ਪੰਜ ਦਹਾਕਿਆਂ ਬਾਅਦ ਚੀਨ ਤੇ ਭਾਰਤ ਦੀਆਂ ਫੌਜ਼ਾਂ ਆਹਮੋ-ਸਾਹਮਣੇ

0
204

ਲੱਦਾਖ: ਭਾਰਤ ਦੀ ਅਮਰੀਕਾ ਨਾਲ ਵਧਦੀ ਨੇੜਤਾ ਗੁਆਂਢੀ ਮੁਲਕ ਚੀਨ ਨਾਲ ਦੂਰੀ ਵਧਾ ਰਹੀ ਹੈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਪੰਜ ਦਹਾਕਿਆਂ ਬਾਅਦ ਸਰਹੱਦ ‘ਤੇ ਤਾਇਨਾਤ ਫੌਜਾਂ ਹਿੰਸਾ ‘ਤੇ ਉੱਤਰ ਆਈਆਂ ਹਨ। ਲੰਘੀ ਰਾਤ ਚੀਨੀ ਫੌਜ ਨਾਲ ਝੜਪ ਦੌਰਾਨ ਭਾਰਤੀ ਕਰਨਲ ਤੇ ਦੋ ਸੈਨਿਕਾਂ ਦੀ ਮੌਤ ਹੋ ਗਈ। ਹੁਣ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ।
ਦਰਅਸਲ ਗਲਵਾਨ ਘਾਟੀ ਵਿੱਚ ਸੋਮਵਾਰ ਦੀ ਰਾਤ ਭਾਰਤੀ ਫੌਜ ਤੇ ਚੀਨੀ ਫੌਜ ਦਰਮਿਆਨ ਹਿੰਸਕ ਝੜਪ ਹੋ ਗਈ। ਇਸ ਦੌਰਾਨ ਭਾਰਤੀ ਫੌਜ ਦਾ ਅਧਿਕਾਰੀ ਤੇ ਦੋ ਸੈਨਿਕ ਮਾਰੇ ਗਏ ਹਨ। ਤਕਰੀਬਨ ਪੰਜ ਦਹਾਕਿਆਂ ਬਾਅਦ ਚੀਨ ਤੇ ਭਾਰਤ ਵਿਚਾਲੇ ਹਿੰਸਕ ਝੜਪ ਹੋਈ ਹੈ। ਹਾਲਾਂਕਿ, ਦੋਵੇਂ ਫੌਜਾਂ ਦੇ ਸੀਨੀਅਰ ਅਧਿਕਾਰੀ ਸਥਿਤੀ ਨੂੰ ਸ਼ਾਂਤ ਕਰਨ ਲਈ ਕੰਮ ਕਰ ਰਹੇ ਹਨ ਪਰ ਤਣਾਅ ਵਧਣ ਦਾ ਖਦਸ਼ਾ ਹੈ।
ਇਸ ਦੌਰਾਨ ਪਤਾ ਲੱਗਾ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨੇ ਸੈਨਾਵਾਂ ਦੇ ਮੁਖੀਆਂ ਤੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਤੇ ਰੱਖਿਆ ਸਟਾਫ ਦੇ ਮੁਖੀ ਜਨਰਲ ਬਿਪਿਨ ਰਾਵਤ ਨਾਲ ਮੀਟਿੰਗ ਕੀਤੀ। ਉਨ੍ਹਾਂ ਪੂਰਬੀ ਲੱਦਾਖ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਏ।
ਤੁਹਾਨੂੰ ਦੱਸ ਦਈਏ ਕਿ 70ਵਿਆਂ ਤੋਂ ਬਾਅਦ ਪਹਿਲੀ ਵਾਰ ਐਲਏਸੀ ‘ਤੇ ਭਾਰਤੀ ਸੈਨਿਕ ਸ਼ਹੀਦ ਹੋਏ ਹਨ। 1962 ਵਿੱਚ ਭਾਰਤ ਤੇ ਚੀਨ ਵਿਚਾਲੇ ਯੁੱਧ ਹੋਇਆ ਸੀ। ਇਸ ਯੁੱਧ ਤੋਂ ਬਾਅਦ, 70 ਦੇ ਦਹਾਕੇ ਤੋਂ, ਐਲਏਸੀ ਉੱਤੇ ਤਣਾਅ ਦੀਆਂ ਖਬਰਾਂ ਆ ਰਹੀਆਂ ਸਨ। ਹਾਲਾਂਕਿ, ਅਜਿਹੀ ਸਥਿਤੀ ਵਿੱਚ ਕੋਈ ਵੀ ਭਾਰਤੀ ਫੌਜ ਦਾ ਜਵਾਨ ਸ਼ਹੀਦ ਨਹੀਂ ਹੋਇਆ। ਅੱਜ, ਲਗਪਗ 50 ਸਾਲ ਬਾਅਦ, ਐਲਏਸੀ ‘ਤੇ ਭਾਰਤ ਤੇ ਚੀਨੀ ਫੌਜੀਆਂ ਵਿਚਕਾਰ ਹਿੰਸਕ ਝੜਪ ਹੋਈ।
ਰਿਪੋਰਟਾਂ ਅਨੁਸਾਰ, ਚੀਨੀ ਫੌਜ ਦਾ ਵੀ ਨੁਕਸਾਨ ਹੋਇਆ ਹੈ। ਹਾਲਾਂਕਿ ਚੀਨੀ ਮੀਡੀਆ ਜਾਂ ਫੌਜ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਕਾਂਡ ਤੋਂ ਬਾਅਦ, ਦੋਵੇਂ ਫੌਜਾਂ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦੇਈਏ ਕਿ ਭਾਰਤ-ਚੀਨ ਸਰਹੱਦ ‘ਤੇ ਪਿਛਲੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ। ਚੀਨ ਲਗਾਤਾਰ ਕਹਿੰਦਾ ਆ ਰਿਹਾ ਹੈ ਕਿ ਉਹ ਗੱਲਬਾਤ ਰਾਹੀਂ ਇਸ ਮਸਲੇ ਦਾ ਨਿਬੇੜਾ ਕਰਨਾ ਚਾਹੁੰਦਾ ਹੈ, ਪਰ ਪਿੱਛੇ ਹਟਣ ਤੋਂ ਇਨਕਾਰ ਕਰ ਰਿਹਾ ਹੈ।
ਉਧਰ, ਬੀਜਿੰਗ ਨੇ ਭਾਰਤ ‘ਤੇ ਸਰਹੱਦ ਪਾਰ ਕਰਦਿਆਂ ਚੀਨੀ ਕਰਮਚਾਰੀਆਂ ‘ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਚੀਨ ਦੇ ਗਲੋਬਲ ਟਾਈਮਜ਼ ਨੇ ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਭਾਰਤੀ ਸੈਨਿਕਾਂ ਨੇ ਸੋਮਵਾਰ ਨੂੰ ਦੋ ਵਾਰ ਸਰਹੱਦ ਪਾਰ ਕਰਦਿਆਂ ਗੈਰ ਕਾਨੂੰਨੀ ਢੰਗ ਨਾਲ ਚੀਨੀ ਸੈਨਿਕਾਂ ‘ਤੇ ਹਮਲੇ ਕਰਦਿਆਂ ਸਮਝੌਤੇ ਦੀ ਉਲੰਘਣਾ ਕੀਤੀ, ਜਿਸ ਕਾਰਨ ਗੰਭੀਰ ਝੜਪਾਂ ਹੋਈਆਂ।