ਦਿੱਲੀ(ਪਚਬ): ਦੱਖਣੀ ਅਫਰੀਕਾ ਵਿੱਚ ਕੋਰੋਨਾਵਾਇਰਸ ਦਾ ਇੱਕ ਹੋਰ ਖਤਰਨਾਕ ਵੇਰੀਐਂਟ ਮਿਲਿਆ ਹੈ ਅਤੇ ਇਸ ਜਾਣਕਾਰੀ ਦੇ ਮਿਲਣ ਤੋਂ ਕੁਝ ਘੰਟਿਆਂ ਬਾਅਦ ਹੀ ਭਾਰਤ ਸਰਕਾਰ ਵੀ ਸਾਵਧਾਨ ਹੋ ਗਈ ਹੈ।
ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ, ਵੀਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੂਬਾ ਸਰਕਾਰਾਂ ਨੂੰ ਸਖਤੀ ਨਾਲ ਤਿੰਨ ਦੇਸ਼ਾਂ ਤੋਂ ਆਉਣ ਵਾਲੇ ਜਾਂ ਲੰਘਣ ਵਾਲੇ ਯਾਤਰੀਆਂ ਦੀ ਜਾਂਚ ਕਰਨ ਅਤੇ ਟੈਸਟ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਤਿੰਨ ਦੇਸ਼ਾਂ ਵਿੱਚ ਦੱਖਣੀ ਅਫਰੀਕਾ, ਬੋਟਸਵਾਨਾ ਅਤੇ ਹਾਂਗਕਾਂਗ ਸ਼ਾਮਲ ਹਨ।
ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਕਿ ਭਾਰਤ ਦੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਕਿ ”ਕੋਵਿਡ-19 ਦੇ ਨਵੇਂ ਵੇਰੀਐਂਟ B.1.1529 ਦੇ ਕਈ ਮਾਮਲੇ ਦੱਖਣੀ ਅਫਰੀਕਾ (6), ਬੋਟਸਵਾਨਾ (3) ਅਤੇ ਹਾਂਗਕਾਂਗ (1) ਦਰਜ ਕੀਤੇ ਗਏ ਹਨ।”
ਰਾਜੇਸ਼ ਭੂਸ਼ਨ ਨੇ ਕਿਹਾ, ”ਇਸ ਵੇਰੀਐਂਟ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਹੋਣ ਦੀ ਰਿਪੋਰਟ ਹੈ ਅਤੇ ਇਸ ਤਰ੍ਹਾਂ ਹਾਲ ਹੀ ਵਿੱਚ ਵੀਜ਼ਾ ਸਬੰਧੀ ਪਾਬੰਦੀਆਂ ਵਿੱਚ ਦਿੱਤੀ ਗਈ ਢਿੱਲ ਅਤੇ ਅੰਤਰਰਾਸ਼ਟਰੀ ਯਾਤਰਾ ਖੁੱਲ੍ਹਣ ਦੇ ਮੱਦੇਨਜ਼ਰ, ਇਸ ਦੇ ਦੇਸ਼ ਲਈ ਗੰਭੀਰ ਜਨਤਕ ਸਿਹਤ ਪ੍ਰਭਾਵ ਹੋ ਸਕਦੇ ਹਨ।”