ਭਾਰਤ-ਪਾਕਿ ਨੂੰ ਪਰਮਾਣੂ ਸ਼ਕਤੀ ਵਾਲੇ ਦੇਸ਼ ਨਹੀਂ ਮੰਨਦਾ ਚੀਨ

0
259

ਬੀਜਿੰਗ : ਚੀਨ ਨੇ ਕਿਹਾ ਹੈ ਕਿ ਉਸ ਨੇ ਭਾਰਤ ਅਤੇ ਪਾਕਿਸਤਾਨ ਨੂੰ ਕਦੇ ਵੀ ਪਰਮਾਣੂ ਸ਼ਕਤੀ ਵਾਲੇ ਦੇਸ਼ ਦਾ ਦਰਜਾ ਨਹੀਂ ਦਿੱਤਾ। ਉੱਤਰੀ ਕੋਰੀਆ ਨੂੰ ਵੀ ਉਹ ਇਹ ਦਰਜਾ ਦੇਣ ਨੂੰ ਤਿਆਰ ਨਹੀਂ ਹੈ। ਚੀਨ ਨੇ ਇਹ ਪ੍ਰਤੀਕਿਰਿਆ ਵੀਅਤਨਾਮ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਦੀ ਸਿਖਰ ਵਾਰਤਾ ਅਸਫਲ ਰਹਿਣ ਦੇ ਬਾਅਦ ਦਿੱਤੀ ਹੈ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਊ ਕਾਂਗ ਨੇ ਕਿਹਾ ਕਿ ਪਰਮਾਣੂ ਸ਼ਕਤੀ ਵਾਲੇ ਦੇਸ਼ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਬਾਰੇ ਵਿਚ ਉਸ ਦੀ ਪੁਰਾਣੀ ਰਾਇ ਕਾਇਮ ਹੈ। ਉਹ ਦੋਨਾਂ ਨੂੰ ਪਰਮਾਣੂ ਹਥਿਆਰਾਂ ਵਾਲਾ ਦੇਸ਼ ਨਹੀਂ ਮੰਨਦਾ। ਭਾਰਤ ਨੇ ਪਰਮਾਣੂ ਅਪਸਾਰ ਸੰਧੀ (ਐੱਨਪੀਟੀ) ‘ਤੇ ਦਸਤਖਤ ਨਹੀਂ ਕੀਤੇ ਹਨ। ਇਸ ਆਧਾਰ ‘ਤੇ ਚੀਨ ਭਾਰਤ ਦੇ ਪਰਮਾਣੂ ਸਪਲਾਇਰ ਸਮੂਹ (ਐੱਨਐੱਸਜੀ) ‘ਚ ਦਾਖਲੇ ਦਾ ਵਿਰੋਧ ਕਰ ਰਿਹਾ ਹੈ। 48 ਮੈਂਬਰੀ ਇਸ ਸਮੂਹ ਵਿਚ ਸਰਬਸੰਮਤੀ ਨਾਲ ਹੀ ਨਵਾਂ ਮੈਂਬਰ ਬਣਾਇਆ ਜਾ ਸਕਦਾ ਹੈ। ਮੈਂਬਰੀ ਲਈ ਅਰਜ਼ੀ ਦੇਣ ਵਾਲੇ ਦੇਸ਼ ਦਾ ਐੱਨਪੀਟੀ ‘ਤੇ ਦਸਤਖਤ ਕਰਨਾ ਲਾਜ਼ਮੀ ਹੈ। ਐੱਨਪੀਟੀ ‘ਤੇ ਦਸਤਖਤ ਵਿਚ ਭਾਰਤ ਨੂੰ ਛੋਟ ਦਿੱਤੇ ਜਾਣ ‘ਤੇ ਉਹ ਸੰਗਠਨ ਦੇ ਬਾਕੀ ਮੈਂਬਰਾਂ ਤੋਂ ਪਾਕਿਸਤਾਨ ਨੂੰ ਵੀ ਛੋਟ ਦੇਣ ਦੀ ਸਿਫ਼ਾਰਸ਼ ਕਰ ਰਿਹਾ ਹੈ। ਪਾਕਿਸਤਾਨ ਨੇ ਵੀ ਐੱਨਐੱਸਜੀ ਦੀ ਮੈਂਬਰੀ ਲਈ ਅਰਜ਼ੀ ਲਗਾ ਰੱਖੀ ਹੈ।

ਹਨੋਈ ਵਿਚ ਟਰੰਪ ਅਤੇ ਕਿਮ ਜੋਂਗ ਉਨ ਦੀ ਮੀਟਿੰਗ ਸਫਲ ਨਾ ਹੋ ਸਕਣ ਦਾ ਮੁੱਖ ਕਾਰਨ ਉੱਤਰੀ ਕੋਰੀਆ ਦਾ ਆਪਣੇ ਦੋ ਯੂਰੇਨੀਅਮ ਸੋਧ ਪਲਾਂਟਾਂ ਨੂੰ ਬੰਦ ਕਰਨ ਤੋਂ ਇਨਕਾਰ ਰਿਹਾ। ਸੋਧੇ ਹੋਏ ਯੂਰੇਨੀਅਮ ਨਾਲ ਹੀ ਅਤਿ ਆਧੁਨਿਕ ਪਰਮਾਣੂ ਹਥਿਆਰ ਤਿਆਰ ਹੁੰਦੇ ਹਨ। 27 ਫਰਵਰੀ ਨੂੰ ਸਿਖਰ ਵਾਰਤਾ ਸ਼ੁਰੂ ਹੋਣ ਤੋਂ ਪਹਿਲੇ ਹੀ ਰਾਸ਼ਟਰਪਤੀ ਟਰੰਪ ਨੇ ਸਾਫ਼ ਕਰ ਦਿੱਤਾ ਸੀ ਕਿ ਉਹ ਉੱਤਰੀ ਕੋਰੀਆ ਨਾਲ ਸਮਝੌਤੇ ਲਈ ਉਸ ਦੇ ਪੂਰਣ ਪਰਮਾਣੂ ਨਿਸ਼ਸਤਰੀਕਰਨ ਤੋਂ ਘੱਟ ਲਈ ਤਿਆਰ ਨਹੀਂ ਹਨ। ਪਰਮਾਣੂ ਹਥਿਆਰ ਖ਼ਤਮ ਕਰਨ ਦਾ ਫ਼ੈਸਲਾ ਹੀ ਮੀਟਿੰਗ ਦੇ ਸਫਲ ਹੋਣ ਦਾ ਪੈਮਾਣਾ ਹੋਵੇਗਾ।