ਨਵੀਂ ਦਿੱਲੀ: ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਦੇ ਵਰਕਰਾਂ ਨੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ’ਤੇ ਕਾਨੂੰਨ ਦੇ ਰਾਜ ਨੂੰ ਫੇਲ੍ਹ ਕਰਨ ਦਾ ਇਲਜ਼ਾਮ ਲਾਉਂਦਿਆਂ ਉਨ੍ਹਾਂ ਖ਼ਿਲਾਫ਼ ਦੇਸ਼ ਦੇ ਕਈ ਥਾਣਿਆਂ ਵਿੱਚ ਸ਼ਿਕਾਇਤ ਦਰਜ ਕਰਾਈ ਹੈ। ਹਾਲਾਂਕਿ ਬੀਜੇਪੀ ਦੀ ਨੌਜਵਾਨ ਇਕਾਈ ਭਾਜਯੁਮੋ ਨੇ ਸ਼ਾਹ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਕਰਨ ਨੂੰ ਮੂਰਖਤਾ ਦੱਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਤੇ ਇਸ ਦੀਆਂ ਸ਼ਾਖਾਵਾਂ ਕੋਲ ਮੁੱਦਿਆਂ ਦੀ ਕੰਗਾਲੀ ਹੈ।
ਅਖਿਲ ਭਾਰਤੀ ਕਾਂਗਰਸ ਕਮੇਟੀ ਦੀ ਸੰਯੁਕਤ ਸਕੱਤਰ ਤੇ ਐਨਐਸਯੂਆਈ ਦੀ ਇੰਚਾਰਜ ਰੁਚੀ ਗੁਪਤਾ ਨੇ ਕਿਹਾ ਕਿ 28 ਸੂਬਿਆਂ ਦੇ 100 ਜ਼ਿਲ੍ਹਿਆਂ ਵਿੱਚ ਅਮਿਤ ਸ਼ਾਹ ਖ਼ਿਲਾਫ਼ ਸ਼ਿਕਾਇਤ ਦਰਜ ਕਰਾਈ ਗਈ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਮਾਮਲਿਆਂ ਵਿੱਚ ਸ਼ਾਹ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਹਨ ਤੇ ਉਨ੍ਹਾਂ ਆਪਣੀ ਤਾਕਤ ਦਾ ਦੁਰਉਪਯੋਗ ਕਰਦਿਆਂ ਕਾਨੂੰਨ ਦੇ ਰਾਜ ਨੂੰ ਫੇਲ੍ਹ ਕੀਤਾ ਹੈ। ਸ਼ਿਕਾਇਤ ਦਰਜ ਕਰਾਉਣ ਪੁੱਜੇ ਐਨਐਸਯੂਆਈ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ਾਹ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਉੱਧਰ ਭਾਰਤੀ ਜਨਤਾ ਯੁਵਾ ਮੋਰਚਾ ਦੇ ਮੀਡੀਆ ਇੰਚਾਰਜ ਸ਼ਿਵਮ ਛਾਬੜਾ ਨੇ ਕਿਹਾ ਕਿ ਕਾਂਗਰਸ ਕੋਲ ਬੀਜੇਪੀ ਖ਼ਿਲਾਫ਼ ਕੋਈ ਸਿਆਸੀ ਮੁੱਦਾ ਨਹੀਂ ਹੈ। ਇਸੇ ਲਈ ਉਹ ਏਦਾਂ ਦੇ ਹਾਸੋਹੀਣੇ ਤੇ ਬੇਹੁਦਰੇ ਕਦਮ ਚੁੱਕ ਰਹੀ ਹੈ।