ਗ਼ਦਰ ਲਹਿਰ ਦੇ ਦਿਨਾਂ ਵਿੱਚ…

0
401

ਪੁਰਾਣੇ ਸਮਿਆਂ ਵਿੱਚ ਰੋਜ਼ੀ-ਰੋਟੀ ਲਈ ਵਿਦੇਸ਼ਾਂ ਵਿੱਚ ਜਾ ਵੱਸੇ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਜ਼ਿਕਰਯੋਗ ਯੋਗਦਾਨ ਪਾਇਆ। ਅਮਰੀਕਾ ਗਏ ਮੁੱਢਲੇ ਪੰਜਾਬੀਆਂ ਵਿੱਚ ਬਖਸ਼ੀਸ਼ ਸਿੰਘ ਢਿੱਲੋਂ ਵੀ ਸ਼ਾਮਲ ਸੀ। ਗ਼ਦਰ ਲਹਿਰ ਨਾਲ ਜੁੜੇ ਇਸ ਸ਼ਖ਼ਸ ਦੇ ਪਰਿਵਾਰ ਨੇ ਵੀ ਇਸ ਲਹਿਰ ਨੂੰ ਨੇੜਿਓਂ ਤੱਕਿਆ। ਇਸ ਬਾਬਤ ਯਾਦਾਂ ਸਾਂਝੀਆਂ ਕਰਦੀ ਹੈ ਬਖਸ਼ੀਸ਼ ਸਿੰਘ ਢਿੱਲੋਂ ਦੀ ਧੀ ਕਰਤਾਰ ਢਿੱਲੋਂ ਨਾਲ ਕੀਤੀ ਗਈ ਇਹ ਮੁਲਾਕਾਤ।

1898 ’ਚ ਸਾਨ ਫਰਾਂਸਿਸਕੋ ਬੰਦਰਗਾਹ ’ਤੇ ਲੱਥਣ ਵਾਲਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੁਰਸਿੰਘ ਦਾ ਬਖਸ਼ੀਸ਼ ਸਿੰਘ ਢਿੱਲੋਂ ਅਮਰੀਕਾ ਪੁੱਜਣ ਵਾਲਾ ਪਹਿਲਾ ਪੰਜਾਬੀ ਸੀ। ਉਹ ਅੰਗਰੇਜ਼ੀ ਫ਼ੌਜ ’ਚ ਸਾਰਜੰਟ ਦੀ ਨੌਕਰੀ ਕਰਦਾ ਆਇਆ ਸੀ। ਨੌਕਰੀ ਦੌਰਾਨ ਕਿੰਨੇ ਸਾਲ ਉਹ ਸ਼ੰਘਾਈ ਰਿਹਾ। ਤਿੰਨ ਹੋਰ ਸਿੰਘਾਂ ਨਾਲ ਉਹ ਸਮੁੰਦਰੀ ਜਹਾਜ਼ ਰਾਹੀਂ ਅਮਰੀਕਾ ਦੇ ਪੱਛਮੀ ਤੱਟ ’ਤੇ ਪੁੱਜ ਗਿਆ। ਬਖਸ਼ੀਸ਼ ਸਿੰਘ ਤੇ ਉਹਦੇ ਸਾਥੀਆਂ ਦੇ ਦਸਤਾਰ ਤੇ ਦਾਹੜੇ ਵਾਲੇ ਚਿਹਰੇ ਦੇਖ ਕੇ ਇਮੀਗ੍ਰੇਸ਼ਨ ਦੇ ਅਧਿਕਾਰੀ ਹੈਰਾਨ ਹੋ ਗਏ। ਉਨ੍ਹਾਂ ਨੇ ਅਖ਼ਬਾਰਾਂ ਵਾਲਿਆਂ ਨੂੰ ਸੱਦ ਲਿਆ। ਅਗਲੇ ਦਿਨ ਪੰਜਾਬ ਦੇ ਲੰਮੇ ਉੱਚੇ ਦਰਸ਼ਨੀ ਜਵਾਨਾਂ ਦੀ ਫ਼ੋਟੋ ਸਮੇਤ ਖ਼ਬਰ ਸਾਨ ਫਰਾਂਸਿਸਕੋ ਦੇ ਮੁੱਖ ਅਖ਼ਬਾਰ  ‘ਸਾਨ ਫਰਾਂਸਿਸਕੋ ਕ੍ਰਾਨਿਕਲ’  ਵਿੱਚ ਛਪੀ।
ਸਾਲ 1999 ਵਿੱਚ ਮੈਂ ਅਮਰੀਕਾ ਫੇਰੀ ਦੌਰਾਨ ਬਖਸ਼ੀਸ਼ ਸਿੰਘ ਦੀ ਧੀ ਕਰਤਾਰ ਢਿੱਲੋਂ ਨੂੰ ਸਾਨ ਫਰਾਂਸਿਸਕੋ ਉਹਦੇ ਘਰ ਜਾ ਮਿਲਿਆ। ਪ੍ਰਭਾਵਸ਼ਾਲੀ ਦਿੱਖ ਅਤੇ ਲੰਮੇ ਉੱਚੇ ਕੱਦ-ਕਾਠ ਵਾਲੀ ਕਰਤਾਰ ਉਦੋਂ ਪੱਚਾਸੀ ਸਾਲਾਂ ਦੀ ਸੀ। ਉਹ ਸਵੈ-ਨਿਰਭਰ ਹੋ ਕੇ ਆਪਣੇ ਸਾਰੇ ਕੰਮ ਕਰਦੀ। ਕਾਰ ਚਲਾਉਂਦੀ, ਦਾਨਿਸ਼ਵਰਾਂ ਵਾਂਗ ਗੱਲਾਂ ਕਰਦੀ। ਉਹ ਆਪਣੇ ਪਿਤਾ ਤੇ ਪਰਿਵਾਰ ਦੇ ਹੋਰ ਜੀਆਂ ਅਤੇ ਗ਼ਦਰ ਲਹਿਰ ਦੇ ਦਿਨਾਂ ਬਾਰੇ ਮੇਰੇ ਨਾਲ ਗੱਲਬਾਤ ਕਰਨ ਲਈ ਮੰਨ ਗਈ। ਗੱਲਬਾਤ ਉਹਦੀ ਧੀ ਡਾ. ਆਇਸ਼ਾ ਦੇ ਘਰ ਬਰਕਲੇ (ਕੈਲਿਫੋਰਨੀਆ) ’ਚ ਤਿੰਨ ਦਿਨਾਂ ਤਕ ਚਲਦੀ ਰਹੀ। ਅੰਗਰੇਜ਼ੀ ’ਚ ਹੋਈ ਇਹ ਲੰਮੀ ਗੱਲਬਾਤ ਉਦੋਂ ਇੱਕ ਅੰਗਰੇਜ਼ੀ ਪੱਤਰ ਵਿੱਚ ਛਪੀ।
15 ਜੂਨ, 2008 ਨੂੰ ਕਰਤਾਰ ਢਿੱਲੋਂ ਦਾ 93 ਸਾਲ ਦੀ ਆਯੂ ਵਿੱਚ ਦੇਹਾਂਤ ਹੋ ਗਿਆ। ਸ਼ਾਨਦਾਰ ਸ਼ਖ਼ਸੀਅਤ ਵਾਲੀ ਤੇ ਆਪਣੇ ਯੁੱਗ ਤੋਂ ਬਹੁਤ ਅਗਾਂਹ ਦੀ ਸੋਚ ਰੱਖਣ ਵਾਲੀ ਇਸ ਸ਼ਖ਼ਸੀਅਤ ਨਾਲ ਹੋਈ ਉਸ ਗੱਲਬਾਤ ਵਿੱਚੋਂ ਅਹਿਮ ਹਿੱਸਾ ਪੇਸ਼ ਕਰ ਰਹੇ ਹਾਂ।

ਮੁਲਾਕਾਤ : ਗੁਰਚਰਨ* ਤੁਹਾਡੇ ਪਿਤਾ ਦੇ ਫ਼ੌਜ ’ਚ ਭਰਤੀ ਹੋਣ ਨਾਲ ਮਾਇਕ ਲੋੜਾਂ ਪੂਰੀਆਂ ਹੋਈਆਂ?* ਆਪਣੇ ਪਿਤਾ ਬਖਸ਼ੀਸ਼ ਸਿੰਘ ਬਾਰੇ ਕੁਝ ਦੱਸੋ। ਸੁਣਿਐ, ਉਹ ਅਮਰੀਕਾ ’ਚ ਪੁੱਜਣ  ਵਾਲਾ ਪਹਿਲਾ ਪੰਜਾਬੀ ਬੰਦਾ ਸੀ?
– ਜਿੰਨਾ ਕੁ ਮੈਨੂੰ ਪਤਾ,  ਅਮਰੀਕਾ ’ਚ ਆਉਣ ਵਾਲਾ ਉਹ ਪਹਿਲਾ ਪੰਜਾਬੀ ਸੀ।
* ਅਮਰੀਕਾ ਪਹੁੰਚਣ ਤੋਂ ਪਹਿਲਾਂ ਤੁਹਾਡੇ ਪਿਤਾ ਦਾ ਪਿਛੋਕੜ?
– ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਸੁਰਸਿੰਘ ਪਿੰਡ ਤੋਂ ਸੀ। ਸੋਲਾਂ ਸਤਾਰਾਂ ਸਾਲਾਂ ਦਾ ਸੀ ਜਦ ਉਹ ਕਮਾਈ ਕਰਨ ਘਰੋਂ ਤੁਰ ਪਿਆ। ਦੋ ਭਰਾਵਾਂ ’ਚੋਂ ਉਹ ਨਿੱਕਾ ਸੀ। ਪਰਿਵਾਰ ਲਈ ਬੜੀ ਔਖਿਆਈ ਦੇ ਦਿਨ ਸਨ। ਅੰਗਰੇਜ਼ਾਂ ਨੇ ਮਾਲੀਆ ਏਨਾ ਵਧਾ ਦਿੱਤਾ ਕਿ ਕੁੱਲ ਕਮਾਈ ਦਾ ਅੱਧ ਇਸ ਵਿੱਚ ਚਲਾ ਜਾਂਦਾ। ਬਹੁਤੇ ਲੋਕ ਕੰਗਾਲ ਤੇ ਬੇਜ਼ਮੀਨੇ ਹੋਣ ਲੱਗੇ ਤੇ ਸ਼ਾਹੂਕਾਰਾਂ ਦੇ ਸ਼ਿਕਾਰ ਹੋ ਗਏ। ਜੇ ਕੰਮ ਮਿਲਦਾ ਤਾਂ ਉਹ ਬਰਤਾਨਵੀ ਫ਼ੌਜ ’ਚ ਨੌਕਰੀ ਦਾ ਸੀ। ਮੇਰਾ ਪਿਤਾ ਫ਼ੌਜ ’ਚ ਭਰਤੀ ਹੋ ਗਿਆ। ਉਹ ਤੋਪ ਗੋਲਾ ਦਸਤੇ ਵਿੱਚ ਸੀ ਤੇ ਉਹਨੂੰ ਚੀਨ ਭੇਜ ਦਿੱਤਾ ਗਿਆ। ਉਹ ਬਹੁਤ ਲੰਮਾ ਤੇ ਤਕੜੇ ਜੁੱਸੇ ਵਾਲਾ ਜੁਆਨ ਸੀ। ਤੋਪ ਗੋਲੇ ਦੇ ਭਾਰੇ ਸਾਮਾਨ ਨਾਲ ਸਿੱਝਣ ਲਈ ਮੇਰੇ ਪਿਤਾ ਵਰਗੇ ਤਕੜੇ ਜੁੱਸੇ ਵਾਲੇ ਬੰਦੇ ਦੀ ਲੋੜ ਸੀ।
* ਉਹ ਫ਼ੌਜ ’ਚ ਕਿੰਨੀ ਦੇਰ ਰਹੇ? ਫ਼ੌਜ ’ਚੋਂ ਰੁਖ਼ਸਤ ਕਿਉਂ ਹੋਏ?
– ਇਹਦਾ ਜੁਆਬ ਮੈਂ ਬਚਪਨ ਵੇਲੇ ਜੋ ਸੁਣਿਆ ਉਹਨੂੰ ਯਾਦ ਕਰਕੇ ਹੀ ਦੇ ਸਕਦੀ ਹਾਂ। ਉਹਨੂੰ ਅੰਗਰੇਜ਼ਾਂ ਦੀ ਨੌਕਰੀ ਕਰਨੀ ਮਾੜੀ ਲੱਗਦੀ ਸੀ। ਪਹਿਲਾ ਮੌਕਾ ਮਿਲਦੇ ਹੀ ਉਹਨੇ ਫ਼ੌਜ ਤੋਂ ਪੱਕੀ ਛੁੱਟੀ ਲੈ ਲਈ।

– ਕਾਫ਼ੀ ਹੱਦ ਤਕ ਪੂਰੀਆਂ ਹੋਈਆਂ।
* ਆਪਣੇ ਬਚਪਨ ਦੀਆਂ ਯਾਦਾਂ ਬਾਰੇ ਕੁਝ ਦੱਸੋ।
– ਮੈਂ ਦੱਖਣੀ ਕੈਲਿਫੋਰਨੀਆ ਦੀ ਸਿੰਮੀ ਵਾਦੀ ’ਚ 1915 ’ਚ ਜਨਮੀ।  ਮੇਰਾ ਖਿਆਲ ਹੈ ਉਦੋਂ ਮੇਰਾ ਪਿਤਾ ਉਸਾਰੀ ਦੇ ਕੰਮ ’ਤੇ ਲੱਗਾ ਹੋਇਆ ਸੀ। ਮੈਂ ਕੋਈ ਸਾਲ ਦੀ ਹੋਵਾਂਗੀ ਜਦ ਮੇਰਾ ਪਿਤਾ ਔਰਗਨ ਸਟੇਟ ਦੇ ਅਸਟੋਰੀਆ ਨਗਰ ’ਚ ਆ ਗਿਆ। ਉੱਥੇ ਉਹਨੇ ਲੱਕੜ ਮਿਲ ’ਚ ਕੰਮ ਕੀਤਾ। (ਦਰਅਸਲ, ਅਸਟੋਰੀਆ ’ਚ ਕੁਝ ਸਾਲ ਪਹਿਲਾਂ, 1913 ’ਚ, ਹਿੰਦੀ ਕਾਮਿਆਂ ਦੀ ਜਥੇਬੰਦੀ ਬਣ ਚੁੱਕੀ ਸੀ ਜਿਹਦਾ ਨਾਂ ‘ਹਿੰਦੀ ਐਸੋਸੀਏਸ਼ਨ ਆਫ ਦਿ ਪੈਸਿਫਿਕ ਕੋਸਟ’ ਰੱਖਿਆ ਗਿਆ ਸੀ ਜੋ ਬਾਅਦ ਵਿੱਚ ਗ਼ਦਰ ਪਾਰਟੀ ਦੇ ਨਾਂ ਨਾਲ ਪ੍ਰਸਿੱਧ ਹੋਈ)।
* ਅਸਟੋਰੀਆ ’ਚ ਉਦੋਂ ਜ਼ਿੰਦਗੀ ਕਿੱਦਾਂ ਦੀ ਸੀ?
– ਅਸਟੋਰੀਆ ਬਹੁਤ ਖ਼ੂਬਸੂਰਤ ਜਗ੍ਹਾ ਹੈ। ਇਹ ਸ਼ਹਿਰ ਔਰਗਨ ਸਟੇਟ ਦੇ ਧੁਰ ਉੱਤਰ-ਪੱਛਮੀ ਕੋਨੇ ’ਤੇ ਵੱਸਿਆ ਹੋਇਆ ਹੈ ਜਿੱਥੇ ਕਈ ਦਰਿਆ ਦੂਰੋਂ ਆਉਂਦੇ ਤੇ ਅਗਾਂਹ ਸ਼ਾਂਤ ਮਹਾਂਸਾਗਰ ’ਚ ਜਾ ਦਾਖਲ ਹੁੰਦੇ ਹਨ। ਕੋਲੰਬੀਆ ਦਰਿਆ ਉਸ ਥਾਂ ਵਹਿੰਦਾ; ਸਾਡਾ ਟਿਕਾਣਾ ਕੋਲੰਬੀਆ ਦਰਿਆ ਦੇ ਐਨ ਕੰਢੇ ’ਤੇ  ਸੀ। ਇਹ ਦਰਿਆ ਬਹੁਤ ਚੌੜਾ ਹੈ; ਮੇਰਾ ਖਿਆਲ ਹੈ ਚਾਰ ਮੀਲ ਚੌੜਾ; ਤੇ ਉੱਥੋਂ ਦੇ ਮੌਸਮਾਂ ਦੀ ਤਾਂ ਗੱਲ ਹੀ ਨਾ ਪੁੱਛੋ। ਸਰਦੀਆਂ ’ਚ ਬਰਫ਼ ਪੈਂਦੀ। ਉੱਥੇ ਅਸੀਂ ਕਾਲੇ ਬੇਰ ਤੋੜਦੇ। ਅਸੀਂ ਉਦੋਂ ਬੱਚੇ ਸੀ; ਸਿਵਾਏ ਖੇਡਣ ਦੇ ਹੋਰ ਕੋਈ ਕੰਮ ਨਹੀਂ ਸੀ ਹੁੰਦਾ। ਸਾਰੇ ਕੰਮ ਦਾ ਜ਼ਿੰਮਾ ਸਾਡੀ ਮਾਂ ਦਾ ਹੁੰਦਾ ਸੀ। ਪਿਤਾ ਪੈਦਲ ਕੰਮ ’ਤੇ ਜਾਂਦਾ। ਉੱਥੇ ਇੰਡੀਆ ਤੋਂ ਆ ਕੇ ਰਹਿਣ ਵਾਲਾ ਪਰਿਵਾਰ ਸਿਰਫ਼ ਸਾਡਾ ਹੀ ਸੀ। ਕੋਈ ਚਾਰ ਸੌ ਦੇ ਕਰੀਬ ਕਾਮੇ ਭਾਰਤ ਤੋਂ ਸਨ, ਪਰ ਸਾਰੇ ਮਰਦ; ਕਿਸੇ ਦਾ ਪਰਿਵਾਰ ਨਾਲ ਨਹੀਂ ਸੀ ਹੁੰਦਾ। ਇਸ ਤੋਂ ਇਲਾਵਾ ਫਿਨਲੈਂਡ, ਜਰਮਨੀ, ਆਇਰਲੈਂਡ ਤੇ ਯੂਨਾਨ ਤੋਂ ਆਏ ਕਾਮੇ ਉੱਥੇ ਰਹਿੰਦੇ ਸਨ। ਮੇਰਾ ਪਿਤਾ ਜਿਸ ਜਗ੍ਹਾ ਕੰਮ ਕਰਦਾ, ਉਹਦਾ ਨਾਂ ਹੈਮੰਡ ਲੰਬਰ ਮਿਲ ਸੀ। ਇਹ ਮਿਲ ਹੁਣ ਉੱਥੇ ਨਹੀਂ ਰਹੀ।
* ਉਸ ਆਰਾ ਮਿੱਲ ’ਚ ਕੰਮ ਦਾ ਕੀ ਹਾਲ ਸੀ; ਕਾਮੇ ਕਿੱਦਾਂ ਮਹਿਸੂਸ ਕਰਦੇ ਸਨ?
– ਅਮਰੀਕਾ ਦੇ ਉੱਤਰ-ਪੱਛਮ ’ਚ ਸਾਰਾ ਇਲਾਕਾ ਟਿੰਬਰ ਨਾਲ ਭਰਿਆ ਪਿਆ ਹੈ। ਆਰਾ ਮਿੱਲਾਂ, ਜਿੱਥੇ ਲੱਕੜ ਦੀ ਚਿਰਾਈ/ਕਟਾਈ ਹੁੰਦੀ, ਉਸ ਇਲਾਕੇ ਵਿੱਚ ਇਨ੍ਹ੍ਹਾਂ ਦੀ ਬਹੁਤ ਵੱਡੀ ਸਨਅਤ ਸੀ। ਅੰਤਰਰਾਸ਼ਟਰੀ ਪੱਧਰ ’ਤੇ ਕਾਮਿਆਂ ਨੇ ਆਪਣੇ ਆਪ ਨੂੰ ਆਈਡਬਲਯੂਡਬਲਯੂ ਜਥੇਬੰਦੀ ’ਚ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਸੰਗਠਨ ਦੀ ਫਿਲਾਸਫ਼ੀ ਅਮਰੀਕਨ ਫੈਡਰੇਸ਼ਨ ਆਫ ਲੇਬਰ ਤੋਂ ਵੱਖਰੀ ਸੀ। ਆਈਡਬਲਯੂਡਬਲਯੂ ਦੀ ਫਿਲਾਸਫ਼ੀ ਰੋਟੀ-ਟੁੱਕ ਦੇ ਸੁਆਲ ਤਕ ਸੀਮਤ ਨਹੀਂ ਸੀ। ਇਸ ਸੰਸਥਾ ਅੱਗੇ ਇਹ ਸੁਆਲ ਅਹਿਮ ਸੀ ਕਿ ਰੋਟੀ ਕਮਾਉਣ ਬਾਅਦ ਵਰਕਰ ਦਾ ਜੀਵਨ ਕਿੱਦਾਂ ਦਾ ਹੈ, ਯਾਨੀਕਿ ਉਹਦਾ ਸਮਾਜਿਕ ਜੀਵਨ ਕਿਹੋ ਜਿਹਾ ਹੈ ਤੇ ਉਹ ਬਾਹਰੀ ਦੁਨੀਆਂ ਨਾਲ ਕਿਵੇਂ ਜੁੜਦਾ ਹੈ। ਇਹਦੇ ਮੁਕਾਬਲੇ ਅਮਰੀਕਨ ਯੂਨੀਅਨ ਰੋਟੀ ਦੇ ਮਸਲੇ ਤੋਂ ਅਗਾਂਹ ਨਹੀਂ ਸੀ ਜਾਂਦੀ। ਉਹ ਬਦੇਸ਼ੀ ਕਾਮਿਆਂ ਦੀ ਮੌਜੂਦਗੀ ’ਤੇ ਖ਼ੁਸ਼ ਨਹੀਂ ਸੀ, ਨਾ ਹੀ ਉਹ ਬਦੇਸ਼ੀ ਕਾਮਿਆਂ ਨੂੰ ਆਪਣੀ ਯੂਨੀਅਨ ਵਿੱਚ ਦਾਖਲਾ ਦੇਂਦੇ ਸਨ। ਪਰ ‘ਇੰਟਰਨੈਸ਼ਨਲ ਵਰਕਰਜ਼ ਆਫ ਦਿ ਵਰਲਡ’ ਸਾਰਿਆਂ ਨੂੰ ਆਪਣੀ ਯੂਨੀਅਨ ਵਿੱਚ ਸ਼ਾਮਿਲ ਕਰਨ ਦੇ ਹੱਕ ਵਿੱਚ ਸੀ। ਇਹ ਬਹੁਤ ਸ਼ਾਨਦਾਰ ਕਿਸਮ ਦੀ ਯੂਨੀਅਨ ਸੀ। ਮੇਰਾ ਪਿਤਾ ਇਸ ਯੂਨੀਅਨ ਦਾ ਮੈਂਬਰ ਸੀ। ਇਕੇਰਾਂ ਕੰਮ ਦੀਆਂ ਸ਼ਰਤਾਂ ਮਾੜੀਆਂ ਹੋਣ ਕਰਕੇ ਇਸ ਯੂਨੀਅਨ ਨੇ ਹੜਤਾਲ ਕਰਨ ਦਾ ਐਲਾਨ ਕੀਤਾ। ਕਾਮਿਆਂ ਨੂੰ ਘੱਟ ਉਜਰਤ ’ਤੇ ਜ਼ਿਆਦਾ ਘੰਟੇ ਕੰਮ ਕਰਨਾ ਪੈਂਦਾ ਤੇ ਉਜਰਤ ਵਿੱਚ ਵੀ ਵਿਤਕਰਾ ਕੀਤਾ ਜਾਂਦਾ ਸੀ। ਇੰਡੀਅਨ, ਜਾਪਾਨੀ ਤੇ ਹੋਰ ਗ਼ੈਰ-ਗੋਰੇ ਕਾਮਿਆਂ ਨੂੰ ਜੋ ਉਜਰਤ ਮਿਲਦੀ ਉਹ ਗੋਰੇ ਕਾਮਿਆਂ ਨੂੰ ਦਿੱਤੀ ਜਾਣ ਵਾਲੀ ਉਜਰਤ ਤੋਂ ਘੱਟ ਸੀ, ਜਦੋਂਕਿ ਸੱਚ ਇਹ ਸੀ ਕਿ ਸਿਵਾਏ ਮੂਲ ਵਾਸੀਆਂ ਦੇ ਬਾਕੀ ਸਾਰੇ ਕਾਮੇ, ਜਿਸ ਵਿੱਚ ਅਮਰੀਕਨ ਗੋਰੇ ਵੀ ਸ਼ਾਮਲ ਸਨ, ਆਵਾਸੀ ਸਨ। ਅਸਟੋਰੀਆ ਤੇ ਹੋਰ ਥਾਵਾਂ ’ਚ ਹੜਤਾਲ ਹੋਈ। ਅੰਤ ਯੂਨੀਅਨ ਨੇ ਮੰਗਾਂ ਮੰਨਵਾਈਆਂ, ਪਰ ਇਹ ਜਿੱਤ ਬਹੁਤ ਤਕੜੀ ਜੱਦੋਜਹਿਦ ਬਾਅਦ ਪ੍ਰਾਪਤ ਹੋਈ। ਉਜਰਤ ਵਿੱਚ ਵਾਧਾ ਕੀਤਾ ਗਿਆ ਤੇ ਕੰਮ ਦੇ ਘੰਟਿਆਂ ਨੂੰ ਘਟਾਇਆ ਗਿਆ। ਇਸ ਜੱਦੋਜਹਿਦ ਵਿੱਚ ਮੇਰੇ ਪਿਤਾ ਦਾ ਰੋਲ ਇਹ ਸੀ ਕਿ ਉਹ ਇਸ ਲੜਾਈ ਦੀ ਅਹਿਮੀਅਤ ਬਾਰੇ ਇੰਡੀਆ ਦੇ ਕਾਮਿਆਂ ਵਿੱਚ ਪ੍ਰਚਾਰ ਕਰਦਾ ਰਿਹਾ ਕਿਉਂਕਿ ਆਪਣੇ ਕਾਮਿਆਂ ’ਚੋਂ ਸਿਰਫ਼ ਉਹੀ ਪੜ੍ਹਿਆ ਲਿਖਿਆ ਸੀ। ਉਹਨੂੰ ਅੰਗਰੇਜ਼ੀ ਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੀ ਮੁਹਾਰਤ ਸੀ। ਉਹ ਪੰਜਾਬੀ ਕਾਮਿਆਂ ਨੂੰ ਹੜਤਾਲ ਦੌਰਾਨ ਜੋ ਕੁਝ ਵਾਪਰਦਾ ਉਹਦੇ ਬਾਰੇ ਜਾਣਕਾਰੀ ਦਿੰਦਾ ਤੇ ਦੱਸਦਾ ਕਿ ਉਨ੍ਹਾਂ ਦਾ ਹੜਤਾਲ ’ਚ ਸ਼ਾਮਲ ਹੋਣਾ ਕਿਉਂ ਜ਼ਰੂਰੀ ਹੈ। ਆਈਡਬਲਯੂਡਬਲਯੂ ਦਾ ਇਤਿਹਾਸ ਬਹੁਤ ਅਹਿਮ ਹੈ। ਇਸ ਯੂਨੀਅਨ ਨੇ ਵਰਕਰਾਂ ਦੇ ਹੱਕ ’ਚ ਅਨੇਕ ਲੜਾਈਆਂ ਲੜੀਆਂ। ਮਾਲਕਾਂ ਨੇ ਕਿੰਨੀ ਵੇਰ ਸਰਕਾਰੀ ਬੰਦੂਕਧਾਰੀ ਬੁਲਾਏ ਤੇ ਸੈਂਕੜੇ ਵਰਕਰ ਇਨ੍ਹਾਂ ਲੜਾਈਆਂ ’ਚ ਮਾਰੇ ਵੀ ਗਏ। ਜਿੱਥੇ ਕਿਤੇ ਵੀ ਸੰਘਰਸ਼ ਹੋਇਆ ਉਸ ਥਾਂ ਬਾਰੇ ਕੋਈ ਨਾ ਕੋਈ ਕਹਾਣੀ ਪ੍ਰਸਿੱਧ ਹੈ। ਹਰੇਕ ਥਾਂ ਝਗੜੇ ਦੀ ਜੜ੍ਹ ਇਹੀ ਸੀ ਕਿ ਇੱਕ ਪਾਸੇ ਵਰਕਰ ਤੇ ਦੂਜੇ ਪਾਸੇ ਮਿੱਲ ਮਾਲਕ ਸਨ ਤੇ ਇਨ੍ਹਾਂ ਦੋਨਾਂ ਦੇ ਹਿੱਤਾਂ ਵਿਚਕਾਰ ਟੱਕਰ ਹੁੰਦੀ। ਮਿਸਾਲ ਵਜੋਂ, ਆਰਾ ਮਿੱਲਾਂ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਅਜਿਹੀਆਂ ਹੁੰਦੀਆਂ ਕਿ ਚਲਦੇ ਆਰੇ ’ਚ ਕਾਮੇ ਦਾ ਹੱਥ ਆ ਜਾਣ ਦਾ ਖ਼ਤਰਾ ਬਣਿਆ ਰਹਿੰਦਾ। ਉਨ੍ਹਾਂ ਨੂੰ ਆਪਣੇ ਬਚਾਅ ਲਈ ਵੀ ਲੜਨਾ ਪਿਆ। ਲੜਾਈ ਸਿਰਫ਼ ਜ਼ਿਆਦਾ ਉਜਰਤ ਲਈ ਜਾਂ ਕੰਮ ਦੇ ਘੰਟਿਆਂ ਬਾਰੇ ਨਹੀਂ ਸੀ ਲੜੀ ਜਾਂਦੀ, ਇਹ ਵਰਕਰ ਦੀ ਜਾਨ ਦੇ ਬਚਾਅ ਲਈ ਵੀ ਲੜੀ ਜਾਂਦੀ ਸੀ। ਇਸ ਸਾਰੇ ਚੱਕਰ ’ਚ ਪੰਜਾਬ ਤੋਂ ਆਏ ਵਰਕਰਾਂ ਨੂੰ ਸਮਝਾਉਣ ਤੇ ਪੜ੍ਹਾਉਣ ਦੀ ਬੜੀ ਲੋੜ ਸੀ ਕਿਉਂਕਿ ਉਨ੍ਹਾਂ ਦਾ ਪਿਛੋਕੜ ਜ਼ਮੀਨ ਦਾ ਸੀ ਤੇ ਉਨ੍ਹਾਂ ਪਹਿਲਾਂ ਕਦੀ ਆਰਾ ਮਿੱਲਾਂ ’ਚ ਕੰਮ ਨਹੀਂ ਸੀ ਕੀਤਾ। ਇਨ੍ਹਾਂ ਕਾਮਿਆਂ ਨੂੰ ਜੰਗਲ ’ਚ ਵੀ ਕੰਮ ਕਰਨਾ ਪੈਂਦਾ। ਇਨ੍ਹਾਂ ਨੂੰ ਦੱਸਣਾ ਜ਼ਰੂਰੀ ਸੀ ਕਿ ਜਦ ਦਰਖਤ ਨੂੰ ਕੱਟਿਆ ਜਾਂਦਾ ਹੈ ਤਾਂ ਡਿੱਗਦੇ ਦਰਖਤ ਤੋਂ ਕਿਵੇਂ ਬਚਣਾ ਹੁੰਦਾ ਹੈ। ਇਹ ਵੀ ਦੱਸਣਾ ਪੈਂਦਾ ਕਿ ਸੰਘਣੇ ਜੰਗਲ ’ਚ ਆਪਣਾ ਰਾਹ ਕਿਵੇਂ ਲੱਭਣਾ ਹੈ।
* ਜਦ ਤੁਸੀਂ ਅਸਟੋਰੀਆ ’ਚ ਰਹਿੰਦੇ ਸੀ, ਜਿੱਥੇ ਤੁਹਾਡਾ ਬਚਪਨ ਗੁਜ਼ਰਿਆ, ਉੱਥੇ ਗ਼ਦਰ ਪਾਰਟੀ ਬਾਰੇ ਗੱਲਾਂ ਸੁਣੀਆਂ ਹੋਣਗੀਆਂ। ਭਾਰਤੀ ਮਜ਼ਦੂਰਾਂ ਦੀ ਪਹਿਲੀ ਮੀਟਿੰਗ ਅਸਟੋਰੀਆ ’ਚ ਹੋਈ ਜਿੱਥੋਂ ਗ਼ਦਰ ਪਾਰਟੀ ਬਣਨ ਦੀ ਸ਼ੁਰੂਆਤ ਹੋਈ।
– ਜਦੋਂ ਅਸੀਂ ਅਸਟੋਰੀਆ ਰਹਿਣ ਲੱਗੇ ਮੈਂ ਬੜੀ ਛੋਟੀ ਸੀ। ਸਾਡੀ ਬੱਚਿਆਂ ਦੀ ਜ਼ਿੰਦਗੀ ਘਰ ਤਕ ਮਾਂ ਦੁਆਲੇ ਹੀ ਮਹਿਦੂਦ ਸੀ। ਮੇਰੀ ਮਾਂ ਰਤਨ ਕੌਰ ਮੇਰੇ ਪਿਤਾ ਨੂੰ ਪੰਜਾਬੀ ਅਖ਼ਬਾਰ ਪੜ੍ਹਕੇ ਸੁਣਾਉਂਦੀ ਜਦ ਉਹ ਕੰਮ ਤੋਂ ਥੱਕ ਕੇ ਘਰ ਪੁੱਜਦਾ। ਮੈਨੂੰ ਉਦੋਂ ਇੰਡੀਆ ਜੋ ਵਾਪਰ ਰਿਹਾ ਸੀ ਉਹਦਾ ਜ਼ਿਆਦਾ ਪਤਾ ਨਹੀਂ ਸੀ। ਪੰਜਾਬੀ ਅਖ਼ਬਾਰ ਤੋਂ ਹੀ ਮੈਨੂੰ ਜਲਿਆਂਵਾਲੇ ਬਾਗ਼ ’ਚ ਜੋ ਵਾਪਰਿਆ ਉਹਦੇ ਬਾਰੇ ਪਤਾ ਲੱਗਾ। ਅੰਗਰੇਜ਼ ਸਾਡੇ ਲੋਕਾਂ ’ਤੇ ਜੋ ਜ਼ੁਲਮ ਢਾਹ ਰਹੇ ਸਨ ਉਹਦੇ ਬਾਰੇ ਸਾਨੂੰ ਪਤਾ ਲੱਗਦਾ ਰਹਿੰਦਾ ਸੀ। ਸਾਡੇ ਲੋਕਾਂ ਨਾਲ ਅਮਰੀਕਾ ’ਚ ਜੋ ਵਾਪਰਦਾ ਸੀ ਮੈਨੂੰ ਉਹਦਾ ਪਤਾ ਨਹੀਂ ਸੀ ਲੱਗਦਾ ਕਿਉਂਕਿ ਅਸੀਂ ਅਸਟੋਰੀਆ ’ਚ 1916 ’ਚ ਪਹੁੰਚੇ। ਤਦ ਤਕ ਪੱਛਮੀ ਤੱਟ ਤੋਂ ਗ਼ਦਰੀ ਜਥੇ ਇੰਡੀਆ ਵੱਲ ਜਾ ਚੁੱਕੇ ਸਨ। ਮੈਨੂੰ ਤਦ ਇਹ ਪਤਾ ਨਹੀਂ ਸੀ ਕਿ ਇਹ ਸਭ ਕਿਵੇਂ ਵਾਪਰਿਆ।
* ਜਿਹੜਾ ਪੰਜਾਬੀ ਦਾ ਅਖ਼ਬਾਰ ਤੁਹਾਡੇ ਮਾਤਾ ਉਦੋਂ ਪੜ੍ਹਦੇ, ਉਹਦਾ ਨਾਂ ਕੀ ਸੀ?
– ਹੁਣ ਉਹ ਯਾਦ ਨਹੀਂ।
* ਗ਼ਦਰ ਪਾਰਟੀ ਬਾਰੇ ਪਹਿਲੀ ਵੇਰ ਕਦੋਂ ਸੁਣਿਆ?
– 1922 ’ਚ ਅਸੀਂ ਅਸਟੋਰੀਆ ਤੋਂ ਕੈਲਿਫੋਰਨੀਆ ਪੁੱਜੇ। ਤਦ ਅਸੀਂ ਗ਼ਦਰ ਪਾਰਟੀ ਦੀਆਂ ਮੀਟਿੰਗਾਂ ’ਚ ਜਾਣਾ ਸ਼ੁਰੂ ਕੀਤਾ। ਸਾਲ ’ਚ ਦੋ ਵੇਰ ਮੀਟਿੰਗ ਹੁੰਦੀ ਗੁਰਦੁਆਰੇ ਵਿੱਚ। ਉਦੋਂ ਕੈਲਿਫੋਰਨੀਆ ’ਚ ਇੱਕੋ ਗੁਰਦੁਆਰਾ ਸਟੌਕਟਨ ’ਚ ਸੀ। ਅਸੀਂ ਉੱਥੋਂ ਦੋ ਸੌ ਮੀਲ ਦੀ ਦੂਰੀ ’ਤੇ ਰਹਿੰਦੇ ਸੀ। ਸਟੌਕਟਨ ਵਿੱਚ ਪਹਿਲੇ ਦਿਨ ਧਾਰਮਿਕ ਦੀਵਾਨ ਸਜਦਾ। ਗ਼ਦਰ ਪਾਰਟੀ ਦੀ ਮੀਟਿੰਗ ਅਗਲੇ ਦਿਨ ਹੁੰਦੀ। ਦੋਵੇਂ ਮੀਟਿੰਗਾਂ ਇੱਕ ਤਰ੍ਹਾਂ ਨਾਲ ਸਾਂਝੀਆਂ ਹੀ ਹੁੰਦੀਆਂ। ਗੁਰਪੁਰਬ ਵਾਲੇ ਦਿਨ ਗੁਰਦੁਆਰੇ ਜੋ ਇਕੱਠ ਹੁੰਦਾ, ਉਹੀ ਲੋਕ ਗ਼ਦਰ ਪਾਰਟੀ ਦੀ ਮੀਟਿੰਗ ਦਾ ਹਿੱਸਾ ਬਣ ਜਾਂਦੇ। ਪਾਰਟੀ ਦੀਆ ਮੀਟਿੰਗਾਂ, ਜਿੱਥੇ ਕਿਤੇ ਇੰਡੀਅਨ ਲੋਕਾਂ ਦੀ ਭਾਰੀ ਵੱਸੋਂ ਹੁੰਦੀ, ਉੱਥੇ ਵੀ ਹੁੰਦੀਆਂ, ਜਿਵੇਂ ਫ਼ਰੈਜ਼ਨੋ ਵਾਦੀ ਜਾਂ ਯੂਬਾ ਸਿਟੀ ਵਿੱਚ। ਜਿੱਥੇ ਵੀ ਸਾਡੇ ਲੋਕ ਹੁੰਦੇ ਮੀਟਿੰਗ ਬੁਲਾ ਲਈ ਜਾਂਦੀ। ਗ਼ਦਰ ਪਾਰਟੀ ਦੀਆਂ ਸਰਗਰਮੀਆਂ ਬਾਰੇ ਮੈਨੂੰ ਉਨ੍ਹਾਂ ਦਿਨਾਂ ’ਚ ਪਤਾ ਲੱਗਾ।
* ਤੁਸੀਂ ਪੰਜਾਬੀ ਪੜ੍ਹਣੀ ਲਿਖਣੀ ਕਦੋਂ ਸ਼ੁਰੂ ਕੀਤੀ?
– ਪੰਜਾਬੀ ਤਾਂ ਮੈਂ ਹੁਣ ਵੀ ਚੰਗੀ ਤਰ੍ਹਾਂ ਪੜ੍ਹ ਬੋਲ ਨਹੀਂ ਸਕਦੀ। ਮੈਂ ਜਿਵੇਂ ਇਹਦੇ ਵਿੱਚ ਪਹਿਲੀ ਤੋਂ ਅਗਾਂਹ ਨਾ ਗਈ ਹੋਵਾਂ। ਜਦ ਮੇਰਾ ਪਿਤਾ ਹਲ ਵਾਹੁੰਦਾ ਤਾਂ ਮੈਂ ਉਹਦੇ ਨਾਲ ਖੇਤ ’ਚ ਦੌੜਦੀ ਰਹਿੰਦੀ, ਉਦੋਂ ਮੈਂ ਸੱਤ ਸਾਲਾਂ ਦੀ ਸੀ। ਉਹ ਮੈਨੂੰ ਮੁਹਾਰਨੀ ਬੋਲਣ ਲਈ ਕਹਿੰਦਾ। ਪਿਤਾ ਨੇ ਮੈਨੂੰ ਪੜ੍ਹਾਉਣ ਦਾ ਜ਼ਿੰਮਾ ਲੈ ਰੱਖਿਆ ਸੀ। ਮਾਂ ਮੇਰੀ ਛੋਟੀ ਭੈਣ ਨੂੰ ਪੰਜਾਬੀ ਪੜ੍ਹਾਉਂਦੀ ਸੀ। ਜਦ ਮੈਂ ਹਲ ਵਾਹੁੰਦੇ ਪਿਤਾ ਨਾਲ ਮੁਹਾਰਨੀ ਬੋਲਦੀ ਦੌੜੀ ਜਾਂਦੀ, ਮੈਨੂੰ ਬੜਾ ਲੁਤਫ਼ ਆਉਂਦਾ। ਘਰ ਵਿੱਚ ਬੰਦ ਰਹਿਣ ਨਾਲੋਂ ਇਹ ਕਿਤੇ ਵੱਧ ਚੰਗਾ ਸੀ। ਉਦੋਂ ਹੀ ਮੈਂ ਪੰਜਾਬੀ ਦੀ ਪੈਂਤੀ ਸਿੱਖੀ। ਸ਼ਾਮ ਨੂੰ ਪਿਤਾ ਘਰ ਆਉਂਦਾ ਤਾਂ ਮੈਨੂੰ ਗੁਰਮੁਖੀ ਲਿਖਣੀ ਸਿਖਾਉਂਦਾ। ਸ਼ਾਮ ਨੂੰ ਗੁਰਬਾਣੀ ਪੜ੍ਹਨੀ ਜ਼ਰੂਰੀ ਹੁੰਦੀ ਤੇ ਸਵੇਰੇ ਸਵੇਰੇ ਜਿਹੜਾ ਪਾਠ ਹੁੰਦਾ ਉਹਨੂੰ ਕੀ ਕਹਿੰਦੇ ਆ?
* ਜਪੁਜੀ ਸਾਹਿਬ?
– ਹਾਂ, ਜਪੁਜੀ ਸਾਹਿਬ। ਇਹਦਾ ਸਾਨੂੰ ਸਵੇਰੇ ਪਾਠ ਕਰਨਾ ਪੈਂਦਾ। ਹੁੰਦਾ ਇਹ ਸੀ ਪਈ ਸਵੇਰੇ ਉੱਠਦਿਆਂ ਹੀ ਸਾਨੂੰ ਠੰਢੇ ਪਾਣੀ ਨਾਲ ਨਹਾਉਣਾ ਪੈਂਦਾ ਤੇ ਤਿਆਰ ਹੋ ਕੇ ਪਾਠ ਕਰਨਾ ਪੈਂਦਾ। ਸਾਨੂੰ ਇੱਕ ਲਫ਼ਜ਼ ਵੀ ਪਾਠ ਦਾ ਸਮਝ ਨਹੀਂ ਸੀ ਪੈਂਦਾ, ਪਰ ਇਹੀ ਲੱਗਦਾ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਮਾਤਾ ਪਿਤਾ ਕਰਦੇ, ਸਾਨੂੰ ਲੱਗਦਾ ਇਹ ਬਹੁਤ ਅਹਿਮੀਅਤ ਵਾਲੀ ਗੱਲ ਹੈ। ਪੰਜਾਬੀ ਬਾਰੇ ਮੇਰੀ ਵਿੱਦਿਆ ਏਥੇ ਖਤਮ ਹੋ ਜਾਂਦੀ ਹੈ।
* ਆਪਣੇ ਮੁੱਢਲੇ ਜੀਵਨ ’ਤੇ ਆਧਾਰਿਤ ਜਿਹੜੀ ਤੁਸੀਂ ‘ਤੋਤੇ ਦੀ ਚੁੰਝ’ ਕਹਾਣੀ ਲਿਖੀ ਹੈ, ਉਹਦੇ ਵਿੱਚ ਤੁਹਾਡੀ ਮਾਂ ਦੀ ਟੋਕਾ-ਟਾਕੀ ਤੇ ਮਾਰ-ਕੁੱਟ ਦਾ ਜ਼ਿਕਰ ਹੈ। ਇਹਦੇ ਬਾਰੇ ਕੁਝ ਦੱਸੋ।   
– ਜਦੋਂ ਅਸੀਂ ਕੈਲਿਫੋਰਨੀਆ ਆ ਕੇ ਰਹਿਣ ਲੱਗੇ ਮੇਰੀ ਉਮਰ ਸੱਤ ਸਾਲਾਂ ਦੀ ਸੀ। ਅਸਟੋਰੀਆ ਵਿੱਚ ਸਾਡਾ ਆਪਣਾ ਘਰ ਸੀ; ਮਾਂ ਸਾਰੇ ਟੱਬਰ ਦਾ ਖਾਣਾ ਬਣਾਉਂਦੀ। ਟੱਬਰ ਵੱਡਾ ਸੀ, ਏਨਾ ਵੱਡਾ ਕਿ ਮਾਂ ਲਈ ਸੰਭਾਲਣਾ ਮੁਸ਼ਕਿਲ ਸੀ। ਕੈਲਿਫੋਰਨੀਆ ਆਏ ਤਾਂ ਮਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ। ਉਹਨੂੰ ਬਾਜਰੇ ਦੀ ਵਾਢੀ ਕਰਕੇ ਛੱਤ ’ਤੇ ਪਾਉਣਾ ਪੈਂਦਾ ਤਾਂ ਜੋ ਸਰਦੀਆਂ ’ਚ ਕੰਮ ਆ ਸਕੇ। ਅਚਾਰ ਪਾਉਣਾ ਵੀ ਵੱਡੀ ਮੁਹਿੰਮ ਸੀ। ਦਹੀਂ ਜੰਮਾਉਣਾ, ਸਾਰਿਆਂ ਨੇ ਲੱਸੀ ਪੀਣੀ ਹੁੰਦੀ। ਮੇਰੀ ਮਾਂ ਹਮੇਸ਼ਾਂ ਘਰ ਦੇ ਕੰਮ ’ਚ ਹੀ ਦੱਬੀ ਰਹਿੰਦੀ। ਉਹਦੇ ਢਿੱਡ ’ਚ ਬੱਚੇ ਤੋਂ ਬਾਅਦ ਬੱਚਾ ਵੀ ਹੁੰਦਾ। ਹੁਣ ਮੈਂ ਸੋਚਦੀ ਹਾਂ ਉਦੋਂ ਮੇਰੀ ਮਾਂ ਦੀ ਜ਼ਿੰਦਗੀ ਕਿੰਨੀ ਔਖੀ ਸੀ। ਮੇਰੇ ’ਤੇ ਮਾਂ ਦੀ ਟੋਕਾ-ਟਾਕੀ ਦਾ ਸਿਲਸਿਲਾ ਅਸਟੋਰੀਆ ਤੋਂ ਸ਼ੁਰੂ ਹੋ ਗਿਆ। ਮੈਂ ਚੌਥਾ ਬੱਚਾ ਸੀ ਤੇ ਮੇਰੇ ਬਾਅਦ ਚਾਰ ਹੋਰ ਹੋਏ। ਅੰਦਾਜ਼ਾ ਲਗਾਓ 16 ਸਾਲਾਂ ਦੀ ਵਿਆਹੁਤਾ ਜ਼ਿੰਦਗੀ ’ਚ ਅੱਠ ਬੱਚੇ। ਮੇਰੇ ਤੋਂ ਪਹਿਲਾਂ ਤਿੰਨ ਬੱਚੇ, ਹਰੇਕ ਬੱਚੇ ਵਿਚਕਾਰ ਦੋ ਸਾਲਾਂ ਤੋਂ ਘੱਟ ਦਾ ਵਕਫ਼ਾ। ਮੇਰੇ ਬਾਅਦ ਪੰਜਾਂ ਸਾਲਾਂ ਦਾ ਫ਼ਰਕ ਹੈ। ਪਹਿਲਾ ਬੱਚਾ 1910 ’ਚ ਪੈਦਾ ਹੋਇਆ, ਮੈਂ 1915 ’ਚ, ਯਾਨੀਕਿ ਪੰਜ ਸਾਲਾਂ ’ਚ ਚਾਰ ਬੱਚੇ। ਮੇਰੇ ਤੋਂ ਬਾਅਦ ਜਿਹੜੇ ਚਾਰ ਪੈਦਾ ਹੋਏ ਉਨ੍ਹਾਂ ਵਿਚਕਾਰ ਦੋ ਸਾਲਾਂ ਦਾ ਫ਼ਰਕ ਹੈ। ਜੋ ਬੱਚਾ ਸਭ ਤੋਂ ਅਖੀਰ ’ਚ ਹੋਇਆ ਉਹ ਮੇਰੇ ਪਿਤਾ ਦੀ ਮੌਤ ਤੋਂ ਦੋ ਮਹੀਨੇ ਬਾਅਦ ਪੈਦਾ ਹੋਇਆ। ਵਿਯੱਮ ਕੱਟਣਾ ਕਿਹੜਾ ਸੌਖਾ ਕੰਮ ਹੈ। ਫਿਰ ਮੇਰੀ ਮਾਂ ਦੇ ਸਿਰ ਏਨਾ ਕੰਮ। ਔਰਤ ਹੋਣ ਨਾਤੇ ਮੈਂ ਸਮਝ ਸਕਦੀ ਹਾਂ ਉਹਦੇ ਨਾਲ ਕੀ ਬੀਤੀ ਹੋਵੇਗੀ। ਸਾਡੇ ਬੱਚਿਆਂ ਦੇ ਕੱਪੜੇ ਵੀ ਉਹਨੂੰ ਆਪ ਸੀਣੇ ਪੈਂਦੇ। ਨਿੱਤ ਸਾਡੇ ਸਵੈਟਰ ਬੁਣਦੀ ਰਹਿੰਦੀ।
* ਮਾਂ ਬਾਰੇ ਇਹ ਹਮਦਰਦੀ ਤਾਂ ਤੁਸੀਂ ਏਸ ਉਮਰ ’ਚ ਮਹਿਸੂਸ ਕਰਦੇ ਹੋ; ਉਦੋਂ ਕਿੱਦਾਂ ਮਹਿਸੂਸ ਕਰਦੇ ਸੀ?
– ਉਦੋਂ ਮੈਂ ਸੋਚਦੀ ਮੇਰੇ ਨਾਲ ਧੱਕਾ ਹੋ ਰਿਹੈ। ਮੈਨੂੰ ਪਤਾ ਨਾ ਲੱਗੇ ਮੈਂ ਮਾੜਾ ਕੀ ਕੀਤਾ ਪਈ ਮਾਂ ਮੇਰੇ ਦੁਆਲੇ ਹੋਈ ਰਹਿੰਦੀ ਹੈ। ਮੇਰੇ ਚਿੱਤ ’ਚ ਆਉਂਦਾ ਕਿ ਮੈਂ ਕਿਸੇ ਵੀ ਤਰ੍ਹਾਂ ਮਾੜਾ ਬੱਚਾ ਨਹੀਂ।
* ਇਹਦੇ ਨਾਲ ਤੁਹਾਡੇ ਆਤਮ-ਸਨਮਾਨ ਨੂੰ ਠੇਸ ਵੀ ਪੁੱਜਦੀ ਹੋਣੀ ਐ।
– ਬਿਲਕੁਲ ਠੇਸ ਪੁੱਜਦੀ ਸੀ। ਮੈਨੂੰ ਲੱਗਣ ਲੱਗਦਾ ਜਿਵੇਂ ਮੈਂ ਸੱਚੀ-ਮੁਚੀ ਮਾੜੀ ਹਾਂ।
* ਇਸ ਗੱਲ ਨੇ ਤੁਹਾਡੇ ਬਾਅਦ ਦੇ ਜੀਵਨ ਵਿੱਚ ਕੜਵਾਹਟ ਕਾਇਮ ਰੱਖੀ? ਇਹਦੇ ਬਾਰੇ ਸੁਪਨੇ ਵੀ ਆਉਂਦੇ ਹੋਣਗੇ।
– ਹਾਂ, ਮੈਂ ਇਸ ਸਭ ਕੁਝ ’ਚੋਂ ਗੁਜ਼ਰੀ ਹਾਂ। ਮਾੜੀ ਗੱਲ ਇਹ ਸੀ ਕਿ ਇੱਕ ਪਾਸੇ ਮਾਂ ਮੈਨੂੰ ਕੋਸਦੀ ਰਹਿੰਦੀ, ਮਾੜਾ ਕਹਿੰਦੀ। ਦੂਜੇ ਪਾਸੇ ਸਕੂਲ ਵਿੱਚ ਗੋਰੀਆਂ ਕੁੜੀਆਂ ਆਪਣੇ ਆਪ ਨੂੰ ਇਸ ਕਰਕੇ ਉੱਚਾ ਦੱਸਦੀਆਂ ਕਿ ਉਹ ਗੋਰੀਆਂ ਹਨ ਤੇ ਮੈਂ ਗੋਰੀ ਨਹੀਂ ਹਾਂ। ਪਰ ਕਮਾਲ ਇਸ ਗੱਲ ਦਾ ਹੈ ਕਿ ਇਹਦੇ ਬਾਵਜੂਦ ਮੇਰੇ ਅੰਦਰ ਕਿਸੇ ਵੀ ਤਰ੍ਹਾਂ ਦੀ ਇਹ ਭਾਵਨਾ ਕਦੇ ਨਾ ਆਈ ਕਿ ਮੈਂ ਕਿਸੇ ਹੋਰ ਤੋਂ ਘੱਟ ਹਾਂ।
* ਅਜਿਹੇ ਹਾਂ-ਪੱਖੀ ਅਹਿਸਾਸ ਦਾ ਕਾਰਨ ਕੀ ਸੀ?
– ਮੈਨੂੰ ਲੱਗਦਾ ਹੈ ਮੇਰੇ ਅੰਦਰ ਜੋ ਤਾਕਤ ਸੀ ਉਹਦਾ ਕਾਰਨ ਮੈਨੂੰ ਬਚਪਨ ’ਚ ਮਿਲੀ ਧਾਰਮਿਕ ਸਿੱਖਿਆ ਸੀ; ਤੇ ਇਹ ਜੋ ਮੈਂ ਪਾਠ ਕਰਦੀ ਸੀ ਉਹ ਸੀ। ਸਾਡੇ ਘਰ ਵਿੱਚ ਨਿੱਤ ਦਿਨ ਜੋ ਗੁਰੂ ਦਾ ਨਾਂ ਲਿਆ ਜਾਂਦਾ ਤੇ ਚੰਗੇ ਜੀਵਨ ਮੁੱਲਾਂ ਦੀ ਜੋ ਗੱਲ ਹੁੰਦੀ, ਇਨ੍ਹਾਂ ਮੈਨੂੰ ਅੰਦਰੋਂ ਤਕੜਾ ਬਣਾਇਆ। ਉਦੋਂ ਇਹ ਕੁਝ ਸਾਡੇ ਜੀਵਨ ਦਾ ਹਿੱਸਾ ਸੀ, ਭਾਵੇਂ ਬਾਅਦ ਵਿੱਚ ਮੈਂ ਹਰੇਕ ਤਰ੍ਹਾਂ ਦੇ ਧਰਮ ਤੋਂ ਮੁਨਕਰ ਹੋ ਗਈ।
* ਉਨ੍ਹਾਂ ਦਿਨਾਂ ’ਚ ਤੁਹਾਡਾ ਮੁੰਡਿਆਂ ਨਾਲ ਵਾਹ ਪੈਂਦਾ ਸੀ? ਤੁਸੀਂ ਉਨ੍ਹਾਂ ਨਾਲ ਖੇਡਦੇ ਜਾਂ ਘੁੰਮਦੇ ਸੀ?
– ਨਾ, ਉੱਕਾ ਨਹੀਂ। ਅਸੀਂ ਵੱਡੀਆਂ ਹੁੰਦੀਆਂ ਗਈਆਂ, ਜੇ ਕਿਸੇ ਮੁੰਡੇ ਨਾਲ ਗੱਲ ਵੀ ਕਰ ਲੈਣੀ ਤਾਂ ਇਹਨੂੰ ਬਹੁਤ ਮਾੜਾ ਸਮਝਿਆ ਜਾਂਦਾ। ਜੇ ਕੋਈ ਮੁੰਡਾ ਸਾਨੂੰ ‘ਹੈਲੋ’ ਕਰਦਾ ਜਾਂ ਬੁਲਾਉਂਦਾ ਦੇਖ ਲਿਆ ਜਾਂਦਾ ਤਾਂ ਸ਼ਾਮਤ ਆ ਜਾਂਦੀ।
* ਜਦ ਤੁਸੀਂ ਸਕੂਲ ਜਾਣਾ ਸ਼ੁਰੂ ਕੀਤਾ, ਤੁਹਾਡੀ ਮਾਤਾ ਨੂੰ ਫ਼ਿਕਰ ਹੁੰਦਾ ਹੋਣਾ ਕਿਉਂਕਿ ਸਕੂਲ ’ਚ ਮੁੰਡੇ ਕੁੜੀਆਂ ਇਕੱਠੇ ਪੜ੍ਹਦੇ ਸਨ?
– ਨਿੱਕੀ ਉਮਰ ’ਚ ਜਦ ਅਸੀਂ ਸਕੂਲ ਜਾਂਦੀਆਂ, ਉਦੋਂ ਤਾਂ ਇਹ ਫ਼ਿਕਰ ਨਹੀਂ ਸੀ। ਹਾਂ, ਜਦ ਅਸੀਂ ਵੱਡੀਆਂ ਹੋਈਆਂ ਮਾਂ ਲਈ ਵਕਤ ਗੁਜ਼ਾਰਨਾ ਔਖਾ ਹੋ ਜਾਂਦਾ।
* ਤੁਸੀਂ ਕਦੇ ਆਪਣੇ ਮਾਂ-ਬਾਪ ਦੇ ਜ਼ਬਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ?
– ਬਿਲਕੁਲ ਕੀਤੀ, ਖ਼ਾਸ ਕਰਕੇ ਜਦ ਮੇਰੇ ਪਿਤਾ ਗੁਜ਼ਰ ਗਏ। ਉਦੋਂ ਹੀ ਮੇਰੀ ਮਾਂ ਦੇ ਫ਼ਿਕਰ ਵਧ ਗਏ।
* ਪਿਤਾ ਦੇ ਗੁਜ਼ਰ ਜਾਣ ਬਾਅਦ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਰਹੇ? ਕੈਲਿਫੋਰਨੀਆ ’ਚ ਜਿੱਥੇ ਤੁਹਾਡੇ ਪਿਤਾ ਖੇਤੀ ਕਰਦੇ ਸਨ, ਉੱਥੇ ਹੋਰ ਇੰਡੀਅਨ ਵੀ ਹੋਣਗੇ?
– ਅਸੀਂ ਜਿੱਥੇ ਕਿਤੇ ਵੀ ਰਹੇ ਪੰਜਾਬੀ ਭਾਈਬੰਦ ਤਾਂ ਹਰੇਕ ਜਗ੍ਹਾ ਹੁੰਦੇ ਸਨ। ਮੇਰੀ ਮਾਂ ਨੂੰ ਉਨ੍ਹਾਂ ਕਰਕੇ ਫ਼ਿਕਰ ਨਹੀਂ ਸੀ। ਉਹਨੂੰ ਫ਼ਿਕਰ ਸਾਡੇ ਇੰਡੀਅਨ ਚੌਗਿਰਦੇ ਦੇ ਬਾਹਰ ਦਾ ਸੀ। ਸਾਰੇ ਇੰਡੀਅਨ ਪਰਿਵਾਰ ਵਾਂਗ ਹੀ ਸਨ। ਜਦ ਮੇਰੇ ਪਿਤਾ ਦੀ ਮੌਤ ਹੋਈ ਸਾਰੇ ਕੈਲਿਫੋਰਨੀਆ ਵਿੱਚ ਪੰਜਾਬੀਆਂ ’ਚੋਂ ਸਿਰਫ਼ ਸਾਡਾ ਪਰਿਵਾਰ ਹੀ ਕੈਲਿਫੋਰਨੀਆ ’ਚ ਰਹਿੰਦਾ ਸੀ। ਬਾਕੀ ਸਾਰੇ ਪੰਜਾਬ ਤੋਂ ਆਏ ਮਰਦ ਬਿਨਾਂ ਪਰਿਵਾਰ ਦੇ ਇਕੱਲੇ ਰਹਿੰਦੇ ਸਨ। ਇਨ੍ਹਾਂ ਪੰਜਾਬੀ ਮਰਦਾਂ ਨੇ ਬੜੇ ਔਖੇ ਦਿਨ ਦੇਖੇ। ਉਨ੍ਹਾਂ ਦੇ ਟੱਬਰ ਪਿਛਾਂਹ ਪੰਜਾਬ ’ਚ ਸਨ ਤੇ ਉਹ ਏਨੀ ਦੂਰ ਇਕੱਲੇ ਰਹਿੰਦੇ ਸਨ।
* ਇਨ੍ਹਾਂ ਪੰਜਾਬੀ ਬੰਦਿਆਂ ਬਾਰੇ ਦੱਸੋ। ਬਾਲ ਬੱਚੇ ਤੋਂ ਟੁੱਟ ਕੇ ਏਨੀ ਦੂਰ ਰਹਿਣਾ ਇਨ੍ਹਾਂ ਲਈ ਤਾਂ ਬੜਾ ਔਖਾ ਹੁੰਦਾ ਹੋਵੇਗਾ; ਅੱਗੋਂ ਉਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਕਦੋਂ ਬਾਲ ਪਰਿਵਾਰ ਨਾਲ ਮੇਲ ਹੋਵੇਗਾ। ਉਹ ਆਪਣਾ ਕਿਵੇਂ ਗੁਜ਼ਰ ਕਰਦੇ ਸਨ?
– ਉਹ ਫਾਰਮਾਂ ’ਚ ਟੋਲੇ ਬਣਾ ਕੇ ਰਹਿੰਦੇ ਤੇ ਇਕੱਠੇ ਖਾਣਾ ਪੀਣਾ ਕਰਦੇ। ਉਦੋਂ ਉਨ੍ਹਾਂ ਨੂੰ ਜ਼ਮੀਨ ਦੀ ਮਾਲਕੀ ਦਾ ਹੱਕ ਨਹੀਂ ਸੀ; ਜਿੱਥੇ ਵੀ ਕਿਤੇ ਟਿਕਾਣੇ ਦਾ ਸਬੱਬ ਬਣਦਾ ਉੱਥੇ ਰਹਿਣ ਲੱਗ ਪੈਂਦੇ। ਉਨ੍ਹਾਂ ਦਾ ਜੀਵਨ ਕੈਂਪਾਂ ਵਰਗਾ ਸੀ। ਮੰਜੀਆਂ ਦੀ ਕਤਾਰ ਬਣਾ ਕੇ ਸੌਂਦੇ ਤੇ ਉਨ੍ਹਾਂ ਦਾ ਸਾਮਾਨ ਮੰਜੇ ਹੇਠ ਸੂਟਕੇਸ ’ਚ ਹੁੰਦਾ। ਸੂਰਜ ਚੜ੍ਹਨ ਵੇਲੇ ਕੰਮ ’ਤੇ ਲੱਗਦੇ ਤੇ ਡੁੱਬਦੇ ਤਕ ਕੰਮ ਕਰਦੇ ਰਹਿੰਦੇ। ਜਿਸ ਦਿਨ ਔਫ ਹੁੰਦਾ ਉਸ ਦਿਨ ਕੱਪੜੇ ਧੋਂਦੇ। ਜੇ ਕਿਸੇ ਪਾਸ ਕਾਰ ਹੁੰਦੀ, ਸੰਗੀ ਸਾਥੀ ਕਾਰ ’ਚ ਸਵਾਰ ਹੋ ਕੇ ਘੁੰਮਣ ਜਾਂਦੇ।
* ਤੁਹਾਡੇ ਪਰਿਵਾਰ ਦਾ ਉਨ੍ਹਾਂ ਨਾਲ ਕਿਹੋ ਜਿਹਾ ਸਬੰਧ ਸੀ?
– ਉਹ ਸਾਰੇ ਜਿਵੇਂ ਸਾਡੀ ਫੈਮਿਲੀ ਦਾ ਹੀ ਹਿੱਸਾ ਸਨ। ਕੋਈ ਸਫ਼ਰ ਕਰਦਾ ਉੱਧਰ ਆ ਨਿਕਲਦਾ ਤਾਂ ਸਾਡੇ ਘਰ ਆ ਟਿਕਦਾ। ਉਨ੍ਹਾਂ ਦਿਨਾਂ ’ਚ ਆਪਣੇ ਇੰਡੀਅਨ ਇੱਕ ਦੂਜੇ ਨਾਲ ਬੜੇ ਜੁੜੇ ਹੋਏ ਸਨ। ਇਹ ਸਾਰੇ ਪੰਜਾਬ ਦੇ ਪਿੰਡਾਂ ਤੋਂ ਆਏ ਜੱਟ ਸਿੱਖ ਸਨ। ਸ਼ਹਿਰੀ ਹੁੰਦੇ ਤਾਂ ਗੱਲ ਹੋਰ ਸੀ।
* ਕੀ ਇਹ ਪੰਜਾਬੀ ਭਾਈਬੰਦ ਜੋ ਖੇਤਾਂ ’ਚ ਕੰਮ ਕਰਦੇ ਸਨ ਉਹ ਗ਼ਦਰ ਲਹਿਰ ਬਾਰੇ ਜਾਂ ਇੰਡੀਆ ’ਚ ਜੋ ਸਿਆਸੀ ਹਾਲਾਤ ਸੀ, ਉਹਦੇ ਬਾਰੇ ਗੱਲਾਂ ਕਰਦੇ ਸਨ?
– ਉਹ ਏਦਾਂ ਦੀਆਂ ਗੱਲਾਂ ਜ਼ਰੂਰ ਕਰਦੇ ਸਨ।
* ਤੁਹਾਨੂੰ ਗ਼ਦਰ ਲਹਿਰ ਦੀ ਅਹਿਮੀਅਤ ਬਾਰੇ ਕਦੋਂ ਪਤਾ ਲੱਗਣਾ ਸ਼ੁਰੂ ਹੋਇਆ?
– ਬਚਪਨ ’ਚ। ਮੈਂ ਕਈ ਵੇਰ ਆਪਣੇ ਸਕੂਲ ’ਚ ਅੰਗਰੇਜ਼ੀ ਦੀ ਟੀਚਰ ਨਾਲ ਬਹਿਸਣ ਲੱਗ ਪੈਣਾ। ਉਹ ਬਹੁਤ ਚੰਗੀ ਔਰਤ ਸੀ। ਮੈਨੂੰ ਪਤਾ ਸੀ ਕਿ ਅੰਗਰੇਜ਼ ਸਾਡੇ ਦੇਸ ’ਚ ਰਾਜ ਕਰ ਰਹੇ ਸਨ। ਉਦੋਂ ਘਰਾਂ ’ਚ ਬਰਤਾਨੀਆ ਵਿਰੋਧੀ ਭਾਵਨਾ ਬੜੀ ਤਕੜੀ ਸੀ; ਅਤੇ ਅਸੀਂ ਇਸਾਈਅਤ ਦੇ ਖਿਲਾਫ਼ ਵੀ ਸੀ ਕਿਉਂਕਿ ਇਹ ਮਿਸ਼ਨਰੀ ਹੀ ਸਨ ਜੋ ਸਾਡੇ ਲੋਕਾਂ ਨੂੰ ਆਪਣੇ ਵੱਸ ’ਚ ਕਰ ਰਹੇ ਸਨ।
* ਤੁਸੀਂ ਗੋਰੀ ਨਸਲ ਦੇ ਖਿਲਾਫ਼ ਸੀ?
– ਨਹੀਂ, ਉਲਟਾ ਉਹ ਸਾਡੇ ਖਿਲਾਫ਼ ਸਨ। ਸਾਨੂੰ ਇਹ ਲੋਕ ਹੀਣ ਸਮਝਦੇ ਸਨ। ਅਸੀਂ ਇਨ੍ਹਾਂ ਨਾਲ ਮਿਲਦੇ ਬੈਠਦੇ ਨਹੀਂ ਸੀ। ਹੁਣ ਤੁਸੀਂ ਇਹ ਜੋ ਮੇਰਾ ਦੋਹਤਾ ਦੇਖਿਆ, ਇਹਦੇ ਨਾਲ ਕਈ ਹੋਰ ਬੱਚੇ ਵੀ ਸਨ, ਇਨ੍ਹਾਂ ’ਚੋਂ ਇੱਕ ਬਲੈਕ ਸੀ, ਦੂਜੀ ਜਾਪਾਨੀ ਕੁੜੀ ਸੀ, ਇੱਕ ਭੂਰੇ ਵਾਲਾਂ ਵਾਲੀ ਕੁੜੀ ਸੀ; ਏਦਾਂ ਉਦੋਂ ਨਹੀਂ ਸੀ ਹੁੰਦਾ ਕਿ ਵੱਖੋ ਵੱਖਰੀ ਨਸਲ ਦੇ ਬੱਚੇ ਇਕੱਠੇ ਤੁਰਨ ਫਿਰਨ। ਸਾਡੀ ਫੈਮਿਲੀ ਇੰਡੀਅਨ ਸੀ ਤੇ ਇਹ ਜ਼ਰੂਰੀ ਸੀ ਕਿ ਸਿਰਫ਼ ਇੰਡੀਅਨ ਫਰੈਂਡ ਹੀ ਸਾਡੇ ਘਰ ਆਉਣ, ਹੋਰ ਨਹੀਂ ਸਨ ਆਉਂਦੇ। ਅਸੀਂ ਕਦੇ ਕਿਸੇ ਅਮਰੀਕਨ ਦੇ ਘਰ ਨਹੀਂ ਸੀ ਗਏ। ਹਾਂ, ਅਸੀਂ ਸਕੂਲ ’ਚ ਹਰ ਤਰ੍ਹਾਂ ਦੇ ਬੱਚੇ ਨੂੰ ਮਿਲਦੇ, ਤੇ ਗੱਲ ਉੱਥੇ ਹੀ ਖਤਮ ਹੋ ਜਾਂਦੀ।
* ਕਦੇ ਮਾਂ ਅਮਰੀਕਾ ’ਚ ਰਹਿਣ ਤੋਂ ਤੰਗ ਨਹੀਂ ਸੀ ਪੈਂਦੀ? ਉਹਨੂੰ ਕੋਈ ਸ਼ਿਕਾਇਤ ਹੁੰਦੀ ਹੋਵੇਗੀ; ਉਹ ਇੰਡੀਆ ਬਾਰੇ ਗੱਲਾਂ ਕਰਦੀ ਹੋਵੇਗੀ। ਇੰਡੀਆ ਦੀ ਜ਼ਿੰਦਗੀ ਤੇ ਅਮਰੀਕਾ ਦੀ ਜ਼ਿੰਦਗੀ ਵਿਚਕਾਰ ਮੁਕਾਬਲਾ ਕਰਦੀ ਹੋਵੇਗੀ?
– ਮਾਂ ਪਿਛਾਂਹ ਬਾਰੇ, ਉੱਥੇ ਦੀ ਜ਼ਿੰਦਗੀ ਬਾਰੇ, ਗੱਲਾਂ ਕਰਦੀ ਰਹਿੰਦੀ। ਉਹ ਸੋਚਦੀ ਅਮਰੀਕਾ ਸਦਾਚਾਰ ਪੱਖੋਂ ਗਿਰਿਆ ਹੋਇਆ। ਉਹ ਹਮੇਸ਼ਾਂ ਵਾਪਸ ਇੰਡੀਆ ਜਾਣ ਨੂੰ ਉਡੀਕਦੀ। ਉਹਨੇ ਕੱਪੜਿਆਂ, ਖਿਡੌਣਿਆਂ ਤੇ ਕਿਤਾਬਾਂ ਨਾਲ ਦੋ ਟਰੰਕ ਭਰ ਰੱਖੇ ਸਨ ਕਿ ਇਨ੍ਹਾਂ ਨੂੰ ਲੈ ਕੇ ਜਾਣਾ, ਪਿੰਡ ’ਚ ਕਈ ਘਰਾਂ ’ਚ ਵੰਡਣ ਲਈ।
* ਤੁਹਾਡੇ ਪਿਤਾ ਦਾ ਵਾਪਸ ਜਾ ਵੱਸਣ ਦਾ ਕਦੇ ਵਿਚਾਰ ਬਣਿਆ?
– ਦਰਅਸਲ, ਪਿਤਾ ਚਾਹੁੰਦਾ ਸੀ ਕਿ ਬੱਚੇ ਚੰਗੀ ਵਿੱਦਿਆ ਹਾਸਲ ਕਰ ਲੈਣ। ਪਰ ਇਹ ਚਿੱਤ ’ਚ ਹਮੇਸ਼ਾਂ ਰਹਿੰਦਾ ਕਿ ਅੰਤ ਵਾਪਸ ਇੰਡੀਆ ਚਲੇ ਜਾਣਾ ਹੈ।
* ਤੁਸੀਂ ਇੰਡੀਆ ਅਜੇ ਤਕ ਕਿੰਨੀ ਵੇਰ ਗਏ ਹੋ?
– ਇੱਕੋ ਵੇਰ, 1972 ਵਿੱਚ। ਮੈਂ ਆਪਣੇ ਆਪ ਉੱਥੇ ਗਈ। ਕਿਸੇ ਵਿਅਕਤੀ ਜਾਂ ਸੰਸਥਾ ਨੇ ਮੈਨੂੰ ਨਹੀਂ ਸੀ ਸੱਦਿਆ। ਮੈਂ ਪਾਸਪੋਰਟ ਬਣਵਾਇਆ ਤੇ ਸਾਨ ਫਰਾਂਸਿਸਕੋ ਦੇ ਇੰਡੀਅਨ ਕੌਂਸਲ ਦੇ ਦਫ਼ਤਰ ਵੀਜ਼ਾ ਲੈਣ ਚਲੀ ਗਈ। ਮੈਨੂੰ ਪਤਾ ਨਹੀਂ ਸੀ ਕਿ ਵੀਜ਼ਾ ਨਹੀਂ ਮਿਲਣਾ; ਦਫ਼ਤਰ ਵਾਲਿਆਂ ਕਿਹਾ ਕਿ ਕੌਂਸਲਰ ਹਾਜ਼ਰ ਨਹੀਂ ਹੈ, ਕਿਤੇ ਬਾਹਰ ਟੂਅਰ ’ਤੇ ਗਿਆ ਜਾਂ ਏਦਾਂ ਕੁਝ ਬਹਾਨਾ ਲਗਾਇਆ। ਮੈਂ ਉਡੀਕਦੀ ਰਹੀ; ਹਫ਼ਤੇ ਬਾਅਦ ਮੈਂ ਫਿਰ ਕੌਂਸਲ ਦੇ ਦਫ਼ਤਰ ਗਈ ਤਾਂ ਉਨ੍ਹਾਂ ਮੈਨੂੰ ਪਾਸਪੋਰਟ ਮੋੜ ਦਿੱਤਾ; ਉਹਦੇ ’ਤੇ ਮੋਹਰ ਲੱਗੀ ਸੀ: ‘ਵੀਜ਼ੇ ਦੀ ਅਰਜ਼ੀ ਭੁਗਤ ਚੁੱਕੀ ਹੈ।’ ਮੈਂ ਸੋਚਿਆ ਇਹ ਮੈਨੂੰ ਵੀਜ਼ਾ ਨਹੀਂ ਦਿੰਦੇ, ਪਰ ਚਲੋ ਮੈਂ ਵੈਨਕੂਵਰ ਤੋਂ ਲੈ ਲਵਾਂਗੀ; ਉੱਥੇ ਮੇਰੀ ਭੈਣ ਰਹਿੰਦੀ ਹੈ। ਮੈਂ ਵੈਨਕੂਵਰ ਗਈ, ਪਰ ਪਤਾ ਲੱਗਾ ਜਿਹੜੀ ਮੋਹਰ ਪਾਸਪੋਰਟ ’ਤੇ ਲੱਗੀ ਹੈ ਉਹਦੇ ਕਰਕੇ ਵੀਜ਼ਾ ਮਿਲਣਾ ਮੁਸ਼ਕਲ ਹੈ। ਤਦ ਮੈਂ ਵੀਜ਼ਾ ਦੇ ਬਗ਼ੈਰ ਹੀ ਇੰਡੀਆ ਜਾਣ ਦਾ ਫ਼ੈਸਲਾ ਕਰ ਲਿਆ। ਮੈਂ ਪਾਨਐਮ ਏਅਰਲਾਈਨ ਦੇ ਬ੍ਰੋਸ਼ਰ ’ਚ ਪੜ੍ਹਿਆ ਸੀ ਕਿ ਸਮੁੰਦਰ ਜਾਂ ਹਵਾਈ ਰਸਤੇ ਥਾਣੀ ਕੋਈ ਵੀ ਸਫ਼ਰ ਕਰਨ ਵਾਲਾ ਇੰਡੀਆ ’ਚ ਬਿਨਾਂ ਵੀਜ਼ੇ ਦੇ ਬਾਰਾਂ ਦਿਨ ਤਕ ਰਹਿ ਸਕਦਾ ਹੈ। ਮੈਂ ਇੰਡੀਆ ਪਹੁੰਚ ਗਈ। ਮੈਂ ਉੱਥੇ ਇਮੀਗ੍ਰੇਸ਼ਨ ਦਫ਼ਤਰ ਵਾਲਿਆਂ ਕੋਲ ਗਈ ਤੇ ਕਿਹਾ, ਮੈਂ ਚਾਰ ਮਹੀਨੇ ਰਹਿਣਾ ਹੈ। ਦਫ਼ਤਰ ਵਿੱਚ ਜਿਹੜਾ ਅਧਿਕਾਰੀ ਬੈਠਾ ਸੀ ਉਹ ਮੇਰੇ ਨਾਲ ਗੱਲ ਕਰਨ ਲਈ ਤਿਆਰ ਨਹੀਂ ਸੀ। ਉਹਨੇ ਕਿਹਾ, ਤੁਹਾਨੂੰ ਚਾਰ ਮਹੀਨੇ ਲਈ ਵੀਜ਼ਾ ਨਹੀਂ ਮਿਲ ਸਕਦਾ। ਮੇਰਾ ਇੰਡੀਆ ’ਚ ਇੱਕ ਮਿੱਤਰ ਸੀ ਜੋ ਮੈਨੂੰ ਕਮਿਊਨਿਸਟ ਪਾਰਟੀ ਦੇ ਹੈੱਡ-ਕੁਆਰਟਰ ਅਜੈ ਭਵਨ ’ਚ ਲੈ ਗਿਆ। ਉੱਥੇ ਸੋਹਨ ਸਿੰਘ ਜੋਸ਼ ਮਿਲ ਗਿਆ। ਮੈਨੂੰ ਨਹੀਂ ਸੀ ਪਤਾ ਉਹ ਕੌਣ ਹੈ। ਉਹ ਕਹਿਣ ਲੱਗਾ ਤੂੰ ਸੂਰਤ ਸਿੰਘ ਗਿੱਲ ਨੂੰ ਜਾਣਦੀ ਏਂ? ਮੈਂ ਜਦ ‘ਹਾਂ’ ਕਿਹਾ ਤਾਂ ਉਹ ਕਹਿਣ ਲੱਗਾ: ‘‘ਮੈਂ ਸੋਹਨ ਸਿੰਘ ਜੋਸ਼ ਹਾਂ। ਸੂਰਤ ਮੇਰਾ ਯਾਰ ਸੀ।” ਮੈਂ ਉਹਨੂੰ ਕਿਹਾ, ‘‘ਮੈਨੂੰ ਇਹਦਾ ਪਤਾ। ਮੈਂ ਤੈਨੂੰ ਪਿੰਡ ਜਾ ਕੇ ਮਿਲਣਾ ਸੀ; ਉੱਥੇ ਸੂਰਤ ਦੇ ਸਾਕ ਸਬੰਧੀ ਵੀ ਨੇ, ਉਨ੍ਹਾਂ ਨੂੰ ਵੀ ਮਿਲਣਾ।” ਉਹ ਕਹਿਣ ਲੱਗਾ, ‘‘ਪਿੰਡ ਜਾਣਾ ਤਾਂ ਮੈਂ ਲੈ ਚਲਨਾ।” ਉਹ ਮੈਨੂੰ ਆਪਣੇ ਤੇ ਸੂਰਤ ਦੇ ਪਿੰਡ ਚੇਤਨਪੁਰਾ ਲੈ ਗਿਆ ਜਿੱਥੇ ਮੈਂ ਸੂਰਤ ਦੇ ਸਾਕ ਸਬੰਧੀਆਂ ਨੂੰ ਮਿਲੀ।
* ਵੀਜ਼ੇ ਦਾ ਕੀ ਬਣਿਆ? ਅਖੀਰ ਮਿਲਿਆ?
– ਮੈਂ ਕਈਆਂ ਨੂੰ ਆਪਣੇ ਵੀਜ਼ੇ ਦੀ ਦਿੱਕਤ ਬਾਰੇ ਦੱਸਿਆ। ਇੱਕ ਬੰਦਾ ਕਹਿਣ ਲੱਗਾ, ਸਵਰਨ ਸਿੰਘ ਨਾਲ ਸਿੱਧੀ ਗੱਲ ਕਿਉਂ ਨਹੀਂ ਕਰਦੇ? ਮੈਨੂੰ ਦੱਸਿਆ ਗਿਆ ਕਿ ਸਵਰਨ ਸਿੰਘ ਵਿਦੇਸ਼ ਮੰਤਰੀ ਹੈ। ਉਹੋ ਬੰਦਾ ਕਹਿਣ ਲੱਗਾ, ‘‘ਸਵਰਨ ਸਿੰਘ ਮੇਰਾ ਦੋਸਤ ਐ; ਮੈਂ ਲੈ ਚਲਦਾਂ ਤੁਹਾਨੂੰ ਉਹਦੇ ਕੋਲ।” ਕੁਝ ਦਿਨਾਂ ਬਾਅਦ ਅਸੀਂ ਸਵਰਨ ਸਿੰਘ ਕੋਲ ਗਏ। ਜਦ ਮੈਂ ਉਹਨੂੰ ਮਿਲੀ ਤਾਂ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਹ ਪੁੱਛਣ ਲੱਗਾ: ‘‘ਅਸੀਂ ਤੁਹਾਨੂੰ ਅਮਰੀਕਨਾਂ ਨੂੰ ਵੀਜ਼ਾ ਕਿਉਂ ਦੇਈਏ? ਤੁਸੀਂ ਕਿੰਨੇ ਕੁ ਸਾਡੇ ਲੋਕਾਂ ਨੂੰ ਵੀਜ਼ਾ ਦਿੰਦੇ ਹੋ?” ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਾਂ, ਮੇਰੇ ਨਾਲ ਗਏ ਦੋ ਬੰਦੇ, ਜਿਨ੍ਹਾਂ ’ਚ ਪਟਿਆਲੇ ਵਾਲਾ ਮੇਰਾ ਮੇਜ਼ਬਾਨ ਡਾਕਟਰ ਜੀਵਨ ਸਿੰਘ ਬੇਦੀ ਵੀ ਸੀ, ਝੱਟ ਬੋਲ ਪਏ, ‘‘ਨਹੀਂ ਜੀ ਨਹੀਂ, ਇਹ ਤਾਂ ਅਮਰੀਕਨ ਨਹੀਂ ਜੇ, ਸਿਰਫ਼ ਅਮਰੀਕਾ ’ਚ ਜਨਮ ਲਿਆ, ਇਹ ਤਾਂ ਪੱਕੇ ਇੰਡੀਅਨ ਨੇ।” ਫਿਰ ਉਨ੍ਹਾਂ ਮੇਰੇ ਪਰਿਵਾਰ ਦੇ ਗ਼ਦਰ ਪਾਰਟੀ ਨਾਲ ਨਾਤੇ ਦਾ ਜ਼ਿਕਰ ਕੀਤਾ; ਮੇਰੇ ਭਰਾ ਬੁੱਧ ਢਿੱਲੋਂ ਬਾਰੇ ਵੀ ਗੱਲ ਚੱਲੀ। ਸਵਰਨ ਸਿੰਘ ਨੂੰ ਮੇਰੇ ਪਿਤਾ ਤੇ ਭਰਾ ਬਾਰੇ ਪਹਿਲਾਂ ਹੀ ਪਤਾ ਸੀ। ਉਹਨੇ ਕਿਹਾ ਮੈਂ ਅਗਲੇ ਦਿਨ ਇਮੀਗ੍ਰੇਸ਼ਨ ਦਫ਼ਤਰ ਜਾਵਾਂ, ਕੰਮ ਹੋ ਜਾਵੇਗਾ। ਏਦਾਂ ਮੈਨੂੰ ਵੀਜ਼ਾ ਮਿਲਿਆ। ਏਥੇ ਮੈਂ ਇੱਕ ਹੋਰ ਗੱਲ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ। ਜਦੋਂ ਮੈਂ ਵਾਪਸ ਅਮਰੀਕਾ ਪਹੁੰਚੀ, ਕੋਈ ਮਹੀਨੇ ਬਾਅਦ ਸਵਰਨ ਸਿੰਘ ਸਾਨ ਫਰਾਂਸਿਸਕੋ ਆਇਆ। ਉਹਦੇ ਮਾਣ ’ਚ ਇੱਕ ਵੱਡੀ ਡਿਨਰ ਪਾਰਟੀ ਕੀਤੀ ਗਈ। ਮੈਂ ਉਹਦੇ ਕੋਲੋਂ ਜਾਣਨਾ ਚਾਹਿਆ ਕਿ ਮੈਨੂੰ ਸਾਨ ਫਰਾਂਸਿਸਕੋ ਦੇ ਕੌਂਸਲ ਦਫ਼ਤਰ ’ਚ ਹੀ ਵੀਜ਼ਾ ਕਿਉਂ ਨਾ ਦਿੱਤਾ ਗਿਆ। ਉਹਨੇ ਦੱਸਿਆ ਕਿ ਸਫ਼ਾਰਤਖਾਨੇ ਕੋਲ 200 ਨਾਵਾਂ ਦੀ ਸੂਚੀ ਹੈ ਜਿਨ੍ਹਾਂ ਨੂੰ ਇੰਡੀਆ ’ਚ ਦਾਖਲ ਹੋਣ ਦੀ ਮਨਾਹੀ ਹੈ। ਕਹਿਣ ਲੱਗਾ, ‘‘ਇਹ ਸੂਚੀ ਅੰਗਰੇਜ਼ੀ ਰਾਜ ਵੇਲੇ ਦੀ ਬਣੀ ਪਈ ਹੈ ਤੇ ਜਿਵੇਂ ਦਫ਼ਤਰਸ਼ਾਹੀ ਦਾ ਕੰਮ ਸੁਸਤ ਚਾਲੇ ਚਲਦਾ ਹੈ ਇਸ ਸੂਚੀ ’ਚ ਕਿਸੇ ਨੇ ਅਜੇ ਤਕ ਰੱਦੋ-ਬਦਲ ਨਹੀਂ ਕੀਤਾ।’’
* ਆਪਣੇ ਪੰਜਾਬ ਦੇ ਮੁੰਡੇ ਉੱਤਰੀ ਅਮਰੀਕਾ ਵਿੱਚ ਆਉਣ ਲਈ ਹਰ ਤਰ੍ਹਾਂ ਦੀ ਕੀਮਤ ਦੇਣ ਲਈ ਤਿਆਰ ਨੇ। ਤੁਹਾਡੇ ਪਿਤਾ ਏਥੇ ਆਰਥਿਕ ਸ਼ਰਨਾਰਥੀ ਬਣ ਕੇ ਆਏ। ਦੋਨਾਂ ਸਥਿਤੀਆਂ ਵਿੱਚ ਤੁਹਾਨੂੰ ਕੀ ਫ਼ਰਕ ਦਿਖਾਈ ਦਿੰਦਾ ਹੈ?
– ਮੇਰੇ ਪਿਤਾ ਜਦੋਂ ਆਏ ਉਨ੍ਹਾਂ ਅੰਦਰ ਹੋਰ ਤਰ੍ਹਾਂ ਦੀ ਭਾਵਨਾ ਸੀ। ਏਥੇ ਰਹਿੰਦਿਆਂ ਆਪਣੇ ਬੰਦੇ ਕੰਮ ਕਰਦੇ, ਪਰ ਆਪਣੇ ਦੇਸ ਦੇ ਸੁਪਨੇ ਵੀ ਲੈਂਦੇ ਰਹੇ। ਅਸੀਂ ਸਭ ਸੋਚਦੇ ਸੀ ਕਿ ਦੇਸ਼ ਆਜ਼ਾਦੀ ਤੋਂ ਬਾਅਦ ਇੰਡੀਆ  ਵਿੱਚ ਸਭਨਾਂ ਲਈ ਇਨਸਾਫ਼ ਹੋਵੇਗਾ, ਵਧੀਆ ਸਿੱਖਿਆ ਸਭ ਨੂੰ ਮਿਲੇਗੀ ਤੇ ਲੋਕ ਇੱਕ ਦੂਜੇ ਨਾਲ ਸਾਂਝ ਨਾਲ ਰਹਿਣਗੇ। ਗ਼ਦਰ ਪਾਰਟੀ ਦੀ ਸਭ ਤੋਂ ਚੰਗੀ ਗੱਲ ਇਹ ਸੀ ਕਿ ਧਰਮ ਨੂੰ ਪਹਿਲ ਨਹੀਂ ਸੀ, ਧਰਮ ਬੁਨਿਆਦੀ ਲੋੜਾਂ ਪੂਰੀਆਂ ਹੋਣ ਬਾਅਦ ਆਉਂਦਾ ਸੀ। ਸਾਰੇ ਇੱਕ ਦੂਜੇ ਵੱਲ ਚੰਗੀ ਭਾਵਨਾ ਰੱਖਦੇ ਸਨ। ਹੁਣ ਉਹ ਗੱਲਾਂ ਨਹੀਂ ਰਹੀਆਂ। ਨਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਆਮ ਲੋਕਾਂ ਦੇ ਜੀਵਨ ਵਿੱਚ ਕੋਈ ਫ਼ਰਕ ਪਿਆ ਹੈ। ਕੋਈ ਕਿਸੇ ਦੇ ਦੁੱਖ ’ਚ ਸ਼ਰੀਕ ਹੋ ਕੇ ਖ਼ੁਸ਼ ਨਹੀਂ। ਉਚੇਰੀ ਸਿੱਖਿਆ ਵੀ ਖੁਦਗ਼ਰਜ਼ੀ ਦੀ ਖਾਤਰ ਹਾਸਲ ਕੀਤੀ ਜਾ ਰਹੀ ਹੈ।
* ਆਖਰੀ  ਸੁਆਲ:  ਇੰਡੀਆ ਫਿਰ ਜਾਣ ਦਾ ਦਿਲ ਕਰਦੈ?
– ਜਾਣਾ ਮੈਂ ਚਾਹੁੰਦੀ ਹਾਂ, ਪਰ ਲੱਗਦਾ ਸੰਭਵ ਨਹੀਂ ਹੋ ਸਕਣਾ।.

 ਮੁਲਾਕਾਤ : ਗੁਰਚਰਨ

12310268cd _gurbachan