ਪਹਿਲਾ ਕਾਰਪੋਰੇਟ ਲੁਟੇਰਾ

0
324

ਅੰਗਰੇਜ਼ੀ ਭਾਸ਼ਾ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਲਫ਼ਜ਼ ‘ਲੁੱਟ’ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਦੇ ਮੁਤਾਬਿਕ ਅਠਾਰਵੀਂ ਸਦੀ ’ਚ ਪੂਰੇ ਬ੍ਰਿਟੇਨ ਵਿੱਚ ਪ੍ਰਚੱਲਿਤ ਹੋ ਗਿਆ ਸੀ। ਇਸ ਤੋਂ ਪਹਿਲਾਂ ਇਹ ਸ਼ਬਦ ਉੱਤਰੀ ਭਾਰਤ ਤੋਂ ਬਾਹਰ ਸ਼ਾਇਦ ਹੀ ਸੁਣਿਆ ਗਿਆ ਹੋਵੇ। ਆਖ਼ਰ ਇਹ ਲਫ਼ਜ਼ ਇੰਨੀ ਦੂਰ ਕਿਵੇਂ ਪਹੁੰਚਿਆ? ਇਨ੍ਹਾਂ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਇੰਗਲੈਂਡ ਵਿੱਚ ਵੇਲਜ਼ ਦੇ ਆਖ਼ਰੀ ਸ਼ਾਸਕ ਲਾਇਵਲਿਨ ਨੇ ਤੇਰ੍ਹਵੀਂ ਸਦੀ ਵਿੱਚ ਆਪਣਾ ਕਿਲਾ ‘ਪੋਵਿਸ’ ਬਣਵਾਇਆ ਅਤੇ ਫਿਰ ਵੇਲਜ਼ ਨੂੰ ਅੰਗਰੇਜ਼ ਰਾਜਸ਼ਾਹੀ ਹਕੂਮਤ ਹਵਾਲੇ ਕਰ ਦਿੱਤਾ। ਇਨਾਮ ਵਜੋਂ ਉਸ ਨੂੰ ਇਹ ਜਾਇਦਾਦ ਮਿਲੀ ਸੀ। ਪੋਵਿਸ ਦਾ ਕਿਲਾ ਬ੍ਰਿਟਿਸ਼ਾਂ ਵੱਲੋਂ ਭਾਰਤ ਵਿੱਚੋਂ ਲੁੱਟੀਆਂ ਗਈਆਂ ਚੀਜ਼ਾਂ ਨਾਲ ਭਰਿਆ ਪਿਆ ਹੈ। ਹਰ ਕਮਰਾ ਅਠਾਰ੍ਹਵੀਂ ਸਦੀ ਵਿੱਚ ਈਸਟ ਇੰਡੀਆ ਕੰਪਨੀ ਦੁਆਰਾ ਲੁੱਟੇ ਗਏ ਮਾਲ ਦੀ ਗਵਾਹੀ ਭਰਦਾ ਹੈ।
ਵੇਲਸ ਦੇ ਦਿਹਾਤੀ ਇਲਾਕੇ ਦੇ ਇਸ ਘਰ ਵਿੱਚ ਮੁਗ਼ਲ ਕਾਲ ਦੀਆਂ ਕਲਾਕ੍ਰਿਤਾਂ ਭਰੀਆਂ ਪਈਆਂ ਹਨ। ਇਸ ਵਿੱਚ ਸੋਨੇ ਦੇ ਨੱਕਾਸ਼ੀਦਾਰ ਹੁੱਕੇ, ਹੀਰਿਆਂ ਨਾਲ ਸਜਾਏ ਛੁਰੇ, ਪੀਲੇ ਪੁਖਰਾਜ ਵਾਲੀਆਂ ਤਲਵਾਰਾਂ, ਹਾਥੀ ਦੰਦ ਦੇ ਗਹਿਣੇ, ਬੇਸ਼ੁਮਾਰ ਰੇਸ਼ਮੀ ਕਲਾਕ੍ਰਿਤਾਂ, ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹਨ। ਪ੍ਰਸਿੱਧ ਵਿਦਵਾਨ ਵਿਲੀਅਮ ਡੈਲਰਿੰਪਲ ਨੇ ਆਪਣੀ ਨਵੀਂ ਕਿਤਾਬ (ਦਿ ਅਨਾਰਕੀ: ਹਾਊ ਏ ਕਾਰਪੋਰੇਸ਼ਨ ਰਿਪਲੇਸਡ ਦਿ ਮੁਗ਼ਲ ਐਂਪਾਇਰ, 1756-1803) ਵਿੱਚ ਇਸ ਕਿਲੇ ਨੂੰ ਅੰਦਰੋਂ ਵੇਖ ਕੇ ਇਹ ਗੱਲ ਲਿਖੀ ਵੀ ਹੈ।
ਇੱਕ ਸਦੀ ਤਕ ਈਸਟ ਇੰਡੀਆ ਕੰਪਨੀ ਨੇ ਦੱਖਣ ਏਸ਼ੀਆ ਦੇ ਵਿਸ਼ਾਲ ਭਾਗ ਨੂੰ ਲੁੱਟਿਆ, ਉਸ ’ਤੇ ਕਬਜ਼ਾ ਕੀਤਾ। ਅੱਜ ਤਕ ਵੀ ਕੋਈ ਨਿਗਮ ਈਸਟ ਇੰਡੀਆ ਕੰਪਨੀ ਦੀਆਂ ਕਰਤੂਤਾਂ ਦੀ ਬਰਾਬਰੀ ਨਹੀਂ ਕਰ ਸਕਦਾ। ਉਂਜ, ਸੱਤਾ ਨੂੰ ਆਪਣੇ ਇਰਾਦਿਆਂ ਮੁਤਾਬਿਕ ਝੁਕਾਉਣ ਲਈ ਇਸ ਦੀ ਕਾਮਯਾਬੀ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਈ ਨਿਗਮਾਂ ਨੇ ਕੀਤੀ ਹੈ। ਹੁਣ ਈਸਟ ਇੰਡੀਆ ਕੰਪਨੀ ਕੋਈ ਵਜੂਦ ਨਹੀਂ ਹੈ। ਸ਼ੁਕਰ ਹੈ ਕਿ ਹੋਰ ਕੋਈ ਆਧੁਨਿਕ ਕੰਪਨੀ ਬਿਲਕੁਲ ਅਜਿਹੀ ਨਹੀਂ ਹੈ। ਭਾਵੇਂ ਕਾਰੋਬਾਰ ਅਤੇ ਪੈਸੇ ਦੇ ਲਿਹਾਜ਼ ਨਾਲ ਦੁਨੀਆਂ ਵਿੱਚ ਵੱਡੀਆਂ ਕੰਪਨੀਆਂ ਹਨ, ਪਰ ਉਨ੍ਹਾਂ ਕੋਲ ਪਰਮਾਣੂ ਪਣਡੁੱਬੀਆਂ ਦਾ ਜ਼ਖ਼ੀਰਾ ਨਹੀਂ ਹੈ। ਅਜੋਕੀਆਂ ਵੱਡੀਆਂ ਕੰਪਨੀਆਂ ਕੋਲ ਪੈਦਲ ਸੈਨਾ ਦੀ ਰੈਜੀਮੈਂਟ ਵੀ ਨਹੀਂ ਹੈ। ਫਿਰ ਵੀ ਪਹਿਲੀ ਵੱਡੀ ਬਹੁਕੌਮੀ ਨਿਗਮ ਅਤੇ ਨਾਲ ਹੀ ਹਥਿਆਰ ਦੀ ਤਰ੍ਹਾਂ ਕੰਮ ਕਰਨ ਵਾਲੀ ਈਸਟ ਇੰਡੀਆ ਕੰਪਨੀ ਅੱਜ ਵੀ ਕਈ ਕੰਪਨੀਆਂ ਲਈ ਮਾਡਲ ਬਣੀ ਹੋਈ ਹੈ।

ਈਸਟ ਇੰਡੀਆ ਕੰਪਨੀ ਇਤਿਹਾਸ ਵਿਚਲੀ ਸਭ ਤੋਂ ਖ਼ੌਫ਼ਨਾਕ ਮਿਸਾਲ ਹੈ ਕਿ ਕਾਰਪੋਰੇਟ ਸੱਤਾ ਦੀ ਦੁਰਵਰਤੋਂ ਕਿਸ ਹੱਦ ਤਕ ਕੀਤੀ ਜਾ ਸਕਦੀ ਹੈ। ਜਦੋਂ ਸ਼ੇਅਰ ਮਾਰਕੀਟ ਸਰਕਾਰਾਂ ਨੂੰ ਪ੍ਰਭਾਵਿਤ ਕਰਨ ਲੱਗਦੀ ਹੈ ਤਾਂ ਇਹ ਗੱਲ ਉਸ ਸਮੇਂ ਹੋਰ ਵੀ ਸਪਸ਼ਟ ਹੋ ਜਾਂਦੀ ਹੈ। ਚਾਰ ਸੌ ਪੰਦਰਾਂ ਸਾਲ ਬਾਅਦ ਵੀ ਇਸ ਕੰਪਨੀ ਦੀ ਕਹਾਣੀ ਜ਼ਿਆਦਾ ਵਿਆਖਿਆ ਦੀ ਮੰਗ ਕਰਦੀ ਹੈ।
ਈਸਟ ਇੰਡੀਆ ਕੰਪਨੀ ਕਈ ਪੱਖਾਂ ਤੋਂ ਕਾਰਪੋਰੇਟ ਕੁਸ਼ਲਤਾ ਦਾ ਸਹੀ ਨਮੂਨਾ ਸੀ। ਸੌ ਸਾਲ ਤਕ ਉਸ ਦੇ ਦਫ਼ਤਰ ਵਿੱਚ ਸਿਰਫ਼ 35 ਸਥਾਈ ਕਰਮਚਾਰੀ ਕੰਮ ਕਰਦੇ ਸਨ। ਇਨ੍ਹਾਂ ਵੱਲੋਂ ਫ਼ੌਜੀ ਜਿੱਤ ਹਾਸਲ ਕਰਨਾ ਦੁਨੀਆਂ ਲਈ ਵੱਖਰੀ ਗੱਲ ਸੀ।
ਈਸਟ ਇੰਡੀਆ ਕੰਪਨੀ ਨੇ 1803 ਤਕ ਮੁਗ਼ਲਾਂ ਦੀ ਰਾਜਧਾਨੀ ਦਿੱਲੀ ’ਤੇ 2,60,000 ਦੀ ਨਫ਼ਰੀ ਵਾਲੀ ਬ੍ਰਿਟਿਸ਼ ਫ਼ੌਜ ਸਦਕਾ ਕਬਜ਼ਾ ਕਰ ਲਿਆ। ਇਸ ਸੈਨਾ ਨੇ ਤੋਪਾਂ, ਬੰਦੂਕਾਂ ਤੇ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਜਮ੍ਹਾਂ ਕਰ ਰੱਖਿਆ ਸੀ। ਇੰਨੀ ਫ਼ੌਜ ਏਸ਼ੀਆ ਦੇ ਕਿਸੇ ਰਾਜ ਕੋਲ ਨਹੀਂ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਈਸਟ ਇੰਡੀਆ ਕੰਪਨੀ ਖ਼ੁਦ ਨੂੰ ‘ਦਿ ਗ੍ਰੈਂਡੈਸਟ ਸੋਸਾਇਟੀ ਆਫ਼ ਮਰਚੈਂਟਸ ਇਨ ਦਿ ਯੂਨੀਵਰਸ’ ਦੱਸਦੀ ਸੀ।
ਇਸ ਕੰਪਨੀ ਨੇ ਆਪਣਾ ਕਾਰੋਬਾਰ ਪੂਰੀ ਦੁਨੀਆਂ ਵਿੱਚ ਫੈਲਾ ਰੱਖਿਆ ਸੀ। ਇਸ ਨੇ ਖ਼ਾਸ ਮਕਸਦ ਤਹਿਤ ਬੜੀ ਯੋਜਨਾਬੰਦੀ ਨਾਲ ਕੰਮ ਕੀਤਾ। ਇਸ ਨੇ ਆਪਣੀਆਂ ਕਿਸ਼ਤੀਆਂ ਰਾਹੀਂ ਅਫ਼ੀਮ ਚੀਨ ਨੂੰ ਭੇਜੀ। ਅੱਗੇ ਚੱਲ ਕੇ ਹਾਂਗਕਾਂਗ ਵਿੱਚ ਇੱਕ ਸਮੁੰਦਰੀ ਤੱਟ ’ਤੇ ਕਬਜ਼ਾ ਕਰ ਲਿਆ ਅਤੇ ਮੋਟਾ ਮੁਨਾਫ਼ਾ ਦੇਣ ਵਾਲੇ ਅਫ਼ੀਮ ਦੇ ਵਪਾਰ ਵਿੱਚ ਆਪਣਾ ਅਧਿਕਾਰ ਜਮਾ ਲਿਆ ਅਤੇ ਇਸ ’ਤੇ ਚੌਧਰ ਕਾਇਮ ਰੱਖਣ ਲਈ ਕਈ ਯੁੱਧ ਲੜੇ। ਪੱਛਮ ਦੀ ਚਾਹ ਵੀ ਇਸ ਨੇ ਚੀਨ ਦੇ ਰਸਤੇ ਭੇਜੀ। ਫਿਰ ਇਸ ਨੇ ਬੋਸਟਨ ਬੰਦਰਗਾਹ ’ਤੇ ਮਾਲ ਉਤਾਰਨ ਅਤੇ ਜਮ੍ਹਾ ਕਰਨ ਲਈ ਅਮਰੀਕੀ ਸੁਤੰਤਰਤਾ ਸੰਗਰਾਮ ਸ਼ੁਰੂ ਕਰ ਦਿੱਤਾ।
ਅਸੀਂ ਅੱਜ ਤਕ ਇਹੀ ਕਹਿੰਦੇ ਆ ਰਹੇ ਹਾਂ ਕਿ ਬ੍ਰਿਟਿਸ਼ਾਂ ਨੇ ਹਿੰਦੋਸਤਾਨ ’ਤੇ ਕਬਜ਼ਾ ਕਰ ਲਿਆ। ਦਰਅਸਲ, ਬ੍ਰਿਟਿਸ਼ ਸਰਕਾਰ ਨੇ ਨਹੀਂ ਸਗੋੋਂ ਇੱਕ ਨਿੱਜੀ ਕੰਪਨੀ ਨੇ ਅਠਾਰ੍ਹਵੀਂ ਸਦੀ ਦੇ ਅੰਤ ਵਿੱਚ ਹਿੰਦੋਸਤਾਨ ’ਤੇ ਕਬਜ਼ਾ ਕਰ ਲਿਆ ਸੀ। ਉਸ ਦਾ ਪਹਿਲਾ ਮੁੱਖ ਦਫ਼ਤਰ ਲੰਡਨ ਵਿੱਚ ਇੱਕ ਛੋਟੀ ਜਿਹੀ ਇਮਾਰਤ ਵਿੱਚ ਸੀ। ਇਹ ਕੰਪਨੀ ਸਰਕਾਰ ਦੇ ਨਿਯਮ ਕਾਨੂੰਨਾਂ ਤੋਂ ਪਰ੍ਹੇ ਸੀ। ਹਿੰਦੋਸਤਾਨ ਵਿੱਚ ਇਸ ਦੇ ਕੰਮਕਾਜ ਨੂੰ ਮੇਜਰ-ਜਨਰਲ ਰੌਬਰਟ ਕਲਾਈਵ ਦੇਖਦਾ ਸੀ। ਬਾਅਦ ਵਿੱਚ ਉਸ ਨੇ ਖ਼ੁਦਕੁਸ਼ੀ ਕਰ ਲਈ। ਅਠਾਰ੍ਹਵੀਂ ਸਦੀ ’ਚ ਈਸਟ ਇੰਡੀਆ ਕੰਪਨੀ ਦਾ ਸਿਤਾਰਾ ਤੇਜ਼ੀ ਨਾਲ ਬੁਲੰਦ ਹੋਇਆ ਜਦੋਂਕਿ ਮੁਗ਼ਲ ਰਾਜ ਦਾ ਨਿਘਾਰ ਹੋਇਆ। 1739 ਤਕ ਮੁਗ਼ਲ ਰਾਜ ਕਾਬਲ ਤੋਂ ਮਦਰਾਸ ਤਕ ਫੈਲਿਆ ਹੋਇਆ ਸੀ। ਉਸੇ ਵਰ੍ਹੇ ਨਾਦਿਰ ਸ਼ਾਹ ਡੇਢ ਲੱਖ ਘੋੜ ਸਵਾਰ ਸੈਨਾ ਨਾਲ ਖ਼ੈਬਰ ਦੱਰੇ ਤੋਂ ਆ ਧਮਕਿਆ। ਉਸ ਨੇ ਪੰਦਰਾਂ ਲੱਖ ਦੀ ਮੁਗ਼ਲ ਸੈਨਾ ਨੂੰ ਹਰਾ ਦਿੱਤਾ। ਤਿੰਨ ਮਹੀਨੇ ਬਾਅਦ ਉਹ ਫ਼ਾਰਸ ਮੁੜਿਆ ਤਾਂ ਤਮਾਮ ਖ਼ਜ਼ਾਨਾ ਲੁੱਟ ਕੇ ਲੈ ਗਿਆ ਜੋ ਮੁਗ਼ਲ ਸਲਤਨਤ ਨੇ ਦੋ ਸੌ ਸਾਲਾਂ ਦੀ ਆਪਣੀ ਹਕੂਮਤ ਦੌਰਾਨ ਇਕੱਠਾ ਕੀਤਾ ਸੀ। ਇਸ ਵਿੱਚ ਸ਼ਾਹਜਹਾਂ ਦਾ ਅਨੋਖਾ ਤਖ਼ਤ-ਏ-ਤਾਊਸ ਵੀ ਸ਼ਾਮਲ ਸੀ ਅਤੇ ਦੁਨੀਆਂ ਦਾ ਸਭ ਤੋਂ ਵੱਡਾ ਹੀਰਾ ਕੋਹਿਨੂਰ ਵੀ। 700 ਹਾਥੀ, 4000 ਊਠ ਅਤੇ 12,000 ਘੋੜੇ ਵੀ ਇਸ ਦਾ ਹਿੱਸਾ ਸਨ। ਨਾਦਿਰ ਸ਼ਾਹ ਦੁਆਰਾ ਲੁੱਟੀ ਗਈ ਧਨ ਦੌਲਤ ਉਸ ਸਮੇਂ ਦੀ ਕੀਮਤ ਦੇ ਹਿਸਾਬ ਨਾਲ 8.75 ਕਰੋੜ ਪਾਊਂਡ ਮੰਨੀ ਗਈ ਸੀ। ਕਲਾਈਵ ਨੇ ਜੋ ਧਨ ਲੁੱਟਿਆ ਸੀ, ਉਸ ਤੋਂ ਵੀ ਕਈ ਗੁਣਾ ਵੱਧ ਬੇਸ਼ਕੀਮਤੀ ਸੀ। ਜਦੋਂ ਨਾਦਿਰ ਸ਼ਾਹ ਦੀ ਲੁੱਟ ਦੇ ਚਰਚੇ ਹੋਣ ਲੱਗੇ ਤਾਂ ਫ਼ਰਾਂਸੀਸੀ ਕੰਪਨੀ ਕੰਪੇਗਨਾਈ ਨੇ ਆਪਣੇ ਸਿੱਕੇ ਭਾਰਤ ਵਿੱਚ ਢਾਲਣੇ ਸ਼ੁਰੂ ਕਰ ਦਿੱਤੇ। ਕੰਪਨੀ ਨੇ ਸਿਪਾਹੀਆਂ ਦੀ ਭਰਤੀ ਵੀ ਸ਼ੁਰੂ ਕਰ ਦਿੱਤੀ। ਈਸਟ ਇੰਡੀਆ ਕੰਪਨੀ ਨੇ ਆਪਣਾ ਕਾਰੋਬਾਰ ਪੂਰੀ ਦੁਨੀਆਂ ਵਿੱਚ ਫ਼ੈਲਾ ਦਿੱਤਾ। ਇੱਥੋਂ ਇਸ ਦੀ ਹਕੂਮਤ ਸ਼ੁਰੂ ਹੋਈ।

ਕਰਾਂਤੀ ਪਾਲ   ## ਸੰਪਰਕ: 92165-35617