ਨਵਾਂ ਫੋਨ ਲੈਣ ਵਾਲਿਆ ਲਈ ਚੀਨ ਦਾ ਨਵਾਂ ਕਾਨੂੰਨ

0
722

ਹਾਂਗਕਾਂਗ(ਪਚਬ): ਚੀਨ ਵਿਚ ਐਤਵਾਰ ਤੋਂ ਨਵਾਂ ਫੋਨ ਨੰਬਰ ਲੈਣ ਵਾਲਿਆਂ ਲਈ ਫੇਸ (ਚਿਹਰਾ) ਸਕੈਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸੂਚਨਾ ਤਕਨਾਲੋਜੀ ਅਥਾਰਟੀ ਨੇ ਇਸ ਸਬੰਧ ਵਿਚ ਸਾਰੇ ਟੈਲੀਕਾਮ ਆਪ੍ਰੇਟਰਾਂ ਨੂੰ ਆਦੇਸ਼ ਜਾਰੀ ਕਰ ਦਿੱਤਾ ਹੈ। ਚੀਨ ਦੇ ਉਦਯੋਗ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸਤੰਬਰ ਮਹੀਨੇ ਵਿਚ ਨਾਗਰਿਕਾਂ ਦੇ ਆਨਲਾਈਨ ਹਿੱਤਾਂ ਦੀ ਰੱਖਿਆ ਲਈ ਇਕ ਨੋਟਿਸ ਜਾਰੀ ਕੀਤਾ ਸੀ। ਨਵੇਂ ਆਦੇਸ਼ ਨੂੰ ਉਸੇ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ।

ਆਦੇਸ਼ ਵਿਚ ਕਿਹਾ ਗਿਆ ਹੈ ਕਿ ਜਦੋਂ ਕੋਈ ਵਿਅਕਤੀ ਨਵਾਂ ਫੋਨ ਨੰਬਰ ਲੈਣ ਆਏ ਤਾਂ ਟੈਲੀਕਾਮ ਆਪਰੇਟਰ ਉਸ ਦੀ ਪਛਾਣ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਹੋਰ ਤਕਨੀਕ ਦੀ ਵਰਤੋਂ ਕਰਨ। ਸਰਕਾਰੀ ਦੂਰਸੰਚਾਰ ਕੰਪਨੀ ਚਾਈਨਾ ਯੂਨੀਕਾਮ ਦੇ ਗਾਹਕ ਸੇਵਾ ਪ੍ਰਤੀਨਿਧੀ ਅਨੁਸਾਰ ਨਵੇਂ ਨਿਯਮਾਂ ਤਹਿਤ ਨਵਾਂ ਫੋਨ ਨੰਬਰ ਲੈਣ ਵਾਲਿਆਂ ਨੂੰ ਵੱਖ-ਵੱਖ ਪਾਸਿਆਂ ਤੋਂ ਫੋਟੋ ਸਕੈਨ ਕਰਵਾਉਣੇ ਪੈਣਗੇ। ਸਤੰਬਰ ਵਿਚ ਜਾਰੀ ਨੋਟਿਸ ਵਿਚ ਕਿਹਾ ਗਿਆ ਸੀ ਕਿ ਅਗਲੇ ਪੜਾਅ ਵਿਚ ਮੰਤਰਾਲਾ ਫੋਨ ਨੰਬਰ ਲਈ ਵਾਸਤਵਿਕ ਨਾਂ ਰਜਿਸਟਰੇਸ਼ਨ ਨੂੰ ਸਖ਼ਤੀ ਨਾਲ ਲਾਗੂ ਕਰੇਗਾ।

ਸਰਕਾਰ ਦੇ ਇਸ ਕਦਮ ‘ਤੇ ਸੋਸ਼ਲ ਮੀਡੀਆ ਵਿਚ ਵੱਖ-ਵੱਖ ਪ੍ਰਤੀਕ੍ਰਿਆਵਾਂ ਦੇਖਣ ਨੂੰ ਮਿਲੀਆਂ ਹਨ। ਕੁਝ ਯੂਜ਼ਰ ਨੇ ਆਪਣੇ ਬਾਇਓ ਮੀਟਿ੍ਕ ਡਾਟਾ ਦੇ ਲੀਕ ਹੋਣ ਅਤੇ ਵੇਚੇ ਜਾਣ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ ‘ਤੇ ਇਕ ਯੂਜ਼ਰ ਨੇ ਲਿਖਿਆ, ਇਹ ਕੰਟਰੋਲ ਦੀ ਇਕ ਹੱਦ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕੰਟਰੋਲ, ਹੁਣ ਹੋਰ ਜ਼ਿਆਦਾ ਕੰਟਰੋਲ। ਖੋਜਕਰਤਾਵਾਂ ਨੇ ਵੀ ਸਰਕਾਰ ਨੂੰ ਫੇਸ ਸਕੈਨ ਦੇ ਅੰਕੜਿਆਂ ਨੂੰ ਇਕੱਠਾ ਕਰਨ ਨਾਲ ਜੁੜੀ ਨਿੱਜੀ ਜਾਣਕਾਰੀ ਦੇ ਜੋਖਮਾਂ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ।