ਖਹਿਰਾ ਜਾਂ ਮਾਨ, ਬ੍ਰਹਮਪੁਰਾ ਕਿਸਦਾ ਦੇਣਗੇ ਸਾਥ..?

0
573

ਅੰਮ੍ਰਿਤਸਰ: ਪੰਜਾਬ ਵਿੱਚ ਸਿਆਸੀ ਗੱਠਜੋੜ ਹੋਣ ਦੀਆਂ ਸੰਭਾਵਨਾ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸੂਬੇ ਵਿੱਚ ਸਿਆਸੀ ਧਿਰਾਂ ਇਕ ਦੂਜੇ ਨਾਲ ਗੱਠਜੋੜ ਕਰਨ ਤੋਂ ਪਹਿਲਾਂ ਫੂਕ ਫੂਕ ਕੇ ਪੈਰ ਰੱਖ ਰਹੀਆਂ ਹਨ ਹਾਲ ਹੀ ਵਿੱਚ ਹੋਂਦ ਵਿੱਚ ਆਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਨਾਲ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੀਤੀ ਰਾਤ ਮੁਲਾਕਾਤ ਕੀਤੀ।

ਖ਼ਾਸ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਇਹ ਮੁਲਾਕਾਤ ਹਾਂ ਪੱਖੀ ਮਾਹੌਲ ਵਿੱਚ ਹੋਈ ਅਤੇ ਇਸ ਦੇ ਹਾਂ ਪੱਖੀ ਨਤੀਜੇ ਨਿਕਲਣ ਦੀ ਉਮੀਦ ਹੈ। ਬ੍ਰਹਮਪੁਰਾ ਨੇ ਆਖਿਆ ਕਿ ਹਾਲੇ ਸਿਰਫ 2019 ਦੀਆਂ ਚੋਣਾਂ ਸਬੰਧੀ ਹੀ ਗੱਲ ਹੋਈ ਹੈ ਇਸ ਤੋਂ ਇਲਾਵਾ ਹੋਰ ਕੋਈ ਗੱਲਬਾਤ ਨਹੀਂ ਹੋਈ ਅਤੇ ਭਵਿੱਖ ਦੀਆਂ ਮੀਟਿੰਗਾਂ ਦੇ ਵਿੱਚ ਇਸ ਦੇ ਨਤੀਜੇ ਨਿਕਲਣ ਦੀ ਸੰਭਾਵਨਾ ਹੈ।

ਟਕਸਾਲੀ ਆਗੂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੂਬੇ ਵਿੱਚ ਤੀਜਾ ਗੱਠਜੋੜ ਬਣੇ ਜੋ ਅਕਾਲੀ ਦਲ ਅਤੇ ਕਾਂਗਰਸ ਦਾ ਬਦਲ ਹੋਵੇ ਅਤੇ ਇਹ ਹੀ ਪੰਜਾਬ ਦੇ ਲੋਕ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਨੇ ਉਨ੍ਹਾਂ ਦੀ ਕੇਜਰੀਵਾਲ ਦੇ ਨਾਲ ਗੱਲ ਨਹੀਂ ਕਰਵਾਈ। ਸੁਖਪਾਲ ਸਿੰਘ ਖਹਿਰਾ ਨਾਲ ਚੱਲ ਰਹੀ ਗੱਲਬਾਤ ਤੇ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਤਾਂ ਚੱਲ ਰਹੀ ਹੈ ਪਰ ਅੰਤਿਮ ਫ਼ੈਸਲਾ ਸਾਰਿਆਂ ਦੇ ਨਾਲ ਸਲਾਹ ਕਰਕੇ ਹੀ ਲਿਆ ਜਾਵੇਗਾ।

ਬ੍ਰਹਮਪੁਰਾ ਨੇ ਕਿਹਾ ਕਿ ਲੋਕ ਕਾਂਗਰਸ ਤੋਂ ਵੀ ਔਖੇ ਹਨ ਅਤੇ ਅਕਾਲੀ ਦਲ ਦੀਆਂ ਪਰਿਵਾਰਵਾਦ ਦੀਆਂ ਨੀਤੀਆਂ ਤੋਂ ਵੀ ਔਖੇ ਹਨ ਅਤੇ ਹਾਲੇ ਅਸੀਂ ਫੈਸਲਾ ਲੈਣਾ ਹੈ ਕਿ ਕੀ ਕਰਨਾ ਹੈ। ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੇ ਪੱਤੇ ਪੂਰੀ ਤਰ੍ਹਾਂ ਨਹੀਂ ਖੋਲ੍ਹੇ ਅਤੇ ਕਈ ਸਵਾਲਾਂ ਦਾ ਜਵਾਬ ਗੋਲਮੋਲ ਦਿੱਤਾ ਕਿ ਉਹ ਨਿੱਜੀ ਤੌਰ ‘ਤੇ ਭਗਵੰਤ ਮਾਨ ਨਾਲ ਜਾਣਾ ਚਾਹੁੰਦੇ ਹਨ ਜਾਂ ਸੁਖਪਾਲ ਸਿੰਘ ਖਹਿਰਾ ਦਾ ਸਾਥ ਦੇਣਗੇ।

ਪੰਜਾਬ ਦੇ ਵਿੱਚ ਅਕਾਲੀ ਦਲ ਦੁਬਾਰਾ ਪੈਰਾਂ ਸਿਰ ਨਹੀਂ ਹੋ ਸਕਦਾ ਅਤੇ ਨਾ ਹੀ ਇਸ ਦੀ ਕੋਈ ਸੰਭਾਵਨਾ ਹੈ ਬ੍ਰਹਮਪੁਰਾ ਨੇ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਗੁਰਦਾਸਪੁਰ ‘ਚ ਕੀਤੀ ਗਈ। ਰੈਲੀ ਨਾਲ ਸਿੱਖ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਮਨਸ਼ਾ ਸੀ ਇਸ ਦਾ ਅਕਾਲੀ ਦਲ ਨੂੰ ਕੋਈ ਵੀ ਫਾਇਦਾ ਨਹੀਂ ਮਿਲੇਗਾ। ਨਾਲ ਹੀ ਕਿਹਾ ਕਿ ਕੇਂਦਰ ਵੱਲੋਂ ਜਨਰਲ ਵਰਗ ਨੂੰ ਦਿੱਤੇ ਜਾਣ ਵਾਲੇ ਰਾਖਵੇਂਕਰਨ ਨੂੰ ਬ੍ਰਹਮਪੁਰਾ ਨੇ ਚੋਣ ਸਟੰਟ ਕਰਾਰ ਦਿੱਤਾ।