ਸਾਕਾ ਕੌਮਾਗਾਟਾ ਮਾਰੂ ਪਿਛਲਾ ਸੱਚ

0
657

ਕੌਮਾਗਾਟਾ ਮਾਰੂ ਦਾ ਸਾਕਾ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਇੱਕ ਅਨਿੱਖੜਵਾਂ ਅੰਗ ਹੈ। 29 ਸਤੰਬਰ 1914 ਨੂੰ ਕਲਕੱਤੇ (ਹੁਣ ਕੋਲਕਾਤਾ) ਦੇ ਬਜਬਜ ਘਾਟ ’ਤੇ ਇੱਕ ਮਹੱਤਵਪੂਰਨ ਘਟਨਾ ਵਾਪਰੀ ਜੋ ਸਾਕਾ ਕੌਮਾਗਾਟਾ ਮਾਰੂ ਵਜੋਂ ਹਿੰਦੁਸਤਾਨ ਦੀ ਆਜ਼ਾਦੀ ਦੇ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਬਣ ਗਈ। ਬਜਬਜ ਘਾਟ ਦੀ ਇਸ ਘਟਨਾ ਵਿੱਚੋਂ ਬਚ ਕੇ ਨਿਕਲੇ ਬਹੁਤੇ ਪੰਜਾਬੀ ਮੁਸਾਫ਼ਿਰ ਮੁੜ ਘਰੀਂ ਨਹੀਂ ਗਏ ਸਗੋਂ ਉਨ੍ਹਾਂ ਨੇ ਆਪਣੀ ਇਸ ਦੁਰਦਸ਼ਾ ਦੀ ਜ਼ਿੰਮੇਵਾਰ ਅੰਗਰੇਜ਼ ਹਕੂਮਤ ਦਾ ਭਾਰਤ ਵਿੱਚੋਂ ਬਿਸਤਰਾ ਗੋਲ ਕਰਨ ਦਾ ਤਹੱਈਆ ਕਰ ਲਿਆ। ਬਾਅਦ ਵਿੱਚ ਪੰਜਾਬ ਵਿੱਚ ਸਰਗਰਮ ਹੋਈਆਂ ਗ਼ਦਰ ਲਹਿਰ, ਗੁਰਦੁਆਰਾ ਸੁਧਾਰ ਲਹਿਰ ਅਤੇ ਬੱਬਰ ਅਕਾਲੀ ਲਹਿਰ ਵਰਗੀਆਂ ਲਹਿਰਾਂ ਵਿੱਚ ਕੌਮਾਗਾਟਾਮਾਰੂ ਦੇ ਮੁਸਾਫ਼ਿਰਾਂ ਨੇ ਮਿਸਾਲੀ ਯੋਗਦਾਨ ਪਾਇਆ।

ਕੌਮਾਗਾਟਾ ਮਾਰੂ ਸਾਕੇ ਬਾਬਤ ਹੁਣ ਤਕ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ। ਉਪਲੱਬਧ ਸਰੋਤਾਂ ਵਿੱਚੋਂ ਜ਼ਿਆਦਾਤਰ ਤੋਂ ਇਹੀ ਜਾਪਦਾ ਹੈ ਜਿਵੇਂ ਇਹ ਕੋਈ ਅਚਾਨਕ ਪੈਦਾ ਹੋਇਆ ਪ੍ਰਤੀਕਰਮ ਹੋਵੇ। ਬਹੁਤੇ ਸੋਮਿਆਂ ਤੋਂ ਇਹੀ ਸਮਝ ਆਉਂਦਾ ਹੈ ਕਿ ਬਾਬਾ ਗੁਰਦਿੱਤ ਸਿੰਘ ਸਰਹਾਲੀ ਜਨਵਰੀ 1914 ਦੇ ਸ਼ੁਰੂ ਵਿੱਚ ਆਪਣੇ ਕਿਸੇ ਨਿੱਜੀ ਕੰਮ ਲਈ ਹਾਂਗਕਾਂਗ ਗਏ। ਉੱਥੇ ਕੈਨੇਡਾ ਜਾਣ ਦੀ ਝਾਕ ਵਿੱਚ ਰੁਲ ਰਹੇ ਪੰਜਾਬੀਆਂ ਦੀ ਦੁਰਦਸ਼ਾ ਵੇਖ ਕੇ ਉਨ੍ਹਾਂ ਦਾ ਦਿਲ ਪਿਘਲ ਗਿਆ ਅਤੇ ਉਹ ਉਨ੍ਹਾਂ ਨੂੰ ਕੌਮਾਗਾਟਾ ਮਾਰੂ ਜਹਾਜ਼ ਰਾਹੀਂ ਕੈਨੇਡਾ ਪਹੁੰਚਾਉਣ ਲਈ ਤਿਆਰ ਹੋ ਗਏ। ਪਰ ਇਤਿਹਾਸ ਨੂੰ ਗਹੁ ਨਾਲ ਵਾਚਦਿਆਂ ਕੁਝ ਹੋਰ ਗੱਲਾਂ ਦੀ ਸਮਝ ਵੀ ਪੈਂਦੀ ਹੈ।
1849 ਵਿੱਚ ਪੰਜਾਬ ’ਤੇ ਧੋਖੇ ਨਾਲ ਕਾਬਜ਼ ਹੋਣ ਤੋਂ ਬਾਅਦ ਅੰਗਰੇਜ਼ ਹਕੂਮਤ ਨੇ ਆਪਣੀ ਤੈਅ ਨੀਤੀ ਮੁਤਾਬਿਕ ਕੁਝ ਸਾਲਾਂ ਵਿੱਚ ਹੀ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ਦੇ ਅਰਥਚਾਰੇ ਨੂੰ ਵੀ ਤਹਿਸ-ਨਹਿਸ ਕਰ ਦਿੱਤਾ। ਸਿੱਟੇ ਵਜੋਂ ਭੁੱਖੇ ਮਰਦੇ ਲੋਕ ਹਕੂਮਤ ਦੀ ਚਾਕਰੀ ਕਰਨ ਲਈ ਮਜਬੂਰ ਹੋ ਗਏ। ਪੰਜਾਬੀ ਨੌਜਵਾਨ ਫ਼ੌਜ ਅਤੇ ਪੁਲੀਸ ਆਦਿ ਮਹਿਕਮਿਆਂ ਵਿੱਚ ਭਰਤੀ ਹੋਣ ਲੱਗੇ। ਇਨ੍ਹਾਂ ਨੌਕਰੀਆਂ ਦੌਰਾਨ ਪੰਜਾਬੀ ਲੋਕ ਹਾਂਗਕਾਂਗ, ਸ਼ੰਘਾਈ, ਸਿੰਗਾਪੁਰ ਆਦਿ ਥਾਵਾਂ ’ਤੇ ਤਾਇਨਾਤ ਕੀਤੇ ਗਏ। ਇੱਥੋਂ ਹੀ ਉਨ੍ਹਾਂ ਨੂੰ ਬੰਦਰਗਾਹਾਂ ’ਤੇ ਆਉਂਦੇ-ਜਾਂਦੇ ਮੁਸਾਫ਼ਿਰਾਂ ਤੋਂ ਉੱਤਰੀ ਅਮਰੀਕਾ ਵਿੱਚ ਅਮਰੀਕਾ, ਕੈਨੇਡਾ ਆਦਿ ਥਾਵਾਂ ’ਤੇ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਦੀ ਸੋਅ ਮਿਲੀ। ਇਸ ਤਰ੍ਹਾਂ ਵੀਹਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਪੰਜਾਬੀਆਂ ਵਿੱਚ ਕੈਨੇਡਾ ਜਾਣ ਦਾ ਰੁਝਾਨ ਪੈਦਾ ਹੋਇਆ।
1906-07 ਤਕ ਕੈਨੇਡਾ ਵਿੱਚ ਭਾਰਤੀਆਂ (ਜ਼ਿਆਦਾਤਰ ਪੰਜਾਬੀਆਂ) ਦੀ ਗਿਣਤੀ ਚੋਖੀ ਹੋ ਗਈ। ਪੰਜਾਬੀਆਂ ਦੀ ਲਗਾਤਾਰ ਵਧ ਰਹੀ ਗਿਣਤੀ ਅਤੇ ਆਰਥਿਕ ਖ਼ੁਸ਼ਹਾਲੀ ਕੈਨੇਡੀਅਨ ਗੋਰਿਆਂ ਨੂੰ ਰੜਕਣ ਲੱਗੀ। ਉਹ ਭਾਰਤੀਆਂ ਨੂੰ ਨਫ਼ਰਤ ਦੀ ਨਿਗ੍ਹਾ ਨਾਲ ਵੇਖਣ ਲੱਗੇ। ਸਥਾਨਕ ਲੋਕਾਂ ਅਤੇ ਗੋਰੇ ਮਜ਼ਦੂਰਾਂ ਨਾਲ ਕੁਝ ਪਾਦਰੀ, ਸੇਵਾਮੁਕਤ ਅਫ਼ਸਰ ਅਤੇ ਰਾਜਨੀਤਿਕ ਲੋਕ ਵੀ ਜੁੜਦੇ ਗਏ। ਇਸ ਦੇ ਨਤੀਜੇ ਵਜੋਂ 12 ਅਗਸਤ 1907 ਨੂੰ ‘ਏਸ਼ੀਅਨ ਕੱਢੋ ਲੀਗ’ (1siatic 5xclusion League) ਦੀ ਸਥਾਪਨਾ ਹੋਈ। ਇਸ ਲੀਗ ਦਾ ਮੁੱਖ ਮਕਸਦ ਕੈਨੇਡਾ ਨੂੰ ‘ਗੋਰਿਆਂ ਦੀ ਧਰਤੀ’ ਬਣਾਈ ਰੱਖਣਾ ਸੀ। ਇਸ ਉਦੇਸ਼ ਦੀ ਪੂਰਤੀ ਲਈ ਲੀਗ ਦੇ ਮੈਂਬਰਾਂ ਨੇ ਭਾਰਤੀਆਂ, ਚੀਨੀਆਂ ਅਤੇ ਜਪਾਨੀ ਮਜ਼ਦੂਰਾਂ ਦੀ ਕੈਨੇਡਾ ਵਿੱਚ ਆਮਦ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕਈ ਲੜਾਈ-ਝਗੜੇ ਵੀ ਹੋਏ। ਏਸ਼ੀਅਨ ਕੱਢੋ ਲੀਗ ਦੇ ਪ੍ਰਦਰਸ਼ਨਾਂ ਦੇ ਨਾਲ-ਨਾਲ ਬ੍ਰਿਟਿਸ਼ ਕੋਲੰਬੀਆ ਦੇ ਕੁਝ ਅਖ਼ਬਾਰ ਵੀ ਹਾਲ-ਪਾਹਰਿਆ ਕਰਨ ਲੱਗੇ। ਇਨ੍ਹਾਂ ਗੱਲਾਂ ਕਾਰਨ ਕੈਨੇਡਾ ਦੀ ਸਰਕਾਰ ਹਰਕਤ ਵਿੱਚ ਆ ਗਈ। ਕੈਨੇਡਾ ਵਿੱਚ ਭਾਰਤੀਆਂ ਦੀ ਆਮਦ ਨੂੰ ਰੋਕਣ ਲਈ ਪਰਵਾਸ ਕਾਨੂੰਨਾਂ ਨੂੰ ਸਖ਼ਤ ਕਰਦਿਆਂ ਉੱਥੋਂ ਦੀ ਸਰਕਾਰ ਨੇ ਅੱਠ ਜਨਵਰੀ 1908 ਨੂੰ ਇੱਕ ਨਵਾਂ ਆਰਡਰ-ਇਨ-ਕਾਉਂਸਲ ਪਾਸ ਕੀਤਾ। ਇਸ ਕਾਨੂੰਨ ਤਹਿਤ ਕੈਨੇਡਾ ਆਉਣ ਵਾਲੇ ਪਰਵਾਸੀਆਂ ’ਤੇ ਸ਼ਰਤ ਲਗਾਈ ਗਈ ਕਿ ਹੁਣ ਕੈਨੇਡਾ ਵਿੱਚ ਸਿਰਫ਼ ਉਹ ਲੋਕ ਹੀ ਆ ਸਕਣਗੇ ਜੋ ਸਿੱਧਾ ਆਪਣੇ ਦੇਸ਼ ਤੋਂ ਸਫ਼ਰ ਕਰ ਕੇ ਕੈਨੇਡਾ ਪਹੁੰਚੇ ਹੋਣ ਅਤੇ ਜਿਨ੍ਹਾਂ ਕੋਲ ਸਿੱਧਾ ਆਪਣੇ ਮੁਲਕ ਤੋਂ ਕੈਨੇਡਾ ਤਕ ਦੀਆਂ ਟਿਕਟਾਂ ਹੋਣ। ਸਿੱਧੇ ਸਫ਼ਰ ਦੇ ਕਾਨੂੰਨ ਦੀ ਤਾਕਤ ਨਾਲ ਕੈਨੇਡਾ ਵਿੱਚ ਭਾਰਤੀਆਂ ਦਾ ਨਵਾਂ ਦਾਖ਼ਲਾ ਰੋਕ ਕੇ ਕੈਨੇਡੀਅਨ ਸਰਕਾਰ ਹੁਣ ਉੱਥੇ ਪਹਿਲਾਂ ਤੋਂ ਰਹਿ ਰਹੇ ਭਾਰਤੀਆਂ ਨੂੰ ਵੀ ਕੈਨੇਡਾ ਵਿੱਚੋਂ ਬਾਹਰ ਕੱਢਣ ਦੀਆਂ ਗੋਂਦਾਂ ਗੁੰਦਣ ਲੱਗੀ। ਕੈਨੇਡਾ ਸਰਕਾਰ ਨੇ ਉੱਥੇ ਰਹਿੰਦੇ ਭਾਰਤੀਆਂ ਨੂੰ ਬਰਤਾਨੀਆ ਦੀ ਇੱਕ ਦੂਰ-ਦੁਰਾਡੀ ਅਤੇ ਬੇਆਬਾਦ ਬਸਤੀ ‘ਹਾਂਡੂਰਸ’ ਭੇਜਣ ਦੀ ਕੋਸ਼ਸ਼ ਵੀ ਕੀਤੀ, ਪਰ ਕੈਨੇਡੀਅਨ-ਭਾਰਤੀਆਂ ਨੇ ਸਰਕਾਰ ਦੀ ਹਾਂਡੂਰਸ ਪੇਸ਼ਕਸ਼ ਠੁਕਰਾ ਦਿੱਤੀ। ਉੱਥੇ ਵਸਦੇ ਹਿੰਦੋਸਤਾਨੀਆਂ ਦਾ ਹੱਠ ਅਤੇ ਏਕਾ ਵੇਖ ਕੇ ਸਰਕਾਰ ਹੋਰ ਚਿੜ ਗਈ ਤੇ ਭਾਰਤੀਆਂ ਦੇ ਕੈਨੇਡਾ ਪਹੁੰਚਣ ਦੀਆਂ ਬਾਕੀ ਰਹਿੰਦੀਆਂ ਮੋਰੀਆਂ ਨੂੰ ਮੁਕੰਮਲ ਤੌਰ ’ਤੇ ਬੰਦ ਕਰਦਿਆਂ 9 ਅਕਤੂਬਰ 1910 ਨੂੰ ਇੱਕ ਹੋਰ ਨਵਾਂ ਕਾਨੂੰਨ ਬਣਾ ਦਿੱਤਾ ਗਿਆ ਕਿ ਕੈਨੇਡਾ ਉਤਰਨ ਵਾਲੇ ਹਰ ਪਰਵਾਸੀ ਕੋਲ 200 ਕੈਨੇਡੀਅਨ ਡਾਲਰ ਨਕਦ ਹੋਣੇ ਚਾਹੀਦੇ ਹਨ।

ਇਨ੍ਹਾਂ ਦੋਵਾਂ ਕਾਨੂੰਨਾਂ ਦੀ ਸਭ ਤੋਂ ਵੱਧ ਮਾਰ ਭਾਰਤੀਆਂ ਨੂੰ ਪਈ। ਆਪਣੇ ਸਿਰ ਪਈ ਇਸ ਬਿੱਜ ਨੂੰ ਟਾਲਣ ਲਈ ਕੈਨੇਡੀਅਨ ਹਿੰਦੀ ਭੱਜ-ਦੌੜ ਕਰਨ ਲੱਗੇ। ਚਾਰਾਜੋਈ ਕਰਨ ਲਈ ਉਨ੍ਹਾਂ ਦਸੰਬਰ 1911 ਵਿੱਚ ਆਪਣਾ ਇੱਕ ਵਫ਼ਦ ਔਟਵਾ ਭੇਜਿਆ, ਪਰ ਕੈਨੇਡੀਅਨ ਸਰਕਾਰ ਨੇ ਗੋਂਗਲੂਆਂ ਤੋਂ ਮਿੱਟੀ ਝਾੜ ਛੱਡੀ ਤੇ ਲਾਰਿਆਂ ਤੋਂ ਸਿਵਾਏ ਹੋਰ ਕੁਝ ਨਾ ਮਿਲਿਆ। ਫਿਰ ਵਿਚਾਰਾਂ ਹੋਣ ਲੱਗੀਆਂ। ਸਮੱਸਿਆ ਦੇ ਹੱਲ ਲਈ ਪੰਜਾਬੀ ਸਿੱਖ, ਹਿੰਦੂ ਅਤੇ ਮੁਸਲਮਾਨ ਹਰ ਐਤਵਾਰ ਜਾਂ ਛੁੱਟੀ ਵਾਲੇ ਦਿਨ ਵੈਨਕੂਵਰ ਦੇ ਗੁਰਦੁਆਰੇ ਵਿੱਚ ਇਕੱਠੇ ਹੁੰਦੇ। ਅਜਿਹੀ ਹੀ ਇੱਕ ਮੀਟਿੰਗ ਵਿੱਚ ਕਿਸੇ ਸਾਥੀ ਨੇ ਭਾਰਤ ਤੋਂ ਆਪਣਾ ਜਹਾਜ਼ ਚਲਾਉਣ ਦੀ ਸਲਾਹ ਦਿੱਤੀ। ਦਰਅਸਲ, ਇਹ ਹੀ ਵਿਚਾਰ ਕੌਮਾਗਾਟਾਮਾਰੂ ਜਹਾਜ਼ ਦੀ ਯੋਜਨਾ ਦਾ ਆਧਾਰ ਬਣਿਆ। ਉਸ ਮੀਟਿੰਗ ਵਿੱਚ ਤਾਂ ਇਸ ਸੁਝਾਅ ਵੱਲ ਕਿਸੇ ਨੇ ਕੋਈ ਬਹੁਤਾ ਧਿਆਨ ਨਾ ਦਿੱਤਾ, ਪਰ ਭਾਈ ਬਲਵੰਤ ਸਿੰਘ ਖੁਰਦਪੁਰ ਦੇ ਦਿਮਾਗ਼ ਵਿੱਚ ਇਹ ਸੁਝਾਅ ਘਰ ਕਰ ਗਿਆ। ਫਿਰ ਜਦੋਂ ਦਸੰਬਰ 1911 ਵਿੱਚ ਹੀ ਭਾਈ ਬਲਵੰਤ ਸਿੰਘ ਅਤੇ ਭਾਈ ਭਾਗ ਸਿੰਘ ਆਪਣੇ ਪਰਿਵਾਰਾਂ ਨੂੰ ਲੈਣ ਭਾਰਤ ਆਏ ਤਾਂ ਵਾਪਸੀ ਸਮੇਂ ਉਨ੍ਹਾਂ ਨੇ ਹਾਂਗਕਾਂਗ ਦੇ ਗੁਰਦੁਆਰੇ ਵਿੱਚ ਉੱਥੋਂ ਦੇ ਸਿਰਕੱਢ ਸਿੱਖਾਂ ਨਾਲ ‘ਆਪਣਾ ਜਹਾਜ਼ ਚਲਾਉਣ’ ਦੀ ਯੋਜਨਾ ’ਤੇ ਵਿਚਾਰ-ਵਟਾਂਦਰਾ ਕੀਤਾ, ਪਰ ਉਸ ਸਮੇਂ ਉਹ ਕਾਹਲੀ ਵਿੱਚ ਸਨ ਅਤੇ ਪਹਿਲਾਂ ਉਨ੍ਹਾਂ ਨੂੰ ਕੈਨੇਡਾ ਵਿੱਚ ਆਪਣੇ ਪਰਿਵਾਰਾਂ ਨੂੰ ਲਿਜਾ ਕੇ ਉੱਥੋਂ ਦੇ ਨਵੇਂ ਕਾਨੂੰਨਾਂ ਨੂੰ ਪਰਖਣ ਦੀ ਕਾਹਲ ਸੀ।
ਪੰਦਰਾਂ ਮਾਰਚ 1913 ਨੂੰ ਭਾਈ ਬਲਵੰਤ ਸਿੰਘ, ਭਾਈ ਨਰਾਇਣ ਸਿੰਘ ਅਤੇ ਭਾਈ ਨੰਦ ਸਿੰਘ ਸੀਹਰਾ ਦਾ ਤਿੰਨ-ਮੈਂਬਰੀ ਵਫ਼ਦ ਬ੍ਰਿਟਿਸ਼ ਹਕੂਮਤ ਨੂੰ ਕੈਨੇਡਾ ਵਿੱਚ ਵਸਦੇ ਭਾਰਤੀਆਂ ਦੇ ਦੁੱਖੜੇ ਦੱਸਣ ਲਈ ਇੰਗਲੈਂਡ ਗਿਆ। ਇਹ ਵਫ਼ਦ ਮਨਿਸਟਰ ਆਫ਼ ਕਲੋਨੀਜ਼ ਨੂੰ ਮਿਲ ਕੇ ਆਪਣੀਆਂ ਮੁਸ਼ਕਿਲਾਂ ਦੱਸਣਾ ਚਾਹੁੰਦਾ ਸੀ, ਪਰ ਉਸ ਨੂੰ 14 ਮਈ 1913 ਨੂੰ ਮੰਤਰੀ ਦੇ ਏਡੀਸੀ ਡਨਲਪ ਸਮਿੱਥ ਨਾਲ ਮਿਲਾ ਕੇ ਹੀ ਬੁੱਤਾ ਸਾਰ ਦਿੱਤਾ ਗਿਆ। ਏਡੀਸੀ ਨੇ ਵੀ ਸਮੱਸਿਆਵਾਂ ਦੇ ਸਥਾਈ ਹੱਲ ਲਈ ਕੋਈ ਤਸੱਲੀਬਖ਼ਸ਼ ਵਾਅਦਾ ਨਾ ਕੀਤਾ। ਇੰਗਲੈਂਡ ਤੋਂ ਨਿਰਾਸ਼ ਹੋ ਕੇ ਇਹ ਵਫ਼ਦ 28 ਮਈ 1913 ਨੂੰ ਭਾਰਤ ਵੱਲ ਰਵਾਨਾ ਹੋ ਗਿਆ ਅਤੇ 6 ਜੁਲਾਈ ਨੂੰ ਲਾਹੌਰ ਪਹੁੰਚ ਗਿਆ।
ਭਾਈ ਬਲਵੰਤ ਸਿੰਘ ਹੋਰਾਂ ਦੇ ਤਿੰਨ-ਮੈਂਬਰੀ ਵਫ਼ਦ ਨੇ 6 ਜੁਲਾਈ 1913 ਤੋਂ ਮਾਰਚ 1914 ਤਕ ਪੰਜਾਬ ਦੇ ਲਾਹੌਰ, ਅੰਬਾਲਾ, ਲੁਧਿਆਣਾ, ਜਲੰਧਰ, ਲਾਇਲਪੁਰ, ਗੁੱਜਰਾਂਵਾਲਾ, ਸਿਆਲਕੋਟ ਆਦਿ ਸ਼ਹਿਰਾਂ ਵਿੱਚ ਮੀਟਿੰਗਾਂ ਕਰ ਕੇ ਕੈਨੇਡੀਅਨ-ਭਾਰਤੀਆਂ ਦੇ ਪੱਖ ਵਿੱਚ ਲੋਕ-ਲਹਿਰ ਉਸਾਰਨ ਦਾ ਯਤਨ ਕੀਤਾ। ਉਹ ਇਨ੍ਹਾਂ ਮੀਟਿੰਗਾਂ ਜ਼ਰੀਏ ਭਾਰਤੀ ਅਤੇ ਖ਼ਾਸਕਰ ਸਿੱਖ ਲੀਡਰਾਂ ਰਾਹੀਂ ਹਿੰਦ ਹਕੂਮਤ ’ਤੇ ਦਬਾਅ ਬਣਾਉਣਾ ਚਾਹੁੰਦੇ ਸਨ ਤਾਂ ਜੋ ਭਾਰਤ ਸਰਕਾਰ ਦਖ਼ਲ ਦੇ ਕੇ ਕੈਨੇਡਾ ਸਰਕਾਰ ਤੋਂ ਉੱਥੇ ਰਹਿੰਦੇ ਭਾਰਤੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਏ। ਇਸੇ ਸਬੰਧ ਵਿੱਚ ਇਹ ਵਫ਼ਦ ਫ਼ਿਰੋਜ਼ਪੁਰ ਸ਼ਹਿਰ ਵਿੱਚ ਵੀ ਗਿਆ। ਫ਼ਿਰੋਜ਼ਪੁਰ ਦੀ ਇਸ ਫੇਰੀ ਸਮੇਂ ਭਾਈ ਤਖ਼ਤ ਸਿੰਘ ਕੋਲ ਆਪਣੀ ਠਹਿਰ ਦੌਰਾਨ ਭਾਈ ਬਲਵੰਤ ਸਿੰਘ ਖੁਰਦਪੁਰ ਨੇ ਗੱਲਬਾਤਾਂ ਵਿੱਚ ‘ਭਾਰਤ ਤੋਂ ਕੈਨੇਡਾ ਨੂੰ ਆਪਣਾ ਜਹਾਜ਼ ਚਲਾਉਣ’ ਵਾਲਾ ਵਿਚਾਰ ਸਾਂਝਾ ਕੀਤਾ ਅਤੇ ਇਸ ਨੂੰ ਹੀ ਸਾਰੀਆਂ ਮੁਸ਼ਕਿਲਾਂ ਦਾ ਹੱਲ ਦੱਸਿਆ। ਭਾਈ ਤਖ਼ਤ ਸਿੰਘ ਵੀ ਇਸ ਵਿਚਾਰ ਨਾਲ ਸਹਿਮਤ ਹੋ ਗਏ ਅਤੇ ਉਨ੍ਹਾਂ ਨੇ ਇਸ ਸਬੰਧੀ ਹਰ ਤਰ੍ਹਾਂ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਭਾਈ ਬਲਵੰਤ ਸਿੰਘ ਹੋਰਾਂ ਦਾ ਵਫ਼ਦ ਹੋਰ ਸ਼ਹਿਰਾਂ ਵਿੱਚ ਮੀਟਿੰਗਾਂ ਕਰਨ ਲਈ ਚਲਾ ਗਿਆ।
ਭਾਈ ਬਲਵੰਤ ਸਿੰਘ ਹੋਰਾਂ ਦੇ ਫ਼ਿਰੋਜ਼ਪੁਰੋਂ ਜਾਣ ਤੋਂ ਬਾਅਦ ਭਾਈ ਤਖ਼ਤ ਸਿੰਘ ਨੇ ਬਾਬਾ ਗੁਰਦਿੱਤ ਸਿੰਘ ਸਰਹਾਲੀ, ਜੋ ਉਸ ਸਮੇਂ ਸਿੰਗਾਪੁਰ ਵਿੱਚ ਰਹਿ ਰਹੇ ਸਨ, ਨਾਲ ਰਾਬਤਾ ਬਣਾ ਕੇ ਉਸ ਨੂੰ ‘ਆਪਣੀ ਜਹਾਜ਼ੀ ਕੰਪਨੀ ਬਣਾ ਕੇ ਕੈਨੇਡਾ ਨੂੰ ਜਹਾਜ਼ ਚਲਾਉਣ’ ਵਾਲੀ ਯੋਜਨਾ ਨਾਲ ਸਹਿਮਤ ਕਰ ਲਿਆ। ਕੈਨੇਡਾ ਜਾਣ ਅਤੇ ਪਰਵਾਸ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲਬਾਤ ਅਤੇ ਚਿੱਠੀ-ਪੱਤਰ ਕਰਨ ਲਈ ਅੰਗਰੇਜ਼ੀ ਭਾਸ਼ਾ ਦੇ ਕਿਸੇ ਜਾਣਕਾਰ ਦੀ ਲੋੜ ਸੀ। ਇਸ ਕੰਮ ਲਈ ਭਾਈ ਤਖ਼ਤ ਸਿੰਘ ਨੇ ਬਾਬਾ ਗੁਰਦਿੱਤ ਸਿੰਘ ਦੇ ਸੈਕਟਰੀ ਦੇ ਤੌਰ ’ਤੇ ਨੌਜਵਾਨ ਦਲਜੀਤ ਸਿੰਘ ਕਾਉਣੀ ਨੂੰ ਤਿਆਰ ਕਰ ਲਿਆ।
ਭਾਈ ਬਲਵੰਤ ਸਿੰਘ ਪੂਰੇ ਪੰਜਾਬ ਦਾ ਦੌਰਾ ਕਰ ਕੇ ਦੁਬਾਰਾ ਫ਼ਿਰੋਜ਼ਪੁਰ ਆਏ ਤਾਂ ਉਨ੍ਹਾਂ ਨੂੰ ਇਹ ਖ਼ੁਸ਼ਖ਼ਬਰੀ ਸੁਣਾਈ ਗਈ। ਇਹ ਸੁਣ ਕੇ ਭਾਈ ਬਲਵੰਤ ਸਿੰਘ
ਬਹੁਤ ਖ਼ੁਸ਼ ਹੋਏ ਅਤੇ ਉਨ੍ਹਾਂ ਨੇ ਵੈਨਕੂਵਰ ਦੀ ਖ਼ਾਲਸਾ ਦੀਵਾਨ ਸੋਸਾਇਟੀ ਦੇ ਸਿਰਕੱਢ ਆਗੂਆਂ ਦੇ ਨਾਂ-ਪਤੇ ਦਲਜੀਤ ਸਿੰਘ ਨੂੰ ਲਿਖਵਾ ਦਿੱਤੇ। ਇਸ ਤੋਂ ਬਾਅਦ ਭਾਈ ਬਲਵੰਤ ਸਿੰਘ ਆਪਣੇ ਪਿੰਡ ਖੁਰਦਪੁਰ ਗਏ ਅਤੇ ਉਨ੍ਹਾਂ ਪਿੰਡੋਂ ਆਪਣੇ ਪੰਜ ਮਿੱਤਰ, ਕੈਨੇਡਾ ਨੂੰ ਤੋਰੇ ਜਾਣ ਵਾਲੇ ਨਵੇਂ ਜਹਾਜ਼ ਦੇ ਸਫ਼ਰ ਲਈ ਤਿਆਰ ਕੀਤੇ।
ਭਾਈ ਤਖ਼ਤ ਸਿੰਘ ਦਾ ਹੁਕਮ ਮਿਲਦਿਆਂ ਹੀ ਦਲਜੀਤ ਸਿੰਘ ਆਪਣੇ ਇੱਕ ਹੋਰ ਸਾਥੀ ਭਾਈ ਵੀਰ ਸਿੰਘ ਨਾਲ ਕਲਕੱਤੇ ਤੋਂ ਜਹਾਜ਼ ਚੜ੍ਹ ਕੇ ਦਸੰਬਰ 1913 ਦੇ ਅਖੀਰਲੇ ਹਫ਼ਤੇ ਹਾਂਗਕਾਂਗ ਪਹੁੰਚ ਗਏ। ਬਾਬਾ ਗੁਰਦਿੱਤ ਸਿੰਘ ਵੀ ਜਨਵਰੀ 1914 ਦੇ ਪਹਿਲੇ ਹਫ਼ਤੇ ਹਾਂਗਕਾਂਗ ਪੁੱਜ ਗਏ। ਉੱਥੇ ਪਹੁੰਚ ਕੇ ਬਾਬਾ ਗੁਰਦਿੱਤ ਸਿੰਘ ਅਤੇ ਭਾਈ ਦਲਜੀਤ ਸਿੰਘ ਨੇ ਉੱਥੇ ਪਿਛਲੇ ਚਾਰ-ਪੰਜ ਸਾਲਾਂ ਤੋਂ ਰੁਲ ਰਹੇ ਭਾਰਤੀ (ਜ਼ਿਆਦਾਤਰ ਪੰਜਾਬੀ) ਮੁਸਾਫ਼ਿਰਾਂ ਨਾਲ਼ ਕੈਨੇਡਾ ਸਰਕਾਰ ਦੀਆਂ ਕਾਨੂੰਨੀ ਮਦਾਂ ਪੂਰੀਆਂ ਕਰਕੇ ‘ਆਪਣਾ ਜਹਾਜ਼ ਚਲਾਉਣ’ ਵਾਲੀ ਯੋਜਨਾ ’ਤੇ ਵਿਚਾਰ-ਵਟਾਂਦਰਾ ਕੀਤਾ। ਮੁਸਾਫ਼ਿਰਾਂ ਦੀ ਸਹਿਮਤੀ ਤੋਂ ਬਾਅਦ ਦਲਜੀਤ ਸਿੰਘ ਨੂੰ ਖ਼ਾਲਸਾ ਦੀਵਾਨ ਸੋਸਾਇਟੀ, ਵੈਨਕੂਵਰ ਨਾਲ ਚਿੱਠੀ-ਪੱਤਰ ਕਰਨ ਅਤੇ ਕੁਝ ਹੋਰ ਜ਼ਰੂਰੀ ਹਦਾਇਤਾਂ ਦੇ ਕੇ ਬਾਬਾ ਗੁਰਦਿੱਤ ਸਿੰਘ ਵਾਪਸ ਸਿੰਗਾਪੁਰ ਚਲੇ ਗਏ। ਦਲਜੀਤ ਸਿੰਘ ਨੇ ਚਿੱਠੀ-ਪੱਤਰ ਸ਼ੁਰੂ ਕੀਤਾ। ਖ਼ਾਲਸਾ ਦੀਵਾਨ ਸੋਸਾਇਟੀ ਵੱਲੋਂ ਹਰ ਤਰ੍ਹਾਂ ਦੀ ਕਾਨੂੰਨੀ ਅਤੇ ਆਰਥਿਕ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ। ਬਾਬਾ ਗੁਰਦਿੱਤ ਸਿੰਘ ਦੇ ਕਹੇ ਮੁਤਾਬਿਕ ਦਲਜੀਤ ਸਿੰਘ ਨੇ ਮੁਸਾਫ਼ਿਰਾਂ ਤੋਂ ਜਹਾਜ਼ ਦੇ ਪ੍ਰਬੰਧਾਂ ਲਈ ਚੰਦਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਫਿਰ ਖ਼ਾਲਸਾ ਦੀਵਾਨ ਸੋਸਾਇਟੀ ਦੇ ਆਗੂਆਂ ਨੇ ਦਲਜੀਤ ਸਿੰਘ ਨੂੰ ਖ਼ਤ ਭੇਜਿਆ ਕਿ ਕੈਨੇਡਾ ਦੇ ਚੀਫ਼ ਜਸਟਿਸ ਮਿਸਟਰ ਹੰਟਰ ਵਾਲਾ ਫ਼ੈਸਲਾ 31 ਮਾਰਚ 1914 ਤਕ ਹੀ ਲਾਗੂ ਹੈ। ਇਸ ਲਈ ਉਨ੍ਹਾਂ ਨੂੰ 31 ਮਾਰਚ ਤੋਂ ਪਹਿਲਾਂ-ਪਹਿਲਾਂ ਕੈਨੇਡਾ ਆ ਜਾਣਾ ਚਾਹੀਦਾ ਹੈ। ਮੁਸਾਫ਼ਿਰਾਂ ਦੀ ਤਾਂਘ ਅਤੇ 31 ਮਾਰਚ ਵਾਲੀ ਸ਼ਰਤ ਨੂੰ ਵਿਚਾਰਦਿਆਂ ਦਲਜੀਤ ਸਿੰਘ ਨੇ ਬਾਬਾ ਗੁਰਦਿੱਤ ਸਿੰਘ ਨੂੰ ਛੇਤੀ ਤੋਂ ਛੇਤੀ ਹਾਂਗਕਾਂਗ ਪਹੁੰਚਣ ਲਈ ਕਿਹਾ। ਇਸ ਦੌਰਾਨ ਫਰਵਰੀ 1914 ਵਿੱਚ ਬਾਬਾ ਗੁਰਦਿੱਤ ਸਿੰਘ ਨੇ ਭਾਰਤ ਜਾ ਕੇ ਕਲਕੱਤੇ ਤੋਂ ਜਹਾਜ਼ ਸ਼ੁਰੂ ਕਰਨ ਲਈ ਵੀ ਕੋਸ਼ਿਸ਼ਾਂ ਕੀਤੀਆਂ ਸਨ, ਪਰ ਅੰਗਰੇਜ਼ ਹਕੂਮਤ ਦੇ ਦਬਾਅ ਕਾਰਨ ਗੱਲ ਨਹੀਂ ਸੀ ਬਣੀ ਅਤੇ ਉਹ ਵਾਪਸ ਸਿੰਗਾਪੁਰ ਆ ਗਏ ਸਨ। ਸੋ, ਦਲਜੀਤ ਸਿੰਘ ਹੋਰਾਂ ਦਾ ਖ਼ਤ ਮਿਲਣ ’ਤੇ ਬਾਬਾ ਗੁਰਦਿੱਤ ਸਿੰਘ ਮਾਰਚ 1914 ਵਿੱਚ ਫਿਰ ਹਾਂਗਕਾਂਗ ਆ ਗਏ। ਹਾਂਗਕਾਂਗ ਪਹੁੰਚ ਕੇ ਉਨ੍ਹਾਂ ਨੇ ਗੁਰੂ ਨਾਨਕ ਸਟੀਮਸ਼ਿਪ ਨੈਵੀਗੇਸ਼ਨ ਕੰਪਨੀ ਬਣਾਈ ਜਿਸ ਦਾ ਸੈਕਟਰੀ ਅਤੇ ਖ਼ਜ਼ਾਨਚੀ ਦਲਜੀਤ ਸਿੰਘ ਨੂੰ ਬਣਾਇਆ ਗਿਆ। 24 ਮਾਰਚ 1914 ਨੂੰ ਇੱਕ ਜਪਾਨੀ ਕੰਪਨੀ ਦਾ ਐੱਸ.ਐੱਸ. ਕੌਮਾਗਾਟਾ ਮਾਰੂ ਨਾਂ ਦਾ ਜਹਾਜ਼ ਛੇ ਮਹੀਨਿਆਂ ਲਈ ਉਨ੍ਹਾਂ ਨੂੰ 11,000 ਡਾਲਰ ਪ੍ਰਤੀ ਮਹੀਨਾ ਭਾੜੇ ’ਤੇ ਮਿਲ ਗਿਆ।  ਉਸੇ ਦਿਨ ਇੱਕ ਇਸ਼ਤਿਹਾਰ ਛਪਵਾ ਦਿੱਤਾ ਗਿਆ ਕਿ ਜਹਾਜ਼ 28 ਮਾਰਚ ਨੂੰ ਹਾਂਗਕਾਂਗ ਤੋਂ ਵੈਨਕੂਵਰ ਨੂੰ ਤੁਰੇਗਾ। ਸ. ਦਲਜੀਤ ਸਿੰਘ ਅਤੇ ਭਾਈ ਵੀਰ ਸਿੰਘ ਨੇ ਮੁਸਾਫ਼ਿਰਾਂ ਨੂੰ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਅੰਗਰੇਜ਼ ਹਕੂਮਤ ਵੱਲੋਂ ਭਾਰਤੀਆਂ ਦੀ ਇਸ ਯੋਜਨਾ ਨੂੰ ਨਾਕਾਮ ਕਰਨ ਅਤੇ ਮੁਸਾਫ਼ਿਰਾਂ ਨੂੰ ਡਰਾਉਣ ਦੀ ਸਾਜ਼ਿਸ਼ ਤਹਿਤ 25 ਮਾਰਚ ਦੀ ਸ਼ਾਮ ਨੂੰ ਹਾਂਗਕਾਂਗ ਦੀ ਪੁਲੀਸ ਬਾਬਾ ਗੁਰਦਿੱਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਕੋਤਵਾਲੀ ਲੈ ਗਈ, ਪਰ ਕੁਝ ਘੰਟਿਆਂ ਬਾਅਦ ਹੀ ਹਾਂਗਕਾਂਗ ਦੇ ਪੱਕੇ ਵਸਨੀਕ ਭਾਈ ਉਜਾਗਰ ਸਿੰਘ ਨੇ 200 ਡਾਲਰ ਜ਼ਮਾਨਤ ਦੇ ਕੇ ਬਾਬਾ ਜੀ ਨੂੰ ਛੁਡਵਾ ਲਿਆ।
ਅਗਲੇ ਦਿਨ ਬਿਨਾਂ ਲਾਇਸੈਂਸ ਤੋਂ ਜਹਾਜ਼ ਦੀਆਂ ਟਿਕਟਾਂ ਵੇਚਣ ਦਾ ਬਹਾਨਾ ਬਣਾ ਕੇ ਬਾਬਾ ਗੁਰਦਿੱਤ ਸਿੰਘ ’ਤੇ ਮੁਕੱਦਮਾ ਚਲਾਇਆ ਗਿਆ, ਪਰ ਹਾਂਗਕਾਂਗ ਵਿਖੇ ਤਾਇਨਾਤ ਸਿੱਖ ਰੈਜੀਮੈਂਟਾਂ ਵਿੱਚ ਬਗ਼ਾਵਤ ਫੈਲਣ ਦੇ ਡਰੋਂ ਬਰੀ ਕਰ ਦਿੱਤਾ ਗਿਆ। ਫਿਰ ਵੀ ਸਰਕਾਰ ਦੀ ਚਾਲ ਕਾਮਯਾਬ ਹੋ ਹੀ ਗਈ। ਬਾਬਾ ਗੁਰਦਿੱਤ ਸਿੰਘ ਦੀ ਗ੍ਰਿਫ਼ਤਾਰੀ ਹੋਣ ਨਾਲ ਬਹੁਤ ਸਾਰੇ ਮੁਸਾਫ਼ਿਰ ਡਰ ਗਏ ਅਤੇ ਜਿੱਥੇ ਦਲਜੀਤ ਸਿੰਘ ਹੋਰਾਂ ਨੂੰ 500 ਤੋਂ ਵੀ ਵੱਧ ਮੁਸਾਫ਼ਿਰ ਹੋ ਜਾਣ ਦੀ ਉਮੀਦ ਸੀ, ਉੱਥੇ ਸਿਰਫ਼ 165 ਮੁਸਾਫ਼ਿਰ ਹੀ ਤਿਆਰ ਹੋਏ। ਆਖ਼ਿਰ ਬਾਬਾ ਗੁਰਦਿੱਤ ਸਿੰਘ ਅਤੇ ਦਲਜੀਤ ਸਿੰਘ ਨੇ ਹਾਂਗਕਾਂਗ ਦੇ ਕਾਰਜਕਾਰੀ ਗਵਰਨਰ ਸੈਵਰਨ ਤੋਂ ਚਾਰ ਅਪਰੈਲ ਨੂੰ ਜਹਾਜ਼ ਦਾ ਰਵਾਨਗੀ ਪੱਤਰ ਪ੍ਰਾਪਤ ਕਰ ਲਿਆ ਅਤੇ ਉਸੇ ਦਿਨ ਸ਼ਾਮ ਨੂੰ 165 ਮੁਸਾਫ਼ਿਰ ਲੈ ਕੇ ਕੌਮਾਗਾਟਾ ਮਾਰੂ ਜਹਾਜ਼ ਹਾਂਗਕਾਂਗ ਤੋਂ ਸ਼ੰਘਾਈ ਨੂੰ ਰਵਾਨਾ ਹੋ ਗਿਆ।
ਸ਼ੰਘਾਈ, ਮੋਜੀ, ਯੋਕੋਹਾਮਾ ਆਦਿ ਬੰਦਰਗਾਹਾਂ ਤੋਂ ਕੁੱਲ 376 ਮੁਸਾਫ਼ਿਰ ਲੈ ਕੇ ਇਹ ਜਹਾਜ਼ 23 ਮਈ ਨੂੰ ਵੈਨਕੂਵਰ ਬੰਦਰਗਾਹ ’ਤੇ ਜਾ ਪੁੱਜਾ। ਅੰਗਰੇਜ਼ ਹਕੂਮਤ ਦੀ ਰੰਗ-ਭੇਦ ਦੀ ਨੀਤੀ ਦਾ ਸ਼ਿਕਾਰ ਹੋ ਕੇ ਪੂਰੇ ਦੋ ਮਹੀਨਿਆਂ ਦੀ ਖੱਜਲ-ਖ਼ੁਆਰੀ ਮਗਰੋਂ 23 ਜੁਲਾਈ ਨੂੰ ਕੌਮਾਗਾਟਾ ਮਾਰੂ ਆਪਣੇ ਵਾਪਸੀ ਸਫ਼ਰ ’ਤੇ ਚੱਲ ਪਿਆ। 29 ਸਤੰਬਰ ਦੀ ਦੁਪਹਿਰ ਨੂੰ ਇਹ ਜਹਾਜ਼ ਬਜਬਜ ਘਾਟ ’ਤੇ ਪੁੱਜ ਗਿਆ। ਮੁਸਾਫ਼ਿਰਾਂ ਨੂੰ ਜਹਾਜ਼ ਵਿੱਚੋਂ ਉਤਰ ਕੇ ਲੁਧਿਆਣੇ ਜਾਣ ਲਈ ਤਿਆਰ ਖੜ੍ਹੀ ਰੇਲਗੱਡੀ ਵਿੱਚ ਚੜ੍ਹਨ ਲਈ ਆਖਿਆ ਗਿਆ, ਪਰ ਮੁਸਾਫ਼ਿਰ ਕਲਕੱਤੇ ਜਾਣ ਦੀ ਜ਼ਿੱਦ ਕਰ ਰਹੇ ਸਨ। ਇਸ ਤਕਰਾਰ ਕਾਰਨ ਚੱਲੀ ਗੋਲੀ ਵਿੱਚ 19 ਮੁਸਾਫ਼ਿਰ ਮਾਰੇ ਗਏ, 39 ਜ਼ਖ਼ਮੀ ਹੋਏ ਅਤੇ 211 ਮੁਸਾਫ਼ਿਰਾਂ ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਬਾਬਾ ਗੁਰਦਿੱਤ ਸਿੰਘ ਸਮੇਤ 28 ਬੰਦੇ ਮਫ਼ਰੂਰ ਹੋ ਗਏ।

ਗੁਰਲਾਲ ਸਿੰਘ ਬਰਾੜ ਤਵਾਰੀਖ਼ ਦੇ ਪੰਨੇ

ਗੁਰਲਾਲ ਸਿੰਘ ਬਰਾੜ – ਸੰਪਰਕ: 84376-81200