ਸਾਡੇ ਮੁਲਕ ਜਿੰਨੀ ਭੈੜੀ ਹਾਲਤ ਕਿਸੇ ਹੋਰ ਮੁਲਕ ਦੀ ਨਹੀਂ ਹੋਣੀ। ਇੱਥੇ ਅਜੀਬ ਤੋਂ ਅਜੀਬ ਸਵਾਲ ਪੈਦਾ ਹੋਏ ਹੁੰਦੇ ਹਨ। ਇੱਕ ਬੜਾ ਭਾਰੀ ਸਵਾਲ ਅਛੂਤ ਦਾ ਹੈ। ਸਵਾਲ ਇਹ ਕੀਤਾ ਜਾਂਦਾ ਹੈ ਕਿ 30 ਕਰੋੜ ਦੀ ਆਬਾਦੀ ਵਾਲੇ ਮੁਲਕ ਵਿੱਚ ਜੋ ਛੇ ਕਰੋੜ ਲੋਕ ਅਛੂਤ ਕਹਾਉਂਦੇ ਹਨ, ਉਨ੍ਹਾਂ ਨੂੰ ਛੂਹ ਲੈਣ ਨਾਲ ਧਰਮ ਭ੍ਰਿਸ਼ਟ ਤਾਂ ਨਹੀਂ ਹੋਵੇਗਾ? ਕੀ ਉਨ੍ਹਾਂ ਨੂੰ ਮੰਦਰਾਂ ਵਿੱਚ ਜਾਣ ਦੇਣ ਨਾਲ ਦੇਵਤੇ ਨਾਰਾਜ਼ ਤਾਂ ਨਹੀਂ ਹੋ ਜਾਣਗੇ? ਕੀ ਉਨ੍ਹਾਂ ਦੇ ਖੂਹ ਤੋਂ ਪਾਣੀ ਕੱਢ ਲੈਣ ਨਾਲ ਖੂਹ ਪਲੀਤ ਤਾਂ ਨਹੀਂ ਹੋ ਜਾਵੇਗਾ? ਇਹ ਸਵਾਲ ਵੀਹਵੀਂ ਸਦੀ ਵਿੱਚ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਸੁਣਦਿਆਂ ਹੀ ਸ਼ਰਮ ਆਉਂਦੀ ਹੈ।
ਸਾਡਾ ਮੁਲਕ ਬੜਾ ਅਧਿਆਤਮਵਾਦੀ ਯਾਨੀ ਰੂਹਾਨੀਅਤ ਪਸੰਦ ਹੈ, ਅਸੀਂ ਮਨੁੱਖ ਨੂੰ ਮਨੁੱਖ ਦਾ ਦਰਜਾ ਦੇਣੋਂ ਵੀ ਝਕਦੇ ਹਾਂ ਤੇ ਉਹ ਬਿਲਕੁਲ ਹੀ ਮਾਇਆਵਾਦੀ ਕਹਾਉਣ ਵਾਲਾ ਯੂਰੋਪ ਕਈ ਸਦੀਆਂ ਤੋਂ ਇਕਮਈ ਦਾ ਸ਼ੋਰ ਮਚਾ ਰਿਹਾ ਹੈ। ਉਨ੍ਹਾਂ ਬਰਾਬਰੀ ਦਾ ਐਲਾਨ ਅਮਰੀਕਾ ਅਤੇ ਫਰਾਂਸ ਦੇ ਇਨਕਲਾਬ ਵਿੱਚ ਹੀ ਕਰ ਦਿੱਤਾ ਸੀ। ਅੱਜ ਰੂਸ ਨੇ ਹੋਰ ਵੀ ਕਿਸੇ ਕਿਸਮ ਦਾ ਭਿੰਨ ਭੇਦ ਮਿਟਾਉਣ ਖ਼ਾਤਰ ਇੱਕ ਮਈ ਦੇ ਅਸੂਲ ’ਤੇ ਲੱਕ ਬੱਧਾ ਹੋਇਆ ਹੈ ਤੇ ਅਸੀਂ ਸਦਾ ਹੀ ਆਤਮਾ-ਪਰਮਾਤਮਾ ਦੇ ਰੋਣੇ ਰੋਣ ਵਾਲੇ ਅੱਜ ਵੀ ਇਸ ਗੱਲ ’ਤੇ ਜ਼ੋਰ ਨਾਲ ਬਹਿਸ ਕਰਕੇ ਕਿ ਕੀ ਅਛੂਤਾਂ ਨੂੰ ਜਨੇਊ ਦੇ ਦਿੱਤਾ ਜਾਵੇਗਾ, ਕੀ ਉਹ ਵੇਦ ਸ਼ਾਸਤਰ ਪੜ੍ਹਨ ਦੇ ਹੱਕਦਾਰ ਹਨ ਜਾਂ ਨਹੀਂ! ਇਸ ਨੂੰ ਨਾਮਨਜ਼ੂਰ ਕਰ ਦਿੰਦੇ ਹਾਂ। ਸਾਨੂੰ ਸ਼ਿਕਾਇਤ ਇਹ ਹੈ ਕਿ ਦੂਜੇ ਮੁਲਕਾਂ ਵਿੱਚ ਸਾਡੇ ਨਾਲ ਸਲੂਕ ਚੰਗਾ ਨਹੀਂ ਹੁੰਦਾ। ਗੋਰੇਸ਼ਾਹੀ ਵਿੱਚ ਸਾਨੂੰ ਗੋਰੇ ਦੇ ਬਰਾਬਰ ਨਹੀਂ ਸਮਝਿਆ ਜਾਂਦਾ। ਸਾਨੂੰ ਇਹ ਸ਼ਿਕਾਇਤ ਕਰਨ ਦਾ ਹੱਕ ਹੀ ਕੀ ਹੈ?
ਸਿੰਧ ਦੇ ਇੱਕ ਮੁਸਲਿਮ ਸੱਜਣ ਜਨਾਬ ਨੂਰ ਮੁਹੰਮਦ, ਮੈਂਬਰ, ਬੰਬਈ ਕੌਂਸਲ ਨੇ ਇਸ ਮਾਮਲੇ ’ਤੇ 1926 ਵਿੱਚ ਖ਼ੂਬ ਕਿਹਾ ਸੀ:
‘‘ਜਦੋਂ ਤੁਸੀਂ ਇੱਕ ਇਨਸਾਨ ਨੂੰ ਪੀਣ ਵਾਸਤੇ ਪਾਣੀ ਦੇਣ ਤੋਂ ਇਨਕਾਰੀ ਹੋ, ਜਾਂ ਜਦੋਂ ਤੁਸੀਂ ਉਨ੍ਹਾਂ ਨੂੰ ਮਦਰੱਸੇ ਵਿੱਚ ਪੜ੍ਹਨ ਵੀ ਨਹੀਂ ਦਿੰਦੇ, ਤਾਂ ਤੁਹਾਡਾ ਕੀ ਹੱਕ ਹੈ ਕਿ ਆਪਣੇ ਵਾਸਤੇ ਹੋਰ ਹਕੂਕ ਮੰਗੋ? ਜਦੋਂ ਤੁਸੀਂ ਇੱਕ ਇਨਸਾਨ ਦੇ ਮੁੱਢਲੇ ਅਧਿਕਾਰ ਦੇਣ ਤੋਂ ਵੀ ਇਨਕਾਰੀ ਹੋ ਤਾਂ ਤੁਸੀਂ ਹੋਰ ਸਿਆਸੀ ਹੱਕ ਮੰਗਣ ਦੇ ਹੱਕਦਾਰ ਕਿੱਥੋਂ ਬਣ ਗਏ?’’ ਗੱਲ ਬੜੀ ਸੱਚੀ ਹੈ, ਪਰ ਇਹ ਕਿਉਂਕਿ ਇੱਕ ਮੁਸਲਮਾਨ ਨੇ ਕਹੀ ਹੈ, ਇਸ ਲਈ ਹਿੰਦੂ ਕਹਿਣ ਲੱਗ ਪੈਂਦੇ ਹਨ, ਦੇਖੋ ਜੀ, ਉਹ ਉਨ੍ਹਾਂ ਅਛੂਤਾਂ ਨੂੰ ਮੁਸਲਮਾਨ ਬਣਾ ਕੇ ਆਪਣੇ ਵਿੱਚ ਰਲਾਉਣਾ ਚਾਹੁੰਦੇ ਹਨ। ਉਨ੍ਹਾਂ ਤਾਂ ਸਾਫ਼ ਮੰਨ ਲਿਆ ਹੈ ਕਿ ਜਦੋਂ ਤੁਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਪਸ਼ੂਆਂ ਨਾਲੋਂ ਵੀ ਗਿਆ ਗੁਜ਼ਰਿਆ ਸਮਝੋਗੇ ਤਾਂ ਉਹ ਜ਼ਰੂਰ ਹੀ ਦੂਜੇ ਮਜ਼ਹਬਾਂ ਵਿੱਚ ਜਾ ਸ਼ਾਮਿਲ ਹੋਣਗੇ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਵਧੇਰੇ ਅਧਿਕਾਰ ਮਿਲਣਗੇ, ਜਿੱਥੇ ਉਨ੍ਹਾਂ ਨਾਲ ਮਨੁੱਖਾਂ ਵਾਲਾ ਸਲੂਕ ਕੀਤਾ ਜਾਵੇਗਾ। ਫਿਰ ਇਹ ਕਹਿਣਾ ਕਿ ਦੇਖੋ ਜੀ ਇਸਾਈ ਤੇ ਮੁਸਲਮਾਨ ਹਿੰਦੂ ਕੌਮ ਨੂੰ ਨੁਕਸਾਨ ਪਹੁੰਚਾ ਰਹੇ ਹਨ, ਫਜ਼ੂਲ ਹੋਵੇਗਾ।
ਕਿੰਨੀ ਸੱਚੀ ਗੱਲ ਹੈ, ਪਰ ਇਹ ਸੁਣ ਕੇ ਸਾਰੇ ਤੜਪ ਉੱਠਦੇ ਹਨ। ਖ਼ੈਰ! ਠੀਕ ਇਸੇ ਗੱਲ ਦਾ ਫ਼ਿਕਰ ਹਿੰਦੂਆਂ ਨੂੰ ਵੀ ਪਿਆ। ਸਨਾਤਨੀ ਪੰਡਿਤ ਵੀ ਥੋਡ਼੍ਹਾ ਬਹੁਤ ਇਸ ਮਸਲੇ ’ਤੇ ਸੋਚਣ ਲੱਗੇ। ਵਿੱਚ-ਵਿੱਚ ਬੜੇ ‘ਯੁੱਗ ਪਲਟਾਊ’ ਕਹਾਉਣ ਵਾਲੇ ਵੀ ਸ਼ਾਮਿਲ ਹੋਏ। ਪਟਨਾ ਵਿਖੇ ਹਿੰਦੂ ਮਹਾਂਸਭਾ ਹੋਈ। ਲਾਲਾ ਲਾਜਪਤ ਰਾਏ, ਜਿਹੜੇ ਅਛੂਤਾਂ ਦੇ ਬੜੇ ਪੁਰਾਣੇ ਹਾਮੀ ਚਲੇ ਆਉਂਦੇ ਹਨ, ਪ੍ਰਧਾਨ ਸਨ। ਬੜੀ ਬਹਿਸ ਛਿੜੀ, ਗਰਮਾ-ਗਰਮ ਝੜਪਾਂ ਹੋਈਆਂ। ਮਾਮਲਾ ਇਹ ਦਰਪੇਸ਼ ਸੀ ਕਿ ਅਛੂਤਾਂ ਨੂੰ ਯਗੋ-ਪਵੀਤ (ਜਨੇਊ) ਪਾਉਣ ਦਾ ਹੱਕ ਹੈ ਤੇ ਕੀ ਉਨ੍ਹਾਂ ਨੂੰ ਵੇਦ ਸ਼ਾਸਤਰ ਪੜ੍ਹਨ ਦਾ ਹੱਕ ਹੈ? ਵੱਡੇ ਵੱਡੇ ਸਮਾਜ ਸੁਧਾਰਕ ਗਰਮ ਹੋ ਗਏ, ਪਰ ਲਾਲਾ ਜੀ ਨੇ ਸਭ ਨੂੰ ਸਮਝਾ ਲਿਆ, ਤੇ ਇਹ ਦੋਵੇਂ ਗੱਲਾਂ ਮਨਜ਼ੂਰ ਕਰ ਕੇ ਹਿੰਦੂ ਧਰਮ ਦੀ ਲਾਜ ਰੱਖ ਲਈ। ਨਹੀਂ ਤਾਂ ਕਿੱਥੇ ਟਿਕਾਣਾ ਸੀ। ਜ਼ਰਾ ਸੋਚੋ ਤਾਂ ਸਹੀ ਕਿੰਨੀ ਸ਼ਰਮ ਦੀ ਗੱਲ ਹੈ। ਕੁੱਤਾ ਸਾਡੀ ਗੋਦ ਵਿੱਚ ਬੈਠ ਸਕਦਾ ਹੈ, ਸਾਡੇ ਚੌਕੇ ਵਿੱਚ ਨਿਸ਼ੰਗ ਫਿਰਦਾ ਹੈ, ਪਰ ਇੱਕ ਆਦਮੀ ਸਾਡੇ ਨਾਲ ਛੂਹ ਜਾਵੇ ਤਾਂ ਬੱਸ ਧਰਮ ਭ੍ਰਿਸ਼ਟ ਹੋ ਜਾਂਦਾ ਹੈ, ਫਿਰ ਤਾਂ ਪੰਡਿਤ ਮਾਲਵੀਆ ਜੀ ਵਰਗੇ ਵੱਡੇ ਸਮਾਜ ਸੁਧਾਰਕ, ਅਛੂਤਾਂ ਦੇ ਬੜੇ ਪ੍ਰੇਮੀ ਤੇ ਹੋਰ ਵੀ ਨਾ ਜਾਣੇ ਕੀ-ਕੀ, ਪਹਿਲੋਂ ਇੱਕ ‘ਅਛੂਤ’ ਦੇ ਹੱਥੋਂ ਹਾਰ ਪੁਆ ਲੈਂਦੇ ਹਨ, ਪਿੱਛੋਂ ਕੱਪੜਿਆਂ ਸਮੇਤ ਇਸ਼ਨਾਨ ਕੀਤੇ ਬਿਨਾਂ ਆਪਣੇ ਆਪ ਨੂੰ ਅਸ਼ੁੱਧ ਸਮਝਦੇ ਹਨ। ਕਿਆ ਖ਼ੂਬ ਚਾਲ ਹੈ! ਸਭ ਨੂੰ ਪਿਆਰ ਕਰਨ ਵਾਲਾ ਰੱਬ! ਉਸ ਦੀ ਪੂਜਾ ਕਰਨ ਵਾਸਤੇ ਜੋ ਮੰਦਰ ਬਣਿਆ ਹੈ, ਉੱਥੇ ਜੇ ਉਹ ਗ਼ਰੀਬ ਜਾ ਵੜੇ ਤਾਂ ਮੰਦਰ ਪਲੀਤ ਹੋ ਜਾਂਦਾ ਹੈ, ਰੱਬ ਨਾਰਾਜ਼ ਹੋ ਜਾਂਦਾ ਹੈ। ਘਰ ਦੀ ਇਹ ਹਾਲਤ ਹੋਵੇ ਤੇ ਬਾਹਰ ਅਸੀਂ ਬਰਾਬਰੀ ਦੇ ਨਾਮ ’ਤੇ ਝਗੜਦੇ ਚੰਗੇ ਲੱਗਦੇ ਹਾਂ? ਫਿਰ ਸਾਡੇ ਇਸ ਰਵੱਈਏ ਵਿੱਚ ਅਕ੍ਰਿਤਘਣਤਾ ਦੀ ਵੀ ਹੱਦ ਪਾਈ ਜਾਂਦੀ ਹੈ। ਜੋ ਸਾਡੇ ਵਾਸਤੇ ਨੀਚ ਤੋਂ ਨੀਚ ਕੰਮ ਕਰਕੇ ਸਾਡੇ ਸੁੱਖਾਂ ਵਿੱਚ ਵਾਧਾ ਕਰਦੇ ਹਨ, ਉਨ੍ਹਾਂ ਨੂੰ ਹੀ ਅਸੀਂ ਪਰ੍ਹੇ-ਪਰ੍ਹੇ ਕਰਦੇ ਹਾਂ। ਜਾਨਵਰਾਂ ਦੀ ਪੂਜਾ ਕਰ ਸਕਦੇ ਹਾਂ, ਪਰ ਇਨਸਾਨ ਨੂੰ ਕੋਲ ਵੀ ਨਹੀਂ ਬਿਠਾ ਸਕਦੇ?
Malwinderjit Singh Waraichਅੱਜ ਇਸ ਸਵਾਲ ’ਤੇ ਬਹੁਤ ਸ਼ੋਰ ਹੋ ਰਿਹਾ ਹੈ। ਉਨ੍ਹਾਂ ਵਿਚਾਰਿਆਂ ਵੱਲ ਅੱਜਕੱਲ੍ਹ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਮੁਲਕ ਵਿੱਚ ਆਜ਼ਾਦੀ ਦਾ ਜੋ ਵਿਕਾਸ ਹੋ ਰਿਹਾ ਹੈ, ਉਸ ਵਿੱਚ ਫ਼ਿਰਕਾਵਾਰਾਨਾ ਨਿਆਬੁਤ ਨੇ ਹੋਰ ਕੋਈ ਫਾਇਦਾ ਕੀਤਾ ਹੋਵੇ ਜਾਂ ਨਾ, ਇਹ ਫਾਇਦਾ ਜ਼ਰੂਰ ਕੀਤਾ ਹੈ ਕਿ ਵਧੀਕ ਹਕੂਕ ਮੰਗਣ ਵਾਸਤੇ ਆਪਣੀ ਕੌਮ ਦੀ ਗਿਣਤੀ ਵਧਾਉਣ ਦਾ ਫ਼ਿਕਰ ਸਭਨਾਂ ਨੂੰ ਪਿਆ। ਮੁਸਲਮਾਨਾਂ ਨੇ ਜ਼ਰਾ ਵਧੇਰੇ ਜ਼ੋਰ ਦਿੱਤਾ। ਉਨ੍ਹਾਂ ਅਛੂਤਾਂ ਨੂੰ ਮੁਸਲਮਾਨ ਬਣਾ-ਬਣਾ ਕੇ ਆਪਣੇ ਬਰਾਬਰ ਦਾ ਇਨਸਾਨ ਬਣਾ ਕੇ ਉਨ੍ਹਾਂ ਨੂੰ ਆਦਮੀ ਦੇ ਹਕੂਕ ਦੇਣੇ ਸ਼ੁਰੂ ਕਰ ਦਿੱਤੇ। ਹੁਣ ਹਿੰਦੂਆਂ ਨੂੰ ਵੀ ਸੱਟ ਵੱਜੀ। ਜ਼ਿੱਦ ਵਧੀ। ਫਸਾਦ ਵੀ ਹੋਏ। ਖ਼ੈਰ! ਹੌਲੀ ਹੌਲੀ ਸਿੱਖਾਂ ਵਿੱਚ ਵੀ ਖ਼ਿਆਲ ਪੈਦਾ ਹੋਇਆ ਕਿ ਅਸੀਂ ਨਾ ਪਿੱਛੇ ਰਹਿ ਜਾਈਏ। ਉਨ੍ਹਾਂ ਵੀ ਅੰਮ੍ਰਿਤ ਛਕਾਉਣਾ ਸ਼ੁਰੂ ਕਰ ਦਿੱਤਾ। ਹਿੰਦੂਆਂ ਸਿੱਖਾਂ ਵਿੱਚ ਅਛੂਤਾਂ ਦੇ ਜਨੇਊ ਲਾਹੁਣ ਜਾਂ ਕੇਸ ਕਟਾਉਣ ਦੇ ਸਵਾਲਾਂ ’ਤੇ ਝਗੜੇ ਹੋਏ। ਹੁਣ ਤਿੰਨੇ ਕੌਮਾਂ ਉਨ੍ਹਾਂ ਨੂੰ ਆਪੋ ਆਪਣੇ ਵੱਲ ਖਿੱਚ ਰਹੀਆਂ ਹਨ ਤੇ ਬੜਾ ਸ਼ੋਰ ਸ਼ਰਾਬਾ ਹੈ। ਉਧਰ ਇਸਾਈ ਚੁੱਪਚਾਪ ਉਨ੍ਹਾਂ ਦਾ ਰੁਤਬਾ ਵਧਾ ਰਹੇ ਹਨ। ਇਸ ਸਾਰੀ ਹਲਚਲ ਨਾਲ ਹਿੰਦੋਸਤਾਨ ਦੀ ਲਾਅਨਤ ਦੂਰ ਹੋ ਰਹੀ ਹੈ।
ਇਧਰ ਜਦ ਅਛੂਤਾਂ ਦੇਖਿਆ ਕਿ ਸਾਡੀ ਖਾਤਰ ਇਨ੍ਹਾਂ ਵਿੱਚ ਫਸਾਦ ਹੋ ਰਿਹਾ ਹੈ ਅਤੇ ਸਾਨੂੰ ਹਰ ਕੋਈ ਆਪੋ ਆਪਣੀ ਖੁਰਾਕ ਸਮਝ ਰਿਹਾ ਹੈ ਤਾਂ ਅਸੀਂ ਜੁਦਾ ਹੀ ਕਿਉਂ ਨਾ ਸੰਗਠਿਤ ਹੋਈਏ। ਇਸ ਖ਼ਿਆਲ ਨੂੰ ਸ਼ੁਰੂ ਕਰਨ ਵਿੱਚ ਬ੍ਰਿਟਿਸ਼ ਸਰਕਾਰ ਦਾ ਕੋਈ ਹੱਥ ਹੋਵੇ ਜਾਂ ਨਾ, ਪਰ ਇੰਨਾ ਜ਼ਰੂਰ ਹੈ ਕਿ ਉਸ ਦੇ ਪ੍ਰਚਾਰ ਵਿੱਚ ਸਰਕਾਰੀ ਆਦਮੀਆਂ ਦਾ ਵੀ ਕਾਫ਼ੀ ਹੱਥ ਸੀ। ਆਦਿਧਰਮ ਮੰਡਲ ਆਦਿ ਉਸੇ ਵਿਚਾਰ ਦੇ ਪ੍ਰਚਾਰ ਦਾ ਨਤੀਜਾ ਹਨ।
ਹੁਣ ਇੱਕ ਸਵਾਲ ਹੋਰ ਉੱਠਦਾ ਹੈ ਕਿ ਇਸ ਮਸਲੇ ਦਾ ਠੀਕ ਠੀਕ ਹੱਲ ਕੀ ਹੈ? ਇਸ ਦਾ ਜਵਾਬ ਬੜਾ ਸਹਿਲ ਹੈ। ਸਭ ਤੋਂ ਪਹਿਲੋਂ ਇਹ ਫ਼ੈਸਲਾ ਕਰ ਲੈਣਾ ਚਾਹੀਦਾ ਹੈ ਕਿ ਸਭ ਇਨਸਾਨ ਇੱਕੋ ਜਿਹੇ ਹਨ ਅਤੇ ਨਾ ਤਾਂ ਜਨਮ ਨਾਲ ਕੋਈ ਭਿੰਨ ਭੇਦ ਪੈਂਦਾ ਹੈ ਤੇ ਨਾ ਕੰਮਕਾਜ ਨਾਲ। ਯਾਨੀ ਚੂੰਕਿ ਇੱਕ ਆਦਮੀ ਗ਼ਰੀਬ ਭੰਗੀ ਦੇ ਘਰ ਪੈਦਾ ਹੋ ਗਿਆ ਹੈ, ਇਸ ਕਰਕੇ ਸਾਰੀ ਉਮਰ ਟੱਟੀਆਂ ਹੀ ਸਾਫ਼ ਕਰੇਗਾ ਤੇ ਦੁਨੀਆਂ ਵਿੱਚ ਕਿਸੇ ਕਿਸਮ ਦੀ ਤਰੱਕੀ ਦਾ ਉਸ ਨੂੰ ਕੋਈ ਹੱਕ ਨਹੀਂ। ਇਹ ਗੱਲਾਂ ਫਜ਼ੂਲ ਹਨ। ਇਨ੍ਹਾਂ ਵਰਗੇ ਆਦਮੀਆਂ ਨਾਲ ਜਦੋਂ ਸਾਡੇ ਬਜ਼ੁਰਗ ਆਰੀਅਨ ਲੋਕਾਂ ਨੇ ਇਹ ਜ਼ੁਲਮ ਕੀਤਾ ਅਤੇ ਉਨ੍ਹਾਂ ਨੂੰ ਨੀਚ ਕਹਿ ਕੇ ਪਰ੍ਹੇ ਕਰ ਦਿੱਤਾ ਅਤੇ ਉਨ੍ਹਾਂ ਤੋਂ ਨੀਚ ਕੰਮ ਕਰਾਉਣ ਲੱਗ ਪਏ ਅਤੇ ਨਾਲ ਹੀ ਇਹ ਵੀ ਫ਼ਿਕਰ ਪਿਆ ਕਿ ਬਗ਼ਾਵਤ ਨਾ ਕਰ ਦੇਣ, ਤਦੋਂ ਪੁਨਰ ਜਨਮ ਦੇ ਫਲਸਫ਼ੇ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਹ ਤੁਹਾਡੇ ਪੁਰਾਣੇ ਜਨਮ ਦੇ ਪਾਪਾਂ ਦਾ ਫਲ ਹੈ। ਕੀ ਹੋ ਸਕਦਾ ਹੈ? ਚੁੱਪ ਕਰਕੇ ਗੁਜ਼ਾਰਾ ਕਰੋ। ਇਸ ਤਰ੍ਹਾਂ ਸਬਰ ਦਾ ਸਬਕ ਪੜ੍ਹਾ ਕੇ ਉਹ ਲੋਕੀਂ ਇਨ੍ਹਾਂ ਨੂੰ ਚਿਰ ਵਾਸਤੇ ਚੁੱਪ ਕਰਾ ਗਏ, ਪਰ ਉਨ੍ਹਾਂ ਬੜਾ ਪਾਪ ਕੀਤਾ। ਇਨਸਾਨਾਂ ਅੰਦਰੋਂ ਇਨਸਾਨੀਅਤ ਦਾ ਮਾਦਾ, ਆਤਮ-ਵਿਸ਼ਵਾਸ ਅਤੇ ਆਤਮ-ਨਿਰਭਰਤਾ ਦਾ ਭਾਵ ਮਾਰ ਸੁੱਟਿਆ, ਬੜਾ ਜ਼ੁਲਮ ਤੇ ਕਹਿਰ ਕਮਾਇਆ। ਖ਼ੈਰ! ਅੱਜ ਉਸ ਦੇ ਪ੍ਰਾਸ਼ਚਿਤ ਦਾ ਵੇਲਾ ਹੈ। ਇਸ ਦੇ ਨਾਲ ਹੀ ਇੱਕ ਹੋਰ ਖ਼ਰਾਬੀ ਪੈਦਾ ਹੋ ਗਈ। ਲੋਕਾਂ ਦੇ ਦਿਲਾਂ ਵਿੱਚ ਜ਼ਰੂਰੀ ਕੰਮਾਂ ਵਾਸਤੇ ਘ੍ਰਿਣਾ ਪੈਦਾ ਹੋ ਗਈ। ਅਸੀਂ ਜੁਲਾਹੇ ਨੂੰ ਵੀ ਪਰ੍ਹੇ ਦੁਰਕਾਰ ਦਿੱਤਾ ਤੇ ਅੱਜ ਕਪੜਾ ਬੁਣਨ ਵਾਲੇ ਅਛੂਤ ਸਮਝੇ ਜਾਂਦੇ ਹਨ। ਯੂ.ਪੀ. ਵੱਲ ਕਹਾਰ (ਝੀਰ) ਨੂੰ ਵੀ ਅਛੂਤ ਸਮਝਿਆ ਜਾਂਦਾ ਹੈ। ਇਸ ਨਾਲ ਬੜੀ ਖਰਾਬੀ ਪੈਦਾ ਹੋ ਗਈ ਜਿਸ ਨਾਲ ਸਾਡੀ ਤਰੱਕੀ ਵਿੱਚ ਬੜੀ ਰੁਕਾਵਟ ਪੈਂਦੀ ਹੈ।
ਇਨ੍ਹਾਂ ਗੱਲਾਂ ਨੂੰ ਸਾਹਮਣੇ ਰੱਖਦਿਆਂ ਅਸੀਂ ਅਗਾਂਹ ਵਧੀਏ। ਇਨ੍ਹਾਂ ਨੂੰ ਅਛੂਤ ਨਾ ਕਹੀਏ ਤੇ ਨਾ ਸਮਝੀਏ। ਬਸ ਮਾਮਲਾ ਸਾਫ਼ ਹੋ ਜਾਂਦਾ ਹੈ। ਨੌਜਵਾਨ ਭਾਰਤ ਸਭਾ ਅਤੇ ਨੌਜਵਾਨ ਕਾਨਫਰੰਸ ਨੇ ਜੋ ਤਰੀਕਾ ਅਖ਼ਤਿਆਰ ਕੀਤਾ ਹੈ, ਉਹ ਡਾਢਾ ਸੁੰਦਰ ਹੈ। ਜਿਨ੍ਹਾਂ ਭਰਾਵਾਂ ਨੂੰ ਅੱਜ ਤੀਕ ਅਛੂਤ ਅਛੂਤ ਕਿਹਾ ਕਰਦੇ ਸਾਂ ਉਨ੍ਹਾਂ ਕੋਲੋਂ ਆਪਣੇ ਇਸ ਪਾਪ ਵਾਸਤੇ ਖ਼ਿਮਾ ਮੰਗਣੀ ਅਤੇ ਉਨ੍ਹਾਂ ਨੂੰ ਆਪਣੇ ਵਰਗਾ ਆਦਮੀ ਸਮਝਣਾ, ਬਿਨਾਂ ਅੰਮ੍ਰਿਤ ਛਕਾਇਆਂ, ਕਲਮਾ ਪੜ੍ਹਾਇਆਂ ਜਾਂ ਸ਼ੁੱਧ ਕੀਤਿਆਂ ਹੀ ਉਸ ਨੂੰ ਆਪਣੇ ਵਿੱਚ ਰਲਾ ਲੈਣਾ, ਉਸ ਦੇ ਹੱਥ ਦਾ ਪਾਣੀ ਪੀਣਾ ਇਹੋ ਠੀਕ ਤਰੀਕਾ ਹੈ ਤੇ ਆਪੋ ਵਿੱਚ ਖਿੱਚਾ-ਧੂਹੀ ਕਰਨੀ ਤੇ ਅਮਲ ਵਿੱਚ ਕੋਈ ਵੀ ਹੱਕ ਨਾ ਦੇਣਾ ਠੀਕ ਗੱਲ ਨਹੀਂ ਹੈ। ਜਦੋਂ ਪਿੰਡਾਂ ਵਿੱਚ ਕਿਰਤੀ ਪ੍ਰਚਾਰ ਸ਼ੁਰੂ ਹੋਇਆ ਉਦੋਂ ਜੱਟਾਂ ਨੂੰ ਸਰਕਾਰੀ ਆਦਮੀ ਇਹ ਗੱਲ ਸਮਝਾ ਕੇ ਭੜਕਾਉਂਦੇ ਸਨ ਕਿ ਦੇਖੋ ਇਹ … ਨੂੰ ਸਿਰ ’ਤੇ ਚੜ੍ਹਾ ਰਹੇ ਹਨ ਅਤੇ ਤੁਹਾਡਾ ਕੰਮ ਬੰਦ ਕਰਾਉਂਦੇ ਹਨ। ਬੱਸ ਜੱਟ ਇੰਨੇ ਵਿੱਚ ਹੀ ਭੂਤਰ ਪਏ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਦੀ ਹਾਲਤ ਉਨਾ ਚਿਰ ਨਹੀਂ ਸੁਧਰ ਸਕਦੀ ਜਿੰਨਾ ਚਿਰ ਉਹ ਇਨ੍ਹਾਂ ਗ਼ਰੀਬਾਂ ਨੂੰ ਕਮੀਣ ਅਤੇ ਨੀਚ ਕਹਿ ਕੇ ਆਪਣੇ ਪੈਰਾਂ ਹੇਠ ਦੱਬੀ ਰੱਖਣਾ ਚਾਹੁੰਦੇ ਹਨ। ਕਿਹਾ ਜਾਂਦਾ ਹੈ ਕਿ ਉਹ ਸਾਫ਼ ਨਹੀਂ ਰਹਿੰਦੇ? ਇਸ ਦਾ ਜਵਾਬ ਸਾਫ਼ ਹੈ, ਉਹ ਗ਼ਰੀਬ ਹਨ। ਗ਼ਰੀਬੀ ਦਾ ਇਲਾਜ ਕਰੋ। ਉੱਚੀਆਂ ਉੱਚੀਆਂ ਕੁਲਾਂ ਦੇ ਗ਼ਰੀਬ ਲੋਕੀਂ ਕੋਈ ਘੱਟ ਗੰਦੇ ਨਹੀਂ ਹੁੰਦੇ। ਗੰਦਾ ਕੰਮ ਕਰਨ ਦਾ ਬਹਾਨਾ ਵੀ ਨਹੀਂ ਲੱਗ ਸਕਦਾ। ਮਾਵਾਂ ਬੱਚਿਆਂ ਦਾ ਗੰਦ ਸਾਫ਼ ਕਰਨ ਨਾਲ ਅਛੂਤ ਨਹੀਂ ਹੋ ਜਾਂਦੀਆਂ।
ਪਰ ਇਹ ਕੰਮ ਉਨਾ ਚਿਰ ਨਹੀਂ ਹੋ ਸਕਦਾ, ਜਿੰਨਾ ਚਿਰ ਅਛੂਤ ਕੌਮਾਂ ਆਪਣੇ ਆਪ ਨੂੰ ਸੰਗਠਿਤ ਨਾ ਕਰ ਲੈਣ। ਅਸੀਂ ਤਾਂ ਸਮਝਦੇ ਹਾਂ ਕਿ ਉਨ੍ਹਾਂ ਦਾ ਆਪਣੇ ਆਪ ਨੂੰ ਵੱਖਰਾ ਜਥੇਬੰਦ ਕਰਨਾ ਤੇ ਮੁਸਲਮਾਨਾਂ ਦੇ ਬਰਾਬਰ ਗਿਣਤੀ ਵਿੱਚ ਹੋਣ ਕਰਕੇ ਉਨ੍ਹਾਂ ਦੇ ਬਰਾਬਰ ਹਕੂਕ ਮੰਗਣਾ ਬੜੀ ਆਸ਼ਾਜਨਕ ਤਹਿਰੀਕ ਹੈ। ਜਾਂ ਤਾਂ ਫ਼ਿਰਕਾਵਾਰਾਨਾ ਨਿਆਬੁਤ ਦਾ ਟੰਟਾ ਹੀ ਮੁਕਾਓ, ਨਹੀਂ ਤਾਂ ਉਨ੍ਹਾਂ ਦੇ ਵੱਖਰੇ ਹਕੂਕ ਉਨ੍ਹਾਂ ਨੂੰ ਦੇਵੋ। ਕੌਂਸਲਾਂ ਤੇ ਅਸੈਂਬਲੀਆਂ ਦਾ ਫ਼ਰਜ਼ ਹੈ ਕਿ ਸਕੂਲ, ਕਾਲਜ, ਖੂਹ ਤੇ ਸੜਕਾਂ ਦੇ ਇਸਤੇਮਾਲ ਦੀ ਪੂਰੀ ਆਜ਼ਾਦੀ ਇਨ੍ਹਾਂ ਨੂੰ ਦਿਵਾਉਣ। ਜ਼ੁਬਾਨੀ ਹੀ ਨਹੀਂ ਸਗੋਂ ਨਾਲ ਲਿਜਾ ਕੇ ਉਨ੍ਹਾਂ ਨੂੰ ਖੂਹਾਂ ’ਤੇ ਚੜ੍ਹਾਉਣ, ਨਾਲ ਲਿਜਾ ਕੇ ਉਨ੍ਹਾਂ ਦੇ ਮੁੰਡਿਆਂ ਨੂੰ ਮਦਰੱਸਿਆਂ ਵਿੱਚ ਭਰਤੀ ਕਰਾਉਣ। ਪਰ ਜਿਸ ਲੈਜਿਸਲੇਟਿਵ ਅਸੈਂਬਲੀ ਵਿੱਚ ਛੋਟੀ ਉਮਰ ਦੇ ਵਿਆਹ ਵਿਰੁੱਧ ਪੇਸ਼ ਕੀਤੇ ਗਏ ਬਿੱਲ ’ਤੇ ਮਜ਼ਹਬ ਦੇ ਬਹਾਨੇ ਲੈ ਕੇ ਹਾਏ ਤੌਬਾ ਮਚਾ ਦਿੱਤੀ ਜਾਂਦੀ ਹੈ, ਉੱਥੇ ਅਛੂਤਾਂ ਨੂੰ ਨਾਲ ਰਲਾਉਣ ਦੀ ਹਿੰਮਤ ਉਹ ਕਿਸ ਤਰ੍ਹਾਂ ਕਰ ਸਕਦੇ ਹਨ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਉਨ੍ਹਾਂ ਦੇ ਆਪਣੇ ਨੁਮਾਇੰਦੇ ਕਿਉਂ ਨਾ ਹੋਣ? ਉਹ ਆਪਣੀ ਵੱਖਰੀ ਤਾਦਾਦ ਕਿਉਂ ਨਾ ਮੰਗਣ? ਅਸੀਂ ਤਾਂ ਸਾਫ਼ ਕਹਿੰਦੇ ਹਾਂ ਕਿ ਉੱਠੋ! ਅਛੂਤ ਕਹਾਉਣ ਵਾਲੇ ਅਸਲੀ ਸੇਵਕੋ ਤੇ ਵੀਰੋ ਉੱਠੋ! ਆਪਣਾ ਇਤਿਹਾਸ ਦੇਖੋ! ਗੁਰੂ ਗੋਬਿੰਦ ਸਿੰਘ ਦੀ ਫ਼ੌਜ ਦੀ ਅਸਲੀ ਤਾਕਤ ਤੁਹਾਡੀ ਸੀ। ਸ਼ਿਵਾਜੀ ਤੁਹਾਡੇ ਆਸਰੇ ਹੀ ਇਹ ਸਭ ਕੁਝ ਕਰ ਸਕਿਆ ਜਿਸ ਨਾਲ ਅੱਜ ਉਸ ਦਾ ਨਾਂ ਜ਼ਿੰਦਾ ਹੈ। ਤੁਹਾਡੀਆਂ ਕੁਰਬਾਨੀਆਂ ਸੋਨੇ ਦੇ ਅੱਖਰਾਂ ਵਿੱਚ ਲਿਖੀਆਂ ਹੋਈਆਂ ਹਨ। ਤੁਸੀਂ ਜੋ ਨਿੱਤ ਸੇਵਾ ਕਰਕੇ ਕੌਮ ਦੇ ਸੁਖ ਵਿੱਚ ਵਾਧਾ ਕਰਕੇ ਅਤੇ ਜ਼ਿੰਦਗੀ ਮੁਮਕਿਨ ਬਣਾ ਕੇ ਬੜਾ ਭਾਰੀ ਅਹਿਸਾਨ ਕਰ ਰਹੇ ਹੋ, ਉਸ ਨੂੰ ਅਸੀਂ ਲੋਕੀਂ ਨਹੀਂ ਸਮਝਦੇ। ਇੰਤਰਾਲੇ ਅਰਾਜ਼ੀ ਐਕਟ (Land Alienation Act) ਮੁਤਾਬਿਕ ਤੁਸੀਂ ਪੈਸੇ ਇਕੱਠੇ ਕਰਕੇ ਵੀ ਜ਼ਮੀਨ ਨਹੀਂ ਖਰੀਦ ਸਕਦੇ। ਤੁਹਾਡੇ ’ਤੇ ਇੰਨਾ ਜ਼ੁਲਮ ਹੋ ਰਿਹਾ ਹੈ ਕਿ ਅਮਰੀਕਾ ਦੀ ਮਿਸ ਮੇਓ ਤੁਹਾਨੂੰ ਮਨੁੱਖਾਂ ਨਾਲੋਂ ਬਹੁਤ ਹੇਠਾਂ (Less than men) ਕਹਿੰਦੀ ਹੈ। ਉੱਠੋ! ਆਪਣੀ ਤਾਕਤ ਪਛਾਣੋ। ਜਥੇਬੰਦ ਹੋ ਜਾਓ। ਅਸਲ ਵਿੱਚ ਤਾਂ ਤੁਹਾਡੇ ਆਪਣੇ ਯਤਨ ਕੀਤੇ ਬਿਨਾਂ ਤੁਹਾਨੂੰ ਕੁਝ ਵੀ ਨਹੀਂ ਮਿਲ ਸਕੇਗਾ। ਆਜ਼ਾਦੀ ਦੀ ਖ਼ਾਤਰ ਆਜ਼ਾਦੀ ਚਾਹੁਣ ਵਾਲਿਆਂ ਨੂੰ ਯਤਨ ਕਰਨਾ ਚਾਹੀਦਾ ਹੈ। ਮਨੁੱਖ ਦੀ ਹੌਲੀ ਹੌਲੀ ਅਜਿਹੀ ਆਦਤ ਹੋ ਗਈ ਹੈ ਕਿ ਆਪਣੇ ਵਾਸਤੇ ਤਾਂ ਉਹ ਹੱਕ ਮੰਗਣਾ ਚਾਹੁੰਦਾ ਹੈ, ਪਰ ਜਿਨ੍ਹਾਂ ’ਤੇ ਉਸ ਦਾ ਆਪਣਾ ਦਬਦਬਾ ਹੋਵੇ, ਉਨ੍ਹਾਂ ਨੂੰ ਉਹ ਪੈਰਾਂ ਥੱਲੇ ਹੀ ਰੱਖਣਾ ਚਾਹੁੰਦਾ ਹੈ। ਇਸ ਕਰਕੇ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਿਆ ਕਰਦੇ। ਜਥੇਬੰਦ ਹੋ ਕੇ ਆਪਣੇ ਪੈਰਾਂ ’ਤੇ ਖਲੋ ਕੇ ਸਾਰੇ ਸਮਾਜ ਨੂੰ ਚੁਣੌਤੀ ਦੇ ਦਿਓ। ਦੇਖੋ ਫਿਰ ਕੌਣ ਤੁਹਾਡੇ ਹੱਕ ਦੇਣ ਤੋਂ ਇਨਕਾਰ ਕਰਨ ਦੀ ਜੁਰੱਅਤ ਕਰ ਸਕੇਗਾ। ਤੁਸੀਂ ਲੋਕਾਂ ਦੀ ਖੁਰਾਕ ਨਾ ਬਣੋ। ਦੂਜਿਆਂ ਦੇ ਮੂੰਹ ਵੱਲ ਨਾ ਤੱਕੋ। ਪਰ ਖ਼ਿਆਲ ਰੱਖਣਾ, ਨੌਕਰਸ਼ਾਹੀ ਦੇ ਝਾਂਸੇ ਵਿੱਚ ਵੀ ਨਾ ਆਉਣਾ। ਇਹ ਤੁਹਾਡੀ ਮਦਦ ਨਹੀਂ ਕਰਨਾ ਚਾਹੁੰਦੀ ਸਗੋਂ ਤੁਹਾਨੂੰ ਆਪਣਾ ਹਥਿਆਰ ਬਣਾਉਣਾ ਚਾਹੁੰਦੀ ਹੈ। ਇਹ ਸਰਮਾਏਦਾਰ ਨੌਕਰਸ਼ਾਹੀ ਤੁਹਾਡੀ ਗੁਲਾਮੀ ਤੇ ਗ਼ਰੀਬੀ ਦਾ ਮੁੱਖ ਕਾਰਨ ਹੈ। ਇਸ ਕਰਕੇ ਉਸ ਨਾਲ ਤੁਸੀਂ ਨਾ ਮਿਲਣਾ। ਉਸ ਦੀਆਂ ਚਾਲਾਂ ਕੋਲੋਂ ਬਚਣਾ। ਬਸ ਫਿਰ ਕੰਮ ਬਣ ਜਾਵੇਗਾ। ਤੁਸੀਂ ਅਸਲੀ ਕਿਰਤੀ ਹੋ। ਕਿਰਤੀਓ ਜਥੇਬੰਦ ਹੋ ਜਾਓ। ਤੁਹਾਡਾ ਕੁਝ ਨੁਕਸਾਨ ਨਹੀਂ ਹੋਵੇਗਾ, ਸਿਰਫ਼ ਗੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣਗੀਆਂ। ਉੱਠੋ, ਮੌਜੂਦਾ ਨਿਜ਼ਾਮ ਦੇ ਵਿਰੁੱਧ ਬਗ਼ਾਵਤ ਖੜ੍ਹੀ ਕਰ ਦਿਓ। ਹੌਲੀ ਹੌਲੀ ਸੁਧਾਰਾਂ ਨਾਲ ਕੁਝ ਨਹੀਂ ਬਣ ਸਕਦਾ। ਸਮਾਜਿਕ ਅੰਦੋਲਨ ਕਰਕੇ ਇਨਕਲਾਬ ਪੈਦਾ ਕਰ ਦਿਓ ਅਤੇ ਸਿਆਸੀ ਤੇ ਆਰਥਿਕ ਇਨਕਲਾਬ ਵਾਸਤੇ ਕਮਰ ਕੱਸ ਲਵੋ। ਤੁਸੀਂ ਹੀ ਤਾਂ ਮੁਲਕ ਦੀ ਜੜ੍ਹ ਹੋ, ਅਸਲੀ ਤਾਕਤ ਹੋ। ਉੱਠੋ! ਸੁੱਤੇ ਹੋਏ ਸ਼ੇਰੋ, ਵਿਦਰੋਹੀਓ ਵਿਦਰੋਹ ਖੜ੍ਹਾ ਕਰ ਦਿਓ। – ਵਿਦਰੋਹੀ