ਰੈਡੀਮੇਡ ਦਸਤਾਰ ਨੇ ਪਾਇਆ ਪੁਆੜਾ, ਸਿੱਖਾਂ ‘ਚ ਰੋਸ

0
265

ਚੰਡੀਗੜ੍ਹ: ਮਸ਼ਹੂਰ ਫੈਸ਼ਨ ਕੰਪਨੀ ਗੁੱਚੀ (Gucci) ਦੀਆਂ ਦਸਤਾਰਾਂ ਆਨਲਾਈਨ ਵੇਚੀਆਂ ਜਾ ਰਹੀਆਂ ਹਨ, ਜਿਸ ‘ਤੇ ਸਿੱਖਾਂ ਨੇ ਸਖ਼ਤ ਰੋਸ ਪ੍ਰਗਟਾਇਆ ਹੈ। ਕੰਪਨੀ ਪਹਿਲਾਂ ਤੋਂ ਬੰਨ੍ਹੀਆਂ ਹੋਈਆਂ ਦਸਤਾਰਾਂ ਵੇਚ ਰਿਹਾ ਹੈ ਤੇ ਹਜ਼ਾਰਾਂ ਰੁਪਏ ਦੀ ਕੀਮਤ ਵੀ ਵਸੂਲ ਰਿਹਾ ਹੈ। ਆਨਲਾਈਨ ਸਟੋਰ Nordstrom ਨੇ ਦਸਤਾਰਾਂ ਵੇਚਣੀਆਂ ਸ਼ੁਰੂ ਕੀਤੀਆਂ ਸਨ, ਜਿਸ ਦਾ ਸੋਸ਼ਲ ਮੀਡੀਆ ‘ਤੇ ਖਾਸਾ ਵਿਰੋਧ ਦੇਖਣ ਨੂੰ ਮਿਲਿਆ।

ਨੌਰਡਸਟੌਰਮ ਸਟੋਰ ਨੇ ਗੁੱਚੀ ਦੀ ਦਸਤਾਰ ਨੂੰ ਆਪਣੀ ਵੈੱਬਾਸਾਈਟ ‘ਤੇ ਰੈਡੀਮੇਡ ਦਸਤਾਰ ਦੀ ਕੀਮਤ 790 ਅਮਰੀਕੀ ਡਾਲਰ ਯਾਨੀ ਕਿ ਸਾਢੇ 55 ਹਜ਼ਾਰ ਰੁਪਏ ਰੱਖੀ ਹੈ। ਹਰਜਿੰਦਰ ਸਿੰਘ ਕੁਕਰੇਜਾ ਨਾਂ ਦੇ ਸਿੱਖ ਟਵਿੱਟਰ ਯੂਜ਼ਰ ਨੇ ਕੰਪਨੀ ਨੂੰ ਲਿਖਿਆ ਹੈ ਕਿ ਸਿੱਖਾਂ ਦੀ ਪੱਗ ਗੋਰੇ ਮਾਡਲਜ਼ ਲਈ ਕੋਈ ਨਵੀਂ ਫੈਸ਼ਨ ਅਸੈਸਰੀ ਨਹੀਂ ਹੈ। ਤੁਹਾਡੇ ਮਾਡਲਾਂ ਨੇ ਪੱਗਾਂ ਨੂੰ ਟੋਪੀਆਂ ਵਜੋਂ ਪਹਿਨਿਆ ਹੈ, ਜਦਕਿ ਸਿੱਖ ਇਸ ਨੂੰ ਲੜੀਵਾਰ ਤਰੀਕੇ ਨਾਲ ਬੰਨ੍ਹਦੇ ਹਨ। ਉਸ ਨੇ ਇਹ ਵੀ ਕਿਹਾ ਕਿ ਸਿੱਖਾਂ ਦੀਆਂ ਪੱਗਾਂ ਨੂੰ ਵੇਚਣਾ ਗੁੱਚੀ ਦੇ ਜਾਅਲੀ ਉਤਪਾਦਾਂ ਨੂੰ ਵੇਚਣ ਤੋਂ ਵੀ ਬੁਰਾ ਹੈ।

ਜਦਕਿ, ਕੰਪਨੀ ਗੁੱਚੀ ਨੇ ਆਪਣੇ ਆਨਲਾਈਨ ਫੈਸ਼ਨ ਸਟੋਰ ‘ਤੇ ਲਿਖਦੀ ਹੈ ਕਿ ਇੰਡੀ ਫੁੱਲ ਟਰਬਨ। ਕੰਪਨੀ ਨੇ ਪੱਗਾਂ ਦੀ ਵਿਆਖਿਆ ਕਰਦਿਆਂ ਲਿਖਿਆ ਹੈ ਕਿ ਸੁੰਦਰ ਤਰੀਕੇ ਨਾਲ ਬਣਾਈ ਪੱਗ ਤੁਹਾਡੇ ਸਿਰ ਰੱਖੇ ਜਾਣ ਲਈ ਤਿਆਰ ਹੈ, ਜੋ ਤੁਹਾਨੂੰ ਆਰਾਮ ਤੇ ਸਟਾਈਲ ਦੇਵੇਗੀ। ਕੰਪਨੀ ਕਹਿ ਰਹੀ ਹੈ ਕਿ ਪੱਗਾਂ ਦੀ ਡਿਲੀਵਰੀ ਮੁਫ਼ਤ ਹੋਵੇਗੀ ਤੇ ਇਸ ਵਿੱਚ ਇੱਕ ਹੀ ਸਾਈਜ਼ ਉਪਲਬਧ ਹੈ।