭੀਰ ਸੰਕਟ ‘ਚ ਸਨ। ਦੇਸ਼ ਦੇ ਮਹਾਰਾਸ਼ਟਰ ਸੂਬੇ ਵਿਚ ਮਰਾਠਵਾੜਾ ਬੁਰੀ ਤਰ੍ਹਾਂ ਪ੍ਰਭਾਵਿਤ ਸੀ ਅਤੇ ਲੋਕ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਸਨ। ਪਾਣੀ ਦੀ ਰਾਖੀ ਕਰਦੇ ਲੋਕਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਨਸ਼ਰ ਹੋਈਆਂ ਸਨ। ਉਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਕਿ ਜੇ ਮੌਕਾ ਸੰਭਾਲਿਆ ਹੁੰਦਾ ਤਾਂ ਸ਼ਾਇਦ ਇਹ ਨੌਬਤ ਨਾ ਹੀ ਆਉਂਦੀ। ਜਿਸ ਹਿਸਾਬ ਨਾਲ ਅਜੋਕੇ ਹਾਲਾਤ ਉੱਭਰ ਰਹੇ ਹਨ, ਉਨ੍ਹਾਂ ਦੇ ਮੱਦੇਨਜ਼ਰ ਭਵਿੱਖ ‘ਚ ਹੋਰ ਵੀ ਗੰਭੀਰ ਸਥਿਤੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ, ਆਲਮੀ ਤਪਸ਼ ਦੇ ਵਧਦੇ ਵਰਤਾਰੇ ਨੂੰ ਰੋਕਣ ਲਈ ਸਵਾਰਥੀ ਹਿੱਤਾਂ ਨੂੰ ਤਿਆਗ ਦੇਣਾ ਚਾਹੀਦਾ ਹੈ। ਲੋਕਾਈ ਨੂੰ ਇਸ ਨਾਲ ਜੁੜੇ ਸੰਭਾਵੀ ਖ਼ਤਰਿਆਂ ਨੂੰ ਹੁਣ ਤਾਂ ਭਾਂਪ ਲੈਣਾ ਚਾਹੀਦਾ ਹੈ ਕਿ ਕੁਦਰਤ ਨਾਲ ਕੀਤੀ ਛੇੜਛਾੜ ਕਿਸ ਕਦਰ ਮਹਿੰਗੀ ਪੈ ਸਕਦੀ ਹੈ। ਕੁਦਰਤ ਹਰ ਰੋਜ਼ ਚਿਤਾਵਨੀ ‘ਤੇ ਚਿਤਾਵਨੀ ਦੇ ਰਹੀ ਹੈ ਪਰ ਮਨੁੱਖ ਉਸ ਨੂੰ ਅਣਗੌਲਿਆ ਕਰ ਰਿਹਾ ਹੈ। ਇਹੋ ਲਾਪਰਵਾਹੀ ਉਸ ਨੂੰ ਵਿਨਾਸ਼ ਵੱਲ ਲੈ ਕੇ ਜਾ ਰਹੀ ਹੈ।
-ਗੁਰਤੇਜ ਸਿੰਘ(ਲੇਖਕ ਮੈਡੀਕਲ ਦਾ ਵਿਦਿਆਰਥੀ ਹੈ)
-ਸੰਪਰਕ: 94641-72783