ਚੀਨ ਦੇ ਇਸ ਫੈਸਲੇ ਦਾ ਭਾਰਤੀ ਕਿਸਾਨਾਂ ਨੂੰ ਹੋਵੇਗਾ ਲਾਭ

0
375

ਨਵੀਂ ਦਿੱਲੀ— ਅਮਰੀਕਾ ਨਾਲ ਛਿੜੀ ਵਪਾਰ ਜੰਗ ਵਿਚਕਾਰ ਚੀਨ ਨੇ ਭਾਰਤ ਸਮੇਤ ਪੰਜ ਏਸ਼ੀਆਈ ਦੇਸ਼ਾਂ ਤੋਂ ਇੰਪੋਰਟ ਵਧਾਉਣ ਦਾ ਫੈਸਲਾ ਕੀਤਾ ਹੈ। ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪੰਜ ਗੁਆਂਢੀ ਦੇਸ਼ਾਂ ਕੋਲੋਂ ਸੋਇਆਬੀਨ ਖਰੀਦਣ ‘ਤੇ ਇੰਪੋਰਟ ਡਿਊਟੀ ਚਾਰਜ ਨਹੀਂ ਕਰੇਗਾ। ਇਸ ਤਹਿਤ ਸੋਇਆਬੀਨ, ਸੋਇਆਬੀਨ ਕੇਕ ਅਤੇ ਫਿਸ਼ ਮੀਲ ‘ਤੇ ਇੰਪੋਰਟ ਡਿਊਟੀ ਹਟਾ ਦਿੱਤੀ ਜਾਵੇਗੀ। ਜਿਨ੍ਹਾਂ ਦੇਸ਼ ਤੋਂ ਸੋਇਆਬੀਨ ਖਰੀਦਣ ‘ਤੇ ਇੰਪੋਰਟ ਡਿਊਟੀ ਚਾਰਜ ਨਹੀਂ ਕੀਤੀ ਜਾਵੇਗੀ ਉਨ੍ਹਾਂ ‘ਚ ਭਾਰਤ, ਦੱਖਣੀ ਕੋਰੀਆ, ਬੰਗਲਾਦੇਸ਼, ਲਾਓਸ ਅਤੇ ਸ਼੍ਰੀਲੰਕਾ ਸ਼ਾਮਲ ਹਨ। ਪਹਿਲੀ ਜੁਲਾਈ ਤੋਂ ਇਹ ਫੈਸਲਾ ਲਾਗੂ ਹੋ ਜਾਵੇਗਾ।
ਮੌਜੂਦਾ ਸਮੇਂ ਸੋਇਆਬੀਨ ‘ਤੇ 3 ਫੀਸਦੀ, ਸੋਇਆਬੀਨ ਕੇਕ ‘ਤੇ 5 ਫੀਸਦੀ ਅਤੇ ਫਿਸ਼ ਮੀਲ ‘ਤੇ 2 ਫੀਸਦੀ ਇੰਪੋਰਟ ਡਿਊਟੀ ਲੱਗਦੀ ਹੈ। ਇੰਪੋਰਟ ਡਿਊਟੀ ਖਤਮ ਹੋਣ ਨਾਲ ਸਭ ਤੋਂ ਵਧ ਫਾਇਦਾ ਭਾਰਤ ਨੂੰ ਹੋਵੇਗਾ ਕਿਉਂਕਿ ਇਨ੍ਹਾਂ ਦੇਸ਼ਾਂ ‘ਚੋਂ ਭਾਰਤ ਹੀ ਸੋਇਆਬੀਨ ਦਾ ਵੱਡਾ ਉਤਪਾਦਕ ਹੈ। ਅਮਰੀਕੀ ਖੇਤੀਬਾੜੀ ਵਿਭਾਗ ਦੇ ਡਾਟਾ ਮੁਤਾਬਕ, ਸਾਲ 2016-17 ‘ਚ ਭਾਰਤ ‘ਚ ਤਕਰੀਬਨ 1 ਕਰੋੜ 10 ਲੱਖ ਟਨ ਸੋਇਆਬੀਨ ਦਾ ਉਤਪਾਦਨ ਹੋਇਆ ਸੀ ਪਰ ਸਿਰਫ 2,69,000 ਟਨ ਦਾ ਹੀ ਐਕਸਪੋਰਟ ਕੀਤਾ ਗਿਆ ਸੀ। ਡਿਊਟੀ ਹਟਣ ਨਾਲ ਭਾਰਤੀ ਸੋਇਆਬੀਨ ਦੀ ਮੰਗ ਚੀਨ ‘ਚ ਵਧੇਗੀ, ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਮੁੱਲ ਸਹੀ ਮਿਲ ਸਕਦਾ ਹੈ।
ਚੀਨ ਨੇ ਇਹ ਕਦਮ ਉਦੋਂ ਚੁੱਕਿਆ ਹੈ, ਜਦੋਂ ਹਾਲ ਹੀ ‘ਚ ਉਸ ਨੇ 50 ਅਰਬ ਡਾਲਰ ਦੇ 659 ਅਮਰੀਕੀ ਪਦਾਰਥਾਂ ‘ਤੇ 25 ਫੀਸਦੀ ਇੰਪੋਰਟ ਡਿਊਟੀ ਲਾਉਣ ਦਾ ਐਲਾਨ ਕੀਤਾ ਹੈ, ਜਿਸ ‘ਚ ਸੋਇਆਬੀਨ ਵੀ ਸ਼ਾਮਲ ਹੈ। 6 ਜੁਲਾਈ ਤੋਂ ਚੀਨ ‘ਚ ਆਉਣ ਵਾਲੇ ਇਨ੍ਹਾਂ ਅਮਰੀਕੀ ਪ੍ਰਾਡਕਟ ‘ਤੇ ਇਹ ਟੈਰਿਫ ਲਾਗੂ ਹੋ ਜਾਵੇਗਾ। ਹੁਣ ਤਕ ਅਮਰੀਕੀ ਸੋਇਆਬੀਨ ਦਾ ਸਭ ਤੋਂ ਵੱਡਾ ਖਰੀਦਦਾਰ ਚੀਨ ਰਿਹਾ ਹੈ। ਅਮਰੀਕਾ ਨੇ ਚੀਨ ਨੂੰ ਪਿਛਲੇ ਸਾਲ 14 ਅਰਬ ਡਾਲਰ ਦਾ ਸੋਇਆਬੀਨ ਬਰਾਮਦ ਕੀਤਾ ਸੀ। ਹੁਣ ਚੀਨ ਵੱਲੋਂ ਇਸ ‘ਤੇ 25 ਫੀਸਦੀ ਇੰਪੋਰਟ ਡਿਊਟੀ ਥੋਪੇ ਜਾਣ ਨਾਲ ਅਮਰੀਕੀ ਸੋਇਆਬੀਨ ਚੀਨੀ ਖਰੀਦਦਾਰਾਂ ਲਈ ਮਹਿੰਗਾ ਹੋ ਜਾਵੇਗਾ, ਜਿਸ ਕਾਰਨ ਚੀਨ ਨੇ ਭਾਰਤ, ਦੱਖਣੀ ਕੋਰੀਆ, ਬੰਗਲਾਦੇਸ਼, ਲਾਓਸ ਅਤੇ ਸ਼੍ਰੀਲੰਕਾ ਤੋਂ ਇਸ ਦਾ ਇੰਪੋਰਟ ਵਧਾਉਣ ਦਾ ਫੈਸਲਾ ਕੀਤਾ ਹੈ।