ਭਾਰਤ ਵੱਲੋਂ ਚੀਨ ਨੂੰ ਮਾਤ

0
876

ਕਾਕਾਮਿਗਹਰਾ (ਜਾਪਾਨ), 30 ਅਕਤੂਬਰ : ਭਾਰਤੀ ਮਹਿਲਾ ਹਾਕੀ ਟੀਮ ਨੇ ਹਰਫ਼ਨਮੌਲਾ ਪ੍ਰਦਰਸ਼ਨ ਕਰਦਿਆਂ ਏਸ਼ੀਆ ਕੱਪ ਹਾਕੀ ਦੇ ਮੈਚ ਵਿੱਚ ਚੀਨ ਨੂੰ 4-1 ਨਾਲ ਹਰਾਇਆ। ਪੂਲ ਏ ਦੇ ਮੈਚ ਵਿੱਚ ਭਾਰਤ ਵੱਲੋਂ ਗੁਰਜੀਤ ਕੌਰ (19ਵੇਂ ਮਿੰਟ), ਨਵਜੋਤ ਕੌਰ (32ਵੇਂ ਮਿੰਟ), ਨੇਹਾ ਗੋਇਲ (49ਵੇਂ ਮਿੰਟ) ਅਤੇ ਕਪਤਾਨ ਰਾਣੀ ਰਾਮਪਾਲ (58ਵੇਂ ਮਿੰਟ) ਨੇ ਗੋਲ ਕੀਤੇ। ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਨੇ ਸਿੰਗਾਪੁਰ ਨੂੰ 10-0 ਨਾਲ ਹਰਾਇਆ ਸੀ। ਭਾਰਤੀ ਟੀਮ ਮੈਚ ਦੀ ਸ਼ੁਰੂਆਤ ਤੋਂ ਹੀ ਲੈਅ ਵਿੱਚ ਸੀ ਤੇ ਪਹਿਲੇ ਕੁਆਰਟਰ ਵਿੱਚ ਉਸ ਨੂੰ ਪੈਨਲਟੀ ਕਾਰਨਰ ਵੀ ਮਿਲਿਆ ਪਰ ਟੀਮ ਉਸ ਦਾ ਲਾਹਾ ਨਹੀਂ ਲੈ ਸਕੀ। ਪਹਿਲੇ ਕੁਆਰਟਰ ਵਿੱਚ ਮੌਕਾ ਗੁਆਉਣ ਤੋਂ ਬਾਅਦ ਦੂਜੇ ਕੁਆਰਟਰ ਦੇ ਚੌਥੇ ਮਿੰਟ ਵਿੱਚ ਡਰੈਗਫਲਿਕ ਮਾਹਰ ਗੁਰਜੀਤ ਕੌਰ ਨੇ ਸ਼ਾਨਦਾਰ ਗੋਲ ਕਰ ਕੇ ਭਾਰਤ ਨੂੰ ਲੀਡ ਦਿਵਾਈ। ਹਾਫ਼ ਟਾਈਮ ਤੋਂ ਦੋ ਮਿੰਟ ਬਾਅਦ ਨਵਜੋਤ ਕੌਰ ਨੇ ਮੈਦਾਨੀ ਗੋਲ ਕਰ ਕੇ ਟੀਮ ਦੀ ਲੀਡ ਹੋਰ ਵਧਾ ਦਿੱਤੀ। ਹਾਲਾਂਕਿ 38ਵੇਂ ਮਿੰਟ ਵਿੱਚ ਭਾਰਤੀ ਡਿਫੈਂਸ ਲਾਈਨ ਦੀ ਗ਼ਲਤੀ ਦਾ ਲਾਹਾ ਲੈਂਦਿਆਂ ਚੀਨ ਨੇ ਪੈਨਲਟੀ ਕਾਰਨਰ ਹਾਸਲ ਕਰ ਕੇ ਉਸ ਨੂੰ ਗੋਲ ਵਿੱਚ ਤਬਦੀਲ ਕਰ ਦਿੱਤਾ। ਆਖ਼ਰੀ ਕੁਆਰਟਰ ਵਿੱਚ ਚੀਨ ਨੇ ਬਰਾਬਰੀ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਡਿਫੈਂਸ ਲਾਈਨ ਨੇ ਵਿਰੋਧੀ ਟੀਮ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਇਸੇ ਦੌਰਾਨ ਨੇਹਾ ਗੋਇਲ ਦੇ ਗੋਲ ਸਦਕਾ ਭਾਰਤ ਨੇ ਸਕੋਰ 3-1 ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਅਤੇ ਚੀਨ ਦੋਵਾਂ ਨੂੰ ਪੈਨਲਟੀ ਕਾਰਨਰ ਮਿਲੇ ਪਰ ਦੋਵੇਂ ਟੀਮਾਂ ਇਨ੍ਹਾਂ ਦਾ ਲਾਹਾ ਨਹੀਂ ਲੈ ਸਕੀਆਂ। ਮੈਚ ਖ਼ਤਮ ਹੋਣ ਤੋਂ ਦੋ ਮਿੰਟ ਪਹਿਲਾਂ ਰਾਣੀ ਨੇ ਮੈਦਾਨੀ ਗੋਲ ਕਰ ਕੇ ਟੀਮ ਦੀ ਜਿੱਤ 4-1 ਨਾਲ ਪੱਕੀ ਕਰ ਦਿੱਤੀ। ਭਾਰਤੀ ਟੀਮ ਆਖਰੀ ਪੂਲ ਮੁਕਾਬਲੇ ਵਿੱਚ ਭਲਕੇ ਮਲੇਸ਼ੀਆ ਨਾਲ ਭਿੜੇਗੀ।    -ਪੀਟੀਆਈ