ਕੈਨੇਡਾ ਦਾ ਨਵਾਂ ਰਾਜਸੀ ਸਿਤਾਰਾ

0
500

ਸਰਵ ਧਰਮ ਸਮਭਾਵ ਦਾ ਨਾਅਰਾ ਉਪਜਿਆ ਤਾਂ ਸਾਡੇ ਦੇਸ਼ ਵਿੱਚ ਸੀ ਪਰ ਇਸ ਉੱਤੇ ਅਮਲ ਕੈਨੇਡਾ ਕਰ ਰਿਹਾ ਹੈ। ਇਹ ਮੁਲਕ ਸਭ ਧਰਮਾਂ ਤੇ ਸਭ ਨਸਲਾਂ ਦੀ ਸ਼ਮੂਲੀਅਤ ਉੱਤੇ ਆਧਾਰਿਤ ਜਮਹੂਰੀਅਤ ਹੋਣ ਦਾ ਸੁਨੇਹਾ ਪਹਿਲਾਂ ਵੀ ਦਿੰਦਾ ਆ ਰਿਹਾ ਸੀ, ਪਰ ਹੁਣ ਇਸ ਨੇ ਆਪਣੇ ਜਮਹੂਰੀ ਤਾਜ ਵਿੱਚ ਇੱਕ ਨਵਾਂ ਤੇ ਵੱਧ ਚਮਕੀਲਾ ਨਗ਼ ਜਡ਼ ਲਿਆ ਹੈ। ਇਹ ਨਗ਼ ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਦੇ ਨਵੇਂ ਨੇਤਾ ਜਗਮੀਤ ਸਿੰਘ ਧਾਲੀਵਾਲ ਦੀ ਚੋਣ ਦੇ ਰੂਪ ਵਿੱਚ ਹੈ। ਐੱਨਡੀਪੀ ਵਿਰੋਧੀ ਪਾਰਟੀ ਹੈ, ਪਰ ਇਸ ਵੱਲੋਂ ਇੱਕ ਸਿੱਖ, ਤੇ ਉਹ ਵੀ ਅੰਮ੍ਰਿਤਧਾਰੀ ਸਿੱਖ ਨੂੰ ਆਪਣਾ ਮੁਖੀ ਚੁਣਿਆ ਜਾਣਾ ਦਰਸਾਉਂਦਾ ਹੈ ਕਿ ਕੈਨੇਡਿਆਈ ਸਮਾਜ ਨਸਲੀ ਤੇ ਹੋਰਨਾਂ ਵਿਤਕਰਿਆਂ ਤੋਂ ਕਿੰਨਾ ਉੱਚਾ ਉੱਠ ਚੁੱਕਾ ਹੈ। 38 ਵਰ੍ਹਿਆਂ ਦਾ ਜਗਮੀਤ, ਜੋ ਕਿ ਪੇਸ਼ੇ ਵਜੋਂ ਵਕੀਲ ਹੈ, ਭਾਵੇਂ ਬੁਨਿਆਦੀ ਤੌਰ ’ਤੇ ਏਸ਼ਿਆਈ ਵੋਟਾਂ ਨਾਲ ਜੇਤੂ ਰਿਹਾ, ਫਿਰ ਵੀ ਇਹ ਜਿੱਤ ਗੋਰੇ ਭਾਵ ਯੂਰੋਪੀਅਨ ਮੂਲ ਦੇ ਕੈਨੇਡੀਅਨਾਂ ਦੇ ਇੱਕ ਵਰਗ ਦੀ ਹਮਾਇਤ ਤੋਂ ਬਿਨਾਂ ਸੰਭਵ ਨਹੀਂ ਸੀ ਹੋਣੀ।
ਐੱਨਡੀਪੀ ਦੇ ਨੇਤਾ ਦੀ ਚੋਣ ਲਈ ਚਾਰ ਉਮੀਦਵਾਰ ਸਨ। ਜਗਮੀਤ ਸਿੰਘ ਨੂੰ 35,266 ਵੋਟਾਂ ਮਿਲੀਆਂ ਜਦੋਂਕਿ ਬਾਕੀ ਤਿੰਨ ਉਮੀਦਵਾਰ – ਚਾਰਲੀ ਐਂਗਸ, ਨਿਕੀ ਐਸ਼ਟਨ ਅਤੇ ਗਾਇ ਕੈਰਨ ਸਾਂਝੇ ਤੌਰ ’ਤੇ 30 ਹਜ਼ਾਰ ਵੋਟਾਂ ਵੀ ਨਾ ਲੈ ਸਕੇ। ਜਗਮੀਤ ਤੇ ਉਸ ਦੇ ਸਭ ਤੋਂ ਕਰੀਬੀ ਵਿਰੋਧੀ ਚਾਰਲੀ ਐਂਗਸ ਦਰਮਿਆਨ 23 ਹਜ਼ਾਰ ਤੋਂ ਵੱਧ ਵੋਟਾਂ ਦਾ ਅੰਤਰ ਰਿਹਾ। ਓਂਟਾਰੀਓ ਸੂਬਾਈ ਅਸੈਂਬਲੀ ਦੇ ਬਰੈਂਪਟਨ ਹਲਕੇ ਤੋਂ ਵਿਧਾਨਕਾਰ ਜਗਮੀਤ ਸਿੰਘ ਹੁਣ 2019 ਦੀਆਂ ਕੌਮੀ ਸੰਸਦੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਖ਼ਿਲਾਫ਼ ਐੱਨਡੀਪੀ ਦੀ ਚੋਣ ਮੁਹਿੰਮ ਦੀ ਅਗਵਾਈ ਕਰਨਗੇ। ਟਰੂਡੋ ਵੱਲੋਂ ਜਗਮੀਤ ਨੂੰ ਵਧਾਈ ਦੇਣਾ ਅਤੇ ਉਸ ਦੀ ਜਿੱਤ ਨੂੰ ਕੈਨੇਡਾ ਦੀ ‘ਅਨੇਕਤਾ ਵਿੱਚ ਏਕਤਾ’ ਦੀ ਮਿਸਾਲ ਦੱਸਣਾ ਇਸ ਹਕੀਕਤ ਨੂੰ ਦਰਸਾਉਂਦਾ ਹੈ ਕਿ 1960ਵਿਅਾਂ ਤੋਂ ਬਾਅਦ ਕੈਨੇਡੀਅਨ ਸਿਆਸਤ ਕਿਸ ਹੱਦ ਤਕ ਬਦਲ ਚੁੱਕੀ ਹੈ। ਜਗਮੀਤ ਦੇ ਪਿਤਾ ਡਾਕਟਰ ਹਨ ਅਤੇ ਉਹ ਪੰਜਾਬ ਤੋਂ ਪਰਵਾਸ ਕਰਕੇ ਕੈਨੇਡਾ ਗਏ ਸਨ। ਜਗਮੀਤ ਦਾ ਜਨਮ ਸਕੈਰਬਰੋ, ਓਂਟਾਰੀਓ ਵਿੱਚ ਹੋਇਆ। ਕੈਨੇਡਾ ਦਾ ਜੰਮਪਲ ਹੋਣ ਅਤੇ ਅੰਗਰੇਜ਼ੀ ਤੇ ਫਰਾਂਸੀਸੀ ਵਿੱਚ ਉਸ ਦੀ ਮੁਹਾਰਤ ਨੇ ਵੀ ਉਸ ਦੀ ਜਿੱਤ ਦਾ ਰਾਹ ਸੁਖਾਵਾਂ ਬਣਾਉਣ ਵਿੱਚ ਭੂਮਿਕਾ ਨਿਭਾਈ।
ਆਸਾਨ ਜਿੱਤ ਦੇ ਬਾਵਜੂਦ ਜਗਮੀਤ ਸਿੰਘ ਦੀਆਂ ਅਸਲ ਰਾਜਨੀਤਕ ਚੁਣੌਤੀਆਂ ਹੁਣ ਸ਼ੁਰੂ ਹੋਣੀਆਂ ਹਨ। ਜਸਟਿਨ ਟਰੂਡੋ ਦੇ ਵਿਰੋਧੀ ਵਜੋਂ ਉਭਰਨ ਲਈ ਸਭ ਤੋਂ ਪਹਿਲਾਂ ਐੱਨਡੀਪੀ ਨੂੰ ਨਵੇਂ ਸਿਰਿਉਂ ਪੱਕੇ ਪੈਰੀਂ ਲਿਆਂਦੇ ਜਾਣ ਦੀ ਲੋਡ਼ ਹੈ। 2015 ਦੀਆਂ ਕੌਮੀ ਚੋਣਾਂ ਵਿੱਚ ਇਹ ਪਾਰਟੀ 59 ਸੀਟਾਂ ਹਾਰ ਗਈ ਸੀ ਅਤੇ ਇਸ ਸਮੇਂ 338 ਮੈਂਬਰੀ ਪਾਰਲੀਮੈਂਟ ਵਿੱਚ ਇਸ ਦੀਆਂ ਸਿਰਫ਼ 44 ਸੀਟਾਂ ਹਨ। ਇਸ ਪਾਰਟੀ ਦੀ ਸਥਾਪਨਾ 1961 ਵਿੱਚ ਹੋਈ ਸੀ, ਪਰ ਇਹ ਕਦੇ ਵੀ ਕੌਮੀ ਮੰਚ ਉੱਤੇ ਸਭ ਤੋਂ ਵੱਡੀ ਰਾਜਸੀ ਧਿਰ ਵਜੋਂ ਨਹੀਂ ਉਭਰ ਸਕੀ। ਇਸ ਨੂੰ 1972 ਤੋਂ 1974 ਤਕ ਪ੍ਰਧਾਨ ਮੰਤਰੀ ਪੀਅਰੀ ਟਰੂਡੋ, ਜੋ ਕਿ ਜਸਟਿਨ ਟਰੂਡੋ ਦੇ ਪਿਤਾ ਸਨ, ਦੀ ਸਰਕਾਰ ਵਿੱਚ ਭਾਈਵਾਲ ਬਣਨ ਦਾ ਮੌਕਾ ਅਵੱਸ਼ ਮਿਲਿਆ ਸੀ ਅਤੇ 2011 ਦੀਆਂ ਚੋਣਾਂ ਵਿੱਚ ਇਹ 103 ਸੀਟਾਂ ਜਿੱਤ ਕੇ ਅਧਿਕਾਰਤ ਤੌਰ ’ਤੇ ਮੁੱਖ ਵਿਰੋਧੀ ਪਾਰਟੀ ਬਣੀ, ਪਰ 2015 ਦੀਆਂ ਚੋਣਾਂ ਵਿੱਚ 59 ਸੀਟਾਂ (ਭਾਵ 10 ਲੱਖ ਲੋਕਾਂ ਦੀ ਹਮਾਇਤ) ਖੁਹਾ ਬੈਠੀ। ਜਗਮੀਤ ਦੀ ਅਸਲ ਪ੍ਰੀਖਿਆ ਇਸ ਨਿਘਾਰ ਨੂੰ ਮੋਡ਼ਾ ਦੇਣ ਤੋਂ ਸ਼ੁਰੂ ਹੋਵੇਗੀ।