ਦਸਤਾਰਧਾਰੀ ਦਿੱਖ ਕਾਰਨ ਹਾਂਗਕਾਂਗ ਦੇ ਮੀਡੀਏ ਵਿਚ ਛਾਇਆ ਅੰਮਿ੍ਤਧਾਰੀ ਨੌਜਵਾਨ ਸੁਖਦੀਪ ਸਿੰਘ

0
474

ਹਾਂਗਕਾਂਗ (ਜੰਗ ਬਹਾਦਰ ਸਿੰਘ)-ਆਪਣੀ ਦਸਤਾਰਧਾਰੀ ਦਿੱਖ ਕਾਰਨ ਕਰੀਬ ਇਕ ਹਫ਼ਤੇ ਤੋਂ ਹਾਂਗਕਾਂਗ ਦੇ ਚੀਨੀ ਅਤੇ ਅੰਗਰੇਜ਼ੀ ਮੀਡੀਏ ਵਿਚ ਡਾਕਟਰੀ ਪੜ੍ਹਾਈ ਕਰ ਰਿਹਾ ਅੰਮਿ੍ਤਧਾਰੀ ਨੌਜਵਾਨ ਸੁਖਦੀਪ ਸਿੰਘ ਘੱਟ ਗਿਣਤੀਆਂ ਪ੍ਰਤੀ ਹਾਂਗਕਾਂਗ ਦੇ ਲੋਕਾਂ ਦੀ ਸੋਚ ਬਦਲਣ ਦੇ ਸੰਦੇਸ਼ ਨਾਲ ਪ੍ਰਮੁੱਖਤਾ ‘ਤੇ ਛਾਇਆ ਹੋਇਆ ਹੈ | ਹਾਂਗਕਾਂਗ ਦੇ ਪਹਿਲੇ ਦਸਤਾਰਧਾਰੀ ਸਿੱਖ ਡਾਕਟਰ ਹੋਣ ਦੀਆਂ ਲੱਗੀਆਂ ਖ਼ਬਰਾਂ ‘ਤੇ ਪ੍ਰਤੀਕਰਮ ਦਿੰਦਿਆਂ ਸੁਖਦੀਪ ਸਿੰਘ ਨੇ ਕਿਹਾ ਕਿ ਉਹ ਹਾਂਗਕਾਂਗ ਵਿਚ ਬਤੌਰ ਡਾਕਟਰ ਵਿਚਰਨ ਵਾਲਾ ਪਹਿਲਾ ਦਸਤਾਰਧਾਰੀ ਨਹੀਂ ਹੈ | ਇਸ ਤੋਂ ਪਹਿਲਾਂ ਹਾਂਗਕਾਂਗ ਵਿਚਲੇ ਦਸਤਾਰਧਾਰੀ ਅਤੇ ਪੰਜਾਬੀ ਡਾਕਟਰਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੁਖਦੀਪ ਸਿੰਘ ਨੇ ਕਿਹਾ ਕਿ 1960 ਦੇ ਕਰੀਬ ਡਾ: ਸ: ਮਾਨ ਸਿੰਘ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਸਰਕਾਰੀ ਅਤੇ ਪ੍ਰਾਈਵੇਟ ਤੌਰ ‘ਤੇ ਸੇਵਾ ਕਰਦੇ ਰਹੇ ਹਨ | ਇਸੇ ਤਰ੍ਹਾਂ ਗੁਰਦੁਆਰਾ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਸੁੱਖਾ ਸਿੰਘ ਗਿੱਲ ਦੇ ਸਪੁੱਤਰ ਨਰਿੰਦਰਪਾਲ ਸਿੰਘ ਅਤੇ ਪੰਜਾਬੀ ਭਾਈਚਾਰੇ ਦੇ ਪ੍ਰਮੁੱਖ ਸਿੱਖ ਆਗੂ ਮੁਖ਼ਤਾਰ ਸਿੰਘ ਪੰਨੂ ਦੇ ਸਪੁੱਤਰ ਹਰਬੀਰ ਸਿੰਘ ਪੰਨੂ 1996 ਵਿਚ ਬਤੌਰ ਡਾਕਟਰ ਸੇਵਾ ਨਿਭਾਉਂਦਿਆਂ ਪੰਜਾਬੀ ਭਾਈਚਾਰੇ ਦੀ ਪਛਾਣ ਬਣੇ ਰਹੇ | ਇਸ ਸਮੇਂ ਪੰਜਾਬੀ ਭਾਈਚਾਰੇ ਵਿਚੋਂ ਪ੍ਰੇਮ ਸਿੰਘ ਗਿੱਲ ਦੇ ਪੋਤਰੇ ਡਾ: ਹਰਿੰਦਰ ਸਿੰਘ ਗਿੱਲ ਖੂਨੀ ਰੋਗਾਂ ਅਤੇ ਕੈਂਸਰ ਦੇ ਮਾਹਿਰ ਬਤੌਰ ਪ੍ਰੋਫੈਸਰ ਚਾਈਨੀਜ਼ ਯੂਨੀਵਰਸਿਟੀ ਅਫ਼ਹਾਂਸਕਾਂਸ ਵਿਚ ਸੇਵਾ ਨਿਭਾਅ ਰਹੇ ਹਨ | ਸੁਖਦੀਪ ਸਿੰਘ ਨੇ ਕਿਹਾ ਕਿ ਗੁਰਸਿੱਖ ਹੋਣ ਕਾਰਨ ਉਹ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਉਹ ਪਹਿਲਾ ਅੰਮਿ੍ਤਧਾਰੀ ਸਿੱਖ ਡਾ: ਬਣਨ ਜਾ ਰਿਹਾ ਹੈ | ਇਸ ਸਮੇਂ ਉਹ ਚਾਈਨੀਜ਼ ਯੂਨੀਵਰਸਿਟੀ ਆਫ਼ ਹਾਂਗਕਾਂਗ ਵਿਚ ਐਮ. ਬੀ. ਬੀ. ਐਸ. ਦੇ ਆਖ਼ਰੀ ਸਾਲ ਦੀ ਪੜ੍ਹਾਈ ਕਰ ਰਿਹਾ ਹੈ | ਉਸ ਵਲੋਂ ਭਾਰਤੀ ਭਾਈਚਾਰੇ ਦੀ ਉੱਚ ਪੱਧਰੀ ਸਿੱਖਿਆ ਵਿਚ ਮਦਦ ਲਈ ਸੰਸਥਾ ‘ਪ੍ਰਗਾਸ’ ਦੀ ਸ਼ੁਰੂਆਤ ਵੀ ਕੀਤੀ ਗਈ ਹੈ |