ਚੀਨ ’ਚ ਮੀਂਹ ਨੇ ਤੋੜਿਆ 140 ਸਾਲਾਂ ਦਾ ਰਿਕਾਰਡ

0
193
heavy rain in China July 2023

ਬੀਜਿੰਗ (ਏਜੰਸੀ) : ਚੀਨ ’ਚ ਬਾਰਿਸ਼ ਨੇ ਪਿਛਲੇ 140 ਸਾਲਾਂ ਦਾ ਰਿਕਾਰਡ ਤੋੜਿਆ ਹੈ। ਪਿਛਲੇ ਪੰਜ ਦਿਨਾਂ ’ਚ ਬੀਜਿੰਗ ’ਚ 744.8 ਮਿਲੀਮੀਟਰ ਯਾਨੀ 29.3 ਇੰਚ ਬਾਰਿਸ਼ ਦਰਜ ਕੀਤੀ ਗਈ ਹੈ। ਇਹ ਬਾਰਿਸ਼ ਟਾਇਫੂਨ ਦੋਕਸੁਰੀ ਕਾਰਨ ਹੋ ਰਹੀ ਹੈ। ਇਸ ਤੋਂ ਪਹਿਲਾਂ 1891 ’ਚ ਲਗਾਤਾਰ ਕਈ ਦਿਨਾਂ ’ਚ 609 ਮਿਲੀਮੀਟਰ ਬਾਰਿਸ਼ ਦਾ ਰਿਕਾਰਡ ਹੈ।
ਚੀਨ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 26 ਲਾਪਤਾ ਹਨ। ਸੜਕਾਂ ਨੁਕਸਾਨੀਆਂ ਜਾ ਚੁੱਕੀਆਂ ਹਨ। ਬਿਜਲੀ ਦੀ ਸਪਲਾਈ ’ਤੇ ਵੀ ਅਸਰ ਪਿਆ ਹੈ। ਬਾਰਿਸ਼ ਦੇ ਪਾਣੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ’ਚ ਬੀਜਿੰਗ ਤੇ ਹੇਬੈ ਸੂਬੇ ਹਨ।
ਹਜ਼ਾਰਾਂ ਲੋਕਾਂ ਨੂੰ ਕੈਂਪਾਂ ’ਚ ਪਹੁੰਚਾਇਆ ਗਿਆ ਹੈ। ਬੁੱਧਵਾਰ ਨੂੰ ਪ੍ਰਮੁੱਖ ਨਦੀਆਂ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਆਉਣ ਤੋਂ ਬਾਅਦ ਫਲੱਡ ਅਲਰਟ ਵਾਪਸ ਲੈ ਲਿਆ ਗਿਆ ਹੈ। ਉੱਥੇ ਟਾਇਫੂਨ ਦੋਕਸੁਰੀ ਨਾਲ ਜੁੜੇ ਬੱਦਲ ਲਗਾਤਾਰ ਉੱਤਰ ਵੱਲ ਵੱਧ ਰਹੇ ਹਨ। ਇਸ ਨੂੰ ਦੇਖਦੇ ਹੋਏ ਹਾਰਬਿਨ ’ਚ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਨਿਰਮਾਣ ਕਾਰਜ ਵੀ ਵੀਰਵਾਰ ਸ਼ਾਮ ਤੱਕ ਲਈ ਰੋਕ ਦਿੱਤੇ ਗਏ ਹਨ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਘਰਾਂ ’ਚ ਹੀ ਰਹਿਣ।