ਹਾਂਗਕਾਂਗ(ਪਚਬ):ਬੀਤੇ ਕੱਲ ਸਾਰਾ ਦਿਨ ਹਾਂਗਕਾਂਗ ਵਿਚ ਕਈ ਥਾਵਾਂ ਤੇ ਵਿਰੋਧ ਵਿਖਾਵੇ ਹੁੰਦੇ ਰਹੇ।ਸੁਰੱਖਿਆ ਕਾਨੂੰਨ ਦੇ ਦਾਇਰੇ ਵਿਚ ਹਾਂਗਕਾਂਗ ਨੂੰ ਲਿਆਉਣ ਦੀ ਚੀਨ ਦੀ ਸਾਜ਼ਿਸ਼ ਦੇ ਵਿਰੋਧ ਵਿਚ ਅਰਧ ਖ਼ੁਦਮੁਖਤਾਰ ਖੇਤਰ ਦੇ ਲੋਕ ਭੜਕ ਪਏ ਹਨ। ਹਾਂਗਕਾਂਗ ਦੀਆਂ ਸੜਕਾਂ ‘ਤੇ ਚੀਨ ਦਾ ਵਿਰੋਧ ਵਧਦਾ ਜਾ ਰਿਹਾ ਹੈ। ਲੋਕ ਨਾਅਰੇਬਾਜ਼ੀ, ਧਰਨਾ ਦੇ ਕੇ ਅਤੇ ਸੜਕ ਜਾਮ ਕਰ ਕੇ ਚੀਨ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਹਨ। ਹੁਣ ਉਹ ਲੋਕਤੰਤਰ ਲਾਗੂ ਕਰਨ ਦੀ ਮੰਗ ਤੋਂ ਅੱਗੇ ਵਧ ਕੇ ਚੀਨ ਤੋਂ ਪੂਰੀ ਤਰ੍ਹਾਂ ਵੱਖ ਹੋਣ ਦੀ ਗੱਲ ਕਹਿ ਰਹੇ ਹਨ। ਬੁੱਧਵਾਰ ਨੂੰ ਕਈ ਸਥਾਨਾਂ ‘ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਟਕਰਾਅ ਹੋਇਆ। ਇਸ ਵਿਚ ਇਕ ਦਰਜਨ ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਕਰੀਬ 360 ਲੋਕ ਗਿ੍ਫ਼ਤਾਰ ਕੀਤੇ ਗਏ ਹਨ। ਅਮਰੀਕਾ ਤੋਂ ਬਾਅਦ ਜਾਪਾਨ ਨੇ ਵੀ ਹਾਂਗਕਾਂਗ ਦੇ ਹਾਲਾਤ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ, ਜਦਕਿ ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਕਿਹਾ ਹੈ ਕਿ ਸਿਆਸੀ ਕਾਰਨਾਂ ਨਾਲ ਹਾਂਗਕਾਂਗ ਤੋਂ ਜੇਕਰ ਕੋਈ ਵੀ ਭੱਜ ਕੇ ਤਾਇਵਾਨ ਆਉਂਦਾ ਹੈ ਤਾਂ ਉਸ ਨੂੰ ਸ਼ਰਨ ਦਿੱਤੀ ਜਾਵੇਗੀ।
ਬੁੱਧਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਵਿਧਾਨ ਸਭਾ ਦੀ ਇਮਾਰਤ ਦੇ ਨਜ਼ਦੀਕ ਪਹੁੰਚ ਕੇ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਸੈਂਟਰਲ ਬਿਜ਼ਨਸ ਡਿਸਟਿ੍ਕਟ ਅਤੇ ਕਾਜਵੇਅ ਬੇ ਸ਼ਾਪਿੰਗ ਡਿਸਟਿ੍ਕਟ ਵਿਚ ਵੀ ਵੱਡੇ ਪ੍ਰਦਰਸ਼ਨਾਂ ਦੀ ਖ਼ਬਰ ਹੈ। ਇਨ੍ਹਾਂ ਸਥਾਨਾਂ ‘ਤੇ ਦਫ਼ਤਰ ਅਤੇ ਕਾਰੋਬਾਰੀ ਅਦਾਰੇ ਖੁੱਲ੍ਹੇ ਪਰ ਕੁਝ ਹੀ ਘੰਟਿਆਂ ਬਾਅਦ ਉਹ ਬੰਦ ਕਰ ਦਿੱਤੇ ਗਏ। ਪੁਲਿਸ ਨੂੰ ਕਈ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਲਈ ਮਿਰਚਾਂ ਵਾਲੇ ਬੰਬਾਂ ਦਾ ਇਸਤੇਮਾਲ ਕਰਨਾ ਪਿਆ ਅਤੇ ਲਾਠੀਚਾਰਜ ਵੀ ਕਰਨਾ ਪਿਆ। ਬੁੱਧਵਾਰ ਨੂੰ ਹਾਂਗਕਾਂਗ ‘ਚ 360 ਪ੍ਰਦਰਸ਼ਨਕਾਰੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਹੋਰਨਾਂ ਸਥਾਨਾਂ ਤੋਂ 16 ਨਾਬਾਲਗ ਅੰਦੋਲਨਕਾਰੀਆਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਨਾਬਾਲਗਾਂ ਕੋਲੋਂ ਗੈਸੋਲਿਨ ਬੰਬ ਅਤੇ ਗੱਡੀ ਖ਼ਰਾਬ ਕਰਨ ਵਿਚ ਕੰਮ ਆਉਣ ਵਾਲੇ ਪੇਚਕਸ ਬਰਾਮਦ ਕੀਤੇ ਗਏ ਹਨ। ਕੁਝ ਨਾਬਾਲਗਾਂ ਨੂੰ ਹੌਲੀ ਡਰਾਈਵਿੰਗ ਕਰ ਕੇ ਟ੍ਰੈਫਿਕ ਜਾਮ ਕਰਦਿਆਂ ਵੀ ਪਾਇਆ ਗਿਆ। ਦੇਰ ਸ਼ਾਮ ਮੋਕੁੱਕ ਵਿਖੇ ਲੋਕਾਂ ਨੇ ਕਈ ਵਾਰ ਸੜਕਾਂ ਜਾਮ ਕੀਤੀਆਂ ਅਤੇ ਉਨਾਂ ਵਿਰੁੱਧ ਪੁਲੀਸ਼ ਨੇ ਸਕਤੀ ਦੀ ਵਰਤੋਂ ਕੀਤੀ। ਇਸੇ ਏਰੀਏ ਵਿਚ ਸੜਕ ਵਿਚਕਾਰ ਲਾਈ ਅੱਗ ਵਿਚ ਕਈ ਛੋਟੇ ਧਮਾਕੇ ਵੀ ਸੁਣਾਈ ਦਿੱਤੇ।ਇਥੇ ਵੀ ਕਈ ਗਿਰਫਤਾਰੀਆਂ ਹੋਈਆਂ।ਅੱਜ ਸਰਕਾਰੀ ਸਕੂਲ਼ਾਂ ਦੇ ਖੱਲਣ ਦਾ ਪਹਿਲਾ ਦਿਨ ਸੀ। ਸਕੁਲਾਂ ਵਿਚ ਮਹੌਲ ਭਾਵੇ ਠੀਕ ਰਿਹਾ ਪਰ ਕੁਝ ਬੱਚੇ ਸੜਕਾਂ ਤੇ ਵਿਰੋਧ ਕਰਦੇ ਦਿਖਾਈ ਦਿਤੇ ਅਤੇ ਪੁਲੀਸ਼ ਨੇ ਇਨਾਂ ਵਿਚੋ ਕੁਝ ਇਕ ਨੂੰ ਗਿਰਫਤਾਰ ਵੀ ਕੀਤਾ॥ਕੋਰਨਾ ਦਾ ਕੱਲ ਇਕ ਨਵਾ ਕੇਸ ਸਾਹਮਣੇ ਅਇਆ ਜਿਸ ਨਾਲ ਕੋਰਨਾ ਪੀੜਤਾਂ ਦੀ ਗਿਣਤੀ 1066 ਹੋ ਗਈ ਹੈ।
ਇਸ ਵਿਚਾਲੇ ਹਾਂਗਕਾਂਗ ਦੀ ਵਿਧਾਨ ਸਭਾ ਵਿਚ ਇਕ ਅਜਿਹਾ ਮਤਾ ਪੇਸ਼ ਹੋਇਆ ਹੈ ਜਿਸ ਵਿਚ ਚੀਨੀ ਰਾਸ਼ਟਰੀ ਗੀਤ ਦਾ ਅਪਮਾਨ ਕਰਨ ‘ਤੇ ਤਿੰਨ ਸਾਲ ਦੀ ਕੈਦ ਅਤੇ 50 ਹਜ਼ਾਰ ਹਾਂਗਕਾਂਗ ਡਾਲਰ (ਕਰੀਬ 5 ਲੱਖ ਰੁਪਏ) ਦੀ ਆਰਥਿਕ ਸਜ਼ਾ ਦੀ ਤਜਵੀਜ਼ ਹੈ। ਲੋਕਤੰਤਰ ਸਮਰਥਕ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਇਸ ਨੂੰ ਪ੍ਰਗਟਾਵੇ ਦੀ ਆਜ਼ਾਦੀ ‘ਤੇ ਹਮਲਾ ਦੱਸਿਆ ਹੈ ਜਦਕਿ ਸੱਤਾ ਧਿਰ ਨੇ ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਚੀਨ ਸਮਰਥਕ ਵਿਧਾਇਕ ਟੋਨੀ ਤਸੇ ਨੇ ਕਿਹਾ, ‘ਲੋਕਤੰਤਰ ਵਾਲੇ ਪੱਛਮੀ ਦੇਸ਼ਾਂ ਵਿਚ ਵੀ ਆਪਣੇ ਰਾਸ਼ਟਰੀ ਗੀਤ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਚਿੰਨ੍ਹਾਂ ਦੀ ਸੁਰੱਖਿਆ ਲਈ ਕਾਨੂੰਨ ਹੈ, ਉਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ।