ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਅੰਤਰਰਾਸ਼ਟਰੀ ਦਸਤਾਰ ਦਿਵਸ ਸਬੰਧੀ ਕਰਵਾਏ ਗਏ ਸਮਾਗਮਾਂ ਦੇ ਦੂਸਰੇ ਅਤੇ ਆਖਰੀ ਪੜਾਅ ਦੌਰਾਨ ਵਿਦੇਸ਼ੀ ਸੈਲਾਨੀ ਦਸਤਾਰਾਂ ਸਜਾ ਕੇ ਅਸ਼-ਅਸ਼ ਕਰ ਉੱਠੇ। ਚਿਮਚਾ ਸੂਈ ਵਿਖੇ ਸਟਾਰ ਫੈਰੀ ‘ਤੇ ਕਰਵਾਏ ਇਸ ਸਮਾਗਮ ਦੌਰਾਨ 250 ਦੇ ਕਰੀਬ ਵਿਦੇਸ਼ੀ ਸੈਲਾਨੀਆਂ ਨੂੰ ਦਸਤਾਰਾਂ ਸਜਾਈਆਂ ਗਈਆਂ ਅਤੇ ਸਿੱੱਖਾਂ ਦੇ ਮਾਣਮੱਤੇ ਵਿਰਸੇ ਬਾਰੇ ਚੀਨੀ ਅਤੇ ਅੰਗਰੇਜ਼ੀ ਵਿਚ ਕਿਤਾਬਚੇ ਵੰਡ ਕੇ ਪ੍ਰਚਾਰ ਕੀਤਾ ਗਿਆ। ਲਗਾਤਾਰ ਤਿੰਨ ਸਾਲਾਂ ਤੋਂ ਦਸਤਾਰ ਦਿਵਸ ਦਾ ਪ੍ਰਬੰਧ ਕਰਨ ਵਾਲੇ ਸ: ਸ਼ਰਨਜੀਤ ਸਿੰਘ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇੰਗਲੈਂਡ, ਅਮਰੀਕਾ, ਆਇਰਲੈਂਡ, ਫਿਲਪੀਨ, ਇੰਡੋਨੇਸ਼ੀਆ, ਚੀਨ ਸਮੇਤ ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿਦੇਸ਼ੀ ਮਹਿਮਾਨਾਂ ਵਲੋਂ ਦਸਤਾਰਾਂ ਸਜਾ ਆਪਣੇ ਦਿਲ ਦੇ ਵਲ-ਵਲੇ ਸਾਂਝੇ ਕਰਦਿਆਂ ਖੁਸ਼ੀ ਤੇ ਮਾਣ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਜਿੱਥੇ ਡਿਸਟ੍ਰਿਕ ਕੌਂਸਲਰ ਮਿ: ਫਰੈਂਕੀ ਨੂੰ ਸਨਮਾਨ ਚਿੰਨ ਭੇਟ ਕੀਤਾ, ਉਥੇ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਵਿਚ ਸਹਿਯੋਗ ਕਰਨ ਲਈ ਨਵਤੇਜ ਸਿੰਘ ਅਟਵਾਲ, ਜਗਜੀਤ ਸਿੰਘ ਚੋਹਲਾ ਸਾਹਿਬ, ਸੁਖਦੇਵ ਸਿੰਘ ਸਭਰਾ ਅਤੇ ਬਲਜੀਤ ਸਿੰਘ ਸਮੇਤ ਸਮੁੱਚੇ ਭਾਈਚਾਰੇ ਦਾ ਧੰਨਵਾਦ ਕੀਤਾ।