ਐੱਨਆਰਆਈ ਭਾਈਚਾਰੇ ਲਈ ਘਰ ਬੈਠੇ ਮਿਲੇਗੀ ਦਸਤਾਵੇਜ਼ ਪ੍ਰਾਪਤ ਕਰਨ ਦੀ ਸਹੂਲਤ, ਆਨਲਾਈਨ ਪੋਰਟਲ ਸ਼ੁਰੂ

0
117

ਚੰਡੀਗੜ੍ਹ : ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਸਹੂਲਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਮਾਲ ਵਿਭਾਗ ਨਾਲ ਸਬੰਧਤ ਦਸਤਾਵੇਜ਼ਾਂ ਦੀ ਐਮਬੌਸਿੰਗ (ਜ਼ਮੀਨ-ਜਾਇਦਾਦ ਦੇ ਦਸਤਾਵੇਜ਼ਾਂ ਦੀ ਤਸਦੀਕ) ਲਈ ਅਪਲਾਈ ਕਰਨ ਵਾਸਤੇ ਆਨਲਾਈਨ ਪੋਰਟਲ eservices.punjab.gov.in ਦੀ ਸ਼ੁਰੂਆਤ ਕੀਤੀ।
ਇਸ ਉਪਰਾਲੇ ਨੂੰ ਈ-ਗਵਰਨੈਂਸ ਵੱਲ ਕ੍ਰਾਂਤੀਕਾਰੀ ਕਦਮ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਈ ਵਾਰ, ਭਾਰਤ ਤੋਂ ਬਾਹਰ ਰਹਿੰਦੇ ਵਿਅਕਤੀ (ਐੱਨਆਰਆਈ ਜਾਂ ਓਸੀਆਈ) ਨੂੰ ਸੂਬੇ ਵਿਚ ਸਥਿਤ ਕਿਸੇ ਜਾਇਦਾਦ ਨੂੰ ਵੇਚਣ/ਖ਼ਰੀਦਣ/ਕਿਰਾਏ ’ਤੇ ਦੇਣ/ਕਬਜ਼ਾ ਲੈਣ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਬੰਧਤ ਵਿਅਕਤੀ ਭਾਰਤ ਦਾ ਦੌਰਾ ਨਹੀਂ ਕਰ ਸਕਦਾ ਅਤੇ ਦਸਤਾਵੇਜ਼ਾਂ ਨੂੰ ਰਜਿਸਟਰਡ ਕਰਵਾਉਣ ਲਈ ਸਬ-ਰਜਿਸਟਰਾਰ ਦਫ਼ਤਰ ਵਿਚ ਵਿਅਕਤੀਗਤ ਤੌਰ ’ਤੇ ਹਾਜ਼ਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਅਜਿਹੇ ਪਰਵਾਸੀ ਭਾਰਤੀਆਂ ਦੀ ਸਹੂਲਤ ਲਈ ਹੁਣ ਸਾਰੀ ਪ੍ਰਕਿਰਿਆ ਨੂੰ ਡਿਜੀਟਲ ਕਰ ਦਿੱਤਾ ਗਿਆ ਹੈ ਜਿਸ ਨਾਲ ਬਿਨੈਕਾਰ ਦਸਤਾਵੇਜ਼ਾਂ ਦੀ ਐਮਬੌਸਿੰਗ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।
ਮੁੱਖ ਮੰਤਰੀ ਨੇਕਿਹਾ ਕਿ ਇਹ ਪੋਰਟਲ ਲੋੜ ਅਨੁਸਾਰ ਦਸਤਾਵੇਜ਼ ਅਪਲੋਡ ਕਰਨ, ਲੋੜ ਪੈਣ ’ਤੇ ਅਦਾਇਗੀ ਦੇ ਕਈ ਵਿਧੀਆਂ (ਮਲਟੀਪਲ ਪੇਮੈਂਟ ਗੇਟਵੇ), ਫੀਸਾਂ ਦਾ ਆਟੋਮੈਟਿਕ ਜੋੜ, 29 ਸਥਾਨਾਂ ਲਈ ਸਲਾਟ ਬੁਕਿੰਗ, ਐੱਸਐੱਮਐੱਸ ਅਤੇ ਈ-ਮੇਲ ਰਾਹੀਂ ਜਾਣਕਾਰੀ, ਫੀਸ ਜਮ੍ਹਾਂ ਕਰਵਾਉਣ ’ਤੇ ਰਸੀਦ, ਪ੍ਰਵਾਨਗੀ ਦੀ ਸੂਚਨਾ ਅਤੇ ਹੋਰ ਨੂੰ ਵੀ ਸਮਰੱਥ ਬਣਾਉਂਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਆਨਲਾਈਨ ਪ੍ਰਣਾਲੀ ਨਾਗਰਿਕਾਂ ਨੂੰ ਦਸਤਾਵੇਜ਼ਾਂ ਦੀ ਐਮਬੌਸਿੰਗ ਲਈ 24 ਘੰਟੇ ਅਪਲਾਈ ਕਰਨ ਦੀ ਸਹੂਲਤ ਦੇਵੇਗੀ ਅਤੇ ਸਬੰਧਤ ਅਧਿਕਾਰੀਆਂ ਦੁਆਰਾ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਹੀ ਸਬੰਧਤ ਨਾਗਰਿਕ ਨੂੰ ਬੁਲਾਉਣ ਦੀ ਲੋੜ ਪਵੇਗੀ।