ਯੂਟਿਊਬ ਤੋਂ ਕਮਾਉਣ ਵਾਲੇ ਵੀ ਹੁਣ ਟੈਕਸ ਦੇ ਦਾਇਰੇ ‘ਚ

0
248

ਸਾਨ ਫਰਾਂਸਿਸਕੋ (ਏਜੰਸੀ)-ਯੂਟਿਊਬ ‘ਤੇ ਵੀਡੀਓ ਬਣਾ ਕੇ ਪੈਸੇ ਕਮਾਉਣਾ ਵਾਲਿਆਂ ਲਈ ਇਕ ਬੁਰੀ ਖ਼ਬਰ ਹੈ | ਗੂਗਲ ਇਸ ਮਹੀਨੇ ਤੋਂ ਤੁਹਾਡੇ ਯੂਟਿਊਬ ਦੀ ਕਮਾਈ ‘ਤੇ 24 ਫ਼ੀਸਦੀ ਤੱਕ ਟੈਕਸ ਕੱਟ ਸਕਦਾ ਹੈ | ਇਹ ਨਵੀਂ ਨੀਤੀ ਅੱਜ ਤੋਂ ਅਮਰੀਕਾ ਤੋਂ ਬਾਹਰ ਦੇ ਕਨਟੈਂਟ ਕਿ੍ਏਟਰਾਂ ‘ਤੇ ਲਾਗੂ ਹੋ ਗਈ ਹੈ | ਅਮਰੀਕੀ ਟੈਕਸ ਕਾਨੂੰਨ ‘ਇੰਟਰਨਲ ਰੈਵੀਨਿਊ ਕੋਡ’ ਦੇ ਚੈਪਟਰ 3 ਦੇ ਅਧੀਨ, ਗੂਗਲ ਦੀ ਜ਼ਿੰਮੇਵਾਰੀ ਹੈ ਕਿ ਯੂਟਿਊਬ ‘ਤੇ ਅਮਰੀਕੀ ਦਰਸ਼ਕਾਂ ਤੋਂ ਕਮਾਈ ਕਰਨ ਵਾਲੇ ਕਨਟੈਂਟ ਕਿ੍ਏਟਰਾਂ ਤੋਂ ਟੈਕਸ ਦੀ ਜਾਣਕਾਰੀ ਇਕੱਤਰ ਕਰੇ | ਉਨ੍ਹਾਂ ਦੀ ਕਮਾਈ ਤੋਂ ਟੈਕਸ ਕੱਟੇ ਤੇ ਇੰਟਰਨਲ ਰੈਵੀਨਿਊ ਸਰਵਿਸ ਨੂੰ ਸੂਚਿਤ ਕਰੇ | ਇਸ ਲਈ ਜੇ ਕੋਈ ਕਿ੍ਏਟਰ ਅਮਰੀਕਾ ਤੋਂ ਬਾਹਰ ਦਾ ਹੈ ਅਤੇ ਉਹ ਅਮਰੀਕਾ ਦੇ ਦਰਸ਼ਕਾਂ ਤੋਂ ਕਮਾਈ ਕਰਦਾ ਹੈ, ਤਾਂ 1 ਜੂਨ 2021 ਤੋਂ, ਉਸ ਦੀ ਕਮਾਈ ‘ਤੇ ਟੈਕਸ ਦੀ ਕਟੌਤੀ ਸ਼ੁਰੂ ਹੋ ਜਾਵੇਗੀ | ਗੂਗਲ ਨੇ ਇਸ ਸਾਲ ਮਾਰਚ ‘ਚ ਇਸ ਨਵੀਂ ਨੀਤੀ ਦਾ ਐਲਾਨ ਕੀਤਾ ਸੀ | ਇਸ ਅਨੁਸਾਰ ਯੂਟਿਊਬ ਭਾਈਵਾਲੀ ਪ੍ਰੋਗਰਾਮ ‘ਚ ਸ਼ਾਮਿਲ ਸਾਰੇ ਕਨਟੈਂਟ ਕਿ੍ਏਟਰਾਂ ਨੂੰ 31 ਮਈ ਤੱਕ ਟੈਕਸ ਦੀ ਜਾਣਕਾਰੀ ਜਮ੍ਹਾਂ ਕਰਨੀ ਪਏਗੀ, ਚਾਹੇ ਉਹ ਦੁਨੀਆ ‘ਚ ਕਿਤੇ ਵੀ ਰਹਿੰਦੇ ਹਨ | ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਨਿਯਮ ਦਾ ਭਾਰਤੀ ਵੀਡੀਓ ‘ਚ ਅਮਰੀਕੀ ਦਰਸ਼ਕਾਂ ਦੀ ਘਾਟ ਕਾਰਨ ਭਾਰਤ ਦੇ ਕਿ੍ਏਟਰਾਂ ‘ਤੇ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ | ‘ਮਾਰਕੀਟਿੰਗ ਪਲੇਟਫ਼ਾਰਮ ਡੂ ਯੂਅਰ ਥਿੰਕ’ ਦੇ ਸੰਸਥਾਪਕ ਅੰਕਿਤ ਅਗਰਵਾਲ ਦਾ ਕਹਿਣਾ ਹੈ ਕਿ ਬਹੁਤੇ ਭਾਰਤੀ ਯੂਟਿਯੂਬਰ ਖੇਤਰੀ ਭਾਸ਼ਾਵਾਂ ‘ਚ ਸਮੱਗਰੀ ਤਿਆਰ ਕਰਦੇ ਹਨ | ਇਸੇ ਕਰਕੇ ਉਸ ਦੇ ਜ਼ਿਆਦਾਤਰ ਦਰਸ਼ਕ ਦੇਸ਼ ਦੇ ਅੰਦਰ ਹੀ ਹਨ | ਯੂਟਿਊਬ ਸਿਰਫ਼ ਉਨ੍ਹਾਂ ਕਮਾਈਆਂ ‘ਤੇ ਟੈਕਸ ਲਗਾ ਰਿਹਾ ਹੈ, ਜੋ ਅਮਰੀਕੀ ਦਰਸ਼ਕਾਂ ਤੋਂ ਆਉਂਦੀ ਹੈ | ਇਸ ਲਈ ਫ਼ਿਲਹਾਲ ਇਸ ਨਵੀਂ ਨੀਤੀ ਦਾ ਦੂਜੇ ਦੇਸ਼ਾਂ ਦੇ ਕਿ੍ਏਟਰਾਂ ‘ਤੇ ਕੋਈ ਵੱਡਾ ਪ੍ਰਭਾਵ ਨਹੀਂ ਪਵੇਗਾ |