ਪੁਰਸ਼ ਲੜਦੇ ਕਿਉਂ ਹਨ?

0
195

ਲੜਾਈਆਂ ਅਤੇ ਜੰਗਾਂ ਹੁੰਦੀਆਂ ਆਈਆਂ ਹਨ ਅਤੇ ਹੁੰਦੀਆਂ ਰਹਿਣਗੀਆਂ। ਕਾਰਨ ਪੁਰਸ਼ ਦੀ ਸਰੀਰਕ ਬਣਤਰ, ਲੋੜ, ਇਤਿਹਾਸ ਅਤੇ ਸੁਭਾਅ ਵਿੱਚ ਹਨ। ਪੁਰਸ਼ ਲੜਦੇ ਹਨ, ਇਸਤਰੀਆਂ ਝਗੜਦੀਆਂ ਹਨ। ਪੁਰਸ਼ ਵਿੱਚ ਕੁਝ ਬੁਨਿਆਦੀ ਤੱਤ ਅਤੇ ਭਾਵਨਾਵਾਂ ਹਨ ਜਿਹੜੀਆਂ ਉਸ ਨੂੰ ਲੜਨ ਲਈ ਉਕਸਾਉਂਦੀਆਂ ਹਨ, ਖ਼ਤਰਿਆਂ ਦੇ ਸਨਮੁਖ ਕਰਦੀਆਂ ਹਨ, ਜਿੱਥੇ ਸੱਟਾਂ ਲੱਗਦੀਆਂ ਅਤੇ ਮੌਤਾਂ ਵੀ ਹੁੰਦੀਆਂ ਹਨ। ਮਨੁੱਖ ਮਰਨ ਲਈ ਨਹੀਂ ਲੜਦਾ, ਪਰ ਲੜਦਿਆਂ ਮਰਨ ਤੋਂ ਨਹੀਂ ਡਰਦਾ ਅਤੇ ਕਈ ਸਥਿਤੀਆਂ ਵਿੱਚ ਜਾਂ ਤਾਂ ਉਸ ਨੇ ਹੋਰਾਂ ਨੂੰ ਮਰਨਾ ਹੁੰਦਾ ਹੈ ਤੇ ਜਾਂ ਉਨ੍ਹਾਂ ਦੇ ਹੱਥੋਂ ਮਰਨਾ ਹੁੰਦਾ ਹੈ। ਮਨੁੱਖ ਇਨ੍ਹਾਂ ਭਾਵਨਾਵਾਂ ਨੂੰ ਲੱਖਾਂ ਸਾਲਾਂ ਦੇ ਸ਼ਿਕਾਰ-ਯੁੱਗ ਵਿੱਚ ਵਰਤ ਕੇ ਆਪਣੀ ਹੋਂਦ ਨੂੰ  ਸੁਰੱਖਿਅਤ ਕਰਦਾ ਰਿਹਾ ਹੈ। ਜਿਨ੍ਹਾਂ ਪਸ਼ੂਆਂ ਨੂੰ ਮਨੁੱਖ ਮਾਰਦਾ ਸੀ, ਉਨ੍ਹਾਂ ਨੂੰ ਖਾ ਜਾਂਦਾ ਸੀ। ਪਸ਼ੂ ਵੀ ਮਨੁੱਖਾਂ ਨਾਲ ਅਜਿਹਾ ਹੀ ਵਿਹਾਰ ਕਰਦੇ ਸਨ।  ਜਿਊਣ ਵਾਸਤੇ ਖਾਣਾ, ਖਾਣ ਲਈ ਮਾਰਨਾ, ਜੰਗਲ ਦਾ ਨੇਮ ਰਿਹਾ ਹੈ। ਕਾਲ ਪੈਣ ਕਾਰਨ ਜਦੋਂ ਭੁੱਖ ਸਤਾਉਂਦੀ ਸੀ ਤਾਂ ਹੋਰਾਂ ਦੇ ਮਾਰੇ ਸ਼ਿਕਾਰ ਨੂੰ ਖੋਹਣ ਦਾ ਯਤਨ ਕੀਤਾ ਜਾਂਦਾ ਸੀ। ਇਸ ਯਤਨ ਵਿੱਚੋਂ ਆਪਸ ਵਿੱਚ ਲੜਨ ਦੀ ਲੋੜ ਪਈ। ਵਾਸਤਵ ਵਿੱਚ ਜਿਊਂਦੇ ਰਹਿਣ ਦੀ ਜੱਦੋਜਹਿਦ ਨੇ ਮਨੁੱਖ ਨੂੰ ਲੜਨਾ ਸਿਖਾਇਆ ਹੈ। ਆਪਣੀਆਂ ਲੋੜਾਂ ਦੀ ਪੂਰਤੀ ਲਈ ਲੱਖਾਂ ਸਾਲ ਲੜਦੇ ਰਹਿਣ ਦੇ ਅਨੁਭਵ ਨੇ ਲੜਨਾ-ਭਿੜਨਾ ਉਸ ਦਾ ਸੁਭਾਅ ਬਣਾ ਦਿੱਤਾ ਹੈ।
ਲੜਨ-ਭਿੜਨ ਦਾ ਦੂਜਾ ਮੁੱਖ ਕਾਰਨ ਕਾਮ-ਪੂਰਤੀ ਰਿਹਾ ਹੈ ਜਿਸ ਕਾਰਨ ਇਸਤਰੀਆਂ ਲਈ ਪੁਰਸ਼ ਆਪਸ ਵਿੱਚ ਲੜਦੇ ਸਨ। ਇਸਤਰੀਆਂ  ਪਿੱਛੇ ਲੜਾਈਆਂ  ਤਾਂ ਹੁਣ ਵੀ ਹੁੰਦੀਆਂ ਹਨ, ਪਹਿਲਾਂ ਯੁੱਧ ਵੀ ਹੋਇਆ ਕਰਦੇ ਸਨ। ਇਸਤਰੀਆਂ ਪਿੱਛੇ ਹੋਣ ਵਾਲੀਆਂ ਲੜਾਈਆਂ ਨਾਲ ਇਸਤਰੀਆਂ ਦਾ ਮਹੱਤਵ ਵਧਿਆ ਅਤੇ ਉਹ ਤਾਂਘਣਯੋਗ ਇਨਾਮ ਬਣ ਗਈ। ਆਪਣੀ ਲੋੜ ਅਤੇ ਇੱਛਾ ਕਿਵੇਂ ਪੂਰੀ ਕੀਤੀ ਜਾਵੇ, ਇਸ ਬਾਰੇ ਮਨੁੱਖ ਨੂੰ ਸੋਚਣਾ ਪਿਆ, ਪੈਂਤੜਾ ਘੜਨਾ ਪਿਆ। ਅਜਿਹੀਆਂ ਲੜਾਈਆਂ ਨੂੰ ਘਟਾਉਣ ਲਈ ਵਿਆਹ, ਪਰਿਵਾਰ ਜਿਹੀਆਂ ਸੰਸਥਾਵਾਂ ਉਪਜੀਆਂ। ਪੁਰਾਣੇ ਵੇਲਿਆਂ ਵਿੱਚ ਜਵਾਨ ਇਸਤਰੀਆਂ ਦੀ ਗਿਣਤੀ, ਪੁਰਸ਼ ਦੀ ਅਮੀਰੀ ਅਤੇ ਸ਼ਕਤੀ ਦਾ ਪੈਮਾਨਾ ਬਣ ਗਈ ਸੀ। ਮਨੁੱਖ ਨੇ ਆਪਣੇ ਹਰਮ ਦੀ ਰਾਖੀ ਲਈ ਲੜਾਈਆਂ ਕੀਤੀਆਂ ਹਨ। ਇਉਂ ਕਾਮ ਦੀ ਇੱਛਾ ਨੇ ਮਾਲਕੀ ਦਾ ਸੰਕਲਪ ਉਸਾਰਿਆ ਅਤੇ ਆਪਣੀ ਮਲਕੀਅਤ ਦੀ ਰੱਖਿਆ ਦੀ ਪੁਰਸ਼ ਨੇ ਜ਼ਿੰਮੇਵਾਰੀ ਚੁੱਕੀ। ਠੰਢ ਨੇ ਗੁਫ਼ਾ ਦੀ ਥਾਂ ਝੁੱਗੀ ਅਤੇ ਚੁੱਲ੍ਹੇ ਦਾ ਸੰਕਲਪ ਉਜਾਗਰ ਕੀਤਾ। ਘਰ ਅਤੇ ਬੱਚਿਆਂ ਦੀ ਸਾਂਭ-ਸੰਭਾਲ ਔਰਤ ਦੀ ਜ਼ਿੰਮੇਵਾਰੀ ਬਣੀ ਅਤੇ ਬਾਹਰਲੇ ਕੰਮ ਪੁਰਸ਼ ਨੇ ਆਪਣੇ ਜ਼ਿੰਮੇ ਲਏ। ਇਸ ਪ੍ਰਵਿਰਤੀ ਵਿੱਚੋਂ ਪਰਿਵਾਰ-ਭਗਤੀ ਪੈਦਾ ਹੋਈ ਜਿਹੜੀ ਵਿਕਸਿਤ ਹੋ ਕੇ ਦੇਸ਼ਭਗਤੀ ਬਣ ਗਈ। ਮਨੁੱਖ ਨੇ ਆਪਣੇ ਅਨੁਭਵ ਨਾਲ ਸਿੱਖ ਲਿਆ ਸੀ ਕਿ ਰਲ ਕੇ ਯਤਨ ਕਰਨੇ ਸੌਖੇ ਅਤੇ ਲਾਹੇਵੰਦ ਹੁੰਦੇ ਹਨ, ਸੋ ਉਸ ਨੇ ਜਥੇਬੰਦ ਹੋਣਾ ਸਿੱਖਿਆ। ਇਹੀ ਪ੍ਰਵਿਰਤੀ ਵਿਕਸਿਤ ਹੋ ਕੇ ਫ਼ੌਜ ਬਣ ਗਈ।
ਮਨੁੱਖ ਵਿੱਚ ਪਹਿਲਾਂ ਰੱਖਿਆ ਦਾ ਸੰਕਲਪ  ਜਨਮਿਆ, ਹਮਲੇ ਦਾ ਸੰਕਲਪ ਮਗਰੋਂ ਉਪਜਿਆ। ਕਾਲ ਕਾਰਨ ਪਰਵਾਸ ਦੀ ਲੋੜ ਪਈ ਜਿਸ ਨਾਲ ਹਮਲਾਵਰ ਬਿਰਤੀ ਉਪਜੀ। ਨਿਰਸੰਦੇਹ ਭੁੱਖ, ਹਮਲੇ ਦਾ ਕਾਰਨ ਬਣਦੀ ਰਹੀ ਹੈ। ਹੁਣ ਵੀ ਲੜਾਈ ਅਤੇ ਯੁੱਧ ਦੇ ਦੋ ਪੈਂਤੜੇ ਵਰਤੇ ਜਾਂਦੇ ਹਨ, ਰੱਖਿਆਤਮਕ ਪੈਂੜਤਾ ਅਤੇ ਹਮਲਾਵਰ ਪੈਂਤੜਾ। ਹਥਿਆਰਾਂ ਨੇ ਰੱਖਿਆਤਮਕ ਨਾਲੋਂ ਹਮਲਾਵਰ ਪੈਂਤੜਾ ਵਧੇਰੇ ਮਹੱਤਵਪੂਰਨ ਬਣਾ ਦਿੱਤਾ ਹੈ।
ਕੁਦਰਤੀ ਬਿਪਤਾਵਾਂ ਨਾਲ ਝੁੱਗੀਆਂ ਤਬਾਹ ਹੋ ਜਾਣ ’ਤੇ ਗਵਾਂਢੀ ਇਲਾਕਿਆਂ ਦੀਆਂ ਝੁੱਗੀਆਂ ’ਤੇ ਹਮਲਾ ਕਰਕੇ ਉਨ੍ਹਾਂ ਦਾ ਸਾਂਭਿਆ-ਸੰਭਾਲਿਆ ਸਾਮਾਨ ਖੋਹ ਲਿਆ ਜਾਂਦਾ ਸੀ। ਇਉਂ ਖੋਹਣ ਨਾਲ ਖੋਹਣ ਵਾਲਿਆਂ ਦਾ ਹੌਸਲਾ ਵਧ ਜਾਂਦਾ ਸੀ। ਰਲ ਕੇ ਹਮਲੇ ਕਰਨ ਅਤੇ ਬਚਾਅ ਕਰਨ ਲਈ ਜਥੇਬੰਦ ਹੋਣ ਦੀ ਲੋੜ ਪਈ ਜਿਸ ਨਾਲ ਆਗੂ ਜਾਂ ਮੋਹਰੀ ਉਪਜੇ। ਪਿਤਾ ਪਹਿਲਾਂ ਹੀ ਪਰਿਵਾਰ ਦਾ ਮੋਹਰੀ ਹੋਇਆ ਕਰਦਾ ਸੀ। ਬਾਅਦ ਵਿੱਚ ਕਬੀਲੇ ਦੇ ਪਿਤਾ ਦੀ ਲੋੜ ਪਈ। ਲੜਨ ਵਿੱਚ ਸਿਦਕ, ਸਿਰੜ, ਦ੍ਰਿੜ੍ਹਤਾ ਅਤੇ ਬਹਾਦਰੀ ਆਗੂ ਦੇ ਲੱਛਣ ਮੰਨੇ ਗਏ। ਤਾਕਤ, ਗਿਣਤੀ ਅਤੇ ਹੌਸਲੇ ਦੇ ਆਧਾਰ ’ਤੇ ਹਰੇਕ ਕਬੀਲੇ ਦੀ ਹਾਉਮੈ ਅਣਖ ਬਣ ਗਈ। ਹਥਿਆਰ ਬਣਾਉਣ, ਰੱਖਣ ਅਤੇ ਵਰਤਣ ਦਾ ਰਿਵਾਜ ਪਿਆ। ਖਾਨਦਾਨਾਂ ਅਤੇ ਕਬੀਲਿਆਂ ਦੇ ਆਪਸੀ ਵਿਰੋਧ ਕਾਰਨ ਹਰ ਵੇਲੇ ਕੋਈ ਨਾ ਕੋਈ ਹਥਿਆਰ ਲੈ ਕੇ ਚੱਲਣ ਦੀ ਰੀਤ ਪਈ। ਹਥਿਆਰ ਨਾਲ ਵਿਅਕਤੀ ਦਾ ਹੌਸਲਾ ਵਧ ਜਾਂਦਾ ਹੈ।

ਹਥਿਆਰਬੰਦ ਵਿਅਕਤੀ ਲੜਨ ਲਈ ਕਾਹਲਾ ਹੁੰਦਾ ਹੈ ਅਤੇ ਲੜਨ ਵਾਲਾ ਵਿਅਕਤੀ, ਹਥਿਆਰ ਦਾ ਚਾਹਵਾਨ ਹੁੰਦਾ ਹੈ। ਜਿਹੜਾ ਆਗੂ ਜਾਂ ਜੇਤੂ ਹੁੰਦਾ ਸੀ, ਉਸ ਨੂੰ ਸਭ ਤੋਂ ਸੋਹਣੀ ਇਸਤਰੀ ਨੂੰ ਪਤਨੀ ਬਣਾਉਣ ਦਾ ਅਧਿਕਾਰ ਹੁੰਦਾ ਸੀ। ਅਜਿਹੇ ਵਰਤਾਰੇ ਨਾਲ ਸੋਹਣੇ, ਸੁਨੱਖੇ, ਬਹਾਦਰ, ਸਿਹਤਮੰਦ ਅਤੇ ਹਿੰਮਤੀ ਸੰਤਾਨ ਵਾਲੇ ਖਾਨਦਾਨ ਉਪਜੇ, ਨਸਲ-ਸੁਧਾਰ ਹੋਇਆ, ਪਤਵੰਤੇ ਅਤੇ ਕੁਲੀਨ ਵਰਗ ਦਾ ਨਿਰਮਾਣ ਹੋਇਆ। ਆਪਸੀ ਰਿਸ਼ਤੇਦਾਰੀਆਂ ਨਾਲ ਕੁਲੀਨ ਵਰਗ ਦੀ ਸ਼ਕਤੀ ਅਤੇ ਪ੍ਰਭਾਵ ਵਧਿਆ। ਯੂਰੋਪ ਦੇ ਕਈ ਖਾਨਦਾਨਾਂ ਨੇ ਆਪਣੀ ਉੱਚੀ ਨਸਲ ਦੀ ਸ਼ੁੱਧਤਾ ਦਾ ਰੁਤਬਾ ਬਣਾਈ ਰੱਖਿਆ। ਉਹ ਆਪਣੇ ਬਰਾਬਰ ਦੇ ਪਤਵੰਤੇ ਖਾਨਦਾਨਾਂ ਨਾਲ ਹੀ ਵਿਆਹ ਦਾ ਰਿਸ਼ਤਾ ਜੋੜਦੇ ਸਨ। ਇਨ੍ਹਾਂ ਪਰਿਵਾਰਾਂ ਦੇ ਪੁੱਤਰ ਰਾਜੇ-ਮਹਾਰਾਜੇ ਅਤੇ ਧੀਆਂ ਰਾਣੀਆਂ-ਮਹਾਰਾਣੀਆਂ ਬਣਦੀਆਂ ਸਨ। ਪੰਜਾਬੀ ਇਸ ਲਈ ਸਾਹਸੀ  ਹਨ ਕਿਉਂਕਿ ਇਨ੍ਹਾਂ ਵਿੱਚ ਕਈ ਜੇਤੂ ਨਸਲਾਂ ਦਾ ਖ਼ੂਨ ਹੈ। ਪੰਜਾਬ ਵਿੱਚ ਕੁਝ ਜੱਟ ਘਰਾਣਿਆਂ ਦਾ ਬੋਲਬਾਲਾ ਰਿਹਾ ਹੈ।
ਤਾਕਤਵਰਾਂ ਲਈ ਭੋਜਨ ਦੀ ਚੰਗੀ ਪੱਧਰ ਅਤੇ ਵਧੇਰੇ ਮਾਤਰਾ ਨਾਲ ਕੁਲੀਨ ਵਰਗਾਂ ਨੇ ਆਪਣੀ ਸ਼ਕਤੀ ਅਤੇ ਪ੍ਰਭਾਵ ਵਧਾਇਆ। ਕਮਜ਼ੋਰਾਂ ਨੂੰ ਹੋਰ ਕਮਜ਼ੋਰ ਕਰਕੇ ਇਹ ਵਧੇਰੇ ਸ਼ਕਤੀਸ਼ਾਲੀ ਹੋ ਗਏ। ਇਹ  ਕਮਜ਼ੋਰ ਗੁਲਾਮ ਬਣਾਏ ਗਏ। ਤਲਵਾਰ ਨਾਲ ਲੜੀਆਂ ਲੜਾਈਆਂ ਵਿੱਚ ਵਿਅਕਤੀਗਤ ਬਹਾਦਰੀ ਦਾ ਕਵੀਆਂ ਅਤੇ ਢਾਡੀਆਂ ਨੇ ਜੱਸ ਗਾਇਆ। ਲੜਾਈ ਦੇ ਮੈਦਾਨ ਵਿੱਚ ਮਰਨ ਵਾਲਿਆਂ ਦੀਆਂ ਗਾਥਾਵਾਂ ਪ੍ਰਸਿੱਧ ਹੋਈਆਂ। ਯੋਧਾ ਸਾਡੇ ਸਮਾਜ ਦਾ ਨਾਇਕ ਬਣਿਆ। ਜਿਸ ਸਮਾਜ ਵਿੱਚ ਵਧੇਰੇ  ਯੋਧੇ ਹੋਏ ਹਨ, ਉਹ ਸਮਾਜ ਵਧੇਰੇ ਮਾਣਮੱਤੇ ਅਤੇ ਸੂਰਬੀਰ ਹਨ। ਮਰ ਜਾਣ ਦੀਆਂ ਗੱਲਾਂ ਆਮ ਗੱਲਬਾਤ ਦਾ ਭਾਗ ਬਣੀਆਂ। ਇਨ੍ਹਾਂ ਕਾਰਨਾਂ ਕਰਕੇ ਲੜਨਾ-ਭਿੜਨਾ ਸਤਿਕਾਰਯੋਗ ਅਤੇ ਲਾਹੇਵੰਦਾ ਰੁਜ਼ਗਾਰ ਬਣ ਗਿਆ। ਰਾਜਿਆਂ ਨੇ ਫ਼ੌਜ ਰੱਖਣੀ ਸ਼ੁਰੂ ਕੀਤੀ। ਰਾਜਿਆਂ ਦਾ ਕੰਮ ਨਵੇਂ ਇਲਾਕੇ ਜਿੱਤਣੇ ਅਤੇ ਬਗ਼ਾਵਤਾਂ ਨੂੰ ਕੁਚਲਣਾ ਹੋ ਗਿਆ। ਹਰੇਕ ਦੇਸ਼ ਵਿੱਚ ਇੱਕ ਬਹਾਦਰ ਕੌਮ ਜਾਂ ਕਬੀਲਾ ਹੁੰਦਾ ਹੈ ਜਿਸ ਦੇ ਮੁਖੀ ਦੀ ਤਾਕਤ, ਉਸ ਦੀ ਕੌਮ ਦੀ ਤਾਕਤ ਬਣ ਜਾਂਦੀ ਹੈ। ਸਿੱਖਾਂ ਵਿੱਚ ਸਰਦਾਰ ਸੰਕਲਪ ਅਫ਼ਗਾਨਾਂ ਤੋਂ ਲਿਆ ਗਿਆ। ਬਹਾਦਰ ਪਠਾਣ ਜਾਂ ਅਫ਼ਗਾਨ ਆਪਣੇ ਕਬੀਲੇ ਦੇ ਬਹਾਦਰ ਮੁਖੀ ਨੂੰ ਸਰਦਾਰ ਕਹਿੰਦੇ ਸਨ। ਅਫ਼ਗਾਨਾਂ ਨੂੰ ਕੋਈ ਨਹੀਂ ਹਰਾ ਸਕਿਆ। ਰੂਸ, ਬਰਤਾਨੀਆ ਅਤੇ ਅਮਰੀਕਾ ਵੀ ਨਹੀਂ ਹਰਾ ਸਕਿਆ। ਅਫ਼ਗਾਨਾਂ ਨੂੰ ਹਰੀ ਸਿੰਘ ਨਲੂਏ ਨੇ ਹਰਾਇਆ ਅਤੇ ਸਰਦਾਰ ਦਾ ਖਿਤਾਬ ਹਮੇਸ਼ਾਂ ਲਈ ਸਿੱਖਾਂ ਨਾਲ ਜੁੜ ਗਿਆ। ਸਾਰਾਗੜ੍ਹੀ ਦੀ ਲੜਾਈ ਵਿੱਚ ਛੱਬੀ ਸਿੱਖ ਸਿਪਾਹੀਆਂ ਨੇ ਲਗਪਗ ਸੱਤ ਸੌ ਅਫ਼ਗਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਜਿਸ ਕਾਰਨ ਇਹ ਲੜਾਈ ਦੁਨੀਆਂ ਦੀਆਂ ਦਸ ਅਹਿਮ ਲੜਾਈਆਂ ਵਿੱਚ ਗਿਣੀ ਜਾਂਦੀ ਹੈ। ਇਹ ਲੜਾਈ ਫਰਾਂਸ ਵਿੱਚ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ।ਬੰਦਾ ਸਿੰਘ ਬਹਾਦਰ ਮਾਲਵੇ ਵਿੱਚ ਇਸ ਲਈ ਕਾਮਯਾਬ ਹੋਇਆ ਕਿਉਂਕਿ ਉਸ ਨੂੰ ਗੁਰੂ ਗੋਬਿੰਦ ਸਿੰਘ ਦਾ  ਥਾਪੜਾ ਪ੍ਰਾਪਤ ਸੀ ਅਤੇ ਮੱਲਾਂ ਦੇ ਦੇਸ਼ ਦੇ ਨਾਂ ’ਤੇ ਪ੍ਰਸਿੱਧ ਹੋਏ ਮਾਲਵੇ ਵਿੱਚ ਇੱਥੋਂ ਦੇ ਲੋਕਾਂ ਨੂੰ ਲੜਨ-ਭਿੜਨ ਦਾ ਪਹਿਲਾਂ ਹੀ ਬੜਾ ਚਾਅ ਸੀ। ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਉਹ ਜ਼ਮੀਨਾਂ ਦੇ ਮਾਲਕ ਬਣ ਗਏ ਜਿਨ੍ਹਾਂ ਤੋਂ ਮਿਸਲਾਂ ਬਣੀਆਂ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਹੋਇਆ। ਇਹ ਸਭ ਕੁਝ ਤਲਵਾਰ ਦੇ ਜ਼ੋਰ ਨਾਲ ਹਜ਼ਾਰਾਂ ਜਾਨਾਂ ਗੁਆਉਣ ਮਗਰੋਂ ਵਾਪਰਿਆ ਸੀ। ਸ਼ਾਂਤੀ ਡਰਪੋਕਾਂ ਦਾ ਸੰਕਲਪ ਬਣ ਗਿਆ ਹੈ। ਡਰਪੋਕਾਂ ਦੀ ਕਮਜ਼ੋਰ ਖੁਰਾਕ ਨੇ ਉਨ੍ਹਾਂ ਨੂੰ ਸਾਹਸੀ ਨਹੀਂ ਬਣਨ ਦਿੱਤਾ। ਯੂਨਾਨੀ, ਸਪਾਰਟਨ, ਕਾਰਥੇਜੀਅਨ, ਤੁਰਕ, ਮੰਗੋਲ, ਇਰਾਨੀ, ਪਠਾਣ, ਗੋਰਖੇ, ਸਿੱਖ, ਰਾਜਪੂਤ ਆਦਿ ਲੜਨ-ਭਿੜਨ ਵਾਲੀਆਂ ਬਹਾਦਰ ਕੌਮਾਂ ਹਨ। ਤੈਮੂਰ, ਚੰਗੇਜ਼ ਅਤੇ ਹਲਾਕੂ ਆਦਿ ਜਿੱਤਣ ਉਪਰੰਤ ਹਾਰੇ ਹੋਏ ਰਾਜ ਦੇ ਸਾਰੇ ਪੁਰਸ਼ਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਸਨ ਜਿਸ ਕਾਰਨ ਯੁੱਧ ਵਿੱਚ ਬੜੀਆਂ ਗਹਿਗੱਚ ਲੜਾਈਆਂ ਹੋਣ ਲੱਗ ਪਈਆਂ ਸਨ। ਇਹ ਜ਼ਿੰਦਗੀ-ਮੌਤ ਦੀ ਲੜਾਈ ਹੁੰਦੀ ਸੀ। ਰਾਜਪੂਤਾਂ ਲਈ ਆਪਣੀ ਅਣਖ ਜਾਨ ਤੋਂ ਪਿਆਰੀ ਹੁੰਦੀ ਸੀ। ਕਈ ਵਾਰ ਰਾਜਪੂਤਾਂ ਨੂੰ ਪਤਾ ਹੁੰਦਾ ਸੀ ਕਿ ਉਨ੍ਹਾਂ ਨੇ  ਲੜਾਈ ਵਿੱਚ ਮਾਰੇ ਜਾਣਾ ਹੈ, ਪਰ ਉਹ ਆਪਣੀ ਸੂਰਬੀਰਤਾ ਦਾ ਪ੍ਰਮਾਣ ਦੇਣ ਲਈ ਮਰਨ ਹੀ ਜਾਂਦੇ ਸਨ ਅਤੇ ਉਨ੍ਹਾਂ ਦੀਆਂ ਪਤਨੀਆਂ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਹੀ ਸਤੀ ਹੋ ਜਾਂਦੀਆਂ ਸਨ। ਭਾਰਤ ਦੇ  ਜਿਨ੍ਹਾਂ ਰਾਜਾਂ ਵਿੱਚ ਸੂਰਬੀਰ ਅਤੇ ਯੋਧੇ ਨਹੀਂ ਹੋਏ, ਉੱਥੋਂ ਦੇ ਲੋਕ ਸਰੀਰਕ ਪੱਖੋਂ ਕਮਜ਼ੋਰ, ਸ਼ਕਲੋਂ ਕੋਝੇ ਅਤੇ ਅਕਲੋਂ ਪਿਛਾਂਹਖਿੱਚੂ ਹਨ ਅਤੇ ਸਮੁੱਚੇ ਰੂਪ ਵਿੱਚ ਉਹ ਅੰਧ-ਵਿਸ਼ਵਾਸੀ ਹਨ।
ਧਰਮ ਮਨੁੱਖ ਨੂੰ ਅੰਦਰੋਂ ਅਤੇ ਸਮਾਜ ਉਸ ਨੂੰ ਬਾਹਰੋਂ ਕਾਬੂ ਕਰਦਾ ਹੈ। ਸਮਾਜ ਦੇ  ਧਰਮ ਨੇ ਜੀਵਨ ਨੂੰ ਨੇਮਬੱਧ ਕੀਤਾ ਹੈ। ਉਂਜ ਤਾਂ ਹਰੇਕ ਧਰਮ ਸ਼ਾਂਤੀ ਦਾ ਪ੍ਰਚਾਰ ਕਰਦਾ ਹੈ, ਪਰ ਆਪਣੇ ਧਰਮ ਦੀ ਰੱਖਿਆ ਕਰਨ ਲਈ ਪ੍ਰੇਰਦਾ ਵੀ ਹੈ। ਸਾਰੀਆਂ ਕੌਮਾਂ ਬਹਾਦਰ ਨਹੀਂ ਹੁੰਦੀਆਂ, ਬਹੁਤੀਆਂ ਕੌਮਾਂ ਲੜਾਕੀਆਂ ਹੀ ਹੁੰਦੀਆਂ ਹਨ। ਬਹਾਦਰੀ ਵਿਖਾਉਣ ਵਾਲੇ ਥੋੜ੍ਹੇ ਹੀ ਹੁੰਦੇ ਹਨ, ਬਹੁਤੇ ਦੰਗਾ-ਫਸਾਦ ਹੀ ਕਰਦੇ ਹਨ। ਧਰਮ ਲਈ ਲੜਨ ਵਾਸਤੇ ਪੁਰਸ਼ ਇਸ ਲਈ ਪ੍ਰੇਰੇ ਜਾਂਦੇ ਹਨ ਕਿਉਂਕਿ ਉਨ੍ਹਾਂ ਵਿੱਚ ਲੜਨ-ਭਿੜਨ ਦੀ ਬਿਰਤੀ ਪਹਿਲਾਂ ਹੀ ਹੁੰਦੀ ਹੈ। ਧਰਮ ਲਈ ਲੜਨ-ਮਰਨ ਨੂੰ ਪਵਿੱਤਰ ਕਾਰਜ ਦੱਸ ਕੇ ਇਸ ਨੂੰ ਬਲੀਦਾਨ, ਕੁਰਬਾਨੀ ਅਤੇ ਸ਼ਹੀਦੀ ਦੇ ਨਾਂ ਦੇ ਕੇ ਵਡਿਆਇਆ ਤੇ ਸਤਿਕਾਰਿਆਂ ਜਾਂਦਾ ਰਿਹਾ ਹੈ। ਇਤਿਹਾਸ ਕਿਸੇ ਵੀ ਦੇਸ਼ ਦਾ ਹੋਵੇ, ਉਸ ਵਿੱਚ ਵੇਰਵੇ ਲੜਾਈਆਂ ਦੇ ਹੀ ਹੁੰਦੇ ਹਨ। ਲੜਾਈਆਂ ਪੁਰਸ਼ ਕਰਦੇ ਹਨ, ਉਦੇਸ਼ ਤਾਕਤ ਨੂੰ ਹਥਿਆਉਣਾ ਅਤੇ ਤਾਜ ਪਹਿਨਣਾ ਹੁੰਦਾ ਹੈ। ਦੋ ਹੀ ਪੱਖ ਹੁੰਦੇ ਸਨ, ਤਖ਼ਤ ਜਾਂ ਤਖ਼ਤਾ। ਇਤਿਹਾਸ ਵਿੱਚੋਂ ਔਰਤ ਗ਼ੈਰਹਾਜ਼ਰ ਹੈ। ਯੂਨਾਨ ਵਿੱਚ ਇਸਤਰੀ ਦਾ ਕੰਮ ਯੋਧੇ ਜੰਮਣਾ ਸੀ। ਉੱਥੇ ਬਾਂਝ ਇਸਤਰੀਆਂ ਨੂੰ ਗਹਿਣੇ ਪਾਉਣ ਦੀ ਆਦਤ ਨਹੀਂ ਸੀ। ਸੰਸਾਰ ਵਿੱਚ ਯੁੱਧ ਦੇ ਪੈਂਤੜੇ ਅੱਜ ਵੀ ਰੋਮਨਾਂ ਅਤੇ ਯੂਨਾਨੀਆਂ ਵਾਲੇ ਹਨ। ਰੋਮ ਅਤੇ ਯੂਨਾਨ ਵਿੱਚ ਮਰਨ ਵਾਲੇ ਯੋਧਿਆਂ ਦਾ ਵਿਰਲਾਪ ਨਹੀਂ ਸੀ ਕੀਤਾ ਜਾਂਦਾ, ਉਨ੍ਹਾਂ ਦੀ ਬਹਾਦਰੀ ਦੀਆਂ ਵਾਰਾਂ ਗਾਈਆਂ ਜਾਂਦੀਆਂ ਸਨ। ਅਜੋਕੇ ਸਮਿਆਂ ਵਿੱਚ ਰੂਸੀ ਇਨਕਲਾਬ ਤੋਂ ਪਹਿਲਾਂ ਰੂਸ ਵਿੱਚ ਜਾਪਾਨੀ ਰੈਜੀਮੈਂਟ ਨੂੰ ਇੱਕ ਪਹਾੜੀ ਫ਼ਤਹਿ ਕਰਨ ਦਾ ਕੰਮ ਸੌਂਪਿਆ ਗਿਆ ਸੀ ਜਿਸ ਵਿੱਚ ਅਸਫਲ ਹੋਣ ’ਤੇ ਰੈਜੀਮੈਂਟ ਹੀ ਤੋੜ ਦਿੱਤੀ ਗਈ ਸੀ ਅਤੇ ਫ਼ੌਜੀ ਮਜ਼ਦੂਰ ਬਣਾ ਦਿੱਤੇ ਗਏ ਸਨ। ਹਰੇਕ ਲੜਾਈ ਜਿੱਤਣ ਲਈ ਲੜੀ ਜਾਂਦੀ ਹੈ। ਲੜਾਈਆਂ ਅਤੇ ਯੁੱਧ ਹੁਣ ਵੀ ਹੁੰਦੇ ਹਨ, ਪਰ ਹਥਿਆਰ, ਪੈਂਤੜੇ ਅਤੇ ਢੰਗ ਬਦਲ ਗਏ ਹਨ।
ਇਤਿਹਾਸ ਦੱਸਦਾ ਹੈ ਕਿ ਜਿਨ੍ਹਾਂ ਨੇ ਨਿੱਤ ਨਵੇਂ ਸੰਕਟ ਝੱਲੇ ਹੋਣ, ਉਨ੍ਹਾਂ ਲਈ ਸ਼ਾਂਤ ਜੀਵਨ ਅਕਾਊ ਹੋ ਜਾਂਦਾ ਹੈ। ਉਹ ਨਵੀਆਂ ਧਰਤੀਆਂ ਗਾਹੁਣ, ਨਵੇਂ ਇਲਾਕੇ ਜਿੱਤਣ ਨਿਕਲਦੇ ਰਹੇ ਹਨ। ਸਿਕੰਦਰ ਦਾ ਨਾਂ ਅੱਜ ਵੀ ਸਤਿਕਾਰ ਨਾਲ ਲਿਆ ਜਾਂਦਾ ਹੈ। ਸਿਕੰਦਰ, ਨੈਪੋਲੀਅਨ ਦਾ ਆਦਰਸ਼ ਸੀ। ਪੋਰਸ ਦਾ ਸਤਿਕਾਰ ਸਿਕੰਦਰ ਸਾਹਮਣੇ ਸਵੈਮਾਣ ਨਾਲ ਖਲੋਣ ਕਾਰਨ ਹੋਇਆ। ਨੈਪੋਲੀਅਨ ਨੇ ਪੈਂਹਠ ਲੜਾਈਆਂ ਲੜੀਆਂ ਅਤੇ ਫਰਾਂਸ ਨੂੰ ਵਿਸ਼ਵ ਸ਼ਕਤੀ ਬਣਾਇਆ। ਨੈਪੋਲੀਅਨ ਦੀ ਬਹਾਦਰੀ ਬਾਰੇ ਤੀਹ ਹਜ਼ਾਰ ਪੁਸਤਕਾਂ ਲਿਖੀਆਂ ਗਈਆਂ ਹਨ। ਇਤਿਹਾਸ ਵਿੱਚ ਕਮਜ਼ੋਰਾਂ ਵਿੱਚੋਂ ਵੀ ਕੋਈ ਆਗੂ ਉਪਜ ਪੈਂਦਾ ਸੀ ਜਿਹੜਾ ਅੱਯਾਸ਼ੀ ਵਿੱਚ ਪਏ ਹਾਕਮਾਂ ਨੂੰ ਭਾਂਜ ਦੇ ਕੇ ਸਥਿਤੀ ਉਲਟਾ ਦਿੰਦਾ ਸੀ। ਸਭ ਤੋਂ ਵੱਡੀ ਰੋਮਨ ਬਾਦਸ਼ਾਹਤ ਦਾ ਅੰਤ ਇਉਂ ਹੀ ਹੋਇਆ ਸੀ।  ਵਕਤ ਦੇ ਬੀਤਣ ਨਾਲ ਤਕੜਿਆਂ ਦੀ ਤਕੜਿਆਂ ਨਾਲ ਸਾਂਝ ਉਪਜੀ, ਵਿਆਹਾਂ ਨਾਲ ਰਿਸ਼ਤੇਦਾਰੀਆਂ ਬਣੀਆਂ। ਜੇਤੂਆਂ ਦੀ ਜੀਵਨ-ਜਾਚ ਪ੍ਰਚੱਲਿਤ ਹੋਈ ਹੈ। ਸਾਡੇ ਦੇਸ਼ ਵਿੱਚ ਬਾਰਾਤ ਜੇਤੂ ਰਾਜਕੁਮਾਰ ਵਾਂਗ ਜਾਂਦੀ ਹੈ। ਜਸ਼ਨ ਵੀ ਇਉਂ ਮਨਾਇਆ ਜਾਂਦਾ ਹੈ ਜਿਵੇਂ ਵੱਡੀ ਜਿੱਤ ਪ੍ਰਾਪਤ ਹੋਈ ਹੋਵੇ। ਫਰਾਂਸ ਨੇ ਤਾਂ ਜਿੱਤ ਦੀ ਸ਼ਰਾਬ ਸ਼ੈਂਪੇਨ ਨੂੰ ਵਿਸ਼ਵ ਪੱਧਰ ’ਤੇ ਪ੍ਰਸਿੱਧ ਕੀਤਾ ਹੋਇਆ ਹੈ। ਇਸ ਵੇਲੇ ਵੀ ਸੰਸਾਰ ਉੱਤੇ ਰਾਜ ਰੋਮਨ ਅਤੇ ਯੂਨਾਨੀ ਜੀਵਨ ਜਾਚ ਦਾ ਹੈ। ਹੁਣ ਵੀ ਜਿਹੜਾ ਲੜ ਨਹੀਂ ਸਕਦਾ, ਉਹ ਕਮਜ਼ੋਰ, ਡਰਪੋਕ ਅਤੇ ਗ਼ਰੀਬ ਹੈ। ਲੜਨਾ ਹੁਣ ਇੱਕ  ਕਿੱਤਾ ਹੈ। ਯੁੱਧ-ਕਲਾ ਪੜ੍ਹਾਇਆ ਜਾਣ ਵਾਲਾ ਵਿਸ਼ਾ ਬਣ ਗਿਆ ਹੈ। ਖੇਡਾਂ, ਸੰਗੀਤ, ਫੈਸ਼ਨ, ਵਿਗਿਆਨ, ਸੰਚਾਰ, ਆਰਥਿਕਤਾ ਵਾਂਗ ਪੁਲੀਸ ਤੇ ਫ਼ੌਜ ਵੀ ਧੰਦਾ ਬਣ ਗਿਆ ਹੈ। ਹੁਣ ਖੇਡਾਂ ਵੀ ਯੁੱਧ ਦੇ ਪੈਂਤੜਿਆਂ ਨਾਲ ਖੇਡੀਆਂ ਜਾਂਦੀਆਂ ਹਨ। ਫ਼ੌਜ ਵਿੱਚ ਤਮਗੇ, ਫੀਤੀਆਂ, ਫੁੰਮਣ, ਸਨਮਾਨ ਆਦਿ ਵੀ ਵੀਰਤਾ ਦੇ ਸਨਮਾਨ ਚਿੰਨ੍ਹ ਬਣ ਗਏ ਹਨ। ਤਮਗੇ ਉੱਥੇ ਹੀ ਲੱਗਦੇ ਹਨ ਜਿੱਥੇ ਫੀਤੀਆਂ ਲੱਗਦੀਆਂ ਹਨ। ਆਤਮਘਾਤੀ ਦਸਤਿਆਂ ਅਤੇ ਦਹਿਸ਼ਤੀ ਹਮਲਿਆਂ ਨੇ ਸਮੁੱਚੀ ਸਥਿਤੀ ਉਲਝਾਈ ਹੋਈ ਹੈ। ਧਰਮ ਅਤੇ ਵਿਗਿਆਨ ਵਿਚਕਾਰ, ਅਤੀਤ ਅਤੇ ਭਵਿੱਖ ਵਿਚਕਾਰ ਟਕਰਾਅ ਜਾਰੀ ਹੈ।
ਮਨੁੱਖ ਇਸ ਲਈ ਲੜਦਾ ਹੈ ਕਿਉਂਕਿ ਸੰਸਾਰ ਨਿਆਂਪੂਰਨ ਨਹੀਂ ਹੈ, ਇਹ ਤਕੜਿਆਂ ਦੇ ਦਬਦਬੇ ਅਧੀਨ ਹੈ। ਤਕੜੇ ਹੋਏ ਬਿਨਾਂ ਸੰਸਾਰ ਵਿੱਚ ਜੀਵਿਆ ਨਹੀਂ ਜਾ ਸਕਦਾ। ਸਰੀਰਕ, ਬੌਧਿਕ, ਮਾਇਕ ਅਤੇ ਰਾਜਨੀਤਕ ਸ਼ਕਤੀ, ਲੜਨ ਅਤੇ ਆਪਣੀ ਮਨਵਾਉਣ ਦੇ ਪੈਂਤੜੇ ਹਨ। ਮਨੋਵਿਗਿਆਨ ਪੱਖੋਂ ਲੜਨ ਦੌਰਾਨ ਪੁਰਸ਼ ਆਪਣੇ ਆਪ ਨੂੰ ਬਹਾਦਰ ਅਤੇ ਸ਼ਕਤੀਸ਼ਾਲੀ ਮਹਿਸੂਸ ਕਰਦਾ ਹੈ। ਉਸ ਦੀ ਮਰਦਾਨਗੀ ਵਧ ਜਾਂਦੀ ਹੈ, ਮਾਸਪੇਸ਼ੀਆਂ ਫੁੱਲ ਜਾਂਦੀਆਂ ਹਨ, ਡੌਲੇ ਫਰਕਣ ਲੱਗ ਪੈਂਦੇ ਹਨ, ਅੱਖਾਂ ਲਾਲ ਹੋ ਜਾਂਦੀਆਂ ਹਨ, ਕੰਨ ਖੜ੍ਹੇ ਹੋ ਜਾਂਦੇ ਹਨ, ਲੜਨ ਵਾਲੇ ਫੁੰਕਾਰੇ ਮਾਰਨ ਲੱਗ ਪੈਂਦੇ ਹਨ, ਮਧਰੇ-ਲੰਮੇ ਹੋ ਜਾਂਦੇ ਹਨ ਅਤੇ ਬੁੱਢੇ ਵੀ ਜਵਾਨਾਂ ਵਾਂਗ ਲੜਨ ਲੱਗ ਪੈਂਦੇ ਹਨ। ਪੁਰਸ਼ਾਂ ਦੇ ਬਰਾਬਰ ਹੋਣ ਦਾ ਦਾਅਵਾ ਕਰਨ ਵਾਲੀਆਂ ਇਸਤਰੀਆਂ ਨੇ ਵੀ ਲੜਨਾ ਸਿੱਖ ਲਿਆ ਹੈ। ਪਤਨੀ, ਪਤੀ ਨਾਲ ਇਸ ਲਈ ਲੜਦੀ ਹੈ ਕਿਉਂਕਿ ਪਤੀ ਉਸ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ, ਆਸਾਂ ’ਤੇ ਪੂਰਾ ਨਹੀਂ ਉਤਰਦਾ। ਜਦੋਂ ਪ੍ਰੇਮਿਕਾ ਪਿਆਰ ਦੇ ਵਿੱਚ ਅੱਧ ਵਿੱਚ ਪਹੁੰਚ ਜਾਂਦੀ ਹੈ ਤਾਂ ਉਹ ਪਿੱਛੇ ਮੁੜ ਨਹੀਂ ਸਕਦੀ, ਘਰ ਜਾਣਾ ਨਹੀਂ ਚਾਹੁੰਦੀ, ਇਸ ਖੜੋਤ ਕਾਰਨ ਉਹ ਪ੍ਰੇਮੀ ਨਾਲ ਲੜਦੀ ਹੈ। ਇਸਤਰੀ ਮਜਬੂਰੀਵੱਸ ਲੜਦੀ ਹੈ ਜਦੋਂਕਿ ਪੁਰਸ਼ ਆਦਤਵੱਸ ਲੜਦੇ ਹਨ। ਲੜਾਈ ਕੋਈ ਹੋਵੇ, ਉਹ ਹੁੰਦੀ ਆਪਣੇ ਹਿੱਤਾਂ ਦੀ ਰਾਖੀ ਲਈ  ਹੈ। ਲੜਨ ਸਮੇਂ ਹਰ ਕੋਈ ਆਦਿਕਾਲੀ ਜੀਵ ਬਣ ਜਾਂਦਾ ਹੈ, ਕੋਝਾ ਅਤੇ ਨਿਰਦਈ। ਦਇਆ ਅਤੇ ਹਮਰਦਰਦੀ ਆਦਿ ਦੇ ਭਾਵ ਪਿਛਲੀਆਂ ਲਗਪਗ ਸੌ ਸਦੀਆਂ ਵਿੱਚ ਉਜਾਗਰ ਹੋਏ ਹਨ। ਅਜੋਕੇ ਪੁਰਸ਼ ਅਤੇ ਇਸਤਰੀਆਂ ਵੀ ਹੋਰ ਜੀਵਾਂ ਵਾਂਗ ਆਪਣੇ ਅਧਿਕਾਰ-ਖੇਤਰ ਦੀ ਰਾਖੀ ਕਰਦੇ ਹਨ ਜਿਸ ਵਾਸਤੇ ਲੜਾਈ ਹੁੰਦੀ ਰਹਿੰਦੀ ਹੈ। ਸਰਹੱਦੀ ਇਲਾਕਿਆਂ ਦੇ ਲੋਕ ਲੜਾਕੇ ਹੁੰਦੇ ਹਨ।
ਕਈ ਵਾਰੀ ਮਨੁੱਖ ਨਹੀਂ ਲੜਦਾ, ਉਸ ਦੀ ਹਉਮੈ ਲੜਾਉਂਦੀ ਹੈ। ਇਸ ਹਉਮੈ ਨੂੰ ਹੁਣ ਅਣਖ ਕਿਹਾ ਜਾਂਦਾ ਹੈ। ਕਈ ਲੋਕ ਆਪਣੇ ਸਿਧਾਂਤਾਂ ਖ਼ਾਤਰ ਲੜਦੇ ਹਨ। ਅਹਿੰਸਾਵਾਦ ਵੀ ਲੜਨ ਦੀ ਇੱਕ ਵਿਧੀ ਹੈ। ਕਈ ਅਸੂਲਾਂ ਅਧੀਨ ਕੁੱਟ ਖਾਂਦੇ ਹਨ, ਪਰ ਮੋੜਵਾਂ ਜਵਾਬ ਨਾ ਦੇਣ ਦੀ ਨੀਤੀ ਅਪਣਾਉਂਦੇ ਹਨ। ਇੱਕ ਸ਼ਰਾਬਖਾਨੇ ਵਿੱਚ ਇੱਕ ਪੁਰਸ਼ ਦੇ ਵਾਲ ਲੰਮੇ ਸਨ ਜਿਹੜੇ ਕਿਸੇ ਇੱਕ ਨੂੰ ਚੰਗੇ ਨਹੀਂ ਲਗਦੇ। ਉਸ ਨੇ ਲੰਮੇ ਵਾਲਾਂ ਵਾਲੇ ਨੂੰ ਕੁੱਟ ਦਿੱਤਾ। ਮਾਰ ਖਾਣ ਵਾਲਾ ਮਾਰ ਖਾ ਕੇ ਚਲਿਆ ਗਿਆ  ਕਿਉਂਕਿ ਹਿੰਸਾ ਨਾ ਕਰਨੀ ਉਸ ਦਾ ਅਸੂਲ ਸੀ। ਸੁਤੰਤਰਤਾ ਅੰਦੋਲਨ ਅਤੇ ਸਿੱਖਾਂ ਦੇ ਮੋਰਚਿਆਂ ਦੌਰਾਨ ਕੁੱਟ ਖਾਧੀ ਜਾਂਦੀ ਸੀ, ਪਰ ਮੋੜਵਾਂ ਜਵਾਬ ਨਹੀਂ ਸੀ ਦਿੱਤਾ ਜਾਂਦਾ। ਗ਼ਦਰੀਆਂ, ਬੱਬਰਾਂ, ਭਗਤ ਸਿੰਘ, ਸੁਭਾਸ਼ ਚੰਦਰ ਬੋਸ ਵਰਗੇ ਗਰਮਦਲੀਆਂ ਨੂੰ ਕੁੱਟ ਖਾਣ ਵਾਲੀ ਨੀਤੀ ਪਸੰਦ ਨਹੀਂ ਸੀ। ਸੋ ਉਨ੍ਹਾਂ ਨੇ ਹਿੰਸਾ ਦਾ ਮਾਰਗ ਚੁਣਿਆ। ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਨੀਤੀ ਸਿਰਫ਼ ਇਜ਼ਰਾਈਲ ਅਪਣਾ ਸਕਦਾ ਹੈ। ਹੜਤਾਲ ਦੌਰਾਨ ਹੜਤਾਲ ਕਰਨ ਵਾਲੇ, ਨਾ ਕਰਨ ਵਾਲਿਆਂ ਨਾਲ ਲੜਨ ਲਈ ਤਿਆਰ ਰਹਿੰਦੇ ਹਨ ਅਤੇ  ਉਕਸਾਉਣ ਲਈ ਚੁੱਭਵੇਂ ਨਾਅਰੇ ਲਾਉਂਦੇ ਹਨ। ਅੱਜਕੱਲ੍ਹ ਪੁਰਸ਼ਾਂ  ਦਾ ਕਿਸੇ ਔਰਤ ਪਿੱਛੇ ਲੜਨਾ ਔਰਤਾਂ ਆਪ ਵੀ ਪਸੰਦ ਨਹੀਂ ਕਰਦੀਆਂ। ਅਕਸਰ ਇੱਕ-ਦੂਜੇ ਦੀ ਤਾਕਤ ਜਾਣਨ ਲਈ ਦੋਸਤੀ ਪੈਣ ਤੋਂ ਪਹਿਲਾਂ ਲੜਾਈ ਹੁੰਦੀ ਹੈ। ਕਈ ਖੇਡਾਂ ਜਿਵੇਂ ਕੁਸ਼ਤੀ, ਕਬੱਡੀ, ਮੁੱਕੇਬਾਜ਼ੀ ਆਦਿ ਲੜਾਈ ਦੇ ਹੀ ਸੋਧੇ ਹੋਏ ਰੂਪ ਹਨ। ਚੋਣਾਂ, ਲੜਾਈ ਦਾ ਪਰਜਾਤੰਤਰਕ ਢੰਗ ਹਨ।
ਅਜੋਕੇ ਸੰਸਾਰ ਦੇ ਹਰੇਕ ਖੇਤਰ ਵਿੱਚ ਲੜਾਈ ਚੱਲ ਰਹੀ ਹੈ, ਪੈਂਤੜੇ ਲੜਨ ਵਾਲੇ ਹੀ ਹਨ, ਹੁਣ ਲੜਾਈ ਨੂੰ ਮੁਕਾਬਲਾ ਕਿਹਾ ਜਾਂਦਾ ਹੈ। ਮੁਕਾਬਲਾ ਕੋਈ ਹੋਵੇ, ਇਹ ਸਖ਼ਤ ਹੀ ਹੁੰਦਾ ਹੈ।      ## ਡਾ.ਨਰਿੰਦਰ ਸਿੰਘ ਕਪੂਰ