ਕਿਵੇਂ ਚੁਣਦੇ ਹਨ ਚੀਨੀ ਆਪਣਾ ਆਗੂ?

0
643

ਹਰੇਕ 5 ਸਾਲ ਬਾਅਦ ਦੁਨੀਆ ਦੀਆਂ ਨਜ਼ਰਾਂ ਚੀਨ ‘ਤੇ ਟਿਕ ਜਾਂਦੀਆਂ ਕਿਉਂਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਆਪਣਾ ਆਗੂ ਚੁਣਨ ਲਈ ਕਾਂਗਰਸ (ਇਕੱਠ) ਕਰਦੀ ਹੈ।

ਉਸ ਦੌਰਾਨ ਚੁਣੇ ਹੋਏ ਆਗੂ 1 ਅਰਬ 30 ਕਰੋੜ ਲੋਕਾਂ ਦੀ ਅਗਵਾਈ ਕਰਨਗੇ। ਇਹ 19ਵੀਂ ਕਾਂਗਰਸ 18 ਅਕਤੂਬਰ ਨੂੰ ਹੋਣ ਜਾ ਰਹੀ ਹੈ ਅਤੇ ਇਸ ਦੌਰਾਨ ਮੌਜੂਦਾ ਲੀਡਰਸ਼ਿਪ ‘ਚ ਪ੍ਰਭਾਵਸ਼ਾਲੀ ਤਬਦੀਲੀਆਂ ਮੰਨੀਆਂ ਜਾ ਰਹੀਆਂ ਹਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਉੱਚ ਅਹੁਦੇ ‘ਤੇ ਬਣੇ ਰਹਿਣ ਦੇ ਅਸਾਰ ਹਨ।

ਕਾਂਗਰਸ (ਇਕੱਠ) ਕੀ ਕਰਦੀ ਹੈ ?

18 ਅਕਤੂਬਰ ਨੂੰ ਚੀਨ ਦੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਨੁਮਾਇੰਦੇ ਪੂਰੇ ਚੀਨ ‘ਚੋਂ ਬੀਜ਼ਿੰਗ ‘ਚ ਇਕੱਠੇ ਹੋਣਗੇ। ਪਾਰਟੀ ਦੇ 2300 ਨੁਮਾਇੰਦੇ ਹਨ ਅਤੇ 2287 ਹੀ ਇਸ ਕਾਂਗਰਸ ਲਈ ਚੁਣੇ ਗਏ ਹਨ ਅਤੇ ਬਾਕੀ ਆਪਣੇ ਮਾੜੇ ਵਿਵਹਾਰ ਕਾਰਨ ਨਹੀਂ ਚੁਣੇ ਗਏ। ਬੰਦ ਦਰਵਾਜ਼ਿਆਂ ਪਿੱਛੇ ਉਹ ਸੀਪੀਸੀ ਨੁਮਾਇੰਦਿਆਂ ਦੀ ਇੱਕ ਪ੍ਰਭਾਵਸ਼ਾਲੀ ਕੇਂਦਰੀ ਕਮੇਟੀ ਦਾ ਗਠਨ ਕਰਨਗੇ। ਜਿਸ ਵਿੱਚ 200 ਮੈਂਬਰ ਹੁੰਦੇ ਹਨ। ਇਸ ਤੋਂ ਬਾਅਦ ਪੋਲਿਟ ਬਿਓਰੋ ਦੀ ਚੋਣ ਹੁੰਦੀ ਹੈ ਅਤੇ ਫਿਰ ਪੋਲਿਟ ਬਿਓਰੋ ਸਥਾਈ ਕਮੇਟੀ ਚੁਣੀ ਜਾਂਦੀ ਹੈ। ਉਹ ਚੀਨ ਦੇ ਅਸਲ ਫ਼ੈਸਲੇ ਲੈਂਦੀ ਹੈ। ਮੌਜੂਦਾ ਪੋਲਿਟ ਬਿਓਰੋ ਦੇ 24 ਮੈਂਬਰ ਹਨ, ਉੱਥੇ ਹੀ ਸਥਾਈ ਕਮੇਟੀ ਦੇ 7 ਮੈਂਬਰ ਹੁੰਦੇ ਹਨ। ਹਾਲਾਂਕਿ, ਇਹ ਨੰਬਰ ਹਰ ਸਾਲ ਬਦਲਦੇ ਰਹਿੰਦੇ ਹਨ।

ਜਦੋਂ ਇੱਥੇ ਵੋਟਾਂ ਹੁੰਦੀਆਂ ਹਨ ਤਾਂ ਅਸਲ ਵਿੱਚ ਇਨ੍ਹਾਂ ‘ਚੋਂ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਹੀ ਮੌਜੂਦਾ ਲੀਡਰਸ਼ਿਪ ਵੱਲੋਂ ਚੁਣ ਲਿਆ ਜਾਂਦਾ ਹੈ ਅਤੇ ਕਮੇਟੀ ਨੇ ਸਿਰਫ਼ ਉਨ੍ਹਾਂ ਦੇ ਹੁਕਮ ਨੂੰ ਮਨਜ਼ੂਰੀ ਦੇਣੀ ਹੁੰਦੀ ਹੈ। ਕੇਂਦਰੀ ਕਮੇਟੀ ਆਪਣਾ ਪਾਰਟੀ ਨੇਤਾ ਵੀ ਚੁਣਦੀ ਹੈ, ਜੋ ਜਨਰਲ ਸਕੱਤਰ ਹੁੰਦਾ ਹੈ ਅਤੇ ਉਹ ਬਾਅਦ ‘ਚ ਦੇਸ ਦਾ ਰਾਸ਼ਟਰਪਤੀ ਬਣਦਾ ਹੈ।

ਇਸ ਸਾਲ ਕੀ ਉਮੀਦ ਹੈ ?

19ਵੀਂ ਕਾਂਗਰਸ ‘ਚ ਦੋ ਮਹੱਤਵਪੂਰਨ ਗੱਲਾਂ ਹਨ। ਸ਼ੀ ਜਿਨਪਿੰਗ ਇੱਕ ਲੰਮੀ ਰਿਪੋਰਟ ਪੇਸ਼ ਕਰਨਗੇ ਜੋ ਕਿ ਮਾਹਰਾਂ ਦੇ ਵਿਸ਼ਲੇਸ਼ਣ ਦੇ ਅਧਾਰ ‘ਤੇ ਚੀਨ ਦੇ ਅਗਲੇ 5 ਸਾਲਾਂ ਦੇ ਸਿਆਸੀ ਦਿਸ਼ਾ ਨਿਰਦੇਸ਼ ਹੋਣਗੇ। ਪੋਲਿਟ ਬਿਓਰੋ ਤੇ ਸਥਾਈ ਕਮੇਟੀ ‘ਚ ਲਗਭਗ ਪੂਰੀ ਤਰ੍ਹਾਂ ਨਾਲ ਬਦਲਾਅ ਦੀ ਉਮੀਦ ਹੈ। ਪਿਛਲੇ ਕੁਝ ਸਾਲਾਂ ‘ਚ ਪਾਰਟੀ ਨੇ ਕੁਝ ਅਹੁਦਿਆਂ ਲਈ ਗ਼ੈਰ ਰਸਮੀ ਨਿਯਮ ਅਤੇ ਉਮਰ ਸੀਮਾ ਤੈਅ ਕਰ ਦਿੱਤੀ ਹੈ। ਪੋਲਿਟ ਬਿਓਰੋ ਦੇ ਜ਼ਿਆਦਾਤਰ ਮੈਂਬਰਾਂ ਨੂੰ ਹਟਾਇਆ ਜਾ ਸਕਦਾ ਹੈ ਕਿਉਂਕਿ ਉਹ ਪਹਿਲਾਂ ਹੀ 68 ਸਾਲਾਂ ਦੀ ਗ਼ੈਰ ਰਸਮੀ ਸੇਵਾਮੁਕਤੀ ਦੀ ਉਮਰ ਤੋਂ ਲੰਘ ਰਹੇ ਹਨ।

ਸ਼ੀ ਜਿਨਪਿੰਗ ਲਈ ਇਸ ਦਾ ਕੀ ਮਤਲਬ ਹੈ ?

ਇੰਝ ਜਾਪ ਰਿਹਾ ਹੈ ਕਿ ਇਹ ਵਰਤਾਰਾ ਸ਼ੀ ਜਿਨਪਿੰਗ ਦੇ ਪੱਖ ‘ਚ ਹੈ। 2012 ਵਿੱਚ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਚੀਨ ਦੇ “ਕੋਰ” ਨੇਤਾ ਹੋਣ ਦੇ ਨਾਲ ਨਾਲ ਬੇਮਿਸਾਲ ਅਹੁਦਿਆਂ ਦਾ ਕਾਰਜਭਾਰ ਵੀ ਸੰਭਾਲਿਆ। ਜਿਸ ਨਾਲ ਉਨ੍ਹਾਂ ਦੀ ਤੁਲਨਾ ਪੁਰਾਣੇ ਸਿਆਸੀ ਦਿੱਗਜਾਂ ਮਾਓ ਜ਼ੀਡੋਗ ਅਤੇ ਡੇਂਗ ਜਿਓਪਿੰਗ ਨਾਲ ਕੀਤੀ ਜਾਂਦੀ ਹੈ। ਕਾਂਗਰਸ ‘ਚ ਲੀਡਰਸ਼ਿਪ ਅਹੁਦੇ ਲਈ ਉਨ੍ਹਾਂ ਦੇ ਹੱਕ ‘ਚ ਨਿਤਰਣ ਵਾਲੇ ਸਹਿਯੋਗੀਆਂ ਦੀ ਸੰਭਾਵਨਾ ਵੱਧ ਹੈ।

ਦੁਨੀਆਂ ਲਈ ਇਸ ਦੇ ਮਾਇਨੇ

ਮਾਹਰਾਂ ਦਾ ਮੰਨਣਾ ਹੈ ਕਿ ਸਥਾਈ ਕਮੇਟੀ ਦਾ ਵੱਡਾ ਫੇਰਬਦਲ ਕੁਝ ਨੀਤੀਗਤ ਤਬਦੀਲੀਆਂ ‘ਤੇ ਚਰਚਾ ਕਰ ਸਕਦਾ ਹੈ। ਚੀਨ ‘ਚ ਪੰਜ-ਸਾਲਾ ਆਰਥਿਕ ਸੁਧਾਰ ਯੋਜਨਾ ਅਜੇ ਵੀ ਚੱਲ ਰਹੀ ਹੈ ਜਿਵੇਂ ਸ਼ੀ ਜਿਨਪਿੰਗ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ।  ਦੱਖਣੀ ਚੀਨੀ ਸਮੁੰਦਰੀ ਖੇਤਰ ‘ਚ ਫੈਲਾਅ ਅਤੇ ‘ਵਨ ਬੈਲਟ ਵਨ ਰੋਡ ਵਪਾਰਕ ਪ੍ਰੋਜੈਕਟ’ ਨਾਲ ਚੀਨ ਡੋਨਾਲਡ ਟਰੰਪ ਦੇ ਅਮਰੀਕਾ ਦੇ ਬਰਾਬਰ ਸ਼ਕਤੀ ਵਜੋਂ ਉਭਰ ਰਿਹਾ ਹੈ। ਸ਼ੀ ਜਿਨਪਿੰਗ ਵੱਲੋਂ ਚੀਨ ਨੂੰ ਵਿਸ਼ਵ ਪੱਧਰ ‘ਤੇ ਉਭਾਰਨਾ ਵੀ ਉਨ੍ਹਾਂ ਦਾ ਮੁੜ ਸੱਤਾ ‘ਤੇ ਕਾਬਜ਼ ਹੋਣ ਦਾ ਕਾਰਨ ਹੋ ਸਕਦਾ ਹੈ।