ਬੇਬੀ ਕਿੱਲਰ ਦਾ ਅੰਤ ਸੁਣ ਕੰਬ ਜਾਏਗੀ ਰੂਹ

0
312

ਪਟਿਆਲਾ: ਕੇਂਦਰੀ ਜੇਲ੍ਹ ਵਿੱਚ ਫਾਂਸੀ ਤੇ 30 ਸਾਲ ਦੀ ਕੈਦ ਭੁਗਤ ਰਹੇ ਸੀਰੀਅਲ ਬੇਬੀ ਕਿੱਲਰ ਦਰਬਾਰਾ ਸਿੰਘ ਨੂੰ ਮੌਤ ਤੋਂ ਬਾਅਦ ਆਪਣੇ ਵਾਰਸਾਂ ਹੱਥੋਂ ਅੰਤਮ ਰਸਮਾਂ ਵੀ ਨਸੀਬ ਨਹੀਂ ਹੋਈਆਂ। ਦੋਸ਼ੀ ਦੀ ਪਤਨੀ ਤੇ ਬੱਚਿਆਂ ਵੱਲੋਂ ਉਸ ਦੀ ਲਾਸ਼ ਪ੍ਰਾਪਤ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਜੱਜ ਨੇ ਉਸ ਦਾ ਦਾਹ ਸਸਕਾਰ ਕਰਨ ਦੇ ਹੁਕਮ ਦੇ ਦਿੱਤੇ ਹਨ। ਸੋਮਵਾਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਪਹੁੰਚੇ ਜੱਜ ਰਣਜੀਤ ਕੁਮਾਰ ਦੇ ਹੁਕਮਾਂ ਤੋਂ ਬਾਅਦ ਸ਼ਾਮ ਛੇ ਵਜੇ ਦੋ ਜੇਲ੍ਹ ਅਧਿਕਾਰੀਆਂ ਦੀ ਦੇਖਰੇਖ ਵਿੱਚ ਦੋਸ਼ੀ ਦਰਬਾਰਾ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ ਹੈ।

ਕੌਣ ਹੈ ਸੀਰੀਅਲ ਬੇਬੀ ਕਿੱਲਰ:
ਸੰਨ 1952 ਵਿੱਚ ਅੰਮ੍ਰਿਤਸਰ ਦੇ ਬਿਆਸ ਦੇ ਪਿੰਡ ਜੱਲਾਪੁਰ ਵਿੱਚ ਜਨਮੇ ਦਰਬਾਰਾ ਸਿੰਘ ਨੇ 1975 ਵਿੱਚ ਭਾਰਤੀ ਹਵਾਈ ਫ਼ੌਜ ਵਿੱਚ ਨੌਕਰੀ ਕੀਤੀ। ਪਠਾਨਕੋਟ ਵਿੱਚ ਤਾਇਨਾਤ ਦਰਬਾਰਾ ਸਿੰਘ ਨੇ ਆਪਣੇ ਮੇਜਰ ਵੀਕੇ ਸ਼ਰਮਾ ਨਾਲ ਤਕਰਾਰ ਤੋਂ ਬਾਅਦ ਹੈਂਡ ਗ੍ਰਨੇਡ ਨਾਲ ਸ਼ਰਮਾ ਦੇ ਘਰ ‘ਤੇ ਹਮਲਾ ਕਰ ਦਿੱਤਾ। ਹਮਲੇ ‘ਚ ਮੇਜਰ ਦੀ ਪਤਨੀ ਤੇ ਉਸ ਦਾ ਅੱਲ੍ਹੜ ਮੁੰਡਾ ਗੰਭੀਰ ਜ਼ਖ਼ਮੀ ਹੋ ਗਏ। ਨਤੀਜੇ ਵਜੋਂ ਦਰਬਾਰਾ ਸਿੰਘ ਨੂੰ ਫ਼ੌਜ ਵਿੱਚੋਂ ਕੱਢ ਦਿੱਤਾ ਗਿਆ। ਉਸ ਦੀਆਂ ਗ਼ਲਤ ਹਰਕਤਾਂ ਕਰਕੇ ਉਸ ਦੀ ਪਤਨੀ ਨੇ ਵੀ ਉਸ ਨੂੰ ਘਰੋਂ ਕੱਢ ਦਿੱਤਾ।

ਕਿੰਝ ਸ਼ੁਰੂ ਹੋਇਆ ‘ਬੱਚੇ ਖਾਣੇ’ ਰਾਖ਼ਸ਼ ਦਾ ਖ਼ੂਨੀ ਖੇਡ:
ਸਾਲ 1996 ਵਿੱਚ ਦਰਬਾਰਾ ਸਿੰਘ ਨੇ ਕਪੂਰਥਲਾ ਵਿੱਚ ਪਰਵਾਸੀ ਮਜ਼ਦੂਰ ਦੀ ਛੋਟੀ ਧੀ ਨੂੰ ਗ਼ਾਇਬ ਕਰ ਲਿਆ। ਅਗਲੇ ਸਾਲ ਉਸ ਨੂੰ ਕੁੱਲ ਤਿੰਨ ਬੱਚਿਆਂ ਨਾਲ ਬਲਾਤਕਾਰ ਤੇ ਕਤਲ ਦੇ ਮਾਮਲੇ ਵਿੱਚ 30 ਸਾਲ ਦੀ ਸਜ਼ਾ ਦਾ ਕਰ ਦਿੱਤੀ ਗਈ। ਉਸ ਨੂੰ ਕਪੂਰਥਲਾ ਤੋਂ ਜਲੰਧਰ ਕੇਂਦਰੀ ਜੇਲ੍ਹ ਤੇ ਫਿਰ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ। ਸਾਲ 2003 ਦੌਰਾਨ ਉਸ ਦੀ ਰਹਿਮ ਦੀ ਅਪੀਲ ਪ੍ਰਵਾਨ ਕਰ ਲਈ ਗਈ ਤੇ ਦਰਬਾਰਾ ਸਿੰਘ ਜੇਲ੍ਹ ਵਿੱਚੋਂ ਬਾਹਰ ਆ ਗਿਆ।
ਇਸ ਤੋਂ ਬਾਅਦ ਉਸ ਨੇ ਜਲੰਧਰ ਦੇ ਚਮੜਾ ਕੰਪਲੈਕਸ ਦੀ ਇੱਕ ਫੈਕਟਰੀ ਵਿੱਚ ਨੌਕਰੀ ਕਰ ਲਈ ਤੇ ਬਦਲੇ ਦੀ ਭਾਵਨਾ ਨਾਲ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਲੱਗਾ। ਉਸ ਨੇ ਛੋਟੇ ਬੱਚਿਆਂ ਨੂੰ ਟੌਫ਼ੀਆਂ, ਸਮੋਸੇ ਤੇ ਹੋਰ ਲਾਲਚ ਦੇ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਸ਼ੁਰੂ ਕੀਤਾ। ਪਹਿਲਾਂ ਉਹ ਬੱਚਿਆਂ ਨੂੰ ਵਰਗਲਾਉਂਦਾ, ਉਨ੍ਹਾਂ ਦਾ ਜਿਣਸੀ ਸੋਸ਼ਣ ਕਰਦਾ ਤੇ ਫੇਰ ਜ਼ੁਬਾਨ ਕੱਟ ਕਤਲ ਕਰ ਦਿੰਦਾ। ਉਸ ਨੇ ਥੋੜ੍ਹੇ ਸਮੇਂ ਵਿੱਚ ਹੀ ਕਪੂਰਥਲਾ ਤੇ ਜਲੰਧਰ ਵਿੱਚ ਕਰੀਬਨ 23 ਵਾਰਦਾਤਾਂ ਨੂੰ ਅੰਜਾਮ ਦਿੱਤਾ। ਸਾਲ 2004 ਵਿੱਚ ਇਸ ਬੇਬੀ ਕਿੱਲਰ ਨੂੰ ਫਾਸਟ ਟ੍ਰੈਕ ਕੋਰਟ ਨੇ 30 ਸਾਲ ਲੰਬੀ ਕੈਦ ਦੇ ਨਾਲ ਫਾਂਸੀ ਦੀ ਸਜ਼ਾ ਸੁਣਾ ਦਿੱਤੀ।

ਇੰਝ ਹੋਇਆ ਬੇਬੀ ਕਿੱਲਰ ਦਾ ਅੰਤ:
ਦਰਬਾਰਾ ਸਿੰਘ ਨੇ ਰਹਿਮ ਦੀ ਅਪੀਲ ਵੀ ਕੀਤੀ ਪਰ ਹਾਲੇ ਤਕ ਉਸ ਦੀ ਪਟੀਸ਼ਨ ‘ਤੇ ਕੋਈ ਫੈਸਲਾ ਨਹੀਂ ਸੀ ਹੋ ਸਕਿਆ। ਦੋ ਦਿਨ ਪਹਿਲਾਂ ਦੇਰ ਰਾਤ ਦਰਬਾਰਾ ਸਿੰਘ ਦੀ ਪਟਿਆਲਾ ਜੇਲ੍ਹ ਅਚਾਨਕ ਮੌਤ ਹੋ ਗਈ। ਜਦ ਉਸ ਦੇ ਵਾਰਸਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਦੀ ਪਤਨੀ ਤੇ ਬੱਚਿਆਂ ਨੇ ਇਹ ਕਹਿ ਕੇ ਲਾਸ਼ ਲੈਣ ਤੋਂ ਇਨਕਾਰ ਕਰ ਦਿਤਾ ਕਿ ਉਹ ਅਜਿਹੇ ਦਰਿੰਦੇ ਇਨਸਾਨ ਨੂੰ ਅਗਨ ਭੇਟ ਨਹੀਂ ਕਰਨਗੀਆਂ। ਇਸ ਮਗਰੋਂ ਅਦਾਲਤ ਨੇ ਦਰਬਾਰਾ ਸਿੰਘ ਦੀ ਲਾਸ਼ ਦਾ ਅੱਜ ਸ਼ਾਮ ਛੇ ਵਜੇ ਸਸਕਾਰ ਕਰਨ ਦਾ ਹੁਕਮ ਦਿੱਤਾ।