ਪ੍ਰਦਰਸ਼ਨਾਂ ਦੀ ਅੱਗ ‘ਚ ਧੁਖਿਆ ਹਾਂਗਕਾਂਗ

0
972

ਹਾਂਗਕਾਂਗ(ਪਚਬ)-ਹਾਂਗਕਾਂਗ ‘ਚ ਹਵਾਲਗੀ ਬਿੱਲ ਮਸਲੇ ਤੋਂ ਪੂਰਨ ਲੋਕਤੰਤਰ ਦੀ ਮੰਗ ‘ਚ ਤਬਦੀਲ ਹੋਏ ਲਗਾਤਾਰ 5 ਮਹੀਨੇ ਤੋਂ ਚੱਲ ਰਹੇ ਪ੍ਰਦਰਸ਼ਨ ਗੰਭੀਰ ਰੂਪ ਧਾਰਨ ਕਰ ਚੁੱਕੇ ਹਨ | ਬੀਤੇ ਦਿਨੀਂ ਪ੍ਰਦਰਸ਼ਨਣ ਦੌਰਾਨ ਨੌਜਵਾਨ ਐਲਕਸ ਚਾਓ ਦੀ ਹੋਈ ਮੌਤ ਦਾ ਮਸਲਾ ਹਾਲੇ ਸੁਲਝਿਆ ਨਹੀਂ ਸੀ ਕਿ ਅੱਜ ਪੁਲਿਸ ਵਲੋਂ ਕਰੀਬ 7.30 ਵਜੇ ਸਵੇਰ ਇਸ ਮੌਤ ਦੇ ਰੋਸ ਵਜੋਂ ਦਿੱਤੇ ਆਮ ਹੜਤਾਲ ਦੇ ਸੱਦੇ ਦੇ ਚੱਲਦਿਆਂ ਟ੍ਰੈਫ਼ਿਕ ਜਾਮ ਕਰ ਰਹੇ ਦੋ ਪ੍ਰਦਰਸ਼ਨਕਾਰੀਆਂ ਨੌਜਵਾਨਾਂ ‘ਤੇ ਚਲਾਈ ਗੋਲੀ ਨਾਲ ਹਾਂਗਕਾਂਗ ‘ਚ ਸ਼ੁਰੂ ਹੋਈਆਂ ਜ਼ਬਰਦਸਤ ਹਿੰਸਕ ਝੜਪਾਂ ਹੁਣ ਤੱਕ ਜਾਰੀ ਹਨ ਅਤੇ ਖ਼ਤਰਨਾਕ ਘਟਨਾਵਾਂ ਵਾਪਰਨ ਦੇ ਆਸਾਰ ਬਣੇ ਹੋਏ ਹਨ | ਇਸ ਘਟਨਾ ‘ਚ ਇਕ 21 ਸਾਲਾ ਨੌਜਵਾਨ ਛਾਤੀ ‘ਚ ਗੋਲੀ ਵੱਜਣ ਕਾਰਨ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਅਤੇ ਇਸ ਘਟਨਾ ਤੋਂ ਭੜਕੇ ਲੋਕਾਂ ਵਲੋਂ ਹਾਂਗਕਾਂਗ ਦੇ ਬਹੁਤ ਸਾਰੇ ਜ਼ਿਲਿ੍ਹਆਂ ‘ਚ ਪੁਲਿਸ ਤੇ ਪਥਰਾਅ ਕੀਤੇ ਅਤੇ ਪੁਲਿਸ ਵਲੋਂ ਹਾਂਗਕਾਂਗ ਦੀਆਂ ਯੂਨੀਵਰਸਿਟੀਆਂ ‘ਚ ਕੀਤੀ ਸ਼ਕਤੀ ਦੀ ਵਰਤੋਂ ਨਾਲ ਵਿਦਿਆਰਥੀਆਂ ਵਲੋਂ ਪੁਲਿਸ ਨਾਲ ਹਿੰਸਕ ਝੜਪਾਂ ਕਰਦਿਆਂ ਅੰਦੋਲਨ ਤੇਜ਼ ਕਰ ਦਿੱਤਾ ਗਿਆ | ਇਸੇ ਦੌਰਾਨ ਮਾ-ਉਨ-ਸ਼ਾਨ ਵਿਖੇ ਚੀਨੀ ਮੂਲ ਦੇ ਇਕ ਵਿਅਕਤੀ ਵਲੋਂ ਹਾਂਗਕਾਂਗ ਨੂੰ ਚੀਨ ਦਾ ਹਿੱਸਾ ਕਹਿਣ ‘ਤੇ ਸ਼ੁਰੂ ਹੋਈ ਬਹਿਸ ਨੇ ਹਿੰਸਕ ਰੂਪ ਅਖਤਿਆਰ ਕਰ ਲਿਆ ਅਤੇ ਲੋਕਾਂ ਨੇ ਉਕਤ ਵਿਅਕਤੀ ਦੀ ਕੁੱਟਮਾਰ ਉਪਰੰਤ ਬਲਣਸ਼ੀਲ ਤਰਲ ਨਾਲ ਉਸ ਨੂੰ ਜ਼ਿੰਦਾ ਮਾਰਨ ਦੀ ਕੋਸ਼ਿਸ਼ ਕੀਤੀ | ਹਾਂਗਕਾਂਗ ਮੁਖੀ ਨੇ ਉਕਤ ਦੋਵਾਂ ਘਟਨਾਵਾਂ ਦੀ ਨਿੰਦਾ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਦੰਗਈ ਦੱਸਦਿਆਂ ਪੂਰੇ ਹਾਂਗਕਾਂਗ ਦੇ ਦੁਸ਼ਮਣ ਦੱਸਿਆ | ਤਾਜ਼ਾ ਅੰਕੜੇ ਦਸਦੇ ਹਨ ਕਿ ਬੀਤੇ ਕੱਲ ਪੁਲੀਸ ਨੇ 260 ਵਿਅਕਤੀਆਂ ਨੂੰ ਗਿਰਫਤਾਰ ਕੀਤਾ ਅਤੇ 100 ਤੋਂ ਜਿਆਦਾ ਜਖਮੀਂ ਹੋਏ।