ਚੀਨ ਨੇ ਵੀ ਭਾਰਤੀ ਪਾਇਲਟ ਨੂੰ ਛੱਡਣ ਦੇ ਫੈਸਲੇ ਦਾ ਕੀਤਾ ਸਵਾਗਤ

0
413

ਬੀਜਿੰਗ :— ਹੁਣ ਚੀਨ ਨੇ ਵੀ ਭਾਰਤੀ ਹਵਾਈ ਫੌਜ ਦੇ ਪਾਇਲਟ ਨੂੰ ਰਿਹਾਅ ਕਰਨ ਦੇ ਪਾਕਿਸਤਾਨ ਦੇ ਫੈਸਲੇ ਦਾ ਸ਼ੁੱਕਰਵਾਰ ਨੂੰ ਸਵਾਗਤ ਕੀਤਾ। ਇਸ ਤੋਂ ਪਹਿਲਾਂ ਅਮਰੀਕਾ ਨੇ ਵੀ ਪਾਕਿਸਤਾਨ ਦੇ ਲਏ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਚੀਨ ਨੇ ਦੋਹਾਂ ਦੇਸ਼ਾਂ ਵਿਚਾਲੇ ਅੱਤਵਾਦ ਵਿਰੋਧੀ ਸਹਿਯੋਗ ਅਤੇ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ ਗੱਲਬਾਤ ਨੂੰ ਹੋਰ ਅੱਗੇ ਵਧਾਉਣ ਦੀ ਸੰਭਾਵਨਾ ਜ਼ਾਹਰ ਕੀਤੀ। ਭਾਰਤੀ ਹਵਾਈ ਫੌਜ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤ ਨਾਲ ਗੱਲਬਾਤ ਸ਼ੁਰੂ ਕਰਨ ਦੇ ਕਦਮ ਦੇ ਤੌਰ ‘ਕੇ ਪਾਕਿਸਤਾਨ ਅੱਜ ਛੱਡ ਰਿਹਾ ਹੈ।

ਪਾਕਿਸਤਾਨ ਦੇ ਇਸ ਫੈਸਲੇ ‘ਤੇ ਚੀਨ ਦਾ ਨਜ਼ਰੀਆ ਪੁੱਛੇ ਜਾਣ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਪੱਤਰਕਾਰਾਂ ਨੂੰ ਦੱਸਿਆ,”ਚੀਨ ਸ਼ੁਰੂ ਤੋਂ ਹੀ ਦੋਹਾਂ ਪੱਖਾਂ ਨੂੰ ਸੰਜਮ ਵਰਤਣ ਅਤੇ ਤਣਾਅ ਘੱਟ ਕਰਨ ਦੇ ਕਦਮ ਚੁੱਕਦੇ ਹੋਏ ਮਤਭੇਦਾਂ ਨੂੰ ਦੂਰ ਕਰਨ ਦੇ ਲਿਹਾਜ ਨਾਲ ਗੱਲਬਾਤ ਕਰਨ ਲਈ ਕਹਿੰਦਾ ਆਇਆ ਹੈ।” ਉਨ੍ਹਾਂ ਨੇ ਕਿਹਾ,”ਮੈਂ ਘਟਨਾਕ੍ਰਮ ‘ਤੇ ਖੁਦ ਨੋਟਿਸ ਲਿਆ ਹੈ। ਚੀਨ ਪਕਿਸਤਾਨ ਵੱਲੋਂ ਦਿਖਾਏ ਗਏ ਸਦਭਾਵਨਾ ਪੂਰਨ ਕਦਮ ਦਾ ਸਵਾਗਤ ਕਰਦਾ ਹੈ। ਤਣਾਅ ਘੱਟ ਹੋਣਾ ਦੋਹਾਂ ਦੇਸ਼ਾਂ ਦੇ ਹਿੱਤ ਵਿਚ ਹੈ।” ਅਸੀਂ ਦੋਹਾਂ ਪੱਖਾਂ ਨੂੰ ਖੇਤਰ ਵਿਚ ਸ਼ਾਂਤੀ ਤੇ ਸਥਿਰਤਾ ਲਈ ਹੋਰ ਜ਼ਿਆਦਾ ਗੱਲਬਾਤ ਵਧਾਉਣ ਨੂੰ ਉਤਸ਼ਾਹਿਤ ਕਰਦੇ ਹਾਂ।