ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਨਾਮਵਰ ਉਦਯੋਗਪਤੀਆਂ ਦੀ ਸਮਾਜਸੇਵੀ ਸੰਸਥਾ ‘ਤੁੰਗ-ਵਾਅ’ ਗਰੁੱਪ ਵਲੋਂ ਬਜ਼ੁਰਗਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਸਹਿਯੋਗੀ ਸੰਸਥਾ ‘ਗੋਲਡਨ ਲੀਫ ਫਾਊਾਡੇਸ਼ਨ’ ਵਲੋਂ ਸਮਾਜ ਲਈ ਨਿਭਾਈਆਂ ਸਾਰਥਕ ਸੇਵਾਵਾਂ ਬਦਲੇ ਪੰਜਾਬੀ ਕਾਰੋਬਾਰੀ ਅਤੇ ਸਮਾਜ ਸੇਵੀ ਕੁਲਦੀਪ ਸਿੰਘ ਬੁੱਟਰ ਨੂੰ ਸਨਮਾਨਿਤ ਕੀਤਾ | ‘ਗੋਲਡਨ ਲੀਫ ਫਾਊਾਡੇਸ਼ਨ’ ਦੇ ਪ੍ਰਧਾਨ ਮਿ. ਪੈਟਰਿਕ ਸਿਯੂ ਵਲੋਂ ਸ਼ਾ ਟੀਨ ਵਿਖੇ ਜਨਤਕ ਇਕੱਠ ਦੌਰਾਨ ਕੁਲਦੀਪ ਸਿੰਘ ਬੁੱਟਰ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫ਼ਿਕੇਟ ਭੇਟ ਕੀਤਾ ਗਿਆ | ਜ਼ਿਕਰਯੋਗ ਹੈ ਕਿ ਬੁੱਟਰ ਵਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਿੰਘ ਵੈੱਲਫ਼ੇਅਰ ਵਲੋਂ ਹਾਂਗਕਾਂਗ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲ ਰਹੇ ਮਾਰੂ ਪ੍ਰਭਾਵਾਂ ਵਿਚ ਬਜ਼ੁਰਗਾਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ ‘ਤੇ ਮਾਸਕ ਅਤੇ ਸੁਰੱਖਿਆ ਦੀ ਹੋਰ ਜ਼ਰੂਰਤ ਦੀ ਸਮੱਗਰੀ ਮੁਹੱਈਆ ਕਰਵਾਉਣ ਬਦਲੇ ਇਹ ਸਨਮਾਨ ਦਿੱਤਾ ਗਿਆ | ਇਸ ਮੌਕੇ ਵੀ ‘ਸਿੰਘ ਵੈੱਲਫ਼ੇਅਰ’ ਦੇ ਸਹਿਯੋਗੀਆਂ ਵਲੋਂ 70 ਦੇ ਕਰੀਬੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸ਼ਾ ਟੀਨ ਇਲਾਕੇ ਦੇ ਸਰਕਾਰੀ ਘਰਾਂ ਵਿਚ ਬਜ਼ੁਰਗਾਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਮਹਾਂਮਾਰੀ ਦੇ ਮਾਰੂ ਪ੍ਰਭਾਵਾਂ ਤੋਂ ਬਚਣ ਲਈ ਸੁਰੱਖਿਆ ਸਮੱਗਰੀ ਵੱਡੀ ਗਿਣਤੀ ਵਿਚ ਵਰਤਾਈ ਗਈ |