ਵਾਤਾਵਰਨ ਪ੍ਰਦੂਸ਼ਣ, ਖੇਤੀ ਅਤੇ ਮਨੁੱਖੀ ਸਿਹਤ

0
315

ਅੱਜ ਵਿਸ਼ਵ ਪੱਧਰ ’ਤੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਤਾਂ ਜੋ ਕਿਸਾਨਾਂ, ਕਾਰਾਨੇਦਾਰਾਂ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਆਮ ਜਨਤਾ ਦੇ ਮਨਾਂ ਵਿਚ ਦੂਸ਼ਿਤ ਹੋ ਰਹੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਸੰਯੁਕਤ ਰਾਸ਼ਟਰ ਸੰਸਥਾ ਦੀ ਇੱਕ ਰਿਪੋਰਟ ਮੁਤਾਬਕ ਹਰ ਸਾਰ ਤਕਰੀਬਨ 12 ਲੱਖ ਮਨੁੱਖ ਹਵਾ ਦੇ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਮਰ ਜਾਂਦੇ ਹਨ। ਇਸੇ ਤਰ੍ਹਾਂ ਹਵਾ ਦੇ ਪ੍ਰਦੂਸ਼ਣ ਦਾ ਪਸ਼ੂਆਂ, ਦਰੱਖਤਾਂ, ਗਲੇਸ਼ੀਅਰਾਂ ਅਤੇ ਹੋਰ ਕੁਦਰਤੀ ਸੋਮਿਆਂ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਵਾਤਾਵਰਨ ਤੋਂ ਭਾਵ ਸਾਡੇ ਆਲੇ-ਦੁਆਲੇ ਦੀ ਹਰ ਉਹ ਵਸਤੂ ਹੈ, ਜੋ ਜੀਵਾਂ ਜੰਤੂਆਂ ਦੇ ਵਾਧੇ ਵਿੱਚ ਸਹਾਈ ਹੁੰਦੀ ਹੈ ਜਿਵੇਂ ਹਵਾ, ਪਾਣੀ, ਮਿੱਟੀ, ਪੌਦੇ ਜਾਨਵਰ ਅਤੇ ਸੂਖਮ ਜੀਵ ਆਦਿ। ਧਰਤੀ ਉੱਪਰ ਹਰ ਜੀਵ ਕੁਦਰਤ ਵੱਲੋਂ ਬਖ਼ਸ਼ੀਆਂ ਇਨ੍ਹਾਂ ਅਨਮੋਲ ਦਾਤਾਂ ’ਤੇ ਨਿਰਭਰ ਕਰਦਾ ਹੈ। ਆਮ ਤੌਰ ’ਤੇ ਹਰ ਮਨੁੱਖ ਦੇ ਦਿਮਾਗ ਵਿੱਚ ਇਹੀ ਸੋਚ ਰਹਿੰਦੀ ਹੈ ਕਿ ਉਸ ਦੇ ਵਾਤਾਵਰਨ ਨੂੰ ਵਿਗਾੜਨ ਜਾਂ ਸੰਵਾਰਨ ਦੇ ਨਿੱਜੀ ਯਤਨਾਂ ਦੀ ਕੋਈ ਖ਼ਾਸ ਮਹੱਤਤਾ ਨਹੀਂ ਪਰ ਅਜਿਹੀ ਸੋਚ ਰੱਖਣੀ ਗ਼ਲਤ ਹੈ ਕਿਉਂਕਿ ਵਾਤਾਵਰਨ ਨੂੰ ਸੰਵਾਰਨ ਦੀ ਕੋਸ਼ਿਸ਼ ਵਰਦਾਨ ਅਤੇ ਵਿਗਾੜਨ ਦੀ ਕੋਸ਼ਿਸ਼ ਨੁਕਸਾਇਨਦਾਇਕ ਸਾਬਤ ਹੋ ਸਕਦੀ ਹੈ। ਸਾਨੂੰ ਉਨ੍ਹਾਂ ਸਾਰੇ ਕਾਰਨਾਂ ਦਾ ਪਤਾ ਲਗਾਉਣਾ ਪਵੇਗਾ ਜਿਸ ਕਾਰਨ ਵਾਤਾਵਰਨ ਪ੍ਰਦੂਸ਼ਤ ਹੋ ਰਿਹਾ।
ਆਧੁਨਿਕ ਖੇਤੀ ਦੀਆਂ ਤਕਨੀਕਾਂ ਨੂੰ ਅਪਣਾਉਂਦਿਆਂ ਕਿਸਾਨਾਂ ਵੱਲੋਂ ਸਿਫ਼ਾਰਸ਼ ਤੋਂ ਵਧੇਰੇ ਖਾਦਾਂ ਅਤੇ ਕੀਟਨਾਸ਼ਕ ਰਸਾਇਣਾਂ ਦੀ ਵਰਤੋਂ ਕਰਨ ਨਾਲ, ਕਾਰਖਾਨਿਆਂ ਦੁਆਰਾ ਦੂੁਸ਼ਤ ਪਾਣੀ ਨਹਿਰਾਂ ਅਤੇ ਦਰਿਆਵਾਂ ਵਿੱਚ ਸੁੱਟ ਕੇ ਇਸ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਇਸ ਦੇ ਨਾਲ ਹੀ ਅਨਾਜ, ਫਲ, ਦੁੱਧ ਅਤੇ ਸਬਜ਼ੀਆਂ ਵੀ ਪ੍ਰਦੂਸ਼ਿਤ ਹੋਣ ਤੋਂ ਨਹੀਂ ਬਚ ਸਕੇ। ਦੇਸੀ ਰੂੜੀ, ਹਰੀ ਖਾਦ ਦੀ ਵਰਤੋਂ ਦੀ ਅਣਹੋਂਦ ਕਾਰਨ ਜ਼ਮੀਨ ਦੀ ਉਤਪਾਦਨ ਸ਼ਕਤੀ ਲਗਾਤਾਰ ਗਿਰਾਵਟ ਵੱਲ ਜਾ ਰਹੀ ਹੈ। ਕਾਰਖਾਨਿਆਂ, ਮੋਟਰ ਗੱਡੀਆਂ, ਹਵਾਈ ਜਹਾਜ਼ਾਂ ਦੁਆਰਾਂ ਅਤੇ ਕਿਸਾਨਾਂ ਦੁਆਰਾ ਝੋਨੇ ਅਤੇ ਕਣਕ ਦੀ ਕਟਾਈ ਤੋਂ ਬਾਅਦ ਬਚਦੀ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਹਵਾ ਇੰਨੀ ਪ੍ਰਦੂਸ਼ਿਤ ਹੋ ਚੁੱਕੀ ਹੈ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਇਸ ਦੁਨੀਆਂ ਵਿੱਚ ਸਭ ਕੁਝ ਇੱਕ ਨਿਯਮ ਵਿੱਚ ਚੱਲ ਰਿਹਾ ਹੈ। ਕੁਦਰਤ ਵੱਲੋਂ ਬਖ਼ਸ਼ੀਆਂ ਇਨ੍ਹਾਂ ਅਨਮੋਲ ਦਾਤਾਂ ’ਤੇ ਜਿੰਨਾ ਅਧਿਕਾਰ ਸਾਡਾ ਹੈ, ਓਨਾ ਹੀ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਦਾ ਸੀ ਅਤੇ ਓਨਾ ਹੀ ਆਉਣ ਵਾਲੀਆਂ ਪੀੜ੍ਹੀਆਂ ਦਾ ਹੋਵੇਗਾ। ਇਸ ਲਈ ਹਰੇ ਮਨੁੱਖ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਧਰਤੀ ਉੱਪਰ ਹਰ ਜੀਵ ਦੀ ਸੁਰੱਖਿਆ ਲਈ ਇਨ੍ਹਾਂ ਅਨਮੋਲ ਦਾਤਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ। ਮਨੁੱਖ ਦਾ ਕੁਦਰਤ ਨਾਲ ਸੰਘਰਸ਼ ਲਗਾਤਾਰ ਜਾਰੀ ਹੈ ਕਿ ਉਹ ਇੱਕ-ਇੱਕ ਦਿਨ ਕੁਦਰਤ ’ਤੇ ਕਾਬੂ ਪਾ ਲਵੇਗਾ ਪਰ ਇਤਿਹਾਸ ਦੱਸਦਾ ਹੈ ਕਿ ਨੀਲ ਤੇ ਇਯੁਫਰੇਟਸ ਘਾਟੀ ਦੀ ਸਭਿਅਤਾ, ਸੀਰੀਆ ਅਤੇ ਗਰੀਸ ਦੀ ਸੱਭਿਅਤਾ, ਸਿੰਧੂ ਘਾਟੀ ਦੀ ਸੱਭਿਅਤਾ ਕੁਦਰਤ ਦੇ ਨਿਯਮਾਂ ’ਤੇ ਨਾ ਚੱਲਣ ਕਾਰਨ ਹੀ ਇਸ ਸੰਸਾਰ ਤੋਂ ਲੁਪਤ ਹੋ ਗਈਆਂ ਸਨ।
ਵਾਤਾਵਰਨ ਵਿੱਚ ਆ ਰਹੇ ਬਦਲਾਅ ਦੇ ਪ੍ਰਭਾਵ ਪਹਿਲਾਂ ਹੀ ਸਾਡੇ ਸਾਹਮਣੇ ਹਨ ਜਿਸ ਨਾਲ ਕਿਧਰੇ ਹੜ੍ਹ ਅਤੇ ਕਿਧਰੇ ਸੋਕਾ ਪੈ ਰਿਹਾ ਹੈ। ਕੋਵਿਡ-19 ਮਹਾਮਾਰੀ ਵੀ ਇਸੇ ਦਾ ਨਤੀਜਾ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਮੌਸਮੀ ਤਬਦੀਲੀਆਂ ਕਾਰਨ ਸੰਨ 2050 ਤੱਕ ਗਰਮੀਆਂ ਦਾ ਤਾਪਮਾਨ 3.2 ਡਿਗਰੀ ਸੈਂਟੀ ਗ੍ਰੇਡ ਅਤੇ ਸੰਨ 2080 ਤੱਕ 4.5 ਡਿਗਰੀ ਸੈਂਟੀਗ੍ਰੇਡ ਵਧ ਜਾਵੇਗਾ। ਏਸ਼ੀਆ ਵਿੱਚ ਜੇ ਜਲਵਾਯੂ/ਮੌਸਮੀ ਤਬਦੀਲੀਆਂ ਨੂੰ ਨਾ ਰੋਕਿਆ ਗਿਆ ਤਾਂ ਖੇਤੀ ਪ੍ਰਣਾਲੀਆਂ ਕੰਮ ਕਰਨਾ ਬੰਦ ਕਰ ਦੇਣਗੀਆਂ। ਇਸ ਦੇ ਨਿਕਲਣ ਵਾਲੇ ਨਤੀਜਿਆਂ ਬਾਰੇ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ। ਸਾਇੰਸਦਾਨ ਮੰਨਦੇ ਹਨ ਕਿ ਵਾਤਾਵਰਨ ਦੇ ਗਰਮ ਹੋਣ ਕਾਰਨ ਓਜ਼ੋਨ ਪਰਤ ਕਮਜ਼ੋਰ ਹੋ ਜਾਵੇਗੀ ਕਿਉਂਕਿ ਜਿਉਂ ਹੀ ਜ਼ਮੀਨ ਦਾ ਤਾਪਮਾਨ ਵਧਦਾ ਹੈ ਤਾਂ ਸਟਰੈਟੋਫੇਅਰ (ਓਜ਼ੋਨ ਪਰਤ ਇਸ ਤੋਂ ਉਪਰਲੇ ਹਿੱਸੇ ਵਿੱਚ ਹੁੰਦੀ ਹੈ) ਠੰਢਾ ਹੋ ਜਾਂਦਾ ਹੈ। ਇਸ ਨਾਲ ਕੁਦਰਤੀ ਰੂਪ ਵਿੱਚ ਓਜ਼ੋਨ ਦੀ ਮੁਰੰਮਤ ਕਰਨ ਦੀ ਰਫ਼ਤਾਰ ਘਟ ਜਾਂਦੀ ਹੈ। ਓਜ਼ੋਨ ਪਰਤ ਧਰਤੀ ਦੇ ਵਾਯੂਮੰਡਲ ਵਿੱਚ ਓਜ਼ੋਨ (03) ਕਣਾਂ ਦਾ ਇਕੱਠ ਹੈ। ਇਹ ਪਰਤ ਸਮੁੰਦਰ ਤਲ ਤੋਂ ਲਗਭਗ 10 ਤੋਂ 50 ਕਿਲੋਮੀਟਰ ਸਟਰੈਟੋਫੀਅ੍ਰ ਵਿੱਚ ਵੱਧ ਤੋਂ ਵੱਧ ਗੂੜੇਪਣ ਵਿੱਚ ਸਮੁੰਦਰ ਤਲ ਤੋਂ ਲਗਭਗ 25 ਕਿਲੋ ਮੀਟਰ ਦੂਰੀ ’ਤੇ ਸਥਿਤ ਹੈ। ਇਸੇ ਨੂੰ ਓਜ਼ੋਨ ਪਰਤ ਕਹਿੰਦੇ ਹਨ। ਖੇਤੀ ਮਾਹਿਰਾਂ ਅਨੁਸਾਰ ਮੌਸਮੀ ਤਬਦੀਲੀਆਂ ਕਾਰਨ ਭਾਰਤ ਦੇਸ਼ ਵਿੱਚ 2 ਡਿਗਰੀ ਸੈਂਟੀਗਰੇਡ ਤਾਪਮਾਨ ਵਿੱਚ ਵਾਧਾ ਕਣਕ ਦੀ 0.45 ਮੀਟਰਿਕ ਟਨ ਅਤੇ ਝੋਨੇ ਦੀ 0.7 ਮੀਟਰਿਕ ਟਨ ਪੈਦਾਵਾਰ ਘਟਾ ਸਕਦਾ ਹੈ। ਇਸੇ ਤਰ੍ਹਾਂ ਤਾਪਮਾਨ ਵਿੱਚ ਸਿਰਫ਼ 0.5 ਡਿਗਰੀ ਸੈਂਟੀਗਰੇਡ ਦੇ ਵਾਧੇ ਕਾਰਨ ਪੰਜਾਬ, ਹਰਿਆਣਾ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਕਣਕ ਦੀ 10 ਫ਼ੀਸਦੀ ਤੱਕ ਘਟ ਸਕਦੀ ਹੈ। ਮੌਸਮੀ ਤਬਦੀਲੀ ਕਾਰਨ ਫ਼ਸਲਾਂ ਨੂੰ ਲੱਗਣ ਵਾਲੇ ਕੀੜਿਆਂ ਮਕੌੜਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।
ਮੁਨਾਫ਼ਾ ਆਧਾਰਿਤ ਤਕਨਾਲੋਜੀ ਨੇ ਮਨੁੱਖ ਨੂੰ ਆਰਥਿਕ ਪੱਖੋਂ ਤਾਂ ਜ਼ਰੂਰ ਮਜ਼ਬੂਤ ਕਰ ਦਿੱਤਾ ਪਰ ਵਾਤਾਵਰਨ ਦਾ ਸੰਤੁਲਨ ਵਿਗੜ ਗਿਆ। ਅਮਰੀਕਨ ਸੁੰਡੀ, ਕਾਂਗਰਸੀ ਘਾਹ ਅਤੇ ਜਲ ਕੁੰਭੀ ਆਦਿ ਨੁਕਸਾਨਦਾਇਕ ਪੌਦੇ/ਜਾਨਵਰ ਵਿੱਚ ਆ ਗਏ ਹਨ। ਪਲੇਗ ਫੈਲਾਉਣ ਅਤੇ ਫ਼ਸਲਾਂ ਦਾ ਨੁਕਸਾਨ ਪਹੁੰਚਾਉਣ ਵਾਲੇ ਚੂਹਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਗਿਆ ਹੈ ਕਿਉਂਕਿ ਚੂਹਿਆਂ ਦਾ ਸ਼ਿਕਾਰ ਕਰਨ ਵਾਲੇ ਮਾਸਾਹਾਰੀ ਪੰਛੀ ਉੱਲੂ, ਇੱਲਾਂ, ਬਾਜ ਅਤੇ ਸ਼ਿਕਰੇ ਆਦਿ ਦੂਸ਼ਿਤ ਵਾਤਾਵਰਨ ਦਾ ਸ਼ਿਕਾਰ ਹੋ ਕੇ ਆਲੋਪ ਹੋਣ ਕਿਨਾਰੇ ਪਹੁੰਚ ਗਏ ਹਨ। ਉਨ੍ਹਾਂ ਦੇ ਰਹਿਣ ਬਸੇਰੇ ਬੋਹੜ, ਪਿੱਪਲ, ਪਿਲਕਣ ਅਤੇ ਹੋਰ ਵੱਡੇ ਦਰੱਖਤ ਮਨੁੱਖ ਵੱਲੋਂ ਖ਼ਤਮ ਕਰ ਦਿੱਤੇ ਗਏ ਹਨ। ਪੰਜਾਬ ਦੇ ਹਰ ਪਿੰਡ ਵਿੱਚ ਦੋ ਤਿੰਨ ਛੱਪੜ ਹੁੰਦੇ ਸਨ, ਜਿਨ੍ਹਾਂ ਵਿੱਚ ਘਰਾਂ ਦਾ ਮਲਮੂਤਰ ਅਤੇ ਪਾਣੀ ਗੰਦੇ ਨਾਲਿਆਂ ਅਤੇ ਨਾਲੀਆਂ ਰਾਹੀਂ ਇਨ੍ਹਾਂ ਛੱਪੜਾਂ ਵਿੱਚ ਪੁਜਦਾ ਸੀ। ਛੱਪੜਾਂ ਵਿੱਚ ਇਕੱਠਾ ਹੋਇਆ ਇਹ ਗੰਦਾ ਪਾਣੀ ਕੁਦਰਤੀ ਢੰਗ ਨਾਲ ਫਿਲਟਰ ਹੋ ਕੇ ਜ਼ਮੀਨ ਵਿੱਚ ਚਲਿਆ ਜਾਂਦਾ ਹੈ। ਇਸ ਨੂੰ ਲੋਕ ਨਲਕਿਆਂ ਰਾਹੀਂ ਜ਼ਮੀਨ ਵਿੱਚੋਂ ਕੱਢ ਕੇ ਵਰਤ ਲੈਂਦੇ ਸਨ। ਵਕਤ ਦੇ ਬਦਲਣ ਨਾਲ ਛੱਪੜਾਂ ਵਿੱਚ ਛੱਪੜ ਜਾਂ ਤਾਂ ਪੂਰ ਦਿੱਤੇ ਗਏ ਹਨ ਜਾਂ ਫਿਰ ਨਾਜਾਇਜ਼ ਕਬਜ਼ੇ ਕਰ ਕੇ ਰਿਹਾਇਸ਼ੀ ਮਕਾਨ ਉਸਾਰ ਲਏ ਗਏ ਹਨ। ਨਹਿਰਾਂ ਪੱਕੀਆਂ ਹੋਣ ਕਾਰਨ ਕੁਦਰਤੀ ਢੰਗ ਨਾਲ ਫਿਲਟਰ ਹੋ ਕੇ ਪਾਣੀ ਧਰਤੀ ਹੇਠ ਨਹੀਂ ਜਾ ਰਿਹਾ, ਸਗੋਂ ਭਾਫ ਬਣ ਕੇ ਉੱਡ ਰਿਹਾ ਹੈ। ਵਾਤਾਵਰਨ ਪ੍ਰਦੂਸ਼ਿਤ ਹੋਣ ਕਾਰਨ ਵਧ ਰਹੀ ਆਲਮੀ ਤਪਸ਼ ਨਾਲ ਗਲੇਸ਼ੀਅਰਾਂ ਦੇ ਸੁੰਗੜਣ ਦੀ ਕਿਰਿਆ ਨੂੰ ਨੱਥ ਨਾ ਪਾਈ ਗਈ ਤਾਂ ਪਹਿਲਾਂ ਤਾਂ ਦਰਿਆਵਾਂ ਵਿੱਚ ਪਾਣੀ ਦੀ ਵਧੇਰੇ ਮਾਤਰਾ ਕਾਰਨ ਇਹ ਹੜ੍ਹਾਂ ਨੂੰ ਜਨਮ ਦੇਣਗੇ ਅਤੇ ਫਿਰ ਪਾਣੀ ਦੀ ਮਾਤਰਾ ਘਟ ਜਾਣ ਕਾਰਨ ਸੁੱਕ ਜਾਣਗੇ। ਜੇ ਅਸੀਂ ਇਸੇ ਤਰ੍ਹਾਂ ਹੀ ਕੁਦਰਤ ਤੋਂ ਦੂਰ ਹੁੰਦੇ ਗਏ ਤਾਂ ਕੁਦਰਤੀ ਆਫ਼ਤਾਂ ਤੋਂ ਬਚਣਾ ਅਸੰਭਵ ਹੈ। ਇਸੇ ਕਰ ਕੇ ਸਾਨੂੰ ਗ਼ੈਰ-ਕੁਦਰਤੀ ਚੀਜ਼ਾਂ ਛੱਡ ਕੇ ਕੁਦਰਤ ਨਾਲ ਪਿਆਰ ਪਾਉਣਾ ਪਵੇਗਾ। ਜੰਗਲਾਂ ਹੇਠ ਰਕਬਾ ਵਧਾਉਣਾ ਚਾਹੀਦਾ ਹੈ ਅਤੇ ਵਧ ਰਹੀ ਆਬਾਦੀ ’ਤੇ ਕਾਬੂ ਪਾਉਣਾ ਚਾਹੀਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਕਿਸਾਨਾਂ ਨੇ ਕਰੜੀ ਮਿਹਨਤ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਅਗਵਾਈ ਹੇਠ ਪੀਏਯੂ ਦੁਆਰਾ ਵਿਕਸਤ ਤਕਨੀਕਾਂ ਨੂੰ ਅਪਣਾ ਕੇ ਹਰਾ ਇਨਕਲਾਬ ਲਿਆ ਕੇ ਦੇਸ਼ ਨੂੰ ਅਨਾਜ ਦੀ ਪੈਦਾਵਾਰ ਪੱਖੋਂ ਆਤਮ ਨਿਰਭਰ ਹੀ ਨਹੀਂ ਸਗੋਂ ਬਾਹਰਲੇ ਮੁਲਕਾਂ ਨੂੰ ਅਨਾਜ ਨਿਰਯਾਤ ਕਰਨ ਦੇ ਕਾਬਲ ਬਣਾਇਆ ਹੈ ਪਰ ਇਸ ਦਾ ਮੁੱਲ ਬਹੁਤ ਭਾਰੀ ਦੇਣਾ ਪਿਆ। ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇਸ ਹੱਦ ਤੱਕ ਨੀਵਾਂ ਜਾ ਚੁੱਕਾ ਹੈ ਕਿ ਕੇਂਦਰੀ ਜ਼ਿਲ੍ਹਿਆਂ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਦਰਿਆਵਾਂ ਦਾ ਪਾਣੀ ਪ੍ਰਦੂਸ਼ਤ ਹੋਣ ਕਾਰਨ ਜ਼ਮੀਨ ਹੇਠਲਾ ਪਾਣੀ ਪੀਣਯੋਗ ਨਹੀਂ ਰਿਹਾ। ਮਿੱਟੀ ਵਿੱਚ ਮਿੱਤਰ ਸੂਖਮ ਜੀਵ ਖ਼ਤਮ ਹੋਣ ਕਾਰਨ ਮਿੱਟੀ ਮੁਰਦਾ ਹਾਲਤ ਵਿੱਚ ਹੋ ਰਹੀ ਹੈ। ਇਸ ਸਮੇਂ ਪੰਜਾਬ ਦੀ ਮਿੱਟੀ ਵਿੱਚ ਔਸਤਨ 0.02 ਫ਼ੀਸਦੀ ਤੋਂ 0.25 ਫ਼ੀਸਦੀ ਜੈਵਿਕ ਮਾਦਾ ਰਹਿ ਗਿਆ ਹੈ ਜਦੋਂਕਿ ਜੈਵਿਕ ਖਾਦ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਮਿੱਟੀ ਵਿੱਚ ਜੈਵਿਕ ਮਾਦਾ ਦੀ ਮਾਤਰਾ ਘੱਟੋ-ਘੱਟ 0.45 ਫ਼ੀਸਦੀ ਹੋਣੀ ਜ਼ਰੂਰੀ ਹੈ।
ਪੰਜਾਬ ਵਿੱਚ ਝੋਨੇ ਦੀ ਕਾਸ਼ਤ ਤਕਰੀਨ 29 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਦੀ ਹੈ ਜਿਸ ਤੋਂ ਤਕਰੀਬਨ 24 ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ। ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਵਿੱਚ ਘੱਟ ਸਮਾਂ ਹੋਣ ਕਾਰਨ ਇੰਨੀ ਵੱਡੀ ਮਾਤਰਾ ਵਿੱਚ ਪੈਦਾ ਹੋਈ ਪਰਾਲੀ ਨੂੰ ਕਿਸਾਨਾਂ ਦੁਆਰਾ ਅੱਗ ਲਗਾਉਣ ਨਾਲ ਤਕਰੀਬਨ 0.94 ਲੱਖ ਟਨ ਨਾਈਟ੍ਰੋਜਨ, 0.48 ਲੱਖ ਟਨ ਫਾਸਪੋਰਸ ਅਤੇ 2.6 ਲੱਖ ਟਨ ਪੁਟਾਸ਼ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਲਘੂ ਤੱਤਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ। ਪਰਾਲੀ ਨੂੰ ਅੱਗ ਲਗਾ ਕੇ ਸਾੜਨ ਨਾਲ ਤਕਰੀਬਨ 244 ਲੱਖ ਟਨ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਆਦਿ ਪੈਦਾ ਹੁੰਦੀਆਂ ਹਨ। ਇਸ ਕਾਰਨ ਮਨੁੱਖਾਂ ਵਿੱਚ ਖੰਘ, ਜ਼ੁਕਾਮ, ਤਪਦਿਕ, ਦਮਾ, ਐਲਰਜੀ, ਸਾਹ ਨਾਲੀ ਦਾ ਕੈਂਸਰ, ਗਲੇ ਦੀ ਖ਼ਰਾਬੀ, ਹਲਕਾ ਬੁਖਾਰ, ਸਿਰ ਦਰਦ, ਟਾਈਫਾਈਡ, ਫੇਫੜਿਆਂ ’ਚ ਨੁਕਸ, ਅੱਖਾਂ ’ਚ ਜਲਣ ਅਤੇ ਚਮੜੀ ’ਤੇ ਖਾਰਸ਼ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ। ਡਾਕਟਰਾਂ ਅਨੁਸਾਰ ਪਿਛਲੇ ਦਸਾਂ ਸਾਲਾਂ ਦੌਰਾਨ ਪੰਜਾਬ ਵਿੱਚ ਨਾੜ ਅਤੇ ਝੋਨੇ ਦੀ ਪਰਾਲੀ ਸਾੜਨ ਨਾਲ ਅੱਖਾਂ ਦੀ ਜਲਣ ਅਤੇ ਸਾਹ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਇਨ੍ਹਾਂ ਬਿਮਾਰੀਆਂ ਨਾਲ ਮਨੁੱਖ ਦੀ ਉਮਰ ਘਟ ਰਹੀ ਹੈ। ਇੱਕ ਸਰਵੇਖਣ ਅਨੁਸਾਰ ਪਿੰਡਾਂ ਵਿੱਚ 80 ਫ਼ੀਸਦੀ ਲੋਕ ਸਾਹ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਨਾਲ ਪ੍ਰਭਾਵਤ ਪਾਏ ਗਏ ਹਨ।
ਝੋਨੇ ਦੀ ਕਾਸ਼ਤ ਲਈ ਸਿੱਧੀ ਬਿਜਾਈ ਜਾਂ ਵੱਟਾਂ ਉੱਪਰ ਝੋਨੇ ਦੀ ਲਵਾਈ ਤਕਨੀਕ ਅਪਣਾਉਣੀ ਚਾਹੀਦੀ ਹੈ ਤਾਂ ਜੋ ਸਿੰਜਾਈ ਲਈ ਘੱਟ ਪਾਣੀ ਦੀ ਵਰਤੋਂ ਕਰ ਕੇ ਵਧੇਰੇ ਪੈਦਾਵਾਰ ਲਈ ਜਾ ਸਕੇ ਅਤੇ ਝੋਨੇ ਦੇ ਖੇਤਾਂ ਵਿੱਚ ਲਗਾਤਾਰ ਪਾਣੀ ਖੜ੍ਹਾ ਰੱਖਣ ਕਾਰਨ ਪੈਦਾ ਹੋਣ ਵਾਲੀ ਮੀਥੇਨ ਗੈਸਾਂ ਦੇ ਵਿਸਰਜਣ ਨੂੰ ਘਟਾਇਆ ਜਾ ਸਕੇ। ਝੋਨੇ ਅਤੇ ਕਣਕ ਦੀ ਕਟਾਈ ਤੋਂ ਬਾਅਦ ਬਚੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਸਾੜਨ ਦੀ ਬਜਾਇ ਜ਼ਮੀਨ ਵਿੱਚ ਵਾਹ ਕੇ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾ ਸਕੇਗਾ, ਉੱਥੇ ਰਹਿੰਦ-ਖੂੰਹਦ ਦੇ ਸੜਨ ਸਮੇਂ ਪੈਦਾ ਹੁੰਦੀਆਂ ਖ਼ਤਰਨਾਕ ਗੈਸਾਂ ਹਵਾ ਵਿੱਚ ਘੁਲਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਖੇਤੀ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਲੋੜ ਪੈਣ ’ਤੇ ਸਿਫ਼ਾਰਸ਼ਾਂ ਅਨੁਸਾਰ ਹੀ ਕੀਤੀ ਜਾਵੇ। ਸ਼ਹਿਰਾਂ ਦੇ ਆਲੇ-ਦੁਆਲੇ ਵੱਧ ਤੋਂ ਵੱਧ ਦਰੱਖਤ ਲਗਾਏ ਜਾਣ ਕਿਉਂਕਿ ਦਰੱਖਤ ਆਕਸੀਜਨ ਗੈਸ ਪੈਦਾ ਕਰ ਕੇ ਸਾਡੀ ਵੱਡੀ ਸਹਾਇਤਾ ਕਰਦੇ ਹਨ। ਖਣਨ ਵਾਲੇ ਖੇਤਰਾਂ ਵਿੱਚ ਵੱਧ ਤੋਂ ਵੱਧ ਦਰੱਖਤ ਲਗਾਏ ਜਾਣ। ਕਾਰਖਾਨਿਆਂ ਦੇ ਧੂੰਏ ਅਤੇ ਦੂਸ਼ਿਤ ਵਾਧੂ ਪਾਣੀ ਨੂੰ ਸੋਧ ਕੇ ਖਾਰਜ ਕੀਤਾ ਜਾਵੇ। ਸਭ ਤੋਂ ਜ਼ਰੂਰੀ ਗੱਲ ਕਿ ਲੋਕਾਂ ਖ਼ਾਸ ਕਰ ਕੇ ਕਿਸਾਨਾਂ ਨੂੰ ਵਾਤਾਵਰਨ ਦੂਸ਼ਿਤ ਅਤੇ ਇਸ ਤੋਂ ਉਪਜਣ ਵਾਲੇ ਖ਼ਤਰਿਆਂ ਤੋ ਜਾਣੂ ਕਰਵਾਉਣ ਲਈ ਨਿਰੰਤਰ ਮੁਹਿੰਮ ਚਲਾਈ ਜਾਵੇ। ਸਵੈ-ਸੇਵੀ ਸੰਸਥਾਵਾਂ, ਰੇਡੀਓ, ਟੀਵੀ, ਸੋਸ਼ਲ ਸਾਈਟਸ, ਪ੍ਰਿੰਟ ਅਤੇ ਬਿਜਲਈ ਸਾਧਨਾਂ, ਰਸਾਲਿਆਂ ਰਾਹੀਂ ਵਾਤਾਵਰਨ ਦੀ ਮਹੱਤਤਾ ਅਤੇ ਪ੍ਰਦੂਸ਼ਣ ਨਾਲ ਹੋਣ ਵਾਲੇ ਖ਼ਤਰਿਆਂ ਬਾਰੇ ਲੋਕ ਚੇਤਨਾ ਪੈਦਾ ਕਰਨੀ ਚਾਹੀਦੀ ਹੈ। ਇਸ ਕੰਮ ਨੂੰ ਇੱਕ ਪਵਿੱਤਰ ਕੰਮ ਸਮਝ ਕੇ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ।
ਡਾ. ਅਮਰੀਕ ਸਿੰਘ , ਬਲਾਕ ਖੇਤੀਬਾੜੀ ਅਫ਼ਸਰ, ਪਠਾਨਕੋਟ।
ਸੰਪਰਕ: 94630-71919