ਚਾਰ ਦਿਨ ਦੀ ਦਿੱਲੀ-33 ਸਾਲਾਂ ਬਾਅਦ ਵੀ ਨਿਆਂ ਨਹੀਂ

0
686

31 ਅਕਤੂਬਰ 1984 ਨੂੰ ਦਿੱਲੀ ਵਿਚ ਹੋਏ ਇਨਸਾਨੀਅਤ ਦੇ ਕਤਲਾਂ ਨੂੰ ਯਾਦ ਕਰਦਿਆ॥

ਦੇਸ਼ ਅੰਦਰ 1984 ਵਿੱਚ ਹੋਏ ਸਿੱਖ ਵਿਰੋਧੀ ਕਤਲੇਆਮ ਦੀ ਜਾਂਚ ਅਤੇ ਨਿਆਂ ਦੇਣ ਵਿੱਚ ਹੋਈ ਨਾਕਾਮੀ ਭਾਰਤੀ ਲੋਕਤੰਤਰ ਦੇ ਮੱਥੇ ਦਾ ਅਮਿਟ ਕਲੰਕ ਹੈ। ਇਸ ਕਤਲੇਆਮ ਦੀ ਜਾਂਚ ਲਈ ਬਣੇ ਕਮਿਸ਼ਨ ਅਤੇ ਕਮੇਟੀਆਂ ਵਲੋਂ ਦੋਸ਼ੀ ਠਹਿਰਾਏ ਰਾਜਨੇਤਾਵਾਂ, ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਚਾਉਣ ਲਈ ਸਮੇਂ ਦੀਆਂ ਸਰਕਾਰਾਂ ਨੇ ਸੀਬੀਆਈ ਦੀ ਦੁਰਵਰਤੋਂ ਕਰਨ ਦੇ ਨਾਲ-ਨਾਲ ਅਦਾਲਤੀ ਕਾਰਵਾਈ ਨੂੰ ਕਾਨੂੰਨੀ ਪੇਚੀਦਗੀਆਂ ਵਿੱਚ ਉਲਝਾਈ ਰੱਖਿਆ। ਤੇਤੀ ਸਾਲ ਦੇ ਲੰਮੇ ਸਮੇਂ ਦੌਰਾਨ ਕਈ ਵੱਡੇ ਮੁਲਜ਼ਮ ਆਪਣਾ ਪੂਰਾ ਜੀਵਨ ਐਸ਼ੋ- ਆਰਾਮ ਨਾਲ ਭੋਗ ਗਏ। ਪੀੜਤ ਮਾਵਾਂ, ਜਿਨ੍ਹਾਂ ਦੇ ਪੁੱਤ ਅੱਖਾਂ ਸਾਹਮਣੇ ਜਿਊਂਦੇ ਸਾੜੇ ਗਏ ਤੇ ਉਨ੍ਹਾਂ ਦੀਆਂ ਧੀਆਂ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ ਗਈ ਸੀ, ਸਮੇਤ ਅਹਿਮ ਚਸ਼ਮਦੀਦ ਗਵਾਹ ਤੇ ਹੋਰ ਪੀੜਤ ਨਿਆਂ ਦੀ ਉਡੀਕ ਵਿੱਚ ਇਸ ਜਹਾਨ ਤੋਂ ਕੂਚ ਕਰ ਗਏ। ਚਸ਼ਮਦੀਦਾਂ ਦੇ ਹਲਫ਼ਨਾਮਿਆਂ ਅਤੇ ਜਾਂਚ ਦੇ ਆਧਾਰ ’ਤੇ ਠਹਿਰਾਏ ਗਏ ਦੋਸ਼ੀਆਂ ਨੂੰ ਸਜ਼ਾ ਤਕ ਨਹੀਂ ਪਹੁੰਚਾਇਆ ਜਾ ਸਕਿਆ।
ਸਿੱਖ ਵਿਰੋਧੀ ਕਤਲੇਆਮ ਵਿੱਚ ਐਚ.ਕੇ.ਐਲ. ਭਗਤ, ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਧਰਮਦਾਸ ਸ਼ਾਸਤਰੀ ਵਰਗੇ ਅਜਿਹੇ ਕਈ ਨਾਮ ਸਾਹਮਣੇ ਆਏ ਜਿਨ੍ਹਾਂ ਖਿਲਾਫ਼ ਕਿੰਨੇ ਹੀ ਪੀੜਤਾਂ ਅਤੇ ਚਸ਼ਮਦੀਦਾਂ ਦੇ ਬਿਆਨ ਜਾਂਚ ਕਮਿਸ਼ਨਾਂ ਨੇ ਦਰਜ ਕਰਕੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਪਰ ਇਨ੍ਹਾਂ ਬਾਹੂਬਲੀਆਂ ਨੇ ਆਪਣੇ ਰਾਜਨੀਤਿਕ ਦਾਬੇ ਨਾਲ ਗਵਾਹਾਂ ਨੂੰ ਡਰਾਉਣ ਅਤੇ ਖ਼ਰੀਦਣ ਦੀਆਂ ਕੁਚਾਲਾਂ ਦੇ ਨਾਲ-ਨਾਲ ਸੀਬੀਆਈ ਨੂੰ ਵੀ ਕਠਪੁਤਲੀ ਵਾਂਗ ਵਰਤਿਆ। ਇਸ ਦੌਰਾਨ ਕਈ ਅਹਿਮ ਗਵਾਹ ਆਪਣੀ ਜਾਨ ਦੇ ਖ਼ਤਰੇ ਨੂੰ ਭਾਂਪਦੇ ਹੋਏ ਦਿੱਲੀ ਛੱਡ ਕੇ ਪੰਜਾਬ ਜਾ ਵਿਦੇਸ਼ਾਂ ਵਿੱਚ ਜਾ ਵੱਸੇ। ਗਵਾਹਾਂ ਦੇ ਲਾਪਤਾ ਹੋਣ ਅਤੇ ਗਵਾਹੀ ਤੋਂ ਮੁੱਕਰਨ ਦਾ ਬਹਾਨਾ ਲਾ ਕੇ ਸੀਬੀਆਈ ਜਗਦੀਸ਼ ਟਾਈਟਲਰ ਖ਼ਿਲਾਫ਼ ਦਰਜ ਕੇਸ ਦੀ ਦੋ ਵਾਰ ਕਲੋਜ਼ਰ ਰਿਪੋਰਟ ਪੇਸ਼ ਕਰ ਚੁੱਕੀ ਹੈ।
2005 ਵਿੱਚ ਨਾਨਾਵਟੀ ਕਮਿਸ਼ਨ ਨੇ ਆਪਣੀ ਜਾਂਚ ਵਿੱਚ ਪਹਿਲੀ ਨਵੰਬਰ ਨੂੰ ਪੁਲਬੰਗਸ਼ ਗੁਰਦੁਆਰੇ ਕੋਲ ਟਾਈਟਲਰ ਦੇ ਭੜਕਾਊ ਭਾਸ਼ਣ ਤੋਂ ਬਾਅਦ ਤਿੰਨ ਸਿੱਖਾਂ ਦੀ ਹੱਤਿਆ ਦੇ ਦੋਸ਼ ਵਜੋਂ ਟਾਈਟਲਰ ’ਤੇ ਕੇਸ ਦਰਜ ਕਰਨ ਦੀ ਸਿਫ਼ਾਰਿਸ਼ ਕੀਤੀ। ਸੀਬੀਆਈ ਨੇ ਟਾਈਟਲਰ ਖ਼ਿਲਾਫ਼ ਐਫਆਈਆਰ ਦਰਜ ਕਰਨ ਉਪ੍ਰੰਤ ਜਾਂਚ ਵਜੋਂ ਮੁੱਖ ਗਵਾਹ ਜਸਵੀਰ ਸਿੰਘ ਦੇ ਲਾਪਤਾ ਹੋਣ ਦੇ ਬਹਾਨੇ 2007 ਵਿੱਚ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ। ਕੋਰਟ ਨੇ ਸੀਬੀਆਈ ਦੀ ਅਰਜ਼ੀ ਖ਼ਾਰਜ ਕਰਦੇ ਹੋਏ ਮੁੜ ਜਾਂਚ ਦੇ ਨਿਰਦੇਸ਼ ਦਿੱਤੇ। ਕੈਲੇਫੋਰਨੀਆ ਤੋਂ ਜਸਵੀਰ ਸਿੰਘ ਨੂੰ ਲੱਭ ਕੇ ਛੇ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। ਕਈ ਅਹਿਮ ਗਵਾਹਾਂ ਦੇ ਮੁੱਕਰਨ ਦੇ ਆਧਾਰ ’ਤੇ ਸੀਬੀਆਈ ਨੇ 2009 ਵਿੱਚ ਮੁੜ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ। ਟਾਈਟਲਰ ਦੇ ਹੀ ਕੇਸ ਵਿੱਚ ਸੀਬੀਆਈ ਅੱਗੇ ਹਥਿਆਰ ਕਾਰੋਬਾਰੀ ਅਭਿਸ਼ੇਕ ਵਰਮਾ ਨੇ ਇਕਬਾਲ ਕੀਤਾ ਕਿ ਟਾਈਟਲਰ ਖ਼ਿਲਾਫ਼ ਗਵਾਹਾਂ ਨੂੰ ਖ਼ਰੀਦਣ ਲਈ ਉਸਨੇ ਵਿਚੋਲਗੀ ਕੀਤੀ ਸੀ ਜਿਸ ਵਜੋਂ ਕੈਨੇਡਾ ਜਾ ਵੱਸੇ ਇਕ ਚਸ਼ਮਦੀਦ ਗਵਾਹ ਨੂੰ ਇੱਕ ਕਰੋੜ ਰੁਪਏ ਤੇ ਦੂਜੇ ਗਵਾਹ ਉਸ ਦੇ ਬੇਟੇ ਨੂੰ ਪੰਜਾਹ ਹਜ਼ਾਰ ਡਾਲਰ ਦਿੱਤੇ ਗਏ। ਇਹ ਮਾਮਲਾ ਵੀ ਹਾਲੇ ਜਾਂਚ ਅਧੀਨ ਹੈ।
ਪੱਤਰਕਾਰ ਰਾਹੁਲ ਬੇਦੀ ਦਿੱਲੀ ਦੇ ਉਨ੍ਹਾਂ ਤਿੰਨ ਪੱਤਰਕਾਰਾਂ ਵਿਚੋਂ ਇੱਕ ਸੀ ਜਿਨ੍ਹਾਂ ਨੇ ਦਿੱਲੀ ਦੰਗਿਆਂ ਦੀ ਅੱਖੀਂ ਦੇਖੀ ਰਿਪੋਰਟਿੰਗ ਕਰਕੇ ‘ਦੋਸ਼ੀ ਕੌਣ’ ਨਾਮ ਦੀ ਜਾਰੀ ਰਿਪੋਰਟ ਰਾਹੀਂ ਵਿਸਥਾਰ ਨਾਲ ਘਟਨਾਵਾਂ,ਕਤਲੇਆਮ ਵਿੱਚ ਸ਼ਾਮਿਲ ਰਾਜਨੇਤਾਵਾਂ, ਦੰਗਈਆਂ ਅਤੇ ਪੁਲੀਸ ਦੀ ਸੂਚੀ ਜਾਰੀ ਕੀਤੀ ਸੀ। ਇਸ ਅਹਿਮ ਦਸਤਾਵੇਜ਼ ਵਿੱਚ ਦਰਜ ਵੇਰਵਿਆਂ ਨੂੰ ਜਾਚਣ ਦੀ ਬਜਾਏ ਰਾਜੀਵ ਸਰਕਾਰ ਵਲੋਂ ਰਿਪੋਰਟ ਦੀਆਂ ਕਾਪੀਆਂ ਜ਼ਬਤ ਕਰ ਲਈਆਂ ਗਈਆਂ।
ਪਾਲਮ ਦੇ ਰਾਜਨਗਰ ਦੀ ਨਿਰਪ੍ਰੀਤ ਕੌਰ ਦੇ ਪਿਤਾ ਨਿਰਮਲ ਸਿੰਘ, ਜੋ ਸਵੈ ਰੱਖਿਆ ਲਈ ਦੰਗਕਾਰੀਆਂ ਦਾ ਮੁਕਾਬਲਾ ਕਰ ਰਹੇ ਸਨ, ਨੂੰ ਤਤਕਾਲੀ ਸਥਾਨਕ ਪੁਲੀਸ ਅਧਿਕਾਰੀ ਕੌਸ਼ਿਕ ਨੇ ਸਮਝੌਤੇ ਦੇ ਬਹਾਨੇ ਬਾਹਰ ਬੁਲਾ ਕੇ ਖ਼ੁਦ ਦੰਗਾਈਆਂ ਨੂੰ ਅੱਗ ਲਾਉਣ ਲਈ ਮਾਚਿਸ ਦਿੱਤੀ। ਨਿਰਮਲ ਸਿੰਘ ਨੂੰ ਪਰਿਵਾਰ ਸਾਹਮਣੇ ਜਿਉਂਦੇ ਸਾੜ ਦਿੱਤਾ ਗਿਆ। ਨਿਰਪ੍ਰੀਤ ਕੌਰ ਨੇ ਕੋਰਟ ਵਿੱਚ ਸਜੱਣ ਕੁਮਾਰ ਖਿਲਾਫ ਗਵਾਹੀ ਦਿੱਤੀ। ਸੱਜਣ ਕੁਮਾਰ ਸਮੇਤ ਛੇ ਲੋਕਾਂ ’ਤੇ ਕੈਂਟ ਏਰੀਆ ਵਿੱਚ ਪੰਜ ਸਿੱਖਾ ਦੀ ਹੱਤਿਆ ਦਾ ਮਾਮਲਾ ਦਰਜ ਹੋਇਆ। ਟ੍ਰਾਇਲ ਕੋਰਟ ਨੇ ਪੰਜ ਨੂੰ ਦੋਸ਼ੀ ਮੰਨਦੇ ਹੋਏ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ। ਆਹੂਜਾ ਕਮੇਟੀ ਅਨੁਸਾਰ ਛਾਉਣੀ ਦੇ ਇਲਾਕੇ ਰਾਜਨਗਰ, ਸਾਗਰਪੁਰ, ਮਹਾਵੀਰ ਐਨਕਲੇਵ ਅਤੇ ਦਵਾਰਕਾ ਪੁਰੀ ਵਿੱਚ 341 ਸਿੱਖ ਮਾਰੇ ਗਏ, ਜਦੋਂਕਿ ਪੁਲੀਸ ਨੇ ਸਿਰਫ ਪੰਜ ਐਫਆਈਆਰਜ਼ ਦਰਜ ਕੀਤੀਆਂ। ਦਰਅਸਲ, ਇਸ ਕਤਲੇਆਮ ਦੌਰਾਨ ਤੇ ਬਾਅਦ ਵਿੱਚ ਜਾਂਚ ਦੇ ਨਾਮ ਉਪਰ ਐਨਾ ਕੁਝ ਵਾਪਰਿਆ ਹੈ ਕਿ ਸਾਰਾ ਇਥੇ ਲਿਖਣਾ ਸੰਭਵ ਨਹੀਂ ਹੈ।
ਮੋਦੀ ਸਰਕਾਰ ਵਲੋਂ 2015 ਵਿੱਚ ਜਾਂਚ ਲਈ ਬਣਾਈ ‘ਸਿਟ’, ਦਿੱਲੀ ਅਤੇ ਪੰਜਾਬ ਦੀਆਂ ਅਸੈਂਬਲੀ ਚੋਣਾਂ ਵਿੱਚ ਸਿੱਖ ਸਮੁਦਾਇ ਦਾ ਲਾਹਾ ਲੈਣ ਤੱਕ ਸੀਮਤ ਰਹਿ ਗਈ ਜਾਪਦੀ ਹੈ। ਹੁਣ ਗ੍ਰਹਿ ਮੰਤਰਾਲੇ ਵਲੋਂ ਅਦਾਲਤ ਵਿੱਚ ਦਰਜ ਕਰਾਏ ਹਲਫ਼ਨਾਮੇ ਵਿੱਚ ਸਬੂਤਾਂ ਦੇ ਨਸ਼ਟ ਹੋਣ ਅਤੇ ਉਪਲਬੱਧ ਕਰਾਉਣ ਪ੍ਰਤੀ ਅਸਮਰੱਥਾ ਜਤਾਉਣਾ ਦੁਖਦਾਈ ਹੈ। ਸੀਬੀਆਈ ਪਹਿਲਾਂ ਹੀ ਜਨਕਪੁਰੀ ਦੰਗਿਆਂ ਵਿੱਚ ਸੱਜਣ ਕੁਮਾਰ ਨੂੰ ਸਬੂਤਾਂ ਦੀ ਘਾਟ ਦਾ ਤੋਹਫਾ ਦੇ ਚੁੱਕੀ ਹੈ। ਸੀਬੀਆਈ ਵਲੋਂ ਸਬੂਤਾਂ ਦੀ ਘਾਟ ਬਹਾਨੇ ਬੰਦ ਕੀਤੇ 293 ਕੇਸਾਂ ਉਤੇ ਅਦਾਲਤ ਨੇ ਸਖ਼ਤ ਨਾਰਾਜ਼ਗੀ ਜਤਾਉਂਦੇ ਹੋਏ 199 ਕੇਸ ਮੁੜ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ। ਅਭਿਸ਼ੇਕ ਵਰਮਾ ਵਲੋਂ ਜਗਦੀਸ਼ ਟਾਈਟਲਰ ਖ਼ਿਲਾਫ਼ ਚਸ਼ਮਦੀਦਾਂ ਨੂੰ ਗਵਾਹੀਆਂ ਤੋਂ ਮੁਕਰਨ ਲਈ ਕਰੋੜਾਂ ਰੁਪਏ ਦੇਣ ਦਾ ਕਬੂਲਨਾਮਾ ਬਾਹੂਬਲੀਆਂ ਅੱਗੇ ਨਿਆਂ ਪ੍ਰਕਿਰਿਆ ਦੇ ਵਿਕਲਾਂਗ ਹੋਣ ਦਾ ਪ੍ਰਤੱਖ ਸਬੂਤ ਹੈ। ਜੇ ਸਾਡੇ ਦੇਸ਼ ਦੀ ਜਾਂਚ ਅਤੇ ਨਿਆਂ ਪ੍ਰਣਾਲੀ ਗੁੰਮਨਾਮ ਚਿੱਠੀ ਦੀ ਪੜਤਾਲ ਕਰਕੇ ਦੋਸ਼ੀ ਨੂੰ ਸਜ਼ਾ ਦੇਣ ਦੀ ਕਾਬਲੀਅਤ ਅਤੇ ਸਮਰੱਥਾ ਰੱਖਦੀ ਹੈ ਤਾਂ ਹਜ਼ਾਰਾਂ ਬੇਦੋਸ਼ਿਆਂ ਦੀ ਕਤਲੋਗਾਰਤ ਦੇ ਪੀੜਤਾਂ ਤੇ ਚਸ਼ਮਦੀਦਾਂ ਨੂੰ ਕਿਸ ਮਜਬੂਰੀ ਕਾਰਨ ਵਿਸਾਰ ਦਿੱਤਾ ਗਿਆ ਹੈੇ? ਤਵਾਰੀਖ਼ ਇਹ ਸੁਆਲ ਕਰਦੀ ਹੀ ਰਹੇਗੀ।
ਹੇਮਜੀਤ ਸਿੰਘ (ਪ੍ਰਿੰ.)  ਸੰਪਰਕ: 98725- 68216