ਵਾਸ਼ਿੰਗਟਨ — ਅਮਰੀਕਾ ਦੇ ਟੈਕਸਾਸ ਰਾਜ ‘ਚ ਇਕ ਸਕੂਲ ‘ਚ ਹੋਈ ਗੋਲੀਬਾਰੀ ‘ਚ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ।
ਘਟਨਾ ਹਿਊਸਟਨ ਤੋਂ ਲਗਭਗ 50 ਕਿਲੋਮੀਟਰ ਦੂਰ ਸੈਂਟਾ ਫੀ ਹਾਈ ਸਕੂਲ ਦੀ ਹੈ। ਮਾਰਨ ਵਾਲਿਆਂ ‘ਚ ਜ਼ਿਆਦਾ ਵਿਦਿਆਰਥੀ ਸ਼ਾਮਲ ਹਨ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਪੁਲਸ ਨੇ ਹਮਲਾਵਰ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਹੈ ਅਤੇ ਉਸ ਦੀ ਪਛਾਣ ਦਿਮੀਤ੍ਰੋਸ ਪਗੋਤਜ੍ਰਿਸ਼ (17) ਵੱਜੋਂ ਕੀਤੀ ਗਈ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੋਲੀਬਾਰੀ ਦੀ ਘਟਨਾ ਤੋਂ ਕੁਝ ਹੀ ਦੇਰ ਬਾਅਦ ਟਵਿੱਟਰ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ‘ਸ਼ੁਰੂਆਤੀ ਖਬਰਾਂ ਚੰਗੀਆਂ ਨਹੀਂ ਹਨ।’ ਇਸ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਟਵੀਟ ‘ਚ ਲਿਖਿਆ, ‘ਮੇਰਾ ਇਸ ਹਮਲੇ ‘ਚ ਪ੍ਰਭਾਵਿਤ ਹੋਏ ਸਾਰੇ ਲੋਕਾਂ ਨੂੰ ਸਮਰਥਨ ਅਤੇ ਪਿਆਰ ਹੈ। ਸੈਂਟਾ ਫੀ ਹਾਈ ਸਕੂਲ ਦੇ ਵਿਦਿਆਰਥੀ, ਪਰਿਵਾਰ, ਅਧਿਆਪਕ ਅਤੇ ਕਰਮਚਾਰੀਆਂ, ਅਸੀਂ ਇਸ ਦੁਖ ਦੀ ਘੜੀ ‘ਚ ਤੁਹਾਡੇ ਨਾਲ ਹਾਂ ਅਤੇ ਹਮੇਸ਼ਾ ਰਹਾਂਗੇ।’
ਸਥਾਨਕ ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਦੇ ਸਿਲਸਿਲੇ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਇਕ ਹੋਰ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਇਕ ਪੁਲਸ ਅਧਿਕਾਰੀ ਜ਼ਖਮੀ ਹੋਇਆ ਹੈ, ਜਿਸ ਨੂੰ ਨੇੜੇ ਦੇ ਇਕ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਗੋਲੀਬਾਰੀ ਅਮਰੀਕਾ ‘ਚ ਪਿਛਲੇ 7 ਦਿਨਾਂ ‘ਚ ਸਕੂਲਾਂ ‘ਚ ਗੋਲੀਬਾਰੀ ਦੀ ਤੀਜੀ ਅਤੇ ਇਸ ਸਾਲ ਗੋਲੀਬਾਰੀ ਦੀ ਇਹ 22ਵੀਂ ਘਟਨਾ ਹੈ।