ਵੈਸ਼ਨੋ ਦੇਵੀ ਦੀ ਭਗਤੀ ’ਚ ਮਸਤ ਹਨ ਸਿੱਧੂ?

0
411

ਚੰਡੀਗੜ੍ਹ: ਕੀ ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਅੱਜ–ਕੱਲ੍ਹ ਸੱਚਮੁਚ ਮਾਂ ਵੈਸ਼ਨੌ–ਦੇਵੀ ਦੀ ਭਗਤੀ ਵਿੱਚ ਲੀਨ ਹਨ। ਜੇ ਇੱਕ ਮੀਡੀਆ ਸਮੂਹ ਦੀ ਖ਼ਬਰ ਨੂੰ ਦਰੁਸਤ ਮੰਨੀਏ, ਤਾਂ ਇਹ ਖ਼ਬਰ ਬਿਲਕੁਲ ਦਰੁਸਤ ਹੈ। ਸ੍ਰੀ ਸਿੱਧੂ ਨੂੰ ਅੱਜ–ਕੱਲ੍ਹ ਪੰਜਾਬ ਵਿੱਚ ਕਿਤੇ ਵੀ ਨਹੀਂ ਵੇਖਿਆ ਜਾ ਰਿਹਾ ਹੈ।

ਕੁਝ ਚਸ਼ਮਦੀਦ ਗਵਾਹਾਂ ਮੁਤਾਬਕ ਸ੍ਰੀ ਸਿੱਧੂ ਪਿਛਲੇ ਇੱਕ ਹਫ਼ਤੇ ਤੋਂ ਮਾਂ ਵੈਸ਼ਨੋ ਦੇਵੀ ਦੀ ਪੂਜਾ ਕਰ ਰਹੇ ਹਨ। ਉਹ ਕਿਸੇ ਨੂੰ ਨਹੀਂ ਮਿਲਦੇ ਤੇ ਉਨ੍ਹਾਂ ਸਭ ਨੂੰ ਉਨ੍ਹਾਂ ਦੀ ਤਸਵੀਰ ਖਿੱਚਣ ਤੋਂ ਵੀ ਮਨ੍ਹਾ ਕੀਤਾ ਹੋਇਆ ਹੈ।

ਚੇਤੇ ਰਹੇ ਕਿ ਅੱਜ–ਕੱਲ੍ਹ ਸ੍ਰੀ ਨਵਜੋਤ ਸਿੰਘ ਦੇ ਸਬੰਧ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੁਝ ਠੀਕ ਨਹੀਂ ਚੱਲ ਰਹੇ। ਇਸੇ ਲਈ ਉਨ੍ਹਾਂ ਨੇ ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਬਿਜਲੀ ਮੰਤਰੀ ਵਜੋਂ ਆਪਣਾ ਨਵਾਂ ਅਹੁਦਾ ਵੀ ਨਹੀਂ ਸੰਭਾਲਿਆ।

ਬੀਤੀ 3 ਜੁਲਾਈ ਤੋਂ ਸ੍ਰੀ ਸਿੱਧੂ ਮਾਂ ਵੈਸ਼ਨੋ ਦੇਵੀ ਭਵਨ ਵਿੱਚ ਹਨ। ਉਹ ਦਿਨ ਭਰ ਮਾਂ ਵੈਸ਼ਨੋ ਦੇਵੀ ਦੀ ਭਗਤੀ ਕਰਦੇ ਹਨ। ਸਵੇਰੇ ਰੋਜ਼ਾਨਾ ਛੇਤੀ ਉੱਠ ਜਾਂਦੇ ਹਨ। ਫਿਰ ਮਾਂ ਦੇ ਦਰਬਾਰ ਵਿੱਚ ਸਵੇਰੇ ਹੋਣ ਵਾਲੀ ਸ਼ਿੰਗਾਰ ਆਰਤੀ ਵਿੱਚ ਭਾਗ ਲੈਂਦੇ ਹਨ।

ਆਰਤੀ ਖ਼ਤਮ ਹੋਣ ਤੋਂ ਬਾਅਦ ਉਹ ਕਿਸੇ ਨਾਲ ਕੋਈ ਗੱਲ ਨਹੀਂ ਕਰਦੇ ਤੇ ਤੁਰੰਤ ਭਵਨ ਅੰਦਰ ਮੌਜੂਦ ਆਪਣੇ ਕਮਰੇ ਵਿੱਚ ਚਲੇ ਜਾਂਦੇ ਹਨ। ਅੱਜ–ਕੱਲ੍ਹ ਗੁਪਤ ਨਰਾਤੇ ਵੀ ਚੱਲ ਰਹੇ ਹਨ ਤੇ ਮਾਨਤਾ ਹੈ ਕਿ ਇਨ੍ਹਾਂ ਨਰਾਤਿਆਂ ਦੌਰਾਨ ਮਾਂ ਵੈਸ਼ਨੋ ਦੇਵੀ ਹਰ ਮੁਰਾਦ ਪੂਰੀ ਕਰਦੇ ਹਨ।

ਇਹ ਵੀ ਪਤਾ ਲੱਗਾ ਹੈ ਕਿ ਸ੍ਰੀ ਸਿੱਧੂ ਪਹਿਲਾਂ ਵੀ ਇੱਥੇ ਅਕਸਰ ਆਉਂਦੇ ਰਹਿੰਦੇ ਹਨ ਤੇ ਉਹ ਇਸ ਵਾਰ ਬਾਬਾ ਭੈਰਵਨਾਥ ਦੇ ਦਰਸ਼ਨ ਕਰਨ ਵੀ ਗਏ ਸਨ।