ਉੱਤਰੀ ਕੋਰੀਆ ਦੇ ਧਮਾਕੇ ਅਤੇ ਧਮਕੀਆਂ

0
189

ਉੱਤਰੀ ਕੋਰੀਆ ਵੱਲੋਂ ਹਾਈਡ੍ਰੋਜਨ ਬੰਬ ਦੀ ਪਰਖ ਕਰ ਲੈਣ ਦਾ ਦਾਅਵਾ ਕਰਨ ਦੇ ਨਾਲ ਹੀ ਪੂਰੀ ਦੁਨੀਆ ਅਤੇ ਖਾਸ ਕਰਕੇ ਅਮਰੀਕਾ, ਜਾਪਾਨ ਅਤੇ ਦੱਖਣੀ ਕੋਰੀਆ ਇੱਕਦਮ ਚੌਕੰਨੇ ਹੋ ਗਏ ਹਨ। ਨਾਲ ਹੀ ਉੱਤਰੀ ਕੋਰੀਆ ਦੇ ਨੇੜਲੇ ਦੋਸਤ ਰੂਸ ਅਤੇ ਚੀਨ ਵੀ ਆਪਣੀ ਸਾਖ ਬਚਾਉਣ ਲਈ ਫਿਕਰਾਂ ਵਿੱਚ ਪੈ ਗਏ ਹਨ। ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੈਲੇ ਨੇ ਕਹਿ ਦਿੱਤਾ ਹੈ ਕਿ ਉੱਤਰੀ ਕੋਰੀਆ ਤਾਂ ਹੁਣ ਮੁੱਲ ਦੀ ਲੜਾਈ ਹੀ ਮੰਗ ਰਿਹਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੌਂਗ ਉਨ ਨੂੰ ਸੰਜਮ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਪੱਛਮੀ ਤਾਕਤਾਂ ਤਾਂ ਉਸ ਨੂੰ ਵੀ ‘ਇਰਾਕ’ ਬਣਾਉਣ ਦੇ ਬਹਾਨੇ ਲੱਭ ਰਹੀਆਂ ਹਨ। ਬ੍ਰਿਕਸ ਸੰਗਠਨ ਦੇ ਪੰਜੇ ਮੈਂਬਰਾਂ ਨੇ ਕਿਮ ਨੂੰ ਨਸੀਹਤ ਦਿੱਤੀ ਹੈ ਕਿ ਆਪਣੀ ਊਰਜਾ ਖ਼ਤਰਨਾਕ ਹਥਿਆਰਾਂ ਉੱਤੇ ਨਸ਼ਟ ਕਰਨ ਦੀ ਥਾਂ ਉਹ ਆਪਣੇ ਦੇਸ਼ ਵਿਚਲੀ ਅੰਤਾਂ ਦੀ ਗਰੀਬੀ ਨੂੰ ਹਟਾਉਣ ਵਾਲ ਧਿਆਨ ਦੇਵੇ। ਪਰ 33 ਸਾਲਾ ਕਿਮ ਨੇ ਪੂਰੀ ਦੁਨੀਆ ਨੂੰ ਆਪਣੇ ਖ਼ਤਰਨਾਕ ਇਰਾਦਿਆਂ ਬਾਰੇ ਜਾਣੂ ਕਰਵਾ ਦਿੱਤਾ ਹੈ। ਭਾਵੇਂ ਕਿ ਉੱਤਰੀ ਕੋਰੀਆ ਨੇ ਹਾਈਡ੍ਰੋਜਨ ਬੰਬ ਦਾ ਬਣਾਉਣ ਦਾ ਦਾਅਵਾ ਤਾਂ ਪਿਛਲੇ ਸਾਲ ਵੀ ਕੀਤਾ ਸੀ ਪਰ ਹੁਣ ਉਸਨੇ ਬੰਬ ਦੀ ਸਫਲ ਪਰਖ ਕਰਨ ਦਾ ਦਾਅਵਾ ਵੀ ਕਰ ਦਿੱਤਾ ਹੈ। ਇਹ ਬੰਬ 50 ਤੋਂ 100 ਕਿਲੋ ਟਨ ਊਰਜਾ ਵਾਲਾ ਮੰਨਿਆ ਗਿਆ ਹੈ। ਇੱਥੇ ਇਹ ਸਮਝਣ ਦੀ ਲੋੜ ਹੈ ਕਿ 1945 ਵਿੱਚ ਅਮਰੀਕਾ ਵੱਲੋਂ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਉੱਤੇ ਸੁੱਟਿਆ ਗਿਆ ਪਰਮਾਣੂ ਬੰਬ 15 ਕਿਲੋ ਟਨ ਦਾ ਹੀ ਸੀ ਜਿਸ ਨਾਲ ਹਜ਼ਾਰਾਂ ਲੋਕ ਮਾਰੇ ਗਏ ਸਨ ਅਤੇ ਲੱਖਾਂ ਲੋਕ ਸਰੀਰਕ ਜਾਂ ਮਾਨਸਿਕ ਰੂਪ ਵਿੱਚ ਅਪਾਹਜ ਹੋ ਗਏ ਸਨ।
ਉੱਤਰੀ ਕੋਰੀਆ ਦੀ ਆਂਢ-ਗੁਆਂਢ ਨਾਲ ਦੁਸ਼ਮਣੀ ਬਹੁਤ ਪੁਰਾਣੀ ਹੈ। ਇੱਕ ਸਦੀ ਪਹਿਲਾਂ 1910 ਵਿੱਚ ਜਾਪਾਨ ਨੇ ਹਮਲਾ ਕਰਕੇ ਪੂਰੇ ਕੋਰੀਆ ਉੱਤੇ ਕਬਜ਼ਾ ਕਰ ਲਿਆ ਸੀ। ਉਦੋਂ ਕੋਰੀਆ ਇੱਕ ਹੀ ਦੇਸ਼ ਹੁੰਦਾ ਸੀ ਜੋ ਕਿ 35 ਸਾਲ ਜਾਪਾਨ ਦੇ ਅੱਤਿਆਚਾਰ ਸਹਿੰਦਾ ਰਿਹਾ। ਦੂਜੀ ਸੰਸਾਰ ਜੰਗ ਖ਼ਤਮ ਹੋਣ ਵੇਲੇ ਜਦੋਂ ਜਾਪਾਨ ਅਮਰੀਕੀ ਪਰਮਾਣੂ ਬੰਬਾਂ ਨਾਲ ਝੰਬਿਆ ਗਿਆ ਤਾਂ ਕੋਰੀਆ ਨੂੰ ਜਾਪਾਨੀਆਂ ਦੇ ਜ਼ੁਲਮਾਂ ਤੋਂ ਨਿਜਾਤ ਮਿਲਣ ਦੀ ਉਮੀਦ ਬੱਝੀ। ਪਰ ਜਦੋਂ ਆਜ਼ਾਦ ਹੋਣ ਦਾ ਵੇਲਾ ਆਇਆ ਤਾਂ ਨਵੇਂ ਸਾਮਰਾਜੀਆਂ ਨੇ ਇਸ ਦੇ ਟੁਕੜੇ ਕਰ ਕੇ ਆਪਣਾ ਕਬਜ਼ਾ ਜਮਾ ਲਿਆ। ਕੋਰੀਆ ਦੇ ਦੱਖਣੀ ਹਿੱਸੇ ਵਿੱਚ ਅਮਰੀਕਾ ਨੇ ਅਤੇ ਉੱਤਰੀ ਹਿੱਸੇ ਵਿੱਚ ਸੋਵੀਅਤ ਸੰਘ ਨੇ ਆਪੋ ਆਪਣੀਆਂ ਫ਼ੌਜਾਂ ਬਿਠਾ ਦਿੱਤੀਆਂ। ਇੰਜ 1948 ਤੱਕ ਕੋਰੀਆ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਹੋਂਦ ਵਿੱਚ ਆਏ। ਫਿਰ 1950 ਵਿੱਚ ਹੀ ਦੋਵਾਂ ਮੁਲਕਾਂ ਵਿੱਚ ਜੰਗ ਸ਼ੁਰੂ ਹੋ ਗਈ ਜਿਹੜੀ ਤਿੰਨ ਸਾਲ ਜਾਰੀ ਰਹੀ। ਉਸ ਤੋਂ ਬਾਅਦ ਦੋਹਾਂ ਵਿੱਚ ਪੱਕੀ ਦੁਸ਼ਮਣੀ ਕਾਇਮ ਹੋ ਗਈ। ਦੱਖਣੀ ਕੋਰੀਆ ਨੂੰ ਤਾਂ ਅਮਰੀਕਾ ਨੇ ਸਾਂਭ ਲਿਆ ਅਤੇ ਉਹ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਗਿਆ ਪਰ ਉੱਤਰੀ ਕੋਰੀਆ ਦੇ ਤਾਨਾਸ਼ਾਹ ਸ਼ਾਸਕਾਂ ਨੇ ਉਸ ਨੂੰ ਬੁਰੀ ਤਰਾਂ ਗਰੀਬੀ ਦੇ ਸ਼ਿਕੰਜੇ ਵਿੱਚ ਫਸਾ ਦਿੱਤਾ। ਸੋਵੀਅਤ ਸੰਘ ਦੇ ਖ਼ਾਤਮੇ (1991) ਤੋਂ ਬਾਅਦ ਤਾਂ ਉਸ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ। ਉਹ ਅਮਰੀਕੀ ਫੋਬੀਏ ਦਾ ਸ਼ਿਕਾਰ ਹੋ ਕੇ ਪਰਮਾਣੂ ਹਥਿਆਰਾਂ ਦੀ ਦਲਦਲ ਵਿੱਚ ਧਸਦਾ ਗਿਆ।
ਕੋਰੀਆ ਜੰਗ (1950-53) ਖ਼ਤਮ ਹੋਣ ਤੋਂ ਬਾਅਦ ਹੀ ਉੱਤਰੀ ਕੋਰੀਆ ਨੇ ਪਰਮਾਣੂ ਬੰਬ ਬਣਾਉਣ ਸੰਬੰਧੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਪਹਿਲਾਂ ਉਸ ਨੇ ਪਰਮਾਣੂ ਊਰਜਾ ਤੋਂ ਬਿਜਲੀ ਉਤਪਾਦਨ ਸ਼ੁਰੂ ਕੀਤਾ ਜਿਸ ਵਿੱਚ ਉਸਦੇ ਕਮਿਊਨਿਸਟ ਸਹਿਯੋਗੀਆਂ (ਸੋਵੀਅਤ ਸੰਘ ਅਤੇ ਚੀਨ) ਨੇ ਸਹਾਇਤਾ ਕੀਤੀ। ਫਿਰ 1991 ਤੋਂ ਬਾਅਦ ਹੌਲੀ-ਹੌਲੀ ਉਸ ਨੇ ਪਰਮਾਣੂ ਬੰਬ ਬਣਾਉਣ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਮੰਨਿਆ ਜਾਂਦਾ ਹੈ ਕਿ ਉਸ ਨੂੰ ਪਰਮਾਣੂ ਤਕਨੀਕਾਂ ਦੇਣ ਵਾਲਾ ਦੇਸ਼ ਪਾਕਿਸਤਾਨ ਸੀ ਜਿਹੜਾ ਕਿ ਸੋਵੀਅਤ ਸੰਘ ਵਿੱਚ ਕਮਿਊਨਿਸਟ ਸ਼ਾਸਨ ਖ਼ਤਮ ਹੋਣ ਤੋਂ ਬਾਅਦ ਉਸਦਾ ਨਜ਼ਦੀਕੀ ਬਣਿਆ। ਪਾਕਿਸਤਾਨ ਦੇ ਪਰਮਾਣੂ ਵਿਗਿਆਨੀ ਅਬਦੁਲ ਕਦੀਰ ਖਾਨ ਵੱਲੋਂ ਇਸ ਮਾਮਲੇ ਵਿੱਚ ਕਾਫੀ ਵੱਡਾ ਰੋਲ ਨਿਭਾਇਆ ਦੱਸਿਆ ਜਾਂਦਾ ਹੈ। ਭਾਵੇਂ ਕਿ ਕਦੀਰ ਖਾਨ ਇਸ ਧਾਰਨਾ ਨੂੰ ਮੂਲੋਂ ਹੀ ਰੱਦ ਕਰਦੇ ਹਨ ਅਤੇ ਕਹਿੰਦੇ ਹਨ ਕਿ ਉੱਤਰੀ ਕੋਰੀਆ ਕੋਲ ਤਾਂ ਪਾਕਿਸਤਾਨ ਨਾਲੋਂ ਕਿਤੇ ਬਿਹਤਰ ਪਰਮਾਣੂ ਤਕਨਾਲੋਜੀ ਹੈ। ਪਰ ਭਾਰਤੀ ਅਤੇ ਪੱਛਮੀ ਰਣਨੀਤਕ ਮਾਹਰਾਂ ਦਾ ਇਹੀ ਮੰਨਣਾ ਹੈ ਕਿ ਪਾਕਿਸਤਾਨ ਨੇ ਉੱਤਰੀ ਕੋਰੀਆ ਨੂੰ ਪਰਮਾਣੂ ਤਕਨੀਕਾਂ ਦਿੱਤੀਆਂ ਅਤੇ ਉਸ ਨੇ ਬਦਲੇ ਵਿੱਚ ਪਾਕਿਸਤਾਨ ਨੂੰ ਮਿਜ਼ਾਈਲ ਤਕਨੀਕਾਂ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ। ਦੋਹਾਂ ਵਿੱਚ ਵਿਚੋਲੇ ਦਾ ਰੋਲ ਚੀਨ ਵੱਲੋਂ ਨਿਭਾਇਆ ਦੱਸਿਆ ਜਾਂਦਾ ਹੈ।
ਹੁਣ ਤੱਕ ਉੱਤਰੀ ਕੋਰੀਆ ਨੇ ਕੋਈ ਇੱਕ ਹਜ਼ਾਰ ਮਿਜ਼ਾਈਲਾਂ ਬਣਾ ਲਈਆਂ ਹਨ। ਇਹਨਾਂ ਵਿੱਚੋਂ ਕੁਝ ਘੱਟ ਦੂਰੀ ਵਾਲੀਆਂ, ਕੁਝ ਦਰਮਿਆਨੀ ਦੂਰੀ ਵਾਲੀਆਂ ਅਤੇ ਕੁਝ ਬਹੁਤ ਲੰਬੀ ਦੂਰੀ ਵਾਲੀਆਂ ਵੀ ਹਨ। ਉਸਦਾ ਦਾਅਵਾ ਹੈ ਕਿ ਹੁਣ ਅਮਰੀਕਾ ਉਸਦੇ ਨਿਸ਼ਾਨੇ ਹੇਠ ਹੈ। ਪਿਛਲੇ ਦਿਨਾਂ ਵਿੱਚ ਉਸ ਨੇ ਇੱਕ ਮਿਜ਼ਾਈਲ ਦਾ ਪ੍ਰੀਖਣ ਇਸ ਢੰਗ ਨਾਲ ਕੀਤਾ ਕਿ ਉਹ ਜਾਪਾਨ ਦੇ ਉੱਪਰੋਂ ਲੰਘ ਕੇ ਅੱਗੇ ਜਾ ਕੇ ਸਮੁੰਦਰ ਵਿੱਚ ਡਿੱਗੀ। ਇਸ ਨਾਲ ਉਸ ਨੇ ਆਪਣੇ ਪੁਰਾਣੇ ਦੁਸ਼ਮਣ ਜਾਪਾਨ ਨੂੰ ਡਰਾਵਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਉਹ ਉਸਦੀ ਮਾਰ ਹੇਠ ਹੈ। ਜਾਪਾਨ ਅਤੇ ਦੱਖਣੀ ਕੋਰੀਆ ਦੋਹਾਂ ਨਾਲ ਹੀ ਅਮਰੀਕਾ ਦੀਆਂ ਰੱਖਿਆ ਸੰਧੀਆਂ ਹਨ। ਦੱਖਣੀ ਕੋਰੀਆ ਵਿੱਚ 28500 ਅਮਰੀਕੀ ਫ਼ੌਜੀ ਹਰ ਵੇਲੇ ਤਾਇਨਾਤ ਰਹਿੰਦੇ ਹਨ। ਉਸਦੀ ਰਾਜਧਾਨੀ ਸਿਉਲ ਵੀ ਉੱਤਰੀ ਕੋਰੀਆ ਦੇ ਸਭ ਤੋਂ ਸੌਖੇ ਨਿਸ਼ਾਨਿਆਂ ਵਿੱਚੋਂ ਇੱਕ ਹੈ। ਇਸ ਲਈ ਜੇਕਰ ਦੱਖਣੀ ਕੋਰੀਆ ਜਾਂ ਜਾਪਾਨ ਉੱਤੇ ਕਿਸੇ ਵੀ ਤਰਾਂ ਉੱਤਰੀ ਕੋਰੀਆ ਵੱਲੋਂ ਕੋਈ ਹਮਲਾ ਹੁੰਦਾ ਹੈ ਤਾਂ ਅਮਰੀਕਾ ਨੂੰ ਦਖ਼ਲ ਦੇਣਾ ਹੀ ਪਏਗਾ। ਇਸ ਨਾਲ ਇਹ ਪੂਰਾ ਖੇਤਰ ਹੀ ਜੰਗ ਦਾ ਅਖਾੜਾ ਬਣ ਸਕਦਾ ਹੈ।
ਉੱਤਰੀ ਕੋਰੀਆ ਨੇ ਅਮਰੀਕਾ ਉੱਤੇ ਹਮਲਾ ਕਰਨ ਦੀਆਂ ਧਮਕੀਆਂ ਵੀ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਅਮਰੀਕਾ ਦਾ ਇੱਕ ਸਮੁੰਦਰੀ ਟਾਪੂ ਹੈ ਜਿਸ ਦਾ ਨਾਮ ਹੈ ਗੁਆਮ। ਇਹ ਟਾਪੂ ਅਮਰੀਕਾ ਤੋਂ ਕੋਈ 11000 ਕਿਲੋਮੀਟਰ ਦੂਰ ਹੈ ਪਰ ਉੱਤਰੀ ਕੋਰੀਆ ਤੋਂ ਮਹਿਜ਼ 3500 ਕਿਲੋਮੀਟਰ ਦੂਰ ਹੀ ਹੈ। ਇਸੇ ਲਈ ਉੱਤਰੀ ਕੋਰੀਆ ਨੇ ਸਾਫ਼-ਸਾਫ਼ ਧਮਕੀ ਦਿੱਤੀ ਹੋਈ ਹੈ ਕਿ ਗੁਆਮ ਉੱਤੇ ਤਾਂ ਉਹ ਕਦੇ ਵੀ ਮਿਜ਼ਾਈਲ ਦਾਗ ਸਕਦਾ ਹੈ। ਕਿਮ ਜੋਂਗ ਉਨ ਦਾ ਕਹਿਣਾ ਹੈ ਕਿ ਅਮਰੀਕਾ ਵਰਗੀ ਪਰਮਾਣੂ ਤਾਕਤ ਨੇ, ਇਰਾਕ, ਲਿਬੀਆ ਅਤੇ ਸੀਰੀਆ ਵਰਗੇ ਮੁਲਕ ਇਸੇ ਕਰਕੇ ਹੀ ਤਬਾਹ ਕਰ ਦਿੱਤੇ ਕਿਉਂਕਿ ਉਹਨਾਂ ਕੋਲ ਪਰਮਾਣੂ ਤਾਕਤ ਨਹੀਂ ਸੀ। ਉਸਦਾ ਵਿਸ਼ਵਾਸ ਹੈ ਕਿ ਉਸਦੇ ਦੇਸ਼ ਨਾਲ ਅਮਰੀਕਾ ਭੁੱਲ ਕੇ ਵੀ ਪੰਗਾ ਨਹੀਂ ਲੈ ਸਕਦਾ ਕਿਉਂਕਿ ਉਹ (ਅਮਰੀਕਾ) ਸਿਰਫ ਕਮਜ਼ੋਰਾਂ ਨੂੰ ਹੀ ਦਬਾਉਣਾ ਜਾਣਦਾ ਹੈ। ਇਸੇ ਲਈ ਉੱਤਰੀ ਕੋਰੀਆ ਨਿੱਤ ਨਵੇਂ ਪਰਮਾਣੂ ਧਮਾਕੇ ਕਰਨ ਦੇ ਦਾਅਵੇ ਕਰ ਰਿਹਾ ਹੈ। ਹਾਈਡ੍ਰੋਜਨ ਬੰਬ ਦੀ ਪਰਖ ਕਰਨ ਬਾਰੇ ਉਸ ਦੇ ਦਾਅਵੇ ਦੀ ਪੁਸ਼ਟੀ ਦੱਖਣੀ ਕੋਰੀਆ ਨੇ ਵੀ ਕੀਤੀ ਹੈ ਕਿ ਉਸਦੇ ਗੁਆਂਢ ਵਿੱਚ ਕੋਈ ਭੁਚਾਲ ਵਰਗੀ ਹਿਲਜੁਲ ਹੋਈ ਹੈ ਜੋ ਕਿ ਕਿਸੇ ਵੱਡੇ ਬੰਬ ਧਮਾਕੇ ਦਾ ਨਤੀਜਾ ਹੀ ਹੋ ਸਕਦਾ ਹੈ। ਉੱਤਰੀ ਕੋਰੀਆ ਦਾ ਇਹ ਵੀ ਦਾਅਵਾ ਹੈ ਕਿ ਉਸਨੇ ਅੰਤਰ ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਵਿਕਸਤ ਕਰ ਲਈ ਹੈ ਅਤੇ ਉਸਦੀ ਮਿਜ਼ਾਈਲ ਕਿਸੇ ਵੀ ਹਾਈਡ੍ਰੋਜਨ ਬੰਬ ਨੂੰ ਮਨਪਸੰਦ ਨਿਸ਼ਾਨੇ ਉੱਤੇ ਲੈ ਕੇ ਜਾ ਸਕਦੀ ਹੈ।
ਚੀਨ ਭਾਵੇਂ ਕਿ ਦਿਲੋਂ ਕੁਝ ਹੱਦ ਤੱਕ ਉੱਤਰੀ ਕੋਰੀਆ ਦੇ ਨਾਲ ਹੈ ਪਰ ਉਹ ਆਪਣੇ ਗੁਆਂਢ ਵਿੱਚ ਜੰਗ ਨਹੀਂ ਚਾਹੁੰਦਾ। ਉਸ ਨੂੰ ਇਹ ਵੀ ਡਰ ਹੈ ਕਿ ਇਸ ਨਾਲ ਉੱਤਰੀ ਕੋਰੀਆ ਤੋਂ ਬਹੁਤ ਸਾਰੇ ਸ਼ਰਨਾਰਥੀ ਵੀ ਉਸ ਦੇ ਦੇਸ਼ ਵਿੱਚ ਆ ਸਕਦੇ ਹਨ। ਉਸ ਨੂੰ ਇਹ ਵੀ ਪਤਾ ਹੈ ਕਿ ਅਜਿਹੀ ਕਿਸੇ ਵੀ ਜੰਗ ਵਿੱਚ ਉੱਤਰੀ ਕੋਰੀਆ ਅਮਰੀਕਾ ਹੱਥੋਂ ਲਾਜ਼ਮੀ ਤੌਰ ‘ਤੇ ਹਾਰੇਗਾ। ਇਸ ਲਈ ਉਹ ਆਪਣੇ ਗੁਆਂਢ ਵਿੱਚ ਅਮਰੀਕਾ ਦਾ ਵਧਦਾ ਦਖ਼ਲ ਵੀ ਪਸੰਦ ਨਹੀਂ ਕਰੇਗਾ। ਪਰ ਉੱਤਰੀ ਕੋਰੀਆ ਦਾ ਸਾਫ਼ ਕਹਿਣਾ ਹੈ ਕਿ ਅਮਰੀਕਾ ਉਸ ਨੂੰ ਖ਼ਤਮ ਕਰਨਾ ਚਾਹੁੰਦਾ ਹੈ ਅਤੇ ਇਸ ਮੁਸੀਬਤ ਤੋਂ ਬਚਣ ਦਾ ਇਹੀ ਇੱਕ ਢੰਗ ਹੈ ਕਿ ਇੰਨੀ ਵੱਡੀ ਪਰਮਾਣੂ ਤਾਕਤ ਬਣ ਜਾਉ ਕਿ ਅਮਰੀਕਾ ਹਮਲਾ ਕਰਨ ਦੀ ਹਿਮਾਕਤ ਹੀ ਨਾ ਕਰ ਸਕੇ। ਇਸੇ ਲਈ ਬਹੁਤੇ ਵਿਸ਼ਲੇਸ਼ਕ ਇਹੀ ਮੰਨਦੇ ਹਨ ਕਿ ਉੱਤਰੀ ਕੋਰੀਆ ਪਰਮਾਣੂ ਹਮਲੇ ਦੀ ਪਹਿਲ ਤਾਂ ਸ਼ਾਇਦ ਨਾ ਕਰੇ ਪਰ ਜੇਕਰ ਅਮਰੀਕਾ ਨੇ ਕਿਸੇ ਵੀ ਰੂਪ ਵਿੱਚ ਪਹਿਲ ਕੀਤੀ ਤਾਂ ਉਹ ਅੱਗੋਂ ਕੁਝ ਵੀ ਕਰ ਸਕਦਾ ਹੈ। ਇਸੇ ਕਰਕੇ ਸਾਰੇ ਪ੍ਰਮੁੱਖ ਮੁਲਕਾਂ ਦੇ ਮੁਖੀਆਂ ਵੱਲੋਂ ਸਾਰੀਆਂ ਧਿਰਾਂ ਨੂੰ ਸੰਜਮ ਦੀ ਸਲਾਹ ਹੀ ਦਿੱਤੀ ਜਾ ਰਹੀ ਹੈ।
##ਜੀ. ਐੱਸ. ਗੁਰਦਿੱਤ (+91 9417 193 193)