ਹਵਾਈ ਅੱਡਿਆਂ ’ਚ ਦਾਖ਼ਲੇ ਲਈ ਵਰਤਿਆ ਜਾ ਸਕਦਾ ਹੈ ਮੋਬਾਈਲ ਆਧਾਰ

0
463

ਨਵੀਂ ਦਿੱਲੀ  : ਹਵਾਈ ਅੱਡਿਆਂ ਅੰਦਰ ਦਾਖ਼ਲੇ ਲਈ ਹੁਣ ਮੋਬਾਈਲ ਆਧਾਰ ਦੀ ਸ਼ਨਾਖ਼ਤੀ ਸਬੂਤ ਵਜੋਂ ਵਰਤੋਂ ਕੀਤੀ ਜਾ ਸਕਦੀ ਹੈ। ਹਵਾਈ ਸੁਰੱਖਿਆ ਏਜੰਸੀ ਬੀਸੀਏਐਸ ਵੱਲੋਂ ਜਾਰੀ ਸਰਕੂਲਰ ਮੁਤਾਬਕ ਮਾਪਿਆਂ ਨਾਲ ਜਾਣ ਵਾਲੇ ਛੋਟੇ ਬੱਚਿਆਂ ਦੇ ਸ਼ਨਾਖ਼ਤੀ ਦਸਤਾਵੇਜ਼ ਦੇਣ ਦੀ ਲੋੜ ਨਹੀਂ ਹੈ। ਬਿਉਰੋ ਆਫ਼ ਸਿਵਲ ਏਵੀਏਸ਼ਨ ਸਕਿਊਰਟੀ (ਬੀਸੀਏਐਸ) ਵੱਲੋਂ ਜਾਰੀ ਤਾਜ਼ਾ ਸੁਨੇਹੇ ’ਚ ਕਿਹਾ ਗਿਆ ਹੈ ਕਿ ਹਵਾਈ ਅੱਡੇ ਅੰਦਰ ਦਾਖ਼ਲੇ ਲਈ 10 ਸ਼ਨਾਖ਼ਤੀ ਸਬੂਤਾਂ ’ਚੋਂ ਇਕ ਦਿਖਾਉਣ ਦੀ ਲੋੜ ਪਏਗੀ। ਇਨ੍ਹਾਂ ਸਬੂਤਾਂ ’ਚ ਪਾਸਪੋਰਟ, ਵੋਟਰ ਪਛਾਣ ਪੱਤਰ, ਆਧਾਰ ਜਾਂ ਐਮ-ਆਧਾਰ, ਪੈਨ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਸ਼ਾਮਲ ਹਨ। ਬੀਸੀਏਐਸ ਵੱਲੋਂ 26 ਅਕਤੂਬਰ ਨੂੰ ਜਾਰੀ ਕੀਤੇ ਗਏ ਸਰਕੂਲਰ ’ਚ ਕਿਹਾ ਗਿਆ ਹੈ ਕਿ ਸੁਰੱਖਿਆ ਅਮਲੇ ਨਾਲ ਕਿਸੇ ਵਿਵਾਦ ਜਾਂ ਬਹਿਸ ’ਚ ਪੈਣ ਤੋਂ ਬਚਣ ਲਈ ਅਸਲ ਫੋਟੋ ਸ਼ਨਾਖ਼ਤੀ ਦਸਤਾਵੇਜ਼ ਨਾਲ ਰੱਖੇ ਜਾਣ। ਕੌਮੀਕ੍ਰਿਤ ਬੈਂਕ ਵੱਲੋਂ ਜਾਰੀ ਪਾਸ ਬੁੱਕ, ਪੈਨਸ਼ਨ ਕਾਰਡ, ਅਪੰਗਤਾ ਫੋਟੋ ਸ਼ਨਾਖ਼ਤੀ ਪੱਤਰ ਅਤੇ ਸਰਕਾਰੀ, ਪੀਐਸਯੂ, ਸਥਾਨਕ ਸਰਕਾਰਾਂ ਬਾਰੇ ਤੇ ਪ੍ਰਾਈਵੇਟ ਲਿਮਟਿਡ ਕੰਪਨੀਆਂ ਦੇ ਫੋਟੋ ਪਛਾਣ ਪੱਤਰ ਵੀ ਦਿਖਾਏ ਜਾ ਸਕਦੇ ਹਨ। ਵਿਦਿਆਰਥੀ ਵੀ ਸਰਕਾਰੀ ਇੰਸਟੀਚਿਊਟ ਵੱਲੋਂ ਜਾਰੀ ਫੋਟੋ ਸ਼ਨਾਖ਼ਤੀ ਕਾਰਡ ਦਿਖਾ ਸਕਦੇ ਹਨ। ਜੇਕਰ ਕਿਸੇ ਮੁਸਾਫ਼ਰ ਕੋਲ ਉਕਤ 10 ਸ਼ਨਾਖ਼ਤੀ ਪੱਤਰਾਂ ’ਚੋਂ ਕੋਈ ਵੀ ਦਸਤਾਵੇਜ਼ ਨਹੀਂ ਹੈ ਤਾਂ ਉਹ ਕੇਂਦਰ ਜਾਂ ਸੂਬਾ ਸਰਕਾਰ ਦੇ ਗਰੁੱਪ ਏ ਗਜ਼ਟਿਡ ਅਫ਼ਸਰ ਵੱਲੋਂ ਜਾਰੀ ਸ਼ਨਾਖ਼ਤੀ ਸਰਟੀਫਿਕੇਟ ਪੇਸ਼ ਕਰ ਸਕਦਾ ਹੈ। ਵਿਦੇਸ਼ੀ ਮੁਸਾਫ਼ਰਾਂ ਲਈ ਪਾਸਪੋਰਟ ਅਤੇ ਹਵਾਈ ਟਿਕਟ ਦਿਖਾਉਣਾ ਜਾਰੀ ਰਹੇਗਾ।

-ਪੀਟੀਆਈ