ਮਾਂ ਦਿਵਸ ਤੇ ਵਿਸ਼ੇਸ਼

0
441

ਮਮਤਾ,ਤਿਆਗ ‘ਤੇ ਪਿਆਰ ਦੀ ਮੂਰਤ ਹੁੰਦੀ ਹੈ ਮਾਂ
ਅੱਜ 12 ਮਈ ਨੂੰ ਭਾਰਤ ਸਮੇਤ ਦੁਨੀਆਂ ਦੇ 86 ਦੇਸਾਂ ਵਿੱਚ ਮਾਂ ਦਿਵਸ ਮਨਾਇਆ ਜਾਂਦਾ ਹੈ। ਇਹਨਾਂ ਦੇਸਾਂ ਵਿੱਚ ਹਰ ਸਾਲ ਮਈ ਦਾ ਦੂਸਰਾ ਐਤਵਾਰ ਮਾਂ ਨੂੰ ਸਮਰਪਿਤ ਕੀਤਾ ਜਾਂਦਾ ਹੈ।ਬਾਕੀ ਰਹਿੰਦੇ ਕਈ ਦੇਸ 4 ਮਈ ਨੂੰ ਮਾਂ ਦਿਵਸ ਵਜੋਂ ਮਨਾਉਦੇ ਹਨ। ਅਰਬ ਦੇਸਾਂ ਵਿੱਚ ਇਹ ਦਿਨ 21 ਮਾਰਚ ਨੂੰ ਮਨਾਇਆ ਜਾਂਦਾ ਹੈ ਤੇ ਯੂਰਪ ਦੇ ਬਹੁਤ ਦੇਸ ਹਰ ਸਾਲ 8 ਮਾਰਚ ਨੂੰ ਮਾਂ ਦਿਵਸ ਮਨਾਉਦੇ ਹਨ। ਜਗ ਜਣਨੀ ਮਾਂ ਨੂੰ ਸਾਰੇ ਗੁਰੂਆਂ ਪੀਰਾਂ ਨੇ ਵੀ ਹਮੇਸ਼ਾ ਸਤਿਕਾਰ ਦੇਣ ਦੀ ਗੱਲ ਕਹੀ ਹੈ। ਇੱਕ ਮਾਂ ਹੀ ਹੈ ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ। ਅਸੀਂ ਕਿੰਨੀ ਵੀ ਕੋਸ਼ਿਸ਼ ਕਰ ਲਈਏ ਪਰ ਮਾਂ ਦਾ ਕਰਜਾ ਕਦੇ ਨਹੀਂ ਉਤਾਰ ਸਕਦੇ। ਮਮਤਾ ਨਿਰ-ਸਵਾਰਥ ਹੁੰਦੀ ਹੈ। ਸਾਰਾ ਦਿਨ ਕੰਮ ਕਰਕੇ ਘਰ ਪਰਤਦਿਆਂ ਬਾਕੀ ਸਭ ਵਾਰੀ ਵਾਰੀ ਆਪਣੇ ਦੁੱਖ ਤੇ ਲੋੜਾਂ ਦੱਸਦੇ ਹਨ ਪਰ ਮਾਂ ਆਪਣੇ ਪੁੱਤਰ ਨੂੰ ਸਭ ਤੋਂ ਪਹਿਲਾਂ ਸਿਰ ਤੇ ਹੱਥ ਫੇਰ ਕੇ ਪੁੱਛਦੀ ਹੈ, ‘ ਕੁਝ ਖਾ ਲਿਆ ਸੀ?’ ਇਸੇ ਕਰਕੇ ਮਾਂ ਅੱਗੇ ਹਮੇਸ਼ਾ ਸਿਰ ਝੁਕਦਾ ਰਹੇਗਾ।
ਮਾਂ ਆਪਣੇ ਬੱਚੇ ਨੂੰ 9 ਮਹੀਨੇ ਪੇਟ ਵਿੱਚ ਪਾਲ ਕੇ ਜਨਮ ਦਿੰਦੀ ਹੈ, ਪਾਲਣ ਪੋਸ਼ਣ ਕਰਦੀ ਹੈ, ਆਪ ਗਿੱਲੀ ਥਾਂ ਤੇ ਪੈ ਕੇ ਬੱਚਿਆਂ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ। ਮਾਂ ਦੇ ਪੈਰਾਂ ਹਠੇ ਜੰਨਤ ਦੱਸੀ ਗਈ ਹੈ। ਇਸ ਦਾ ਮਤਲਬ ਹੈ ਕਿ ਜਿਹੜੇ ਮਾਂ ਦੀ ਕਦਰ ਕਰਦੇ ਹਨ,ਜਿਨਾਂ ਦਾ ਸੀਸ ਮਾਂ ਦੇ ਕਦਮਾਂ ਵਿੱਚ ਝੁਕਦਾ ਹੈ ਉਨਾਂ ਨੇ ਜੰਨਤ ਪ੍ਰਾਪਤ ਕਰ ਲਈ ਹੈ ਅਤੇ ਜਿਹੜੇ ਮਾਂ ਦੀ ਬੇਕਦਰੀ ਕਰਦੇ ਹਨ ਭਾਵ ਘਰ ਵਿੱਚ ਮਾਂ ਦਾ ਸਤਿਕਾਰ ਹੀ ਨਹੀਂ ਕਰਦੇ ਅਤੇ ਖੁੱਦ ਧਾਰਮਿਕ ਸਥਾਨਾਂ ਤੇ ਜਾਂ ਕੇ ਸੇਵਾ ਕਰਨ ਦਾ ਵਿਖਾਵਾਂ ਕਰਦੇ ਹਨ। ਉਨਾਂ ਨੂੰ ਕਦੇ ਸੁਖ ਨਹੀ ਮਿਲ ਸਕਦਾ। ਕਿਸੇ ਸਾਇਰ ਦੀਆਂ ਬਹੁਤ ਸੁੰਦਰ ਲਾਈਣਾ ‘ਮਾਂ ਤਾਂ ਰੱਬ ਦਾ ਰੂਪ ਹੈ ਦੂਜਾ, ਮਾਂ ਤੋ ਵੱਧ ਕੋਈ ਹੋਰ ਨਾ ਦੂਜਾ, ਭਾਵ ਮਾਂ ਦਾ ਰਿਸਤਾ ਸਭ ਰਿਸਤਿਆ ਤੋ ਪਿਆਰਾ ਤੇ ਬਹੁ-ਮੁਲਾ ਰਿਸਤਾ ਹੈ।
ਇਹ ਉਹ ਮਾਂ ਹੈ ਜਿਸਨੇ ਖੁਦ ਲੱਖਾਂ ਤਸੀਹੇ ਝੱਲ ਕੇ ਆਪਣੇ ਬੱਚਿਆਂ ਨੂੰ ਪਾਲਿਆ ਹੈ ਅਤੇ ਖੁਦ ਖਾਲੀ ਪੇਟ ਰਹਿ ਕੇ, ਰੁੱਖੀ ਮਿੱਸੀ ਖਾ ਕੇ ਬੱਚਿਆਂ ਦਾ ਪੇਟ ਭਰਿਆ ਹੈ। ਆਪਣੀਆਂ ਉਮੀਦ ਭਰੀਆ ਅੱਖਾਂ ਵਿੱਚ ਕਿੰਨੇ ਹੀ ਸੁਪਨੇ ਸਜਾ ਕੇ ਰੱਖੇ ਹੁੰਦੇ ਹਨ, ਮਾਂ-ਬਾਪ ਨੇ ਕਿ ਉਨਾਂ ਦੇ ਬੱਚੇ ਇਹ ਬਣਨਗੇ, ਉਨਾਂ ਦੇ ਬੱਚੇ ਵੱਡੇ ਹੋ ਕੇ ਆਹ ਸੁਖ ਦੇਣਗੇ ਅਤੇ ਜੇ ਲੱਖਾ ਤਸੀਹੇ ਝੱਲ ਕੇ ਅਤੇ ਢਿਡ ਬੰਨ-ਬੰਨ ਕੇ ਜੋੜੀ ਅਤੇ ਖਰਾ ਸੋਨਾ ਸਮਝ ਕੇ ਹਿੱਕ ਨਾਲ ਲਗਾ ਕੇ ਰੱਖੀ ਔਲਾਦ ਮਾਂ ਪਿਉ ਦੀ ਸੇਵਾ ਨਾਂ ਕਰੇ ਨਿਕੱਮੀ ਨਿੱਕਲ ਜਾਵੇ ਤਾਂ ਉਸ ਮਨ ਤੇ ਕੀ ਬੀਤਦੀ ਹੋਵੇਗੀ?
ਅੱਜ ਦਾ ਇਨਸਾਨ ਮਤਲਬੀ ਬਣਦਾ ਜਾ ਰਿਹਾ ਹੈ।ਜਰਾ ਦਿਲ ਤੇ ਹੱਥ ਰੱਖ ਕੇ ਸੋਚ ਕੇ ਵੇਖੋ ਅੱਜ ਸਮਾਜ ਸਵਾਰਥ ਪੁਣੇ ਦੇ ਅਜਿਹੇ ਦੌਰ ਵਿੱਚੋੋ ਲੰਘ ਰਿਹਾ ਹੈ। ਜਿਥੇ ਇਨਸਾਨ ਰਿਸਤਿਆਂ ਨੂੰ ਲੀਰੋ-ਲੀਰ ਕਰਕੇ ਰਾਖ ਕਰਨ ਲਈ ਮਿੰਟ ਨਹੀ ਲਗਾਉਂਦਾ। ਸਮਾਜ ਵਿੱਚ ਕਿੰਨੀਆ ਮਾਵਾਂ ਆਪਣੀ ਔਲਾਦ ਦੀ ਬੇਕਦਰੀ ਦਾ ਸਿਕਾਰ ਹੋਈਆ ਬਿਰਧ ਆਸ਼ਰਮਾਂ ਵਿੱਚ ਦਿਨ ਕੱਟ ਰਹੀਆ ਹਨ। ਸਾਨੂੰ ਬਜੁਰਗ ਮਾਂ ਬਾਪ ਨੂੰ ਬਿਰਧ ਆਸ਼ਰਮਾਂ ਵਿੱਚ ਭੇਜਣ ਦੀ ਬਜਾਏ ਉਨਾਂ ਦੀ ਖੁਦ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕਰ ਸਕੀਏ।
ਅੱਜ ਦਾ ਦਿਨ ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ ਸਮਰਪਿਤ ਹੈ। ਇਸ ਲਈ ਜੇ ਕੋਈ ਜਾਣੇ-ਅਣਜਾਣੇ ਆਪਣੇ ਮਾਂ-ਬਾਪ ਨੂੰ ਆਪਣੇ ਤੋ ਦੂਰ ਕਰੀ ਬੈਠਾ ਹੈ ਤਾਂ ਸਭ ਕੁਝ ਭੁਲ ਕੇ ਮਾਂ ਦੇ ਚਰਨਾ ਵਿੱਚ ਜਾ ਡਿੱਗੋ। ਮਾਂ ਦੀ ਮਮਤਾ ਐਨੀ ਕੋਮਲ ਹੁੰਦੀ ਹੈ ਕਿ ਇੱਕ ਪਲ ਵਿੱਚ ਤੁਹਾਨੂੰ ਮਾਂ ਨੇ ਆਪਣੀ ਹਿੱਕ ਨਾਲ ਲਗਾ ਲੈਣਾ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਆਪਣੀ ਜਨਮ ਦੇਣ ਵਾਲੀ ਮਾਂ ਦੇ ਨਾਲ- ਨਾਲ, ਸਮਾਜ ਵਿਚ ਮਾਂ ਸਮਾਨ ਬਜ਼ੁਰਗ ਔਰਤਾ ਦਾ ਵੀ ਅਸੀ ਹਮੇਸ਼ਾ ਮਾਂ ਵਾਂਗ ਹੀ ਸਤਿਕਾਰ ਕਰੀਏ ਤਾਂ ਜੋ ਸਾਡਾ ਸਮਾਜ ਸਵਰਗ ਦਾ ਨਕਸ਼ਾ ਬਣ ਸਕੇ ਅਤੇ ਨੋਜਵਾਨ ਪੀੜੀ ਨੂੰ ਲਿਆਕਤ ਤੇ ਸਿਆਣਪ ਆ ਸਕੇ। ਇੱਕ ਗੱਲ ਹਮੇਸਾ ਯਾਦ ਰੱਖੋ ‘ਮਾਂ ਦੇ ਚਰਨਾ ਤੋ ਵੱਡਾ ਕੋਈ ਤੀਰਥ ਤੇ ਇਸ਼ਨਾਨ ਨਹੀ’ ਇਸ ਲਈ ਹਮੇਸ਼ਾ ਸਰਵਨ ਪੁੱਤਰ ਬਣਨ ਦੀ ਕੋਸ਼ਿਸ਼ ਕਰੋ। ਜਿਸ ਦੀ ਸੁਰੂਆਤ ਅੱਜ ਤੋ ਹੀ ਕੀਤੀ ਜਾਣੀ ਚਾਹੀਦੀ ਹੈ।

# ਪ੍ਰਮੋਦ ਧੀਰ