ਨਵੀਂ ਦਿੱਲੀ – ਭਾਰਤ ਦੇ ਸਭ ਤੋਂ ਪੁਰਾਣੇ ਸਹਿਕਾਰੀ ਬੈਂਕਾਂ ਵਿਚੋਂ ਇਕ ਕਾਸਮਾਸ ਬੈਂਕ ਦੇ ਏ. ਟੀ. ਐੱਮ. ਸਰਵਰ ਨੂੰ ਹੈਕ ਕਰ ਕੇ ਹੈਕਰਾਂ ਨੇ ਮੰਗਲਵਾਰ 94 ਕਰੋੜ ਰੁਪਏ ਉਡਾ ਲਏ। ਹੈਕਰਾਂ ਨੇ ਬੈਂਕ ਦੇ ਰੂਪੇ ਅਤੇ ਵੀਜ਼ਾ ਡੈਬਿਟ ਕਾਰਡਾਂ ਦੀ ਡਿਟੇਲ ਚੋਰੀ ਕਰ ਲਈ। ਬਾਅਦ ਵਿਚ ਡਿਟੇਲ ਦੀ ਵਰਤੋਂ ਕਰ ਕੇ ਪੈਸਿਆਂ ਦਾ ਹੇਰ-ਫੇਰ ਕਰ ਦਿੱਤਾ। ਹੈਕਰਾਂ ਨੇ ਕੁਲ 94 ਕਰੋੜ 41 ਲੱਖ ਰੁਪਏ ਦੇਸ਼ ਤੋਂ ਬਾਹਰ ਭੇਜ ਦਿੱਤੇ। ਚੋਰੀ ਕੀਤੀ ਗਈ ਡਿਟੇਲ ਮੁਤਾਬਕ 12 ਹਜ਼ਾਰ ਦੇ ਕਰੀਬ ਲੈਣ-ਦੇਣ ਕੀਤੇ ਗਏ। ਸਭ ਲੈਣ-ਦੇਣ ਦੇਸ਼ ‘ਚੋਂ ਬਾਹਰ ਹੋਏ। ਇਨ੍ਹਾਂ 12 ਹਜ਼ਾਰ ਲੈਣ-ਦੇਣਾਂ ਰਾਹੀਂ 78 ਕਰੋੜ ਰੁਪਏ ਚੋਰੀ ਕਰ ਲਏ ਗਏ। ਇਸ ਤੋਂ ਇਲਾਵਾ 2800 ਹੋਰ ਵੱਖਰੇ ਲੈਣ-ਦੇਣ ਕੀਤੇ ਗਏ। ਇਨ੍ਹਾਂ ਲੈਣ-ਦੇਣਾਂ ਰਾਹੀਂ 80 ਲੱਖ ਰੁਪਏ ਚੋਰੀ ਕੀਤੇ ਗਏ।
ਇਕ ਟ੍ਰਾਂਜ਼ੈਕਸ਼ਨ ਰਾਹੀਂ ਪੈਸੇ ਹਾਂਗਕਾਂਗ ਦੇ ਹੈਂਗਸੇਂਗ ਬੈਂਕ ਨੂੰ ਭੇਜੇ ਗਏ। ਇਹ ਪੈਸੇ ਏ. ਐੈੱਲ. ਐੱਮ. ਟ੍ਰੇਡਿੰਗ ਲਿਮ. ਦੇ ਨਾਂ ‘ਤੇ ਭੇਜੇ ਗਏ ਅਤੇ ਪ੍ਰਾਪਤਕਰਤਾ ਨੇ 12 ਕਰੋੜ ਰੁਪਏ ਹਾਸਲ ਕੀਤੇ।