ਤਕਨਾਲੋਜੀ ਆਉਣ ਦੇ ਨਾਲ ਨਾਲ ਮੀਡੀਆ ਦਾ ਰੂਪ ਵੀ ਬਦਲਿਆ ਹੈ। ਪਹਿਲਾਂ ਮੀਡੀਆ ਵਿੱਚ ਪੱਤਰਕਾਰ ਖ਼ਬਰ ਦੀ ਤੈਅ ਤਕ ਜਾ ਕੇ ਉਸ ਦੀ ਸੱਚਾਈ ਦਾ ਪਤਾ ਲਗਾ ਕੇ ਅਖ਼ਬਾਰ ਤਕ ਆਪਣੀ ਖ਼ਬਰ ਪਹੁੰਚਾਉਂਦੇ ਸਟ ਅਤੇ ਕਾਲਮ ਨਵੀਸ ਬੜੀ ਡੂੰਘਾਈ ਨਾਲ ਆਪਣੇ ਨਜ਼ਰੀਏ ਤੋਂ ਲੋਕ ਪੱਖੀ ਗੱਲ ਰੱਖਦੇ ਸਨ। ਪਰ ਹੁਣ ਪ੍ਰਿੰਟ ਮੀਡੀਆ, ਰੇਡੀਓ ਅਤੇ ਲਾਈਵ ਮੀਡੀਆ ਦੀ ਥਾਂ ਇੰਟਰਨੈੱਟ ਮੀਡੀਆ ਲੈ ਰਿਹਾ ਹੈ। ਪਹਿਲਾਂ ਜਿਹੜੀ ਖ਼ਬਰ ਜਾਂਚ-ਪਰਖ ਕੇ ਇੱਕ ਦਿਨ ਤੋਂ ਹਫ਼ਤੇ ਵਿਚਕਾਰ ਪਹੁੰਚਦੀ ਸੀ, ਉਹ ਹੁਣ ਚੁਟਕੀਆਂ ਵਿੱਚ ਹੀ ਇਸ ਇੰਟਰਨੈੱਟ ਮੀਡੀਆ ਰਾਹੀਂ ਲੋਕਾਂ ਤਕ ਪਹੁੰਚ ਜਾਂਦੀ ਹੈ। ਕਿਸੇ ਵੀ ਚੈਨਲ, ਰੇਡੀਓ ਅਤੇ ਅਖ਼ਬਾਰ ਵਿੱਚ ਸਹੀ ਅਤੇ ਪ੍ਰਮਾਣਿਕ ਖ਼ਬਰ ਦਾ ਨਿਰੀਖਣ ਕਰਨ ਲਈ ਬਹੁਤ ਵੱਡੀ ਟੀਮ ਕੰਮ ਕਰਦੀ ਹੈ, ਜਿਸ ਵਿੱਚ ਸੰਪਾਦਕ, ਪੱਤਰਕਾਰ, ਰੀਡਰ, ਸੋਧਕ, ਚੈੱਕਰ, ਨਿਰੀਖਕ ਆਦਿ ਹੁੰਦੇ ਹਨ। ਉਨ੍ਹਾਂ ਸਭ ਤੋਂ ਪ੍ਰਵਾਨਿਤ ਹੋ ਕੇ ਕੋਈ ਖ਼ਬਰ ਲੋਕਾਂ ਤਕ ਪਹੁੰਚਦੀ ਹੈ, ਪਰ ਹੁਣ ਲੋਕਾਂ ਵਿੱਚ ਇਸ ਮੀਡੀਆ ਦੀ ਰੁਚੀ ਘੱਟ ਕੇ ਇੰਟਰਨੈੱਟ ਮੀਡੀਆ ਰਾਹੀਂ ਜਲਦ ਤੋਂ ਜਲਦ ਕਿਸੇ ਖ਼ਬਰ ਨੂੰ ਜਾਨਣ ਦੀ ਇੱਛਾ ਵੱਧ ਗਈ ਹੈ। ਭਾਵੇਂ ਕੋਈ ਸੱਚੀ ਖ਼ਬਰ ਹੋਵੇ ਜਾਂ ਫਿਰ ਝੂਠੀ, ਖ਼ਬਰ ਲੋਕਾਂ ਵਿੱਚ ਅੱਗ ਦੀ ਤਰ੍ਹਾਂ ਫੈਲਦੇ ਸਮਾਂ ਨਹੀਂ ਲੈਂਦੀ ਅਤੇ ਲੋਕ ਵੀ ਬਿਨਾਂ ਉਸ ਦੀ ਜਾਂਚ ਪਰਖ ਕੀਤੇ ਉਸ ਨੂੰ ਸੱਚ ਮਨ ਲੈਂਦੇ ਹਨ। ਇਸ ਦਾ ਫਾਇਦਾ ਲੋਕ ਹੀ ਨਹੀਂ ਸਗੋਂ ਰਾਜਨੀਤਕ ਪਾਰਟੀਆਂ ਅਤੇ ਸ਼ਰਾਰਤੀ ਅਨਸਰ ਵੀ ਆਪਣੇ ਹਿੱਤ ਵਿੱਚ ਲੈਣ ਲਈ ਕਰ ਰਹੇ ਹਨ। ਵੱਟਸਐਪ, ਟਵਿੱਟਰ, ਫੇਸਬੁੱਕ, ਯੂਟਿਊਬ ਆਦਿ ’ਤੇ ਕੋਈ ਖ਼ਬਰ ਜਾਂ ਜਾਣਕਾਰੀ ਪੈਣ ਦੇ ਨਾਲ ਹੀ ਉਸ ਨੂੰ ਪਸੰਦ ਅਤੇ ਅੱਗੇ ਵਧਾਉਣ (ਸ਼ੇਅਰ) ਦਾ ਕੰਮ ਚੱਲ ਪੈਂਦਾ ਹੈ। ਬੁੱਧੀਜੀਵੀ ਵੀ ਇਨ੍ਹਾਂ ਖ਼ਬਰਾਂ ਨੂੰ ਸੱਚ ਮਨ ਅੱਗੇ ਵਧਾ ਦਿੰਦੇ ਹਨ। ਉਨ੍ਹਾਂ ਦੇ ਜੋ ਪ੍ਰਸ਼ੰਸਕ ਹੁੰਦੇ ਹਨ ਉਹ ਅੱਖਾਂ ਬੰਦ ਕਰਕੇ ਉਸ ਖ਼ਬਰ/ਜਾਣਕਾਰੀ ਨੂੰ ਸੱਚ ਮਨ ਲੈਂਦੇ ਹਨ।
ਖਾਣ-ਪੀਣ ਦੀਆਂ ਵਸਤਾਂ ਬਾਰੇ ਇੰਨੇ ਵੀਡੀਓ/ਤਸਵੀਰਾਂ/ ਖ਼ਬਰਾਂ ਵਾਇਰਲ ਹੁੰਦੀਆਂ ਹਨ ਕਿ ਬੰਦਾ ਖਾਣਾ ਹੀ ਛੱਡ ਦਵੇ। ਜਿਵੇਂ ਕੁਝ ਦਿਨ ਪਹਿਲਾਂ ਪਲਾਸਟਿਕ ਦੇ ਚੌਲਾਂ ਦਾ ਵੀਡੀਓ ਸਾਹਮਣੇ ਆਇਆ ਸੀ, ਸ਼ਾਇਦ ਹੋ ਸਕਦਾ ਹੈ ਕਿ ਇਸ ਤਰ੍ਹਾਂ ਹੋਇਆ ਵੀ ਹੋਵੇ, ਪਰ ਤਕਨੀਕੀ ਆਧਾਰ ’ਤੇ ਵੇਖੀਏ ਤਾਂ ਪਲਾਸਟਿਕ ਕਦੇ ਉਬਲ ਨਹੀਂ ਸਕਦਾ ਅਤੇ ਜੇ ਉਸ ਨੂੰ ਜ਼ਿਆਦਾ ਤਾਪਮਾਨ ’ਤੇ ਰੱਖਿਆ ਜਾਵੇ ਤਾਂ ਉਹ ਸੜ ਜਾਵੇਗਾ। ਇਸੇ ਤਰ੍ਹਾਂ ਨਕਲੀ ਆਂਡੇ ਦਾ ਵੀਡੀਓ ਵੀ ਬਹੁਤ ਚਰਚਾ ਵਿੱਚ ਰਿਹਾ ਹੈ, ਇੱਕ 3-5 ਰੁਪਏ ਦੀ ਚੀਜ਼ ’ਤੇ 10-20 ਰੁਪਏ ਲਗਾ ਕੇ ਹੁਬਹੂ ਉਸਦੀ ਨਕਲ ਕਰਕੇ ਕੁਝ ਉਸ ਤਰ੍ਹਾਂ ਬਣਾ ਕੇ ਅਸਲੀ ਵਸਤ ਦੀ ਕੀਮਤ ਤੋਂ ਵੀ ਘੱਟ ਬਾਜ਼ਾਰ ਵਿੱਚ ਵੇਚਣਾ ਸਮਝ ਤੋਂ ਬਾਹਰ ਲੱਗਦਾ ਹੈ।
ਇੰਟਰਨੈੱਟ ਮੀਡੀਆ ’ਤੇ ਉਨਾ ਕੁ ਹੀ ਦਿਖਾਇਆ ਜਾਂਦਾ ਹੈ ਜਿਸ ਵਿੱਚ ਜਗਿਆਸਾ ਹੋਵੇ, ਪਰ ਉਸ ਦਾ ਸੱਚ ਬਹੁਤ ਘੱਟ ਦਿਖਾਇਆ ਜਾਂਦਾ ਹੈ। ਰਾਜਨੀਤਕ ਪਾਰਟੀਆਂ ਦੇ ਚਿਹਰੇ ਬਦਲ ਜਾਂ ਆਵਾਜ਼ ਬਦਲ ਕੇ ਇੱਕ ਦੂਜੇ ਨੂੰ ਬਦਨਾਮ ਕਰਨ ਦਾ ਕੰਮ ਵੀ ਸ਼ਰਾਰਤੀ ਅਨਸਰ ਖ਼ੂਬ ਕਰ ਰਹੇ ਹਨ। ਚਾਹੇ ਇਸ ਵਿੱਚ ਕਿਸੇ ਮੰਤਰੀ ਨੂੰ ਕੋਈ ਫਾਇਦਾ ਹੋਵੇ ਜਾਂ ਨਾ ਪਰ ਇਸ ਪਿੱਛੇ ਇੱਕ ਸਮਾਜ ਵਿੱਚ ਲੜਾਈ-ਝਗੜਾ ਵੱਧਦੇ ਦੇਰ ਨਹੀਂ ਲੱਗਦੀ। ਇਸੇ ਤਰ੍ਹਾਂ ਘਰ ਦਾ ਵੈਦ ਬਣ ਇਹ ਮੀਡੀਆ ਬਹੁਤੀਆਂ ਬਿਮਾਰੀਆਂ ਦੇ ਹੱਲ ਬਿਨਾਂ ਪੈਸੇ ਲਏ ਹੀ ਦੱਸ ਦਿੰਦਾ ਹੈ। ਹੋ ਸਕਦਾ ਹੈ ਇਨ੍ਹਾਂ ਵਿੱਚ ਕੁਝ ਦਾ ਲਾਭ ਵੀ ਹੋਵੇ, ਪਰ ਕਿਸੇ ਵੀ ਇੰਟਰਨੈੱਟ ਖ਼ਬਰ ਦੀ ਸਚਾਈ ਪਤਾ ਲਗਾ ਕਿ ਹੀ ਉਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਭਾਰਤੀ ਕਾਨੂੰਨ ਵਿੱਚ ਕਿਸੇ ਵੀ ਦੋਸ਼ੀ ਖ਼ਾਸ ਕਰ ਪੀੜਤ ਔਰਤਾਂ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ, ਪਰ ਇਸ ਮੀਡੀਆ ਰਾਹੀਂ ਕਿਸੇ ਵੀ ਔਰਤ ਨੂੰ ਬਦਨਾਮ ਕਰਨ ਲਈ ਉਨ੍ਹਾਂ ਦੀ ਤਸਵੀਰ ਜਾਂ ਹੋਰ ਇਤਰਾਜ਼ ਯੋਗ ਸੱਮਗਰੀ ਜੋੜ ਦਿੱਤੀ ਜਾਂਦੀ ਹੈ ਅਤੇ ਲੋਕ ਉਸ ਨੂੰ ਦਿਆ ਦੇ ਤੌਰ ’ਤੇ ਅੱਗੇ ਵਧਾ ਦਿੰਦੇ ਹਨ ਜੋ ਬਿਲਕੁਲ ਹੀ ਗ਼ਲਤ ਹੈ। ਬਹੁਤੀ ਵਾਰ ਤੇ ਵਾਇਰਲ ਵੀਡੀਓ ਦੀ ਸੱਚਾਈ ਝੂਠੀ ਹੁੰਦੀ ਹੈ, ਪਰ ਕਈ ਵਾਰ ਤਾਂ ਇਸ ਤਰ੍ਹਾਂ ਦੀ ਸਥਿਤੀ ਵੀ ਬਣ ਜਾਂਦੀ ਹੈ ਕਿ ਜਿਸ ਵਿੱਚ ਅਸੀਂ ਖ਼ਬਰ ਨੂੰ ਜਾਂਚਣ ਪਰਖਣ ਵਿੱਚ ਅਸਮਰੱਥ ਹੁੰਦੇ ਹਾਂ, ਜਿਸ ਤਰ੍ਹਾਂ ਕਈ ਵੀਡੀਓ/ਤਸਵੀਰਾਂ ਆਉਂਦੀਆ ਹਨ ਕਿ ਕੋਈ ਬੱਚਾ ਲਾਪਤਾ ਹੈ ਜਾਂ ਕਿਸੇ ਨੂੰ ਖ਼ੂਨ ਦੀ ਜ਼ਰੂਰਤ ਹੈ ਅਤੇ ਕੁਝ ਕੇਸ ਇਸ ਤਰ੍ਹਾਂ ਦੇ ਸਾਹਮਣੇ ਵੀ ਆਏ ਹਨ ਜਿਨ੍ਹਾਂ ਵਿੱਚ ਬੱਚੇ ਜਾਂ ਕਿਸੇ ਦੀ ਜਾਨ ਵੀ ਬਚਾਈ ਜਾ ਸਕੀ ਹੋਵੇ। ਸੋ ਇਸ ਸੱਚ ਝੂਠ ਦੀ ਪਰਖ ਕਿਸ ਤਰ੍ਹਾਂ ਕੀਤੀ ਜਾਵੇ ਇੱਕ ਸੂਝਵਾਨ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਬਤੌਰ ਜ਼ਿੰਮੇਵਾਰ ਨਾਗਰਿਕ, ਉਹੀ ਇੰਟਰਨੈੱਟ ਮੀਡੀਆ ਉੱਪਰ ਸ਼ੇਅਰ ਕਰੇ ਜਿਸ ਵਿੱਚ ਤੁਹਾਨੂੰ ਤੱਥ ਸਹੀ ਹੋਣ ਦੀ ਪੁਖਤਾ ਜਾਣਕਾਰੀ ਹੋਵੇ।
##ਪਰਵਿੰਦਰਜੀਤ ਸਿੰਘ ਸੰਪਰਕ: 98720-07176