ਕਹਾਣੀ

0
265

ਸਰਦਾਰ ਸਾਬ ਦੀ ਇੱਕ ਅਜੀਬ ਜਿਹੀ ਆਦਤ ਹੋਇਆ ਕਰਦੀ ਸੀ..
ਜਦੋਂ ਵੀ ਆਉਂਦੇ ਤਾਂ ਦੱਬੇ ਪੈਰੀ ਬਿਨਾ ਦੱਸਿਆ ਹੀ ਫੈਕਟਰੀ ਦਾ ਗੇੜਾ ਮਾਰ ਜਾਇਆ ਕਰਦੇ..
ਸਾਰਾ ਕੁਝ ਵੇਖ ਜਾਚ ਫੇਰ ਅਗਲੇ ਦਿਨ ਦੱਸਦੇ ਕੇ ਮੈਂ ਰਾਤੀ ਆਇਆ ਸਾਂ!

ਇੱਕ ਵਾਰ ਰਾਤ ਕੰਮ ਤੇ ਲੱਗਣ ਤੋਂ ਪਹਿਲਾਂ ਮੈਂ ਆਪਣੇ ਦਫਤਰ ਭੁੰਜੇ ਹੀ ਚਾਦਰ ਵਿਛਾ ਰਹਿਰਾਸ ਸਾਬ ਦਾ ਪਾਠ ਕਰ ਰਿਹਾ ਸਾਂ ਕੇ ਬਾਹਰ ਬਿੜਕ ਜਿਹੀ ਹੋਈ..

ਦੇਖਿਆ ਤਾਂ ਸਰਦਾਰ ਹੂਰੀ ਖਲੋਤੇ ਸਨ..

ਆਖਣ ਲੱਗੇ ਮਾਨ ਸਿਆਂ ਗੱਲ ਕਰਨੀ ਏ ਇੱਕ ਤੇਰੇ ਨਾਲ..
ਗਹੁ ਨਾਲ ਵੇਖਿਆ..ਬੱਲਬ ਦੇ ਚਾਨਣ ਵਿਚ ਸਰਦਾਰ ਹੁਰਾਂ ਦੀਆਂ ਅੱਖਾਂ ਵਿਚ ਤੈਰਦਾ ਹੋਇਆ ਨਮੀਂ ਦਾ ਸਮੁੰਦਰ ਸਾਫ ਦਿਸ ਰਿਹਾ ਸੀ..

ਕਾਹਲੀ ਨਾਲ ਗੁਟਕਾ ਸਾਬ ਰੁਮਾਲ ਵਿਚ ਲਪੇਟਦੇ ਹੋਏ ਨੇ ਪੁੱਛ ਲਿਆ ਸਾਬ ਜੀ ਕੀ ਗੱਲ ਏ..ਸਭ ਸੁਖ-ਸਾਂਦ ਤੇ ਹੈ?

ਓਹਨਾ ਅੱਖਾਂ ਸਾਫ ਕੀਤੀਆਂ..ਤੇ ਫੇਰ ਆਖਣ ਲੱਗੇ ਕੇ ਯਾਰ ਜਦੋਂ ਤੇਰੇ ਕਮਰੇ ਵਿਚ ਆਇਆ ਸਾਂ ਤੇ ਦੇਖਿਆ ਤੂੰ ਬਾਣੀ ਪੜਨ ਵਿਚ ਮਗਨ ਸੈਂ..ਫੇਰ ਬਾਹਰ ਨੂੰ ਗਿਆ ਤਾਂ ਦੇਖਿਆ ਭੱਠੀ ਤੇ ਕੰਮ ਕਰਦੇ ਉਹ ਦੋਵੇਂ ਪਿਓ-ਪੁੱਤ ਥੱਲੇ ਭੋਏਂ ਤੇ ਪਰਨਾ ਵਿਛਾ ਕੇ ਆਰਾਮ ਨਾਲ ਇੱਕਠੇ ਬੈਠ ਰਾਤ ਦਾ ਰੋਟੀ-ਟੁੱਕ ਖਾ ਰਹੇ ਸਨ..

ਓਹਨਾ ਅੱਗੇ ਪਈਆਂ ਰੋਟੀਆਂ,ਕੁੱਟੀ ਹੋਈ ਚਟਨੀ ਅਤੇ ਤੇ ਹੋਰ ਵੀ ਕਿੰਨਾ ਸਾਰਾ ਨਿੱਕ ਸੁੱਕ ਦੇਖ ਉਹ ਸਾਰੇ ਪਕਵਾਨ ਚੇਤੇ ਆ ਗਏ ਜਿਹੜੇ ਡਾਕਟਰਾਂ ਨੇ ਖਰਾਬ ਸਿਹਤ ਦੇ ਚੱਲਦਿਆਂ ਸਦਾ ਲਈ ਖਾਣ ਤੋਂ ਮਨਾ ਕੀਤੇ ਹੋਏ ਨੇ..ਨਾਲ ਹੀ ਹਮੇਸ਼ਾਂ ਹੀ ਵਿਦੇਸ਼ੀ ਟੂਰਾਂ ਤੇ ਨਿੱਕਲਿਆ ਰਹਿੰਦਾ ਤੇਰਾ ਨਿੱਕਾ ਸਰਦਾਰ ਚੇਤੇ ਆ ਗਿਆ..ਪਤਾ ਨੀ ਕਿੰਨਾ ਚਿਰ ਹੋ ਗਿਆ ਸਾਨੂੰ ਦੋਹਾਂ ਨੂੰ ਇਕੱਠਿਆਂ ਕੋਲ ਕੋਲ ਬੈਠ ਰੋਟੀ ਖਾਦਿਆਂ ਨੂੰ..ਮੈਨੂੰ ਤੇ ਇਹ ਵੀ ਨਹੀਂ ਪਤਾ ਹੁਣ ਹੈ ਕਿਹੜੇ ਮੁਲਖ ਵਿਚ ਓ..!

ਤੈਨੂੰ ਪਾਠ ਕਰਦੇ ਨੂੰ ਵੇਖ ਅੰਦਰੋਂ ਫਿਟਕਾਰ ਜਿਹੀ ਪਈ ਕੇ ਯਾਦ ਕਰ ਵੱਡਿਆ ਸਰਦਾਰਾ..ਆਖਰੀ ਵਾਰ ਤੂੰ ਖੁਦ ਇੰਝ ਭੋਏਂ ਤੇ ਬੈਠ ਕੇ ਪਾਠ ਕਦੋਂ ਕੀਤਾ ਸੀ?

ਲੋਰ ਵਿਚ ਆਏ ਸਰਦਾਰ ਜੀ ਗੱਲਾਂ ਕਰੀ ਜਾ ਰਹੇ ਸਨ..
ਆਹਂਦੇ ਯਾਰ ਲੋਕੀ ਮੈਨੂੰ ਰਾਜਾ ਸਮਝਦੇ ਨੇ ਪਰ ਸੱਚ ਪੁਛੇਂ ਤਾਂ ਮੇਰੇ ਪੱਲੇ ਬੱਸ “ਭਟਕਣ” ਹੀ ਰਹਿ ਗਈ ਏ..
ਓਹੀ ਭਟਕਣ ਜਿਸਨੂੰ ਬਾਹਰੀ ਦੁਨੀਆ ਅਮੀਰੀ ਅਤੇ ਵੱਡੇਪਣ ਦਾ ਨਾਮ ਦਿੰਦੀ ਏ..ਸਿਜਦੇ ਸਲਾਮਾਂ ਕਰਦੀ ਏ..ਰੋਹਬ ਮੰਨਦੀ ਏ..ਅਤੇ ਜਿਹੜੀ ਹਮੇਸ਼ਾਂ ਹੀ ਮੇਰੇ ਵਰਗਿਆਂ ਨੂੰ ਇਸ ਭਰਮ ਭੁਲੇਖੇ ਵਿਚ ਪਾਈ ਰੱਖਦੀ ਏ ਕੇ ਕੋਲ ਜਿੰਨੀ ਜਿਆਦਾ ਮਾਇਆ ਆਵੇਗੀ ਓਨੇ ਹੀ ਵੱਧ ਸੁਖੀ ਅਤੇ ਖੁਸ਼ ਹੋਵਾਂਗੇ..
ਬਸ ਮ੍ਰਿਗ ਤ੍ਰਿਸ਼ਨਾ ਹੀ ਹੈ ਜਿਹੜੀ ਦਿਨੋਂ ਦਿਨ ਵਧੀ ਹੀ ਜਾਂਦੀ ਏ..ਥੰਮਣ ਦਾ ਨਾਮ ਹੀ ਨਹੀਂ ਲੈਂਦੀ..ਪਰ ਹੁਣ ਮੈਂ ਥੱਕ ਗਿਆ ਹਾਂ..ਕਈ ਵਾਰ ਸੋਚਦਾ ਦੋ ਘੜੀਆਂ ਤੇਰੇ ਵਾਂਙ ਬੈਠ ਆਰਾਮ ਕਰ ਲਵਾਂ ਪਰ ਫੇਰ ਬੇ-ਲਗਾਮ ਹੋ ਚੁੱਕਾ ਮਨ ਅੰਦਰੋਂ ਅਵਾਜ ਦਿੰਦਾ ਏ..ਨਾ-ਨਾ ਆਰਾਮ ਨਾ ਕਰੀਂ..ਪਿੱਛੇ ਰਹਿ ਜਾਵੇਂਗਾ..ਬਾਕੀ ਅਗਾਂਹ ਨਿੱਕਲ ਤੇਰਾ ਮੌਜੂ ਉਡਾਉਣਗੇ..ਮੈਂ ਫੇਰ ਅੰਨੀ ਸੁਰੰਗ ਵਿਚ ਭੱਜ ਉੱਠਦਾ ਹਾਂ..

ਰਾਤੀ ਸੁੱਤੇ ਪਿਆ ਵੀ ਬੱਸ ਇਹੋ ਫਿਕਰ ਖਾਈ ਜਾਂਦਾ ਏ ਕੇ ਪਤਾ ਨੀ ਫਰੀਦਾਬਾਦ ਫੈਕਟਰੀ ਵਿਚ ਮਾਲ ਪੁੱਜਾ ਏ ਕੇ ਨਹੀਂ..ਨੋਇਡਾ ਵਾਲੀ ਵਿਚ ਲੇਬਰ ਆਈ ਕੇ ਨਹੀਂ..ਲੁਧਿਆਣੇ ਕੰਮ ਸ਼ੁਰੂ ਹੋਇਆ ਕੇ ਨਹੀਂ..ਸ਼ੇਅਰ ਮਾਰਕੀਟ ਡਿੱਗ ਤਾਂ ਨਹੀਂ ਪਈ ਰਾਤੋ ਰਾਤ?

ਡਾਕਟਰ ਜਦੋਂ ਵੇਲੇ ਕੁਵੇਲੇ ਕਾਲ ਕਰ ਲਵੇਂ ਤਾਂ ਤਰਾਹ ਨਿੱਕਲ ਜਾਂਦਾ..ਕਿਧਰੇ ਟੈਸਟਾਂ ਦੀ ਰਿਪੋਰਟ ਤਾਂ ਨੀ ਗ਼ਲਤ ਆ ਗਈ?
ਦੋਹਾਂ ਭਰਾਵਾਂ ਵਿਚ ਵੰਡ-ਵੰਡਾਈ ਵਾਲੇ ਚੱਕਰ..ਕੋਰਟ ਵਿਚ ਚੱਲਦੇ ਕਿੰਨੇ ਸਾਰੇ ਮੁੱਕਦਮੇ..ਤੇ ਹੋਰ ਵੀ ਬੜਾ ਕੁਝ..”

ਅਖੀਰ ਵਾਹਵਾ ਚਿਰ ਕੋਲ ਬੈਠ ਮਨ ਦਾ ਸਾਰਾ ਗੁਬਾਰ ਕੱਢ ਦੂਰ ਖਲੋਤੇ ਡਰਾਈਵਰ ਨੂੰ ਵਾਜ ਮਾਰ ਲਈ..

ਫੇਰ ਤੁਰੇ ਜਾਂਦੇ ਇੱਕ ਵਾਰ ਫੇਰ ਵਾਪਿਸ ਪਰਤ ਆਏ..
ਆਖਣ ਲੱਗੇ “ਯਾਰ ਈਰਖਾ ਜਿਹੀ ਹੋਈ ਜਾਂਦੀ ਏ ਤੁਹਾਨੂੰ ਲੋਕਾਂ ਨੂੰ ਵੇਖ..ਬੱਸ ਇਹੀ ਸੋਚੀਂ ਜਾਂਦਾ ਹਾਂ ਕੇ ਪੱਲੇ ਬਹੁਤਾ ਕੁਝ ਨਾ ਹੁੰਦੇ ਹੋਏ ਵੀ ਕਿੰਨਾ ਕੀਮਤੀ ਸਰਮਾਇਆ ਸਾਂਭੀ ਬੈਠੇ ਹੋ ਤੁਸੀਂ ਲੋਕ..ਉਹ ਸਰਮਾਇਆ ਜਿਹੜਾ ਸ਼ਾਇਦ ਮੇਰਾ ਵਰਗਾ ਸਰਮਾਏਦਾਰ ਭਾਵੇਂ ਆਪਣੀ ਸਾਰੀ ਦੌਲਤ ਵੀ ਕਿਓਂ ਨਾ ਵੇਚ ਦੇਵੇ ਤਾਂ ਵੀ ਕਦੀ ਹਾਸਿਲ ਨਹੀਂ ਕਰ ਸਕਦਾ..”

ਆਪਣੀ ਗਰੀਬੀ ਅਤੇ ਤੰਗੀਆਂ ਤੁਰਸ਼ੀਆਂ ਬਾਰੇ ਸੋਚ ਅਕਸਰ ਹੀ ਰੱਬ ਨਾਲ ਸ਼ਿਕਵੇ-ਸ਼ਿਕਾਇਤਾਂ ਕਰਦੇ ਰਹਿੰਦੇ ਨੂੰ ਉਸ ਦਿਨ ਓਹਨਾ ਦੇ ਤੁਰ ਜਾਣ ਮਗਰੋਂ ਸੱਚ-ਮੁੱਚ ਹੀ ਬੜਾ ਜਿਆਦਾ ਸੁਕੂਨ ਜਿਹਾ ਮਿਲਿਆ..
ਸ਼ਾਇਦ ਜਿੰਦਗੀ ਵਿਚ ਇੰਝ ਪਹਿਲੀ ਵਾਰ ਹੋਇਆ ਕੇ ਮਹਿੰਗੀ ਜਿਹੀ ਗੱਡੀ ਵਿਚ ਬੈਠਾ ਇੱਕ ਐਸਾ ਇਨਸਾਨ ਨਜਰੀ ਪੈ ਗਿਆ ਸੀ ਜੋ ਅਸਲ ਵਿਚ ਮੇਰੇ ਨਾਲੋਂ ਵੀ ਕਿਤੇ ਵੱਧ ਜਿਆਦਾ ਗਰੀਬ ਨਿੱਕਲਿਆਂ!

(ਅਸਲ ਵਾਪਰੀ ਤੇ ਅਧਾਰਿਤ)

ਹਰਪ੍ਰੀਤ ਸਿੰਘ ਜਵੰਦਾ