‘ਰੰਕ ਤੋਂ ਰਾਜਾ’ ਬਣਨ ਦੀਆਂ ਕਹਾਣੀਆਂ ਤਾਂ ਅਕਸਰ ਹੀ ਸੁਣਾਈਆਂ ਜਾਂਦੀਆਂ ਹਨ ਪਰ ਉਨ੍ਹਾਂ ਤੋਂ ਮਹੱਤਵਪੂਰਨ ਅਤੇ ਜ਼ਰੂਰੀ ‘ਅਰਸ਼ ਤੋਂ ਫਰਸ਼’ ਉਤੇ ਡਿੱਗਣ ਦੀਆਂ ਤ੍ਰਾਸਦੀ ਭਰੀਆਂ ਕਹਾਣੀਆਂ ਹਨ। ਇਨ੍ਹਾਂ ’ਚ ਸਭ ਤੋਂ ਵੱਧ ਮਹੱਤਵਪੂਰਨ ਜਾਂ ਪ੍ਰੇਰਨਾਦਾਇਕ ਸ਼ਾਇਦ ਉਹ ਹਨ, ਜਿੱਥੇ ਕਰਮਠਤਾ ਤਬਾਹੀ ਤੋਂ ਬਚਾਅ ਲੈਂਦੀ ਹੈ। ਮਹੀਨੇ ਭਰ ’ਚ ਜੈੱਟ ਏਅਰਵੇਜ਼ ਇਕ ਤ੍ਰਾਸਦੀ ਬਣ ਗਈ, ਜਿਸ ਨੇ 20,000 ਕਰਮਚਾਰੀਆਂ ਨੂੰ ਬੇਰੋਜ਼ਗਾਰ ਕੀਤਾ ਅਤੇ ਹਜ਼ਾਰਾਂ ਪਰਿਵਾਰਾਂ ਦੀ ਕਮਾਈ ਦਾ ਜ਼ਰੀਆ ਖੋਹ ਲਿਆ। ਸਸਤੀਆਂ ਉਡਾਣਾਂ ਵਾਲੀ ਸਪਾਈਸ ਜੈੱਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਜੈੱਟ ਦੇ 100 ਪਾਇਲਟਾਂ ਸਮੇਤ 500 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਦਿੱਤੀ ਹੈ ਅਤੇ ਉਹ ਨਵੇਂ ਹਵਾਈ ਜਹਾਜ਼ਾਂ ਦੇ ਨਾਲ ਨਵੇਂ ਮਾਰਗਾਂ ’ਤੇ ਆਪਣੀਆਂ ਸੇਵਾਵਾਂ ਸ਼ੁਰੂ ਕਰੇਗੀ ਪਰ ਇਹ ਕਿਸੇ ਵੱਡੀ ਅਤੇ ਪੁਰਾਣੀ ਏਅਰਵੇਜ਼ ਨੂੰ ਬਚਾਉਣ ਦਾ ਹੱਲ ਨਹੀਂ ਹੋ ਸਕਦਾ। ਪਰ ਜੈੱਟ ਏਅਰਵੇਜ਼ ਕੋਈ ਇਕੱਲੀ ਨਹੀਂ ਹੈ। 1981 ਤੋਂ ਹੁਣ ਤਕ ਭਾਰਤ ’ਚ ਆਪਣਾ ਕਾਰੋਬਾਰ ਬੰਦ ਕਰਨ ਵਾਲੀ ਇਹ 5ਵੀਂ ਹਵਾਈ ਸੇਵਾ ਹੈ। ਇਸ ਤੋਂ ਪਹਿਲਾਂ ਇਕ ਹੋਰ ਲਗਜ਼ਰੀ ਹਵਾਈ ਕੰਪਨੀ ਕਿੰਗਫਿਸ਼ਰ ਨਾਲ ਵੀ ਅਜਿਹਾ ਹੋਇਆ ਸੀ। ਅਜਿਹੇ ’ਚ ਇਹ ਸਮਝਣਾ ਜ਼ਰੂਰੀ ਹੈ ਕਿ ਕਿਉਂ ਇਹ ਆਫਤ ਬਸ ਆਉਣ ਦੀ ਉਡੀਕ ਕਰ ਰਹੀ ਸੀ? ਸਲਾਹਕਾਰ ਕੰਪਨੀ ਕੇ. ਪੀ. ਐੱਮ. ਜੀ. ਅਨੁਸਾਰ ਸਾਲ 2020 ਤਕ ਭਾਰਤ ਤੀਜਾ ਅਤੇ 2030 ਤਕ ਪਹਿਲਾ ਵੱਡਾ ਹਵਾਬਾਜ਼ੀ ਕੇਂਦਰ ਹੋਵੇਗਾ। ਜਿੱਥੋਂ ਤਕ ਅੰਕੜਿਆਂ ਦਾ ਸਵਾਲ ਹੈ, ਭਾਰਤੀ ਹਵਾਬਾਜ਼ੀ ਬਾਜ਼ਾਰ ’ਚ ਸਭ ਠੀਕ ਪ੍ਰਤੀਤ ਹੁੁੰਦਾ ਹੈ। ਹਵਾਈ ਅੱਡੇ ਯਾਤਰੀਆਂ ਨਾਲ ਖਚਾਖਚ ਭਰੇ ਹਨ। ਬੀਤੇ ਸਾਲ 13.8 ਕਰੋੜ ਯਾਤਰੀਆਂ ਨੇ ਉਡਾਣ ਭਰੀ, ਜਿਨ੍ਹਾਂ ਦੀ ਗਿਣਤੀ 2010 ’ਚ ਸਿਰਫ 5.1 ਕਰੋੜ ਸੀ। ਕੌਮਾਂਤਰੀ ਉਡਾਣਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਮੇਂ ਦੀ ਪਾਬੰਦੀ ਬਿਹਤਰ ਹੋਈ ਹੈ। 600 ਤੋਂ ਵੱਧ ਜਹਾਜ਼ ਸੇਵਾ ’ਚ ਹਨ ਅਤੇ 859 ਨੂੰ ਸ਼ਾਮਿਲ ਕਰਨ ਦੀ ਯੋਜਨਾ ਹੈ। ਫਿਰ ਵੀ ਦੇਸ਼ ਦੀ ਸਭ ਤੋਂ ਪੁਰਾਣੀ ਨਿੱਜੀ ਏਅਰਲਾਈਨਜ਼ ਜੈੱਟ ਏਅਰਵੇਜ਼ ਵਾਧੂ ਫੰਡਿੰਗ ਦਾ ਇੰਤਜ਼ਾਮ ਨਾ ਹੋ ਸਕਣ ਤੋਂ ਬਾਅਦ ਅਖੀਰ ਬੰਦ ਹੋ ਗਈ।
ਜੈੱਟ ਏਅਰਲਾਈਨਜ਼ ਲਗਭਗ 1000 ਘਰੇਲੂ ਅਤੇ ਕੌਮਾਂਤਰੀ ਮਾਰਗਾਂ ’ਤੇ 115 ਜਹਾਜ਼ ਉਡਾਉਂਦੀ ਸੀ। ਕੁਝ ਸਾਲ ਪਹਿਲਾਂ ਘਰੇਲੂ ਲੀਡਰ ਦਾ ਅਹੁਦਾ ਸਸਤੀਆਂ ਉਡਾਣਾਂ ਸੰਚਾਲਿਤ ਕਰਨ ਵਾਲੀ ਇੰਡੀਗੋ ਏਅਰਲਾਈਨਜ਼ ਨੇ ਇਸ ਤੋਂ ਖੋਹ ਲਿਆ ਸੀ, ਫਿਰ ਵੀ ਹਵਾਬਾਜ਼ੀ ਦੇ ਬਾਜ਼ਾਰ ਦੇ ਸਭ ਤੋਂ ਵੱਧ 12 ਫੀਸਦੀ ਹਿੱਸੇ ’ਤੇ ਇਸ ਦਾ ਹੀ ਕਬਜ਼ਾ ਸੀ। ਬਿਨਾਂ ਕਿਸੇ ਰੁਕਾਵਟ ਦੇ ਕੀਮਤੀ ਜਹਾਜ਼ ਉਡਾਣ ਪ੍ਰੋਗਰਾਮ ਅਤੇ ਪ੍ਰਾਈਮ ਏਅਰਪੋਰਟ ਸਲਾਟ ਸਨ। ਸਭ ਤੋਂ ਮੁਨਾਫੇ ਵਾਲੇ ਕੌਮਾਂਤਰੀ ਮਾਰਗਾਂ ’ਤੇ ਵੀ ਇਸ ਦਾ ਹੀ ਕਬਜ਼ਾ ਸੀ। ਇਸ ਦੇ ਬਾਵਜੂਦ ਹਵਾਈ ਸੇਵਾ ਇਕ ਬਿਲੀਅਨ ਡਾਲਰ ਤੋਂ ਵੱਧ ਦੇ ਕਰਜ਼ੇ, ਜੈੱਟ ਏਅਰਵੇਜ਼ ’ਚ 24 ਫੀਸਦੀ ਹਿੱਸੇਦਾਰੀ ਵਾਲੀ ਏਤਿਹਾਦ ਏਅਰਵੇਜ਼ ਦੇ ਨਾਲ ਇਸ ਦੀ ਸਾਂਝੇਦਾਰੀ ਖਿੰਡ ਰਹੀ ਸੀ। ਅਜਿਹਾ ਕਿਉਂ ਹੋਇਆ, ਇਸ ਦਾ ਪਹਿਲਾ ਕਾਰਨ ਬੀਤੇ ਸਾਲ ਜਹਾਜ਼ ਈਂਧਨ ਦੀਆਂ ਕੀਮਤਾਂ ’ਚ ਵਾਧਾ ਅਤੇ ਰੁਪਏ ਦੀ ਕਦਰ-ਘਟਾਈ ਨਾਲ ਇਸ ਦਾ ਖਰਚਾ ਵਧ ਜਾਣਾ ਸੀ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਕੰਪਨੀ ਦੀ ਵਿੱਤੀ ਸਿਹਤ ’ਤੇ ਪਿਛਲੇ ਕੁਝ ਸਮੇਂ ਤੋਂ ਸਵਾਲੀਆ ਨਿਸ਼ਾਨ ਲੱਗਾ ਹੋਇਆ ਸੀ ਅਤੇ ਇਸ ਦੇ ਆਡਿਟ ਵੀ ਨਹੀਂ ਕੀਤੇ ਗਏ ਸਨ। ਅਸਲ ’ਚ ਹੁਣ ਨਰੇਸ਼ ਗੋਇਲ ਦੇ ਨਿੱਜੀ ਅਕਾਊਂਟਾਂ ਦੇ ਫਾਰੈਂਸਿਕ ਆਡਿਟ ਦੀ ਬਹੁਤ ਜ਼ੋਰਾਂ ਨਾਲ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਗੋਇਲ ਵਲੋਂ ਸਮਾਂ ਅਤੇ ਖਰੀਦਦਾਰ ਰਹਿੰਦਿਆਂ ਕੰਪਨੀ ਨੂੰ ਨਾ ਵੇਚਣ ਦਾ ਫੈਸਲਾ ਇਕ ਦੂਜਾ ਕਾਰਨ ਸੀ ਤੇ ਹੋਰ ਵੀ ਜ਼ਿਆਦਾ ਮਹੱਤਵਪੂਰਨ ਵੱਖ-ਵੱਖ ਬੈਂਕਾਂ ਵਲੋਂ (ਮੁੱਖ ਤੌਰ ’ਤੇ ਸਟੇਟ ਬੈਂਕ) ਕਰਜ਼ੇ ਦਿੱਤੇ ਜਾਣ ’ਤੇ ਸਵਾਲ ਉਠਾਏ ਜਾ ਰਹੇ ਹਨ ਕਿ ਆਖਿਰਕਾਰ ਇਕ ਘਾਟਾ ਉਠਾ ਰਹੀ ਕੰਪਨੀ ’ਤੇ ਕਿਉਂ ਅਤੇ ਕਿਸ ਤਰ੍ਹਾਂ ਕਰਜ਼ਿਆਂ ਦੀ ਬਰਸਾਤ ਹੁੰਦੀ ਰਹੀ, ਜਿਸ ਦੀ ਜਾਂਚ ਜ਼ਰੂਰੀ ਤੌਰ ’ਤੇ ਕੀਤੀ ਜਾਣੀ ਚਾਹੀਦੀ ਹੈ। ਜਹਾਜ਼ ਸੇਵਾਵਾਂ ਨੂੰ ਸਸਤੀ ਕੀਮਤ ’ਤੇ ਈਂਧਨ ਨਾ ਦੇਣ ਦੀ ਸਰਕਾਰੀ ਨੀਤੀ ਵੀ ਕਿਸੇ ਜਹਾਜ਼ ਸੇਵਾ ਦੇ ਜਿਊਂਦੇ ਰਹਿਣ ਦੇ ਰਸਤੇ ’ਚ ਵੱਡਾ ਅੜਿੱਕਾ ਹੈ, ਜਿੱਥੇ 1991 ’ਚ ਆਰਥਿਕ ਉਦਾਰੀਕਰਨ ਨੇ ਕਾਫੀ ਹੱਦ ਤਕ ਸਰਕਾਰੀ ਲਾਇਸੈਂਸ ਰਾਜ ਅਤੇ ਸਹਿਚਰ ਪੂੰਜੀਵਾਦ ਨੂੰ ਘੱਟ ਕਰ ਦਿੱਤਾ ਸੀ ਪਰ ਹੁਣ ਵੀ ਸਿਵਲ ਐਵੀਏਸ਼ਨ ’ਚ ਮੌਜੂਦ ਹੈ, ਜਿਸ ਦੀ ਉਦਾਹਰਣ ਸਰਕਾਰ ਦੀ ਮਾਲਕੀ ਵਾਲੀ ਜਹਾਜ਼ ਸੇਵਾ ਏਅਰ ਇੰਡੀਆ ਹੈ, ਜਿਸ ’ਚ ਨਾ ਤਾਂ ਘਾਟੇ ਦਾ ਡਰ ਹੈ (ਕਿਉਂਕਿ ਸਰਕਾਰ ਦੀ ਡੂੰਘੀ ਜੇਬ ਇਸ ਦੇ ਲਈ ਹਰਦਮ ਖੁੱਲ੍ਹੀ ਰਹਿੰਦੀ ਹੈ) ਅਤੇ ਸਾਰੇ ਸੈਕਟਰਾਂ ’ਚ ਇਸ ਨੂੰ ਉਡਾਣਾਂ ਦੀ ਇਜਾਜ਼ਤ ਹੈ। ਸੱਚਾਈ ਤਾਂ ਇਹ ਹੈ ਕਿ ਭਾਰਤੀ ਹਵਾਬਾਜ਼ੀ ਕਾਰੋਬਾਰ ਬੇਹੱਦ ਘੱਟ ਮੁਨਾਫੇ, ਜ਼ਿਆਦਾ ਟੈਕਸਾਂ, ਬੇਹੱਦ ਅਸਥਿਰ ਕੀਮਤ ਵਾਲੇ ਜਹਾਜ਼ ਦੇ ਈਂਧਨ ਅਤੇ ਤੇਜ਼ੀ ਨਾਲ ਵਧਦੀਆਂ ਇਨਫ੍ਰਾਸਟਰੱਕਚਰ ਕੀਮਤਾਂ ਦਾ ਸਾਹਮਣਾ ਕਰ ਰਿਹਾ ਹੈ।
ਮਾਹਿਰਾਂ ਦੀ ਮੰਨੀਏ ਤਾਂ ਇਹ ਮੁਨਾਫਾ ਰਹਿਤ ਵਿਕਾਸ ਹੈ, ਜਿਸ ’ਚ ਤਾਕਤਵਰ ਹੀ ਜ਼ਿੰਦਾ ਰਹਿ ਸਕਦਾ ਹੈ ਅਤੇ ਭਾਰਤੀ ਹਵਾਬਾਜ਼ੀ ਬਾਜ਼ਾਰ ਲਈ ਮਾਹੌਲ ਬੇਹੱਦ ਜ਼ਹਿਰੀਲਾ ਬਣ ਚੁੁੱਕਾ ਹੈ। ਹਵਾਈ ਅੱਡਿਆਂ ’ਤੇ ਯਾਤਰੀਆਂ ਦੀ ਵਧਦੀ ਗਿਣਤੀ ਦਾ ਭਾਰੀ ਦਬਾਅ ਹੈ ਅਤੇ ਕਰਮਚਾਰੀਆਂ ਦੀ ਕਮੀ ਵੀ ਹੈ। ਇੰਨਾ ਹੀ ਨਹੀਂ ਏਅਰ ਸੇਫਟੀ ਦੇ ਮਾਮਲੇ ’ਚ ਵੀ ਭਾਰਤ ਬਹੁਤ ਪਿੱਛੇ ਹੈ। ਜੈੱਟ ਏਅਰਵੇਜ਼ ਦੇ ਬੰਦ ਹੋਣ ਨਾਲ ਭਾਰਤੀ ਯਾਤਰੀ ਜਹਾਜ਼ਾਂ ’ਚ 20 ਫੀਸਦੀ ਦੀ ਅਚਾਨਕ ਕਮੀ ਨਾਲ ਕਿਰਾਏ ਵਧਣਗੇ। ਜੇਕਰ ਏਅਰਲਾਈਨਜ਼ ਹੋਰ ਜਹਾਜ਼ ਨਹੀਂ ਲਿਆ ਸਕੀ ਤਾਂ ਘਰੇਲੂ ਕਿਰਾਏ ਵਧਣ ਨਾਲ ਹਵਾਈ ਯਾਤਰੀਆਂ ਦੀ ਗਿਣਤੀ ਘੱਟ ਹੋਵੇਗੀ। ਭਾਰੀ ਭਰਕਮ ਏਅਰਪੋਰਟ ਟੈਕਸ ਸਾਰੀਆਂ ਸਰਕਾਰਾਂ ਦੀਆਂ ਪੁਰਾਣੀਆਂ ਨੀਤੀਆਂ ਦੇ ਕਾਰਨ ਵੱਖ-ਵੱਖ ਉਡਾਣ ਸੈਕਟਰਾਂ ਦੀ ਖੁੱਲ੍ਹੀ ਬੋਲੀ ਨਾ ਹੋਣਾ ਅਤੇ ਉਡਾਣ ਸੇਵਾਵਾਂ ਨੂੰ ਆਪਣੇ ਤੌਰ ’ਤੇ ਵਿਸਤਾਰ ਨਾ ਕਰਨ ਦੇਣਾ ਮੁਨਾਫੇ ’ਤੇ ਤਾਂ ਅਸਰ ਪਾਵੇਗਾ ਹੀ। ਵਿਦੇਸ਼ੀ ਨਿਵੇਸ਼ਕ ਵੀ ਨਿਵੇਸ਼ ਤੋਂ ਕਤਰਾਉਣਗੇ ਅਤੇ ਜੇਕਰ ਅਜਿਹੀਆਂ ਤ੍ਰਾਸਦੀਆਂ ਦੇ ਮੁੜ ਦੁਹਰਾਅ ਤੋਂ ਬਚਣਾ ਹੈ ਤਾਂ ਭਾਰਤੀ ਹਵਾਬਾਜ਼ੀ ਖੇਤਰ ’ਚ ਕੁਝ ਵੱਡੇ ਸੁਧਾਰ ਲਿਆਉਣਾ ਬੇਹੱਦ ਜ਼ਰੂਰੀ ਹੋ ਗਿਆ ਹੈ।