ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠਲੀ ਤਿੰਨ-ਮੈਂਬਰੀ ਚੋਣ ਕਮੇਟੀ ਨੇ ਸ੍ਰੀ ਆਲੋਕ ਵਰਮਾ ਨੂੰ ਕੇਂਦਰੀ ਜਾਂਚ ਬਿਊਰੋ (CBI – ਸੀਬੀਆਈ) ਦੇ ਡਾਇਰੈਕਟਰ ਦੇ ਅਹੁਦੇ ਤੋਂ ਲਾਂਭੇ ਕਰਨ ਦਾ ਫ਼ੈਸਲਾ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਲੋਕ ਸਭਾ `ਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਕਾਂਗਰਸ ਦੇ ਆਗੂ ਮਲਿਕਾਰਜੁਨ ਖੜਗੇ ਅਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਨੁਮਾਇੰਦੇ ਜਸਟਿਸ ਅਰਜਨ ਕੁਮਾਰ ਸੀਕਰੀ ਦੀ ਇੱਥੇ ਮੀਟਿੰਗ ਹੋਈ, ਜਿਸ ਵਿੱਚ ਸ੍ਰੀ ਵਰਮਾ ਨੂੰ ਡਾਇਰੈਕਟਰ ਦੇ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਲਿਆ ਗਿਆ। ਇਹ ਫ਼ੈਸਲਾ 2:1 ਦੇ ਬਹੁਮੱਤ ਦੇ ਆਧਾਰ `ਤੇ ਲਿਆ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਤੇ ਜਸਟਿਸ ਸੀਕਰੀ ਜਿੱਥੇ ਆਲੋਕ ਵਰਮਾ ਨੂੰ ਅਹੁਦੇ ਤੋਂ ਲਾਂਭੇ ਕਰਨ ਦੇ ਹੱਕ ਵਿੱਚ ਸਨ, ਉੱਥੇ ਸ੍ਰੀ ਖੜਗੇ ਨੇ ਇਸ ਦਾ ਵਿਰੋਧ ਕੀਤਾ ਸੀ ਤੇ ਇੰਝ ਬਹੁਮੱਤ ਦੇ ਫ਼ੈਸਲੇ ਦੇ ਆਧਾਰ `ਤੇ ਸ੍ਰੀ ਵਰਮਾ ਨੂੰ ਹਟਾਉਣ ਦਾ ਫ਼ੈਸਲਾ ਲਿਆ ਗਿਆ। ਆਲੋਕ ਵਰਮਾ ਦੀ ਥਾਂ ਅੰਤ੍ਰਿਮ ਡਾਇਰੇਕਟਰ ਰਹੇ ਐੱਮ. ਨਾਗੇਸ਼ਵਰ ਰਾਓ ਨੂੰ ਮੁੜ ਅੰਤ੍ਰਿਮ ਡਾਇਰੈਕਟਰ ਬਣਾਇਆ ਗਿਆ ਹੈ। ਆਲੋਕ ਵਰਮਾ ਨੂੰ ਫ਼ਾਇਰ ਸਰਵਿਸੇਜ਼ ਦਾ ਡੀ.ਜੀ. ਬਣਾਇਆ ਗਿਆ ਹੈ।
ਸ੍ਰੀ ਆਲੋਕ ਵਰਮਾ ਦੀ ਪਟੀਸ਼ਨ ਦੀ ਸੁਣਵਾਈ ਕਰਨ ਵਾਲੇ ਡਿਵੀਜ਼ਨ ਬੈਂਚ ਵਿੱਚ ਚੀਫ਼ ਜਸਟਿਸ ਰੰਜਨ ਗੋਗੋਈ ਵੀ ਸ਼ਾਮਲ ਸਨ; ਜਿਸ ਨੇ ਪਰਸੋਂ ਮੰਗਲਵਾਰ ਨੂੰ ਸ੍ਰੀ ਵਰਮਾ ਨੂੰ ਡਾਇਰੈਕਟਰ ਦੇ ਅਹੁਦੇ `ਤੇ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਸ ਲਈ ਚੋਣ ਕਮੇਟੀ `ਚ ਉਹ ਖ਼ੁਦ ਸ਼ਾਮਲ ਨਹੀਂ ਹੋਏ ਸਲ ਤੇ ਉਨ੍ਹਾਂ ਜਸਟਿਸ ਸੀਕਰੀ ਨੂੰ ਆਪਣਾ ਨੁਮਾਇੰਦਾ ਬਣਾ ਕੇ ਭੇਜਿਆ ਸੀ।
ਇਹ ਖ਼ਬਰ ਅਜਿਹੇ ਵੇਲੇ ਆਈ ਹੈ, ਜਦੋਂ ਕੁਝ ਦੇਰ ਪਹਿਲਾਂ ਹੀ ਅੱਜ ਸੀਬੀਆਈ ਸੂਤਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਸ੍ਰੀ ਆਲੋਕ ਵਰਮਾ ਨੇ ਵੀਰਵਾਰ ਨੂੰ ਪੰਜ ਵੱਡੇ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਸੀਬੀਆਈ ਦੇ ਅੰਦਰ ਇਹ ਵਿਵਾਦ ਪਿਛਲੇ ਲਗਭਗ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ। ਸਰਕਾਰ ਨੇ ਲਗਭਗ ਦੋ ਮਹੀਨੇ ਪਹਿਲਾਂ ਸ੍ਰੀ ਵਰਮਾ ਨੂੰ ਜਬਰੀ ਛੁੱਟੀ `ਤੇ ਭੇਜ ਦਿੱਤਾ ਸੀ।































