ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਚਐਸ ਫੂਲਕਾ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਅਸਤੀਫੇ ਦਾ ਫੈਸਲਾ ਵਾਪਸ ਲੈਣ ਦੀ ਗੱਲ ਕਹੀ। ਇਸ ’ਤੇ ਫੂਲਕਾ ਨੇ ਕਿਹਾ ਕਿ ਉਹ ਆਪਣੇ ਅਸਤੀਫੇ ਦੇ ਫੈਸਲੇ ’ਤੇ ਪੱਕੇ ਹਨ ਤੇ ਚਾਰ ਦਿਨਾਂ ਬਾਅਦ ਦਰਬਾਰ ਸਾਹਿਬ ਜਾ ਕੇ ਇਸ ਸਬੰਧੀ ਆਪਣਾ ਫੈਸਲਾ ਸੁਣਾਉਣਗੇ।
ਫੂਲਕਾ ਨੇ ਇਲਜ਼ਾਮ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਸਿੱਟ ਨੂੰ ਜੋ ਐਫਆਈਆਰ ਭੇਜੀ ਗਈ ਹੈ, ਉਸ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਂ ਸ਼ਾਮਲ ਨਹੀਂ ਕੀਤੇ ਗਏ। ਇਸ ਤੋਂ ਸਾਫ ਜ਼ਾਹਰ ਹੈ ਕਿ ਇਹ ਐਫਆਈਆਰ ਰਣਜੀਤ ਸਿੰਘ ਕਮਿਸ਼ਨ ਨੂੰ ਜ਼ੀਰੋ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਸਰਕਾਰ ਬਾਦਲਾਂ ਸਣੇ ਸਾਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਵੀ ਅਣਪਛਾਤੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਹੁਣ ਵੀ 7-8-2018 ਨੂੰ ਜੋ ਐਫਆਈਆਰ ਨੰਬਰ 129 ਦਰਜ ਕੀਤੀ ਗਈ ਹੈ, ਉਸ ਵਿੱਚ ਵੀ ਅਣਪਛਾਤੇ ਪੁਲਿਸ ਮੁਲਾਜ਼ਮਾਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਫੂਲਕਾ ਨੇ ਕਿਹਾ ਕਿ ਚਾਹੇ ਕੋਈ ਪਾਰਟੀ ਉਨ੍ਹਾਂ ਨਾਲ ਨਹੀਂ ਖੜ੍ਹੀ ਪਰ ਵਾਹਿਗੁਰੂ ਉਨ੍ਹਾਂ ਨਾਲ ਖੜ੍ਹਾ ਹੈ। ਯਾਦ ਰਹੇ ਫੂਲਕਾ ਨੇ ਬੇਅਦਬੀ ਕਾਂਡ ਬਾਰੇ ਕਾਰਵਾਈ ਨਾ ਹੋਣ ‘ਤੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਆਪਸ ਵਿੱਚ ਹੀ ਲੜ ਰਹੇ ਹਨ ਜਦਕਿ ਉਨ੍ਹਾਂ ਨੂੰ ਬਰਗਾੜੀ ਮਾਮਲੇ ਸਬੰਧੀ ਇੱਕਜੁਟ ਹੋਣਾ ਚਾਹੀਦਾ ਹੈ।