ਪਟਨਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 4 ਸਾਲ ਪੂਰੇ ਹੋਣ ’ਤੇ ਉਨ੍ਹਾਂ ਨੂੰ ਆਪਣਿਆਂ ਨੇ ਖ਼ੂਬ ਵਧਾਈਆਂ ਦਿੱਤੀਆਂ ਜਿਨ੍ਹਾਂ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਸ਼ਾਮਲ ਹਨ। ਕਦੀ ਨੋਟਬੰਦੀ ਦੀ ਹਮਾਇਤ ਕਰਨ ਵਾਲੇ ਨਿਤਿਸ਼ ਨੇ ਪੀਐਮ ਨੂੰ ਵਧਾਈ ਤਾਂ ਜ਼ਰੂਰ ਦਿੱਤੀ ਪਰ ਉਨ੍ਹਾਂ ਦੀ ਵਧਾਈ ਦੇ ਟਵੀਟ ਤੇ ਉਸ ਤੋਂ ਕੁਝ ਮਿੰਟ ਪਹਿਲਾਂ ਬੈਂਕ ਮੁਲਾਜ਼ਮਾਂ ਸਬੰਧੀ ਉਨ੍ਹਾਂ ਦੇ ਬਿਆਨ ਨੇ ਗਠਜੋੜ ਦੇ ਰਿਸ਼ਤਿਆਂ ’ਤੇ ਸਵਾਲੀਆ ਚਿੰਨ੍ਹ ਖੜ੍ਹੇ ਕਰ ਦਿੱਤੇ ਹਨ। ਨਿਤਿਸ਼ ਕੁਮਾਰ ਦੇ ਇਸ ਬਿਆਨ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਦਾ ਸਾਥ ਦੇਣ ਬਾਰੇ ਉਨ੍ਹਾਂ ਦਾ ਮਨ ਬਦਲ ਗਿਆ ਜਾਪਦਾ ਹੈ।
ਸੀਐਮ ਨਿਤਿਸ਼ ਨੇ ਪੀਐਮ ਨੂੰ ਕੀਤੇ ਟਵੀਟ ’ਚ ਵਧਾਈ ਦਿੰਦਿਆਂ ਕੁਝ ਅਜਿਹਾ ਲਿਖਿਆ ਜਿਸ ਤੋਂ ਗਠਜੋੜ ਵਿੱਚ ਸਭ ਕੁਝ ਠੀਕ ਨਾ ਹੋਣ ਵਾਲੀ ਚੁਗਲੀ ਨਜ਼ਰ ਆਉਂਦੀ ਹੈ।
ਨੋਟਬੰਦੀ ’ਤੇ ਨਿਤਿਸ਼ ਕੁਮਾਰ ਦਾ ਕਰਾਰਾ ਵਾਰ : ਕਦੀ ਨੋਟਬੰਦੀ ਦੀ ਪੁਰਜ਼ੋਰ ਹਮਾਇਤ ਕਰਨ ਵਾਲੇ ਨਿਤਿਸ਼ ਕੁਮਾਰ ਨੇ ਇਸ ਨੂੰ ਨਾਕਾਮਯਾਬ ਉਪਰਾਲਾ ਦੱਸਿਆ, ਹਾਲਾਂਕਿ ਇਸ ਦੀ ਅਸਫ਼ਲਤਾ ਲਈ ਉਨ੍ਹਾਂ ਬੈਂਕਾਂ ਨੂੰ ਜ਼ਿੰਮੇਦਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਉਹ ਨੋਟਬੰਦੀ ਦੇ ਸਮਰਥਕ ਸੀ ਪਰ ਇਸ ਨਾਲ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ ਉਲਟਾ ਕੁਝ ਲੋਕ ਆਪਣਾ ਪੈਸਾ ਇੱਕ ਥਾਂ ਤੋਂ ਦੂਜੀ ਥਾਂ ਲੈ ਜਾ ਕੇ ਸੁਰੱਖਿਅਤ ਕਰਨ ਵਿੱਚ ਸਫ਼ਲ ਰਹੇ। ਉਨ੍ਹਾਂ ਬੈਂਕਾਂ ਦੀ ਵੀ ਝਾੜਝੰਬ ਕੀਤੀ ਤੇ ਇਸ ਸਬੰਧੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਬੈਂਕ ਸਿਸਟਮ ਵਿੱਚ ਸੁਧਾਰ ਦੀ ਲੋੜ ਹੈ।
ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਬਿਹਾਰ ਨੂੰ ਤਦ ਤਕ ਨਿਜੀ ਨਿਵੇਸ਼ ਨਹੀਂ ਮਿਲੇਗਾ, ਜਦ ਤਕ ਇਸ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਨਹੀਂ ਦਿੱਤਾ ਜਾਂਦਾ।