ਰਾਸ਼ਟਰਪਤੀ ਨੇ ਜਦ ਨਾਰਾਜ਼ ਹੋ ਭਾਸ਼ਣ ਰੋਕਿਆ

0
300

ਅਮਰਾਵਤੀ: ਇੰਡੀਅਨ ਇਕਨੋਮਿਕਸ ਐਸੋਸੀਏਸ਼ਨ ਦੇ ਸਮਾਗਮ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਸ ਵੇਲੇ ਨਾਖੁਸ਼ ਹੋ ਕੇ ਆਪਣਾ ਭਾਸ਼ਣ ਵਿਚਾਲੇ ਹੀ ਰੋਕ ਦਿੱਤਾ ਜਦੋਂ ਉਨ੍ਹਾਂ ਵੇਖਿਆ ਕਿ ਉਨ੍ਹਾਂ ਦੇ ਸੰਬੋਧਨ ਦੌਰਾਨ ਡੈਲੀਗੇਟਸ ਨੂੰ ਖਾਣੇ ਦੇ ਪੈਕੇਟ ਵੰਡੇ ਜਾ ਰਹੇ ਹਨ। ਇਸ ਭੁੱਲ ਵੱਲ ਪ੍ਰਬੰਧਕਾਂ ਦਾ ਧਿਆਨ ਦਿਵਾਉਣ ਲਈ ਕੁਝ ਦੇਰ ਤੱਕ ਆਪਣਾ ਭਾਸ਼ਣ ਰੋਕ ਕੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦਾ ਸੰਬੋਧਨ ਪੂਰਾ ਹੋਣ ਤੱਕ ਖਾਣੇ ਦੇ ਪੈਕੇਟ ਵੰਡਣੇ ਬੰਦ ਕੀਤੇ ਜਾਣ।

ਕੋਵਿੰਦ ਨੇ ਕਿਹਾ,”ਆਰਥਿਕ ਜਗਤ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਤਸਵੀਰ ਇਸ ਸੰਮੇਲਨ ਵਿੱਚ ਦੇਖ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਖਾਣੇ ਦੇ ਪੈਕੇਟ ਵੰਡੇ ਜਾ ਰਹੇ ਹਨ। ਨਿਸਚਿਤ ਤੌਰ ‘ਤੇ ਇਹ ਜ਼ਰੂਰੀ ਹੈ, ਪਰ ਇਸ ਨੇ ਤਾਂ ਵਿਵਸਥਾ ਨੂੰ ਹੀ ਗੜਬੜਾ ਦਿੱਤਾ ਹੈ।” ਖਾਣੇ ਦੇ ਪੈਕਟਾਂ ਦੀ ਵੰਡ ਰੋਕਣ ਲਈ ਪੁਲਿਸ ਕਰਮੀਆਂ ਤੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਦਖਲ ਦੌਰਾਨ ਕੋਵਿੰਦ ਨੇ ਕਿਹਾ,”ਲਿਹਾਜ਼ਾ, ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਹਾਂ, ਕਿ ਉਹ ਕੁਝ ਦੇਰ ਲਈ ਖਾਣੇ ਦੇ ਪੈਕੇਟਾਂ ਦੀ ਵੰਡ ਰੋਕਣਗੇ। ਇਸ ਤੋਂ ਬਾਅਦ ਰਾਸ਼ਟਰਪਤੀ ਨੇ ਆਪਣਾ ਸੰਬੋਧਨ ਪੂਰਾ ਕੀਤਾ।