ਬਰਨਾਲਾ: ਜ਼ਿਲ੍ਹੇ ਦੇ ਕਸਬਾ ਭਦੌੜ ਦੇ ਇੱਕ ਪਰਵਾਸੀ ਭਾਰਤੀ ਜੋੜੇ ਨੂੰ ਦਿੱਲੀ ਏਅਰਪੋਰਟ ਵੱਲ ਜਾਂਦਿਆਂ ਲੱਖਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਗਿਆ। ਜੋੜੇ ਨੇ ਢਾਬੇ ‘ਤੇ ਚਾਹ ਲਈ ਗੱਡੀ ਰੋਕੀ ਸੀ। ਉਨ੍ਹਾਂ ਦੀ ਕਾਰ ਵਿੱਚੋਂ ਤਕਰੀਬਨ 10 ਲੱਖ ਰੁਪਏ ਤੋਂ ਵੱਧ ਦਾ ਕੀਮਤੀ ਸਾਮਾਨ ਚੋਰੀ ਹੋ ਗਿਆ।
ਭਦੌੜ ਦੇ ਪ੍ਰਵਾਸੀ ਭਾਰਤੀ ਅਮਨਦੀਪ ਸ਼ਰਮਾ ਤੇ ਅਰੁਨਦੀਪ ਇੱਕ ਮਹੀਨੇ ਬਾਅਦ ਵਾਪਸ ਅਮਰੀਕਾ ਚੱਲੇ ਸਨ। ਰਸਤੇ ਵਿੱਚ ਉਨ੍ਹਾਂ ਰੋਹਤਕ ਕੋਲ ਮੰਨਤ ਢਾਬੇ ‘ਤੇ ਚਾਹ ਪੀਣ ਲਈ ਆਪਣੀ ਕਾਰ ਰੋਕੀ ਸੀ। ਉਹ ਹਾਲੇ ਢਾਬੇ ਅੰਦਰ ਜਾ ਹੀ ਰਹੇ ਸਨ ਕਿ ਹੋਰ ਗੱਡੀ ਵਾਲਿਆਂ ਨੇ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਟੁੱਟੇ ਹੋਣ ਬਾਰੇ ਦੱਸਿਆ।
ਉਹ ਫੌਰਨ ਕਾਰ ਕੋਲ ਗਏ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਦੇ ਜਾਂਦੇ ਹੀ ਮੋਟਰਸਾਈਕਲ ‘ਤੇ ਲੁਟੇਰੇ ਆਏ ਤੇ ਕਾਰ ਵਿੱਚੋਂ ਬੈਗ ਚੋਰੀ ਕਰ ਕੇ ਲੈ ਗਏ ਜਿਸ ਵਿੱਚ 5800 ਅਮਰੀਕੀ ਡਾਲਰ, 22 ਤੋਲੇ ਸੋਨੇ ਦੇ ਗਹਿਣੇ (ਇਨ੍ਹਾਂ ਵਿੱਚ ਇੱਕ ਸੋਨੇ ਦਾ ਕੁੰਦਨ ਸੈੱਟ, ਦੋ ਹੀਰੇ ਦੀਆਂ ਮੁੰਦਰੀਆਂ, ਚਾਰ ਸੋਨੇ ਦੀਆਂ ਮੁੰਦਰੀਆਂ), ਦੋਵਾਂ ਜੀਆਂ ਦੇ ਪਾਸਪੋਰਟ, ਅਮਰੀਕਾ ਦਾ ਨਰਸਿੰਗ ਕਾਰਡ, ਕ੍ਰੈਡਿਟ ਕਾਰਡ, ਟਿਕਟ ਤੇ ਜ਼ਰੂਰੀ ਕਾਗ਼ਜ਼ਾਤ ਵੀ ਸ਼ਾਮਲ ਸਨ।
ਪੀੜਤ ਅਮਨਦੀਪ ਸ਼ਰਮਾ ਮੁਤਾਬਕ ਉਨ੍ਹਾਂ ਦਾ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਸੀਸੀਟੀਵੀ ਵਿੱਚ ਕੈਦ ਹੋ ਗਏ ਹਨ, ਪਰ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ। ਥਾਣਾ ਸਾਂਪਲਾ ਦੇ ਮੁਖੀ ਰਾਜਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।