ਬ੍ਰਹਿਮੰਡ ਦਾ ਪਹਿਲਾ ਪੱਤਰਕਾਰ ਕੌਣ ?

0
239

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਪੱਤਰਕਾਰੀ ਦੀ ਸ਼ੁਰੂਆਤ ਪ੍ਰਾਚੀਨ ਭਾਰਤ ਵਿੱਚ ਹੋਈ ਸੀ। ਇਹ ਵਿਚਾਰ ਆਰਐਸਐਸ ਦੀ ਉਸ ਧਾਰਨਾ ਦੀ ਹੀ ਕੜੀ ਹੈ ਜੋ ਇਹ ਪ੍ਰਚਾਰਦੀ ਰਹੀ ਹੈ ਕਿ ਨਾਰਦ ਸਮੁੱਚੇ ਬ੍ਰਹਿਮੰਡ ਵਿੱਚ ਪਹਿਲੇ ਤੇ ਇਕਲੌਤੇ ਪੱਤਰਕਾਰ ਸਨ। ਸ਼ਰਮਾ ਮਨੋਵਿਗਿਆਨ ਵਿੱਚ ਪੀਐਚਡੀ ਹਨ ਤੇ ਉਨ੍ਹਾਂ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਆਰਐਸਐਸ ਦੇ ਵਿਦਿਆਰਥੀ ਵਿੰਗ ਏਬੀਵੀਪੀ ਦੇ ਕਾਰਕੁਨ ਦੇ ਤੌਰ ’ਤੇ ਕੀਤੀ ਸੀ।
ਅਜੋਕੇ ਯੁੱਗ ਦੀ ਤਕਨਾਲੋਜੀ ਨੂੰ ਪ੍ਰਾਚੀਨ ਭਾਰਤ ਨਾਲ ਜੋੜਦਿਆਂ ਉਨ੍ਹਾਂ ਕਿਹਾ ਸੀ ਕਿ ਪੱਤਰਕਾਰੀ ਦੀ ਸ਼ੁਰੂਆਤ ਮਹਾਭਾਰਤ ਯੁੱਗ ਵੇਲੇ ਹੋਈ ਸੀ ਤੇ ਉਨ੍ਹਾਂ ਨਾਰਦ ਦੀ ਅੱਜ ਦੇ ਗੂਗਲ ਨਾਲ ਤੁਲਨਾ ਕੀਤੀ ਸੀ। ਆਰਐਸਐਸ ਦੇ ਖੇਤਰੀ ਪਬਲਿਸਿਟੀ ਇੰਚਾਰਜ ਨਰੇਂਦਰ ਜੈਨ ਨੇ ਕਿਹਾ, “ਨਾਰਦ ਸਮੁੱਚੇ ਬ੍ਰਹਿਮੰਡ ਦੇ ਪਹਿਲੇ ਪੱਤਰਕਾਰ ਸਨ। ਇਸ ਬਾਰੇ ਕੋਈ ਸ਼ੱਕ-ਸ਼ੁਬਹਾ ਨਹੀਂ ਹੈ। ਇਹ ਵਿਸ਼ਵਾਸ ਦਾ ਮਾਮਲਾ ਹੈ। ਇਸ ਬਾਰੇ ਵਾਦ ਵਿਵਾਦ ਕਰਨਾ ਬੇਤੁਕਾ ਹੈ।’’
ਆਰਐਸਐਸ ਦੇ ਇਕ ਹੋਰ ਆਗੂ ਨੇ ਕਿਹਾ, “ਨਾਰਦ ਜੀ ਕਮਾਲ ਦੇ ਸੰਵਾਦਕ ਸਨ। ਉਹ ਪੱਤਰਕਾਰੀ ਦਾ ਗੂਹੜ ਗਿਆਨ ਸਮਝਦੇ ਸਨ। ਮਹਾਰਿਸ਼ੀ ਚਿਰਕਾਲ ਤੋਂ ਪੱਤਰਕਾਰੀ ਦੇ ਨੇਮਾਂ ਦੀ ਪਾਲਣਾ ਕਰਦੇ ਆ ਰਹੇ ਸਨ। ਉਹ ਪਲ ਭਰ ’ਚ ਕਿਤੇ ਵੀ ਆ ਜਾ ਸਕਦੇ ਸਨ ਜਿਵੇਂ ਕਿ ਪੱਤਰਕਾਰਾਂ ਨੂੰ ਕਰਨਾ ਪੈਂਦਾ ਹੈ।’’ ਅਪਰੈਲ ਮਹੀਨੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਕਿਹਾ ਸੀ ਕਿ ਨਾਰਦ ਮੁਨੀ ਨੂੰ ਸਮੁੱਚੇ ਜਗਤ ਦੀਆਂ ਘਟਨਾਵਾਂ ਦਾ ਗਿਆਨ ਸੀ। ‘‘ ਨਾਰਦ ਮੁਨੀ ਦੀ ਤਰ੍ਹਾਂ ਗੂਗਲ ਵੀ ਸੂਚਨਾ ਦਾ ਸਰੋਤ ਹੈ।’’ ਸ੍ਰੀ ਰੂਪਾਨੀ ਵੀ ਛੋਟੀ ਉਮਰ ਤੋਂ ਆਰਐਸਐਸ ਦੀਆਂ ਸ਼ਾਖਾਵਾਂ ਲਾਉਂਦੇ ਰਹੇ ਹਨ।