ਡਾ. ਮਨਮੋਹਨ ਸਿੰਘ ਬਣਨਾ ਔਖਾ: ਅਨੁਪਮ ਖੇਰ

0
624

ਮੁੰਬਈ: ਅਨੁਪਮ ਖੇਰ ਲਈ ਡਾਕਟਰ ਮਨਮੋਹਨ ਸਿੰਘ ਬਣਨਾ ਔਖਾ ਹੈ। ਇਹ ਗੱਲ਼ ਉਨ੍ਹਾਂ ਨੇ ਖੁਦ ਕਬੂਲੀ ਹੈ। ਫਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ’ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਅਨੂਪਮ ਖੇਰ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਮੁਸ਼ਕਲ ਫਿਲਮ ਹੈ ਕਿਉਂਕਿ ਬੜੀ ਬਾਰੀਕੀ ਨਾਲ ਹਰ ਕੰਮ ਕਰਨਾ ਪੈ ਰਿਹਾ ਹੈ।
ਫਿਲਮ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਵੱਲੋਂ ਲਿਖੀ ਗਈ ਕਿਤਾਬ ’ਤੇ ਆਧਾਰਤ ਹੈ। ਅਨੂਪਮ ਖੇਰ ਨੇ ਕਿਹਾ ਕਿ ਉਨ੍ਹਾਂ ਛੇ ਮਹੀਨਿਆਂ ਤਕ ਮਨਮੋਹਨ ਸਿੰਘ ਦੀ ਹਸਤੀ ਨੂੰ ਸਮਝਿਆ। ‘ਸਾਰੀ ਦੁਨੀਆ ਉਨ੍ਹਾਂ ਨੂੰ ਜਾਣਦੀ ਸੀ। ਉਨ੍ਹਾਂ ਦਾ ਕਿਰਦਾਰ ਨਿਭਾਉਣਾ ਸੁਖਾਲਾ ਨਹੀਂ। ਉਨ੍ਹਾਂ ਦੇ ਬੋਲਣ ਦਾ ਢੰਗ ਤੇ ਚਾਲ ਸਭ ਕੁਝ ਬਹੁਤ ਮੁਸ਼ਕਲ ਹਨ। ਮੈਨੂੰ ਉਹੋ ਜਿਹਾ ਇਨਸਾਨ ਬਣਨ ਲਈ ਸਖ਼ਤ ਮਿਹਨਤ ਕਰਨੀ ਪਈ।’
ਅਦਾਕਾਰ ਨੇ ਕਿਹਾ ਕਿ ਦਰਸ਼ਕਾਂ ਨੂੰ ਪਰਦੇ ’ਤੇ ਮਨਮੋਹਨ ਸਿੰਘ ਵਰਗਾ ਦਿਖਾਉਣਾ ਬਹੁਤ ਮੁਸ਼ਕਲ ਹੈ ਪਰ ਫਿਰ ਵੀ ਉਨ੍ਹਾਂ ਕੋਸ਼ਿਸ਼ ਕੀਤੀ ਹੈ। ਖੇਰ ਨੇ ਕਿਹਾ ਕਿ ਹੋਰ ਕਈ ਬਹਿਰੂਪੀਏ ਉਨ੍ਹਾਂ ਨਾਲੋਂ ਬਿਹਤਰ ਕੰਮ ਕਰ ਸਕਦੇ ਹਨ ਪਰ ਦੋ ਘੰਟਿਆਂ ਤਕ ਦਰਸ਼ਕਾਂ ਨੂੰ ਮਨਮੋਹਨ ਸਿੰਘ ਵਰਗਾ ਬਣ ਕੇ ਦਿਖਾਉਣਾ ਵਧ ਅਹਿਮੀਅਤ ਰੱਖਦਾ ਹੈ। ਫਿਲਮ ਵਿਜੇ ਰਤਨਾਕਰ ਗੁੱਟੇ ਵੱਲੋਂ ਅੰਗਰੇਜ਼ੀ ਤੇ ਹਿੰਦੀ ’ਚ ਬਣਾਈ ਜਾ ਰਹੀ ਹੈ ਜਿਸ ਦੇ ਨਿਰਮਾਤਾ ਬੋਹਰਾ ਬ੍ਰਦਰਜ਼ ਹਨ। ਸਿਆਸਤ ’ਚ ਸ਼ਾਮਲ ਹੋਣ ਦੇ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਨੇੜ ਭਵਿੱਖ ’ਚ ਅਜਿਹਾ ਕੁਝ ਵਾਪਰਨ ਨਹੀਂ ਜਾ ਰਿਹਾ।