ਕੀ ਪੰਜਾਬ ਦਾ ਦਲਿਤ ਡਿਪਟੀ ਸੀਐਮ ਬਣਾਉਣ ਦੀ ਤਿਆਰੀ ਹੋ ਰਹੀ ਹੈ?

0
359

ਚੰਡੀਗੜ੍ਹ: ਦੇਸ਼ ’ਚ ਦਲਿਤ ਮੁੱਦਾ ਭਖ਼ਿਆ ਹੋਇਆ ਹੈ ਤੇ ਰਾਹੁਲ ਗਾਂਧੀ ਦਲਿਤ ਭਾਈਚਾਰੇ ਲਈ ਭੁੱਖ ਹੜਤਾਲ ਕਰ ਰਹੇ ਹਨ। ਕਾਂਗਰਸ 2019 ‘ਚ ਦਿੱਲੀ ਦੀ ਸੱਤਾ ‘ਤੇ ਬੈਠਣ ਲਈ ਦਲਿਤ-ਮੁਸਲਮਾਨ ਹਰ ਸਿਆਸੀ ਪੱਤਾ ਖੇਡ ਰਹੀ ਹੈ ਤਾਂ ਕਿ ਸਾਰੇ ਦਾ ਸਾਰਾ ਦਲਿਤ ਤੇ ਮੁਸਲਮਾਨ ਭਾਈਚਾਰਾ ਕਾਂਗਰਸ ਦੇ ਪੱਖ ‘ਚ ਡੱਟ ਜਾਵੇ।

ਚਰਚਾ ਹੈ ਕਿ ਕਾਂਗਰਸ ਪੰਜਾਬ ਦੇ ਕੈਬਨਿਟ ਵਿਸਥਾਰ ‘ਚ ਵੀ ਦਲਿਤ ਕਾਰਡ ਖੇਡਣ ਦੀ ਤਿਆਰੀ ‘ਚ ਹੈ। ਸੂਤਰਾਂ ਮੁਤਾਬਕ ਪੰਜਾਬ ਦਾ ਉੱਪ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਉਣ ਦੀ ਚਰਚਾ ਰਾਹੁਲ ਦਰਬਾਰ ’ਚ ਹੋਈ ਹੈ। ਰਾਹੁਲ ਚਾਹੁੰਦੇ ਹਨ ਕਿ ਪੰਜਾਬ ‘ਚ ਦਲਿਤ ਉੱਪ ਮੁੱਖ ਮੰਤਰੀ ਬਣਾ ਕੇ ਦੇਸ਼ ਭਰ ਦੇ ਦਲਿਤ ਭਾਈਚਾਰੇ ਨੂੰ ਇਹ ਸੁਨੇਹਾ ਦਿੱਤਾ ਜਾਵੇ ਕਿ ਕਾਂਗਰਸ ਪਾਰਟੀ ਹੀ ਦਲਿਤਾਂ ਦੀ ਸਭ ਤੋਂ ਵੱਡੀ ਹਿਤੈਸ਼ੀ ਹੈ।

ਕਾਂਗਰਸ ਦੇ ਸੀਨੀਅਰ ਲੀਡਰ ਮੁਤਾਬਕ ਇਸ ਮਸਲੇ ‘ਤੇ ਚਰਚਾ ਚੱਲ ਰਹੀ ਹੈ ਪਰ ਇਹ ਚਰਚਾ ਸਿਰੇ ਚੜ੍ਹਦੀ ਹੈ ਜਾਂ ਨਹੀਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਮਸਲੇ ‘ਤੇ ਅਜੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਚਰਚਾ ਹੋਣੀ ਹੈ। ਦੱਸ ਦਈਏ ਕਿ ਦਲਿਤ ਵਿਧਾਇਕਾਂ ‘ਚ ਮੁੱਖ ਚਿਹਰੇ ਡਾ. ਰਾਜ ਕੁਮਾਰ ਵੇਰਕਾ, ਚਰਨਜੀਤ ਚੰਨੀ, ਅਰੁਣਾ ਚੌਧਰੀ, ਸਾਧੂ ਸਿੰਘ ਧਰਮਸੋਤ ਹਨ।

ਮੁੱਖ ਮੰਤਰੀ ਦਫ਼ਤਰ ਦੇ ਸੀਨੀਅਰ ਅਫਸਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ‘ਚ ਅਜਿਹੀ ਕੋਈ ਗੱਲਬਾਤ ਨਹੀਂ ਹੈ ਇਸ ਦੀ ਸੰਭਾਵਨਾ ਘੱਟ ਲੱਗਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਬਨਿਟ ਦੇ ਵਿਸਥਾਰ ਮੌਕੇ ਹੀ ਅਜਿਹੀ ਗੱਲਬਾਤ ਪਤਾ ਲੱਗ ਸਕਦੀ ਹੈ ਤੇ ਇਹ ਵਿਸਥਾਰ ਕਾਰਨਾਟਕ ਚੋਣਾਂ ਤੋਂ ਬਾਅਦ ਹੋ ਸਕਦਾ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀ ਕਿ ਜੇ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉੱਪ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਇਆ ਜਾਵੇਗਾ। ਕਾਂਗਰਸ ‘ਚ ਨਵਜੋਤ ਸਿੱਧੂ ਨੂੰ ਡਿਪਟੀ ਸੀਐਮ ਬਣਾਉਣ ਦੀ ਚਰਚਾ ਸੀ ਪਰ ਉਹ ਨਹੀਂ ਬਣੇ। ਦੱਸ ਦਈਏ ਪੂਰੇ ਦੇਸ਼ ‘ਚੋਂ ਦਲਿਤਾਂ ਦੀ ਵੱਡੀ ਆਬਾਦੀ ਪੰਜਾਬ ‘ਚ ਹੈ ਤੇ ਦੁਆਬੇ ‘ਚ ਸਭ ਤੋਂ ਜ਼ਿਆਦਾ ਦਲਿਤ ਵੋਟ ਬੈਂਕ ਹੈ।