ਕੌਰ ਸਿੰਘ ਦੀ ਮਦਦ ਲਈ ਅੱਗੇ ਆਏ ਸ਼ਾਹਰੁੱਖ ਖਾਨ

0
616

ਜਲੰਧਰ : 1982 ਦੀਆਂ ਏਸ਼ਿਆਈ ਖੇਡਾਂ ’ਚ ਸੋਨੇ ਦਾ ਤਮਗਾ ਜਿੱਤਣ ਵਾਲੇ ਕੌਰ ਸਿੰਘ ਦੀ ਮੱਦਦ ਲਈ ਬਾਲੀਵੁੱਡ ਸਟਾਰ ਸ਼ਾਹਰੁਖ਼ ਖ਼ਾਨ ਅੱਗੇ ਆਏ ਹਨ। ਉਨ੍ਹਾਂ ਕੌਰ ਸਿੰਘ ਦੇ ਇਲਾਜ ਲਈ ਪੰਜ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੌਰ ਸਿੰਘ ਨੂੰ ਬਿਮਾਰੀ ਦੇ ਇਲਾਜ ਲਈ 2 ਲੱਖ ਰੁਪਏ ਦੇਣ ਲਈ ਸੰਘਰਸ਼ ਕਰਨਾ ਪੈ ਰਿਹਾ ਸੀ। ਇਹ ਰਾਸ਼ੀ ਸ਼ਾਹਰੁਖ਼  ਦੇ ਕੋਲਕਾਤਾ ਨਾਈਟ ਰਾਈਡਰਸ  (ਕੇਕੇਆਰ)  ਫਾਊਂਡੇਸ਼ਨ ਰਾਹੀਂ ਭੇਜੀ ਗਈ ਹੈ। ਕੇਕੇਆਰ ਨੇ ਇਹ ਰਾਸ਼ੀ ਕੌਰ ਸਿੰਘ ਦੇ ਬੈਂਕ ਖਾਤੇ ਵਿੱਚ ਜਮਾਂ ਕਰਵਾ ਦਿੱਤੀ ਹੈ। ਸ਼ਾਹਰੁਖ਼ ਖ਼ਾਨ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਉਸ ਨੇ ਪਿਛਲੇ ਦਿਨੀਂ ਕੌਰ ਸਿੰਘ ਦੀ ਤਰਸਯੋਗ ਹਾਲਤ ਬਾਰੇ ਖ਼ਬਰਾਂ ਪੜ੍ਹੀਆਂ ਸਨ। ਇਸ ਮਗਰੋਂ ਉਨ੍ਹਾਂ ਭਾਵੁਕ ਹੋ ਕੇ ਮੱਦਦ ਕਰਨ ਦਾ ਫ਼ੈਸਲਾ ਕੀਤਾ। ਸ਼ਾਹਰੁਖ਼ ਨੇ ਕਿਹਾ ਕਿ ਖਿਡਾਰੀ ਦੇਸ਼ ਵਾਸੀਆਂ ਨੂੰ ਮਾਣ ਮਹਿਸੂਸ ਕਰਨ ਦੇ ਮੌਕੇ ਪ੍ਰਦਾਨ ਕਰਦੇ ਹਨ। ਇਸ ਲਈ ਸਮਾਜ ਦਾ ਫਰਜ਼ ਬਣਦਾ ਹੈ ਕਿ ਖਿਡਾਰੀਆਂ ਦੀ ਦੇਖਭਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਕੇਵਲ ਕ੍ਰਿਕਟ ’ਚ ਹੀ ਨਹੀਂ ਸਗੋਂ ਹੋਰ ਖੇਡਾਂ ’ਚ ਵੀ ਦਿਲਚਸਪੀ ਰਖਦੇ ਹਨ। ਸ਼ਾਹਰੁਖ਼ ਖ਼ਾਨ ਨੇ ਕੌਰ ਸਿੰਘ ਦੇ ਛੇਤੀ ਠੀਕ ਹੋਣ ਅਤੇ ਤੰਦਰੁਸਤ ਜੀਵਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਰ ਸਿੰਘ ਨੂੰ 2 ਲੱਖ ਰੁਪਏ ਅਤੇ ਬਾਕਸਿੰਗ ਫੈਡਰੇਸ਼ਨ ਆਫ਼ ਇੰਡੀਆ ਨੇ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਕੌਰ ਸਿੰਘ ਇਕਲੌਤਾ ਭਾਰਤੀ ਬਾਕਸਰ ਹੈ ਜਿਸ ਨੇ ਵਿਸ਼ਵ ਚੈਂਪੀਅਨ ਮੁਹੰਮਦ ਅਲੀ ਨਾਲ ਰਿੰਗ ’ਚ ਦੋ-ਦੋ ਹੱਥ ਕੀਤੇ ਸਨ।